ਰਸੂਲਾਂ ਦੇ ਕੰਮ 5
5
ਹਨਾਨਿਯਾ ਅਤੇ ਸਫ਼ੀਰਾ
1ਹਨਾਨਿਯਾ ਨਾਂ ਦੇ ਇੱਕ ਆਦਮੀ ਨੇ ਆਪਣੀ ਪਤਨੀ ਸਫ਼ੀਰਾ ਨਾਲ ਮਿਲ ਕੇ ਕੁਝ ਜਾਇਦਾਦ ਵੇਚੀ । 2ਉਸ ਨੇ ਆਪਣੀ ਪਤਨੀ ਦੀ ਸਲਾਹ ਨਾਲ ਧਨ ਵਿੱਚੋਂ ਕੁਝ ਹਿੱਸਾ ਆਪਣੇ ਲਈ ਰੱਖ ਲਿਆ ਅਤੇ ਕੁਝ ਹਿੱਸਾ ਲਿਆ ਕੇ ਰਸੂਲਾਂ ਦੇ ਚਰਨਾਂ ਵਿੱਚ ਰੱਖ ਦਿੱਤਾ । 3ਤਦ ਪਤਰਸ ਨੇ ਕਿਹਾ, “ਹਨਾਨਿਯਾ, ਤੇਰੇ ਦਿਲ ਵਿੱਚ ਸ਼ੈਤਾਨ ਕਿਉਂ ਆਇਆ ਕਿ ਤੂੰ ਪਵਿੱਤਰ ਆਤਮਾ ਨਾਲ ਝੂਠ ਬੋਲੇਂ ਅਤੇ ਜਾਇਦਾਦ ਦੇ ਧਨ ਵਿੱਚੋਂ ਕੁਝ ਹਿੱਸਾ ਆਪਣੇ ਲਈ ਰੱਖ ਲਵੇਂ ? 4ਕੀ ਵੇਚੇ ਜਾਣ ਤੋਂ ਪਹਿਲਾਂ ਜਾਇਦਾਦ ਤੇਰੀ ਨਹੀਂ ਸੀ ? ਅਤੇ ਵਿਕਣ ਤੋਂ ਬਾਅਦ ਇਸ ਦਾ ਧਨ ਤੇਰੇ ਅਧਿਕਾਰ ਵਿੱਚ ਨਹੀਂ ਸੀ ? ਫਿਰ ਤੂੰ ਇਹ ਕੰਮ ਕਰਨ ਦਾ ਵਿਚਾਰ ਆਪਣੇ ਦਿਲ ਵਿੱਚ ਕਿਉਂ ਕੀਤਾ ? ਤੂੰ ਮਨੁੱਖਾਂ ਦੇ ਨਾਲ ਨਹੀਂ ਸਗੋਂ ਪਰਮੇਸ਼ਰ ਦੇ ਨਾਲ ਝੂਠ ਬੋਲਿਆ ਹੈ !”
5ਇਹ ਸੁਣਦੇ ਸਾਰ ਹੀ ਹਨਾਨਿਯਾ ਡਿੱਗ ਪਿਆ ਅਤੇ ਉਹ ਮਰ ਗਿਆ । ਸਾਰੇ ਸੁਣਨ ਵਾਲੇ ਬਹੁਤ ਡਰ ਗਏ । 6ਕੁਝ ਨੌਜਵਾਨਾਂ ਨੇ ਉੱਠ ਕੇ ਉਸ ਦੀ ਲਾਸ਼ ਨੂੰ ਕੱਪੜੇ ਵਿੱਚ ਲਪੇਟਿਆ ਅਤੇ ਬਾਹਰ ਲੈ ਜਾ ਕੇ ਉਸ ਨੂੰ ਦਫ਼ਨਾ ਦਿੱਤਾ ।
7ਲਗਭਗ ਤਿੰਨ ਘੰਟੇ ਦੇ ਬਾਅਦ ਉਸ ਦੀ ਪਤਨੀ ਜਿਹੜੀ ਇਸ ਘਟਨਾ ਨੂੰ ਨਹੀਂ ਜਾਣਦੀ ਸੀ, ਅੰਦਰ ਆਈ । 8ਪਤਰਸ ਨੇ ਉਸ ਤੋਂ ਪੁੱਛਿਆ, “ਮੈਨੂੰ ਦੱਸ, ਕੀ ਤੁਸੀਂ ਇਹ ਜਾਇਦਾਦ ਇੰਨੇ ਦੀ ਹੀ ਵੇਚੀ ਸੀ ?” ਉਸ ਨੇ ਉੱਤਰ ਦਿੱਤਾ, “ਜੀ ਹਾਂ, ਇੰਨੇ ਦੀ ਹੀ ।” 9ਪਤਰਸ ਨੇ ਉਸ ਨੂੰ ਕਿਹਾ, “ਤੁਸੀਂ ਦੋਨਾਂ ਨੇ ਪ੍ਰਭੂ ਦੇ ਪਵਿੱਤਰ ਆਤਮਾ ਨੂੰ ਪਰਖਣ ਦਾ ਏਕਾ ਕਿਉਂ ਕੀਤਾ ? ਦੇਖ, ਤੇਰੇ ਪਤੀ ਨੂੰ ਦਫ਼ਨਾਉਣ ਵਾਲੇ ਬਾਹਰ ਦਰਵਾਜ਼ੇ ਉੱਤੇ ਹਨ ਅਤੇ ਉਹ ਤੈਨੂੰ ਵੀ ਲੈ ਜਾਣਗੇ ।” 10ਉਹ ਇਕਦਮ ਪਤਰਸ ਦੇ ਚਰਨਾਂ ਉੱਤੇ ਡਿੱਗ ਪਈ ਅਤੇ ਮਰ ਗਈ । ਨੌਜਵਾਨਾਂ ਨੇ ਅੰਦਰ ਆ ਕੇ ਉਸ ਨੂੰ ਮਰੀ ਹੋਈ ਦੇਖਿਆ ਅਤੇ ਬਾਹਰ ਲੈ ਜਾ ਕੇ ਉਸ ਦੇ ਪਤੀ ਦੇ ਕੋਲ ਉਸ ਨੂੰ ਵੀ ਦਫ਼ਨਾ ਦਿੱਤਾ । 11ਤਦ ਸਾਰੀ ਕਲੀਸੀਯਾ ਅਤੇ ਜਿੰਨਿਆਂ ਨੇ ਇਹ ਸੁਣਿਆ, ਉਹਨਾਂ ਉੱਤੇ ਬਹੁਤ ਡਰ ਛਾ ਗਿਆ ।
ਚਿੰਨ੍ਹ ਅਤੇ ਚਮਤਕਾਰ
12 ਰਸੂਲਾਂ ਦੇ ਰਾਹੀਂ ਲੋਕਾਂ ਵਿੱਚ ਬਹੁਤ ਸਾਰੇ ਚਿੰਨ੍ਹ ਅਤੇ ਚਮਤਕਾਰ ਹੋ ਰਹੇ ਸਨ । ਉਹ ਸਾਰੇ ਮਿਲ ਕੇ ਸੁਲੇਮਾਨ ਦੇ ਵਰਾਂਡੇ ਵਿੱਚ ਇਕੱਠੇ ਹੁੰਦੇ ਸਨ । 13ਹੋਰ ਕੋਈ ਉਹਨਾਂ ਵਿੱਚ ਜਾਣ ਦਾ ਹੌਸਲਾ ਨਹੀਂ ਕਰਦਾ ਸੀ ਭਾਵੇਂ ਲੋਕ ਉਹਨਾਂ ਦੀ ਵਡਿਆਈ ਕਰਦੇ ਸਨ । 14ਬਹੁਤ ਵੱਡੀ ਗਿਣਤੀ ਵਿੱਚ ਔਰਤਾਂ ਅਤੇ ਆਦਮੀ ਜਿਹੜੇ ਪ੍ਰਭੂ ਵਿੱਚ ਵਿਸ਼ਵਾਸ ਕਰਦੇ ਸਨ, ਉਹਨਾਂ ਵਿੱਚ ਲਗਾਤਾਰ ਸ਼ਾਮਲ ਕੀਤੇ ਜਾਂਦੇ ਸਨ । 15ਇੱਥੋਂ ਤੱਕ ਕਿ ਲੋਕ ਰੋਗੀਆਂ ਨੂੰ ਮੰਜੀਆਂ ਅਤੇ ਚਟਾਈਆਂ ਉੱਤੇ ਬਾਹਰ ਗਲੀਆਂ ਵਿੱਚ ਲੰਮੇ ਪਾ ਦਿੰਦੇ ਸਨ ਕਿ ਜਦੋਂ ਪਤਰਸ ਲੰਘੇ ਤਾਂ ਉਸ ਦਾ ਪਰਛਾਵਾਂ ਹੀ ਉਹਨਾਂ ਵਿੱਚੋਂ ਕਿਸੇ ਉੱਤੇ ਪੈ ਜਾਵੇ । 16ਯਰੂਸ਼ਲਮ ਦੇ ਨੇੜੇ ਦੇ ਸ਼ਹਿਰਾਂ ਦੇ ਬਹੁਤ ਸਾਰੇ ਲੋਕ ਇਕੱਠੇ ਹੋ ਕੇ ਆਪਣੇ ਰੋਗੀਆਂ ਅਤੇ ਅਸ਼ੁੱਧ ਆਤਮਾਵਾਂ ਨਾਲ ਪੀੜਤਾਂ ਨੂੰ ਲਿਆਉਂਦੇ ਅਤੇ ਸਾਰੇ ਚੰਗੇ ਕੀਤੇ ਜਾਂਦੇ ਸਨ ।
ਰਸੂਲਾਂ ਉੱਤੇ ਅੱਤਿਆਚਾਰ
17ਤਦ ਮਹਾਂ-ਪੁਰੋਹਿਤ, ਉਸ ਦੇ ਸਾਰੇ ਸਾਥੀ ਅਤੇ ਸਦੂਕੀ ਦਲ ਦੇ ਲੋਕ ਈਰਖਾ ਨਾਲ ਭਰ ਗਏ । 18ਉਹਨਾਂ ਨੇ ਰਸੂਲਾਂ ਨੂੰ ਫੜ ਕੇ ਆਮ ਹਵਾਲਾਤ ਵਿੱਚ ਬੰਦ ਕਰ ਦਿੱਤਾ । 19ਪਰ ਰਾਤ ਦੇ ਸਮੇਂ ਪ੍ਰਭੂ ਦੇ ਇੱਕ ਸਵਰਗਦੂਤ ਨੇ ਹਵਾਲਾਤ ਦਾ ਦਰਵਾਜ਼ਾ ਖੋਲ੍ਹਿਆ ਅਤੇ ਉਹਨਾਂ ਨੂੰ ਬਾਹਰ ਲਿਆ ਕੇ ਕਿਹਾ, 20“ਜਾਓ, ਹੈਕਲ ਵਿੱਚ ਖੜ੍ਹੇ ਹੋ ਕੇ ਲੋਕਾਂ ਨੂੰ ਇਸ ਨਵੇਂ ਜੀਵਨ ਬਾਰੇ ਸਭ ਕੁਝ ਦੱਸੋ ।” 21ਉਹਨਾਂ ਨੇ ਇਹ ਸੁਣਿਆ ਅਤੇ ਸਵੇਰ ਹੁੰਦੇ ਹੀ ਉਹ ਹੈਕਲ ਵਿੱਚ ਗਏ ਅਤੇ ਉਪਦੇਸ਼ ਦੇਣ ਲੱਗੇ । ਜਦੋਂ ਮਹਾਂ-ਪੁਰੋਹਿਤ ਅਤੇ ਉਸ ਦੇ ਸਾਥੀ ਆਏ ਤਾਂ ਉਹਨਾਂ ਨੇ ਸਭਾ ਭਾਵ ਇਸਰਾਏਲ ਦੇ ਸਾਰੇ ਬਜ਼ੁਰਗ ਆਗੂਆਂ ਨੂੰ ਸੱਦਿਆ ਅਤੇ ਹਵਾਲਾਤ ਵਿੱਚ ਹੁਕਮ ਭੇਜਿਆ ਕਿ ਰਸੂਲਾਂ ਨੂੰ ਲਿਆਇਆ ਜਾਵੇ । 22ਪਰ ਜਦੋਂ ਸੇਵਕ ਉੱਥੇ ਪਹੁੰਚੇ ਤਾਂ ਉਹਨਾਂ ਨੂੰ ਰਸੂਲ ਉੱਥੇ ਨਾ ਮਿਲੇ । ਇਸ ਲਈ ਉਹਨਾਂ ਨੇ ਵਾਪਸ ਆ ਕੇ ਸਮਾਚਾਰ ਦਿੱਤਾ, 23“ਅਸੀਂ ਹਵਾਲਾਤ ਨੂੰ ਬੜੀ ਚੰਗੀ ਤਰ੍ਹਾਂ ਬੰਦ ਦੇਖਿਆ ਅਤੇ ਪਹਿਰੇਦਾਰਾਂ ਨੂੰ ਦਰਵਾਜ਼ੇ ਉੱਤੇ ਖੜ੍ਹੇ ਦੇਖਿਆ ਪਰ ਜਦੋਂ ਅਸੀਂ ਦਰਵਾਜ਼ਾ ਖੋਲ੍ਹਿਆ ਤਾਂ ਕੋਈ ਅੰਦਰ ਨਾ ਮਿਲਿਆ ।” 24ਜਦੋਂ ਹੈਕਲ ਦੀ ਪੁਲਿਸ ਦੇ ਕਪਤਾਨ ਅਤੇ ਮਹਾਂ-ਪੁਰੋਹਿਤਾਂ ਨੇ ਇਹ ਸੁਣਿਆ ਤਾਂ ਉਹ ਹੈਰਾਨੀ ਵਿੱਚ ਪੈ ਗਏ ਕਿ ਉਹਨਾਂ ਨਾਲ ਕੀ ਹੋਇਆ ਹੈ । 25ਤਦ ਕਿਸੇ ਨੇ ਆ ਕੇ ਉਹਨਾਂ ਨੂੰ ਸਮਾਚਾਰ ਦਿੱਤਾ, “ਜਿਹਨਾਂ ਆਦਮੀਆਂ ਨੂੰ ਤੁਸੀਂ ਹਵਾਲਾਤ ਵਿੱਚ ਬੰਦ ਕੀਤਾ ਸੀ, ਉਹ ਹੈਕਲ ਵਿੱਚ ਖੜ੍ਹੇ ਲੋਕਾਂ ਨੂੰ ਉਪਦੇਸ਼ ਦੇ ਰਹੇ ਹਨ ।” 26ਇਸ ਲਈ ਕਪਤਾਨ ਕੁਝ ਸੇਵਕਾਂ ਦੇ ਨਾਲ ਜਾ ਕੇ ਉਹਨਾਂ ਨੂੰ ਲੈ ਕੇ ਆਇਆ ਪਰ ਜ਼ਬਰਦਸਤੀ ਨਹੀਂ ਕਿਉਂਕਿ ਉਹ ਲੋਕਾਂ ਤੋਂ ਡਰਦੇ ਸਨ ਕਿ ਕਿਤੇ ਉਹਨਾਂ ਨੂੰ ਪਥਰਾਓ ਨਾ ਕਰਨ ।
27ਉਹਨਾਂ ਨੇ ਰਸੂਲਾਂ ਨੂੰ ਲਿਆ ਕੇ ਸਭਾ ਦੇ ਸਾਹਮਣੇ ਪੇਸ਼ ਕਰ ਦਿੱਤਾ । ਮਹਾਂ-ਪੁਰੋਹਿਤ ਨੇ ਉਹਨਾਂ ਤੋਂ ਪੁੱਛਿਆ, 28#ਮੱਤੀ 27:25“ਕੀ ਅਸੀਂ ਤੁਹਾਨੂੰ ਸਖ਼ਤ ਮਨਾਹੀ ਨਹੀਂ ਕੀਤੀ ਸੀ ਕਿ ਇਸ ਨਾਮ ਦੀ ਸਿੱਖਿਆ ਨਾ ਦੇਣਾ ? ਪਰ ਤੁਸੀਂ ਸਾਰਾ ਯਰੂਸ਼ਲਮ ਆਪਣੀ ਸਿੱਖਿਆ ਨਾਲ ਭਰ ਦਿੱਤਾ ਹੈ ਅਤੇ ਇਸ ਆਦਮੀ ਦਾ ਖ਼ੂਨ ਸਾਡੇ ਸਿਰ ਉੱਤੇ ਮੜ੍ਹਨਾ ਚਾਹੁੰਦੇ ਹੋ ।” 29ਪਤਰਸ ਅਤੇ ਦੂਜੇ ਰਸੂਲਾਂ ਨੇ ਉੱਤਰ ਦਿੱਤਾ, “ਸਾਡੇ ਲਈ ਮਨੁੱਖਾਂ ਨਾਲੋਂ ਪਰਮੇਸ਼ਰ ਦਾ ਹੁਕਮ ਮੰਨਣਾ ਜ਼ਰੂਰੀ ਹੈ । 30ਸਾਡੇ ਪੁਰਖਿਆਂ ਦੇ ਪਰਮੇਸ਼ਰ ਨੇ ਯਿਸੂ ਨੂੰ ਮੁਰਦਿਆਂ ਵਿੱਚੋਂ ਜਿਊਂਦਾ ਕਰ ਦਿੱਤਾ ਜਿਹਨਾਂ ਨੂੰ ਤੁਸੀਂ ਸਲੀਬ#5:30 ਮੂਲ ਭਾਸ਼ਾ ਵਿੱਚ ਇੱਥੇ ਲੱਕੜ ਜਾਂ ਰੁੱਖ ਹੈ । ਉੱਤੇ ਚੜ੍ਹਾ ਕੇ ਮਾਰ ਦਿੱਤਾ ਸੀ । 31ਉਹਨਾਂ ਨੂੰ ਪਰਮੇਸ਼ਰ ਨੇ ਆਪਣੇ ਸੱਜੇ ਹੱਥ ਨਾਲ ਹਾਕਮ ਅਤੇ ਮੁਕਤੀਦਾਤਾ ਦਾ ਉੱਚਾ ਅਹੁਦਾ ਦਿੱਤਾ ਕਿ ਉਹ ਇਸਰਾਏਲ ਕੌਮ ਨੂੰ ਤੋਬਾ ਕਰਨ ਦਾ ਮੌਕਾ ਅਤੇ ਪਾਪਾਂ ਤੋਂ ਮਾਫ਼ੀ ਦੇਣ । 32ਅਸੀਂ ਇਹਨਾਂ ਗੱਲਾਂ ਦੇ ਗਵਾਹ ਹਾਂ ਅਤੇ ਪਵਿੱਤਰ ਆਤਮਾ ਵੀ ਜਿਸ ਨੂੰ ਪਰਮੇਸ਼ਰ ਨੇ ਆਪਣਾ ਹੁਕਮ ਮੰਨਣ ਵਾਲਿਆਂ ਨੂੰ ਦਿੱਤਾ ਹੈ ।”
33ਪਰ ਜਦੋਂ ਉਹਨਾਂ ਨੇ ਇਹ ਸੁਣਿਆ ਤਾਂ ਉਹ ਗੁੱਸੇ ਨਾਲ ਭਰ ਗਏ ਅਤੇ ਰਸੂਲਾਂ ਨੂੰ ਜਾਨੋਂ ਮਾਰਨ ਦਾ ਇਰਾਦਾ ਕੀਤਾ । 34ਪਰ ਗਮਲੀਏਲ ਨਾਂ ਦਾ ਇੱਕ ਫ਼ਰੀਸੀ, ਜਿਹੜਾ ਵਿਵਸਥਾ ਦਾ ਸਿੱਖਿਅਕ ਸੀ ਅਤੇ ਸਾਰੇ ਲੋਕਾਂ ਵਿੱਚ ਉਸ ਦਾ ਆਦਰ ਸੀ, ਸਭਾ ਵਿੱਚ ਖੜ੍ਹਾ ਹੋਇਆ ਅਤੇ ਰਸੂਲਾਂ ਨੂੰ ਥੋੜ੍ਹੇ ਸਮੇਂ ਲਈ ਬਾਹਰ ਭੇਜਣ ਲਈ ਕਿਹਾ । 35ਉਸ ਨੇ ਸਭਾ ਦੇ ਲੋਕਾਂ ਨੂੰ ਕਿਹਾ, “ਹੇ ਇਸਰਾਏਲੀਓ, ਸਾਵਧਾਨ ਰਹੋ ਕਿ ਤੁਸੀਂ ਇਹਨਾਂ ਆਦਮੀਆਂ ਨਾਲ ਕੀ ਕਰਨਾ ਚਾਹੁੰਦੇ ਹੋ । 36ਕੁਝ ਸਮਾਂ ਪਹਿਲਾਂ ਥਿਊਦਾਸ ਉੱਠਿਆ ਸੀ ਜਿਹੜਾ ਕਹਿੰਦਾ ਸੀ ਕਿ ਉਹ ਵੀ ਕੁਝ ਹੈ ਅਤੇ ਕੋਈ ਚਾਰ ਸੌ ਆਦਮੀ ਉਸ ਦੇ ਪਿੱਛੇ ਲੱਗ ਗਏ ਪਰ ਉਹ ਮਾਰਿਆ ਗਿਆ, ਬਾਅਦ ਵਿੱਚ ਉਸ ਦੇ ਸਾਥੀ ਵੀ ਤਿੱਤਰ-ਬਿੱਤਰ ਹੋ ਗਏ ਅਤੇ ਕੁਝ ਵੀ ਨਾ ਬਣਿਆ । 37ਇਸ ਦੇ ਬਾਅਦ ਜਨ-ਗਣਨਾ ਦੇ ਦਿਨਾਂ ਵਿੱਚ ਗਲੀਲ ਨਿਵਾਸੀ ਯਹੂਦਾਹ ਉੱਠਿਆ ਅਤੇ ਆਪਣੇ ਅੰਦੋਲਨ ਰਾਹੀਂ ਲੋਕਾਂ ਨੂੰ ਆਪਣੇ ਪਿੱਛੇ ਲਾ ਲਿਆ । ਪਰ ਉਹ ਵੀ ਮਾਰਿਆ ਗਿਆ ਅਤੇ ਉਸ ਦੇ ਪਿੱਛੇ ਚੱਲਣ ਵਾਲੇ ਵੀ ਤਿੱਤਰ-ਬਿੱਤਰ ਹੋ ਗਏ । 38ਇਸ ਲਈ ਇਸ ਮਾਮਲੇ ਵਿੱਚ ਮੈਂ ਤੁਹਾਨੂੰ ਕਹਿੰਦਾ ਹਾਂ ਕਿ ਇਹਨਾਂ ਆਦਮੀਆਂ ਤੋਂ ਦੂਰ ਹੀ ਰਹੋ ਅਤੇ ਇਹਨਾਂ ਨੂੰ ਛੱਡ ਦਿਓ ਕਿਉਂਕਿ ਜੇਕਰ ਇਹ ਯੋਜਨਾ ਜਾਂ ਕੰਮ ਆਦਮੀਆਂ ਵੱਲੋਂ ਹੈ ਤਾਂ ਇਹ ਆਪ ਹੀ ਖ਼ਤਮ ਹੋ ਜਾਵੇਗਾ 39ਪਰ ਜੇਕਰ ਪਰਮੇਸ਼ਰ ਵੱਲੋਂ ਹੈ ਤਾਂ ਤੁਸੀਂ ਇਸ ਨੂੰ ਖ਼ਤਮ ਨਹੀਂ ਕਰ ਸਕੋਗੇ ਸਗੋਂ ਹੋ ਸਕਦਾ ਹੈ ਕਿ ਤੁਸੀਂ ਆਪਣੇ ਆਪ ਨੂੰ ਪਰਮੇਸ਼ਰ ਦੇ ਵਿਰੁੱਧ ਲੜਦੇ ਦੇਖੋ ।” ਉਹਨਾਂ ਨੇ ਇਹ ਗੱਲ ਮੰਨ ਲਈ । 40ਉਹਨਾਂ ਨੇ ਰਸੂਲਾਂ ਨੂੰ ਸੱਦਿਆ, ਉਹਨਾਂ ਨੂੰ ਕੁਟਵਾਇਆ ਅਤੇ ਇਹ ਹੁਕਮ ਦੇ ਕੇ ਕਿ ਯਿਸੂ ਦਾ ਨਾਮ ਲੈ ਕੇ ਫਿਰ ਨਾ ਬੋਲਣਾ ਅਤੇ ਉਹਨਾਂ ਨੂੰ ਛੱਡ ਦਿੱਤਾ । 41ਪਰ ਰਸੂਲ ਸਭਾ ਦੇ ਸਾਹਮਣਿਓਂ ਖ਼ੁਸ਼ ਹੋ ਕੇ ਚਲੇ ਗਏ ਕਿ ਉਹਨਾਂ ਨੂੰ ਇਸ ‘ਨਾਮ’ ਦੇ ਲਈ ਅਪਮਾਨਿਤ ਹੋਣ ਦਾ ਮਾਣ ਮਿਲਿਆ ਹੈ । 42ਉਹ ਹਰ ਦਿਨ ਹੈਕਲ ਵਿੱਚ ਅਤੇ ਘਰ-ਘਰ ਜਾ ਕੇ ਲਗਾਤਾਰ ਸਿੱਖਿਆ ਦਿੰਦੇ ਅਤੇ ਪ੍ਰਚਾਰ ਕਰਦੇ ਰਹੇ ਕਿ ਯਿਸੂ ਹੀ ‘ਮਸੀਹ’ ਹਨ ।
Currently Selected:
ਰਸੂਲਾਂ ਦੇ ਕੰਮ 5: CL-NA
Qaqambisa
Share
Copy

Ufuna ukuba iimbalasane zakho zigcinwe kuzo zonke izixhobo zakho? Bhalisela okanye ngena
Punjabi Common Language (North American Version):
Text © 2021 Canadian Bible Society and Bible Society of India