Uphawu lweYouVersion
Khetha Uphawu

ਰਸੂਲਾਂ ਦੇ ਕੰਮ 4

4
ਪਤਰਸ ਅਤੇ ਯੂਹੰਨਾ ਦੀ ਸਭਾ ਸਾਹਮਣੇ ਪੇਸ਼ੀ
1ਪਤਰਸ ਅਤੇ ਯੂਹੰਨਾ ਅਜੇ ਲੋਕਾਂ ਨਾਲ ਗੱਲਾਂ ਕਰ ਹੀ ਰਹੇ ਸਨ ਕਿ ਪੁਰੋਹਿਤ, ਹੈਕਲ ਦੀ ਪੁਲਿਸ ਦਾ ਕਪਤਾਨ ਅਤੇ ਸਦੂਕੀ ਉਹਨਾਂ ਕੋਲ ਆਏ । 2ਉਹ ਬਹੁਤ ਗੁੱਸੇ ਹੋਣ ਲੱਗੇ ਕਿਉਂਕਿ ਦੋਵੇਂ ਚੇਲੇ ਲੋਕਾਂ ਨੂੰ ਉਪਦੇਸ਼ ਦੇ ਰਹੇ ਸਨ ਅਤੇ ਯਿਸੂ ਦੀ ਉਦਾਹਰਨ ਦੇ ਕੇ ਮੁਰਦਿਆਂ ਦੇ ਫਿਰ ਜੀਅ ਉੱਠਣ ਦੇ ਬਾਰੇ ਪ੍ਰਚਾਰ ਕਰ ਰਹੇ ਸਨ । 3ਇਸ ਲਈ ਉਹਨਾਂ ਨੇ ਦੋਨਾਂ ਚੇਲਿਆਂ ਨੂੰ ਗਰਿਫ਼ਤਾਰ ਕਰ ਕੇ ਹਵਾਲਾਤ ਵਿੱਚ ਅਗਲੇ ਦਿਨ ਤੱਕ ਬੰਦ ਕਰ ਦਿੱਤਾ ਕਿਉਂਕਿ ਸ਼ਾਮ ਹੋ ਗਈ ਸੀ । 4ਪਰ ਬਹੁਤ ਸਾਰੇ ਵਚਨ ਸੁਣਨ ਵਾਲਿਆਂ ਨੇ ਵਿਸ਼ਵਾਸ ਕੀਤਾ ਅਤੇ ਉਹਨਾਂ ਮਨੁੱਖਾਂ ਦੀ ਗਿਣਤੀ ਕੋਈ ਪੰਜ ਹਜ਼ਾਰ ਤੱਕ ਹੋ ਗਈ ।
5ਅਗਲੇ ਦਿਨ ਉਹਨਾਂ ਦੇ ਅਧਿਕਾਰੀ, ਬਜ਼ੁਰਗ ਆਗੂ ਅਤੇ ਵਿਵਸਥਾ ਦੇ ਸਿੱਖਿਅਕ ਯਰੂਸ਼ਲਮ ਵਿੱਚ ਇਕੱਠੇ ਹੋਏ । 6ਉੱਥੇ ਮਹਾਂ-ਪੁਰੋਹਿਤ ਅੱਨਾਸ, ਕਾਇਫ਼ਾ, ਯੂਹੰਨਾ, ਸਿਕੰਦਰ ਅਤੇ ਪੁਰੋਹਿਤ ਘਰਾਣੇ ਦੇ ਸਾਰੇ ਲੋਕ ਹਾਜ਼ਰ ਸਨ । 7ਫਿਰ ਉਹਨਾਂ ਨੇ ਦੋਨਾਂ ਚੇਲਿਆਂ ਨੂੰ ਵਿਚਕਾਰ ਖੜ੍ਹਾ ਕਰ ਕੇ ਪੁੱਛਿਆ, “ਇਹ ਕੰਮ ਤੁਸੀਂ ਕਿਸ ਦੀ ਸਮਰੱਥਾ ਜਾਂ ਕਿਸ ਦੇ ਨਾਮ ਨਾਲ ਕੀਤਾ ਹੈ ?” 8ਤਦ ਪਤਰਸ ਨੇ ਪਵਿੱਤਰ ਆਤਮਾ ਨਾਲ ਭਰਪੂਰ ਹੋ ਕੇ ਉਹਨਾਂ ਨੂੰ ਉੱਤਰ ਦਿੱਤਾ, “ਲੋਕਾਂ ਦੇ ਅਧਿਕਾਰੀਓ ਅਤੇ ਬਜ਼ੁਰਗ ਆਗੂਓ, 9ਜੇਕਰ ਅੱਜ ਸਾਡੇ ਕੋਲੋਂ ਇੱਕ ਲੰਗੜੇ ਆਦਮੀ ਦੇ ਨਾਲ ਕੀਤੀ ਭਲਾਈ ਦੇ ਕੰਮ ਬਾਰੇ ਪੁੱਛਿਆ ਜਾ ਰਿਹਾ ਹੈ ਕਿ ਉਹ ਕਿਸ ਤਰ੍ਹਾਂ ਚੰਗਾ ਹੋਇਆ, 10ਤਾਂ ਤੁਸੀਂ ਸਾਰੇ ਅਤੇ ਇਸਰਾਏਲ ਦੇ ਸਾਰੇ ਲੋਕ ਵੀ ਜਾਣੋ ਕਿ ਜਿਹਨਾਂ ਨੂੰ ਤੁਸੀਂ ਸਲੀਬ ਉੱਤੇ ਚੜ੍ਹਾਇਆ, ਉਹਨਾਂ ਨੂੰ ਪਰਮੇਸ਼ਰ ਨੇ ਮੁਰਦਿਆਂ ਵਿੱਚੋਂ ਜਿਊਂਦਾ ਕੀਤਾ, ਉਸੇ ਨਾਸਰਤ ਨਿਵਾਸੀ ਯਿਸੂ ਮਸੀਹ ਦੇ ਨਾਮ ਵਿੱਚ ਇਹ ਆਦਮੀ ਤੁਹਾਡੇ ਸਾਹਮਣੇ ਚੰਗਾ ਭਲਾ ਖੜ੍ਹਾ ਹੈ । 11#ਭਜਨ 118:22‘ਇਹ ਹੀ ਉਹ ਪੱਥਰ ਹੈ ਜਿਸ ਨੂੰ ਤੁਸੀਂ ਰਾਜ ਮਿਸਤਰੀਆਂ ਨੇ ਰੱਦ ਕੀਤਾ, ਉਹ ਹੀ ਕੋਨੇ ਦਾ ਪੱਥਰ ਬਣ ਗਿਆ ਹੈ’ । 12ਕਿਸੇ ਹੋਰ ਦੇ ਦੁਆਰਾ ਮੁਕਤੀ ਨਹੀਂ ਕਿਉਂਕਿ ਸਵਰਗ ਦੇ ਹੇਠਾਂ ਮਨੁੱਖਾਂ ਨੂੰ ਕੋਈ ਦੂਜਾ ਨਾਮ ਨਹੀਂ ਦਿੱਤਾ ਗਿਆ, ਇਸ ਲਈ ਜ਼ਰੂਰੀ ਹੈ ਕਿ ਅਸੀਂ ਯਿਸੂ ਦੇ ਰਾਹੀਂ ਮੁਕਤੀ ਪ੍ਰਾਪਤ ਕਰੀਏ ।”
13ਉਹ ਲੋਕ ਪਤਰਸ ਅਤੇ ਯੂਹੰਨਾ ਦੀ ਦਲੇਰੀ ਨੂੰ ਦੇਖ ਕੇ ਅਤੇ ਇਹ ਜਾਣ ਕੇ ਕਿ ਉਹ ਅਨਪੜ੍ਹ ਅਤੇ ਸਧਾਰਨ ਮਨੁੱਖ ਹਨ, ਹੈਰਾਨ ਰਹਿ ਗਏ ਪਰ ਫਿਰ ਉਹਨਾਂ ਨੂੰ ਪਛਾਣ ਗਏ ਕਿ ਇਹ ਯਿਸੂ ਦੇ ਨਾਲ ਰਹਿ ਚੁੱਕੇ ਹਨ । 14ਪਰ ਉਸ ਚੰਗੇ ਹੋ ਗਏ ਆਦਮੀ ਨੂੰ ਦੋਨਾਂ ਚੇਲਿਆਂ ਦੇ ਨਾਲ ਖੜ੍ਹਾ ਦੇਖ ਕੇ, ਉਹ ਵਿਰੋਧ ਵਿੱਚ ਕੁਝ ਨਾ ਕਹਿ ਸਕੇ । 15ਇਸ ਲਈ ਉਹਨਾਂ ਨੂੰ ਸਭਾ ਵਿੱਚੋਂ ਬਾਹਰ ਜਾਣ ਦਾ ਹੁਕਮ ਦੇ ਕੇ ਆਪਸ ਵਿੱਚ ਸਲਾਹ-ਮਸ਼ਵਰਾ ਕਰਨ ਲੱਗੇ । 16ਉਹ ਆਪਸ ਵਿੱਚ ਕਹਿਣ ਲੱਗੇ, “ਅਸੀਂ ਇਹਨਾਂ ਆਦਮੀਆਂ ਨਾਲ ਕੀ ਕਰੀਏ ? ਇਹਨਾਂ ਰਾਹੀਂ ਇੱਕ ਅਨੋਖਾ ਚਮਤਕਾਰ ਦਿਖਾਇਆ ਗਿਆ ਹੈ । ਇਹ ਯਰੂਸ਼ਲਮ ਦੇ ਸਾਰੇ ਨਿਵਾਸੀ ਜਾਣਦੇ ਹਨ ਅਤੇ ਅਸੀਂ ਵੀ ਇਸ ਦਾ ਇਨਕਾਰ ਨਹੀਂ ਕਰ ਸਕਦੇ । 17ਪਰ ਫਿਰ ਵੀ ਇਹ ਗੱਲ ਲੋਕਾਂ ਵਿੱਚ ਹੋਰ ਨਾ ਫੈਲੇ ਇਸ ਲਈ ਇਹਨਾਂ ਨੂੰ ਡਰਾਇਆ ਧਮਕਾਇਆ ਜਾਵੇ ਕਿ ਇਸ ਨਾਮ ਦੀ ਅੱਗੇ ਤੋਂ ਕਿਸੇ ਆਦਮੀ ਨਾਲ ਚਰਚਾ ਨਾ ਕਰਨ ।” 18ਇਸ ਲਈ ਉਹਨਾਂ ਨੇ ਦੋਨਾਂ ਚੇਲਿਆਂ ਨੂੰ ਸੱਦਿਆ ਅਤੇ ਉਹਨਾਂ ਨੂੰ ਸਖ਼ਤ ਚਿਤਾਵਨੀ ਦਿੱਤੀ ਕਿ ਯਿਸੂ ਦਾ ਨਾਮ ਲੈ ਕੇ ਨਾ ਕੋਈ ਚਰਚਾ ਕਰਨ ਅਤੇ ਨਾ ਹੀ ਸਿੱਖਿਆ ਦੇਣ ।
19ਪਰ ਪਤਰਸ ਅਤੇ ਯੂਹੰਨਾ ਨੇ ਉੱਤਰ ਦਿੱਤਾ, “ਤੁਸੀਂ ਹੀ ਫ਼ੈਸਲਾ ਕਰੋ ਕਿ ਪਰਮੇਸ਼ਰ ਦੇ ਸਾਹਮਣੇ ਕੀ ਠੀਕ ਹੋਵੇਗਾ, ਤੁਹਾਡੀ ਇਹ ਗੱਲ ਮੰਨਣਾ ਜਾਂ ਪਰਮੇਸ਼ਰ ਦੀ ? 20ਦੂਜਾ ਸਾਡੇ ਲਈ ਇਹ ਵੀ ਅਸੰਭਵ ਹੈ ਕਿ ਜੋ ਕੁਝ ਅਸੀਂ ਦੇਖਿਆ ਅਤੇ ਸੁਣਿਆ ਹੈ, ਉਹ ਨਾ ਕਹੀਏ ।” 21ਪਰ ਉਹਨਾਂ ਨੇ ਦੋਨਾਂ ਚੇਲਿਆਂ ਨੂੰ ਫਿਰ ਹੋਰ ਧਮਕੀਆਂ ਦੇ ਕੇ ਛੱਡ ਦਿੱਤਾ । ਲੋਕਾਂ ਦੇ ਕਾਰਨ ਸਭਾ ਉਹਨਾਂ ਵਿੱਚ ਸਜ਼ਾ ਦੇ ਲਾਇਕ ਕੋਈ ਦੋਸ਼ ਨਾ ਲੱਭ ਸਕੀ । ਸਾਰੇ ਲੋਕ ਇਸ ਘਟਨਾ ਦੇ ਕਾਰਨ ਪਰਮੇਸ਼ਰ ਦੀ ਵਡਿਆਈ ਕਰ ਰਹੇ ਸਨ । 22ਉਹ ਆਦਮੀ ਜਿਹੜਾ ਇਸ ਚਮਤਕਾਰ ਦੇ ਰਾਹੀਂ ਚੰਗਾ ਹੋਇਆ ਸੀ, ਉਸ ਦੀ ਉਮਰ ਚਾਲੀ ਸਾਲ ਤੋਂ ਵੱਧ ਸੀ ।
ਵਿਸ਼ਵਾਸੀ ਦਲੇਰੀ ਲਈ ਪ੍ਰਾਰਥਨਾ ਕਰਦੇ ਹਨ
23ਪਤਰਸ ਅਤੇ ਯੂਹੰਨਾ ਰਿਹਾ ਹੋ ਕੇ ਆਪਣੇ ਸਾਥੀਆਂ ਕੋਲ ਵਾਪਸ ਗਏ ਅਤੇ ਜੋ ਕੁਝ ਮਹਾਂ-ਪੁਰੋਹਿਤਾਂ ਅਤੇ ਬਜ਼ੁਰਗ ਆਗੂਆਂ ਨੇ ਕਿਹਾ ਸੀ, ਉਹਨਾਂ ਨੂੰ ਦੱਸਿਆ । 24#ਕੂਚ 20:11, ਨਹ 9:6, ਭਜਨ 146:6ਜਦੋਂ ਉਹਨਾਂ ਨੇ ਸੁਣਿਆ ਤਾਂ ਉਹਨਾਂ ਨੇ ਇੱਕ ਮਨ ਹੋ ਕੇ ਪ੍ਰਾਰਥਨਾ ਕੀਤੀ, “ਹੇ ਮਾਲਕ, ਤੁਸੀਂ ਸਵਰਗ, ਧਰਤੀ, ਸਮੁੰਦਰ ਅਤੇ ਉਹ ਸਭ ਜੋ ਇਸ ਵਿੱਚ ਹੈ, ਦੇ ਸਿਰਜਨਹਾਰ ਹੋ । 25#ਭਜਨ 2:1-2ਤੁਸੀਂ ਪਵਿੱਤਰ ਆਤਮਾ ਦੇ ਦੁਆਰਾ ਸਾਡੇ ਪੁਰਖੇ, ਆਪਣੇ ਸੇਵਕ ਦਾਊਦ ਦੇ ਰਾਹੀਂ ਕਿਹਾ ਹੈ,
ਪਰਾਈਆਂ ਕੌਮਾਂ ਕਿਉਂ ਕ੍ਰੋਧਿਤ ਹੋਈਆਂ ?
ਅਤੇ ਲੋਕਾਂ ਨੇ ਕਿਉਂ ਵਿਅਰਥ ਸੋਚਾਂ ਸੋਚੀਆਂ ?
26ਧਰਤੀ ਦੇ ਰਾਜਾ ਉੱਠ ਖੜ੍ਹੇ ਹੋਏ,
ਅਤੇ ਅਧਿਕਾਰੀ ਲੋਕ,
ਪ੍ਰਭੂ ਅਤੇ ਉਹਨਾਂ ਦੇ ਮਸੀਹ ਦੇ ਵਿਰੁੱਧ ਇਕੱਠੇ ਹੋਏ ।’
27 # ਲੂਕਾ 23:7-11, ਮੱਤੀ 27:1-2, ਮਰ 15:1, ਲੂਕਾ 23:1, ਯੂਹ 18:28-29 “ਸੱਚਮੁੱਚ ਤੁਹਾਡੇ ਪਵਿੱਤਰ ਸੇਵਕ ਯਿਸੂ ਦੇ ਵਿਰੁੱਧ ਜਿਹਨਾਂ ਦਾ ਤੁਸੀਂ ਮਸਹ ਕੀਤਾ ਸੀ, ਇਸ ਸ਼ਹਿਰ ਵਿੱਚ ਹੇਰੋਦੇਸ ਅਤੇ ਪੁੰਤਿਯੁਸ ਪਿਲਾਤੁਸ, ਪਰਾਈਆਂ ਕੌਮਾਂ ਅਤੇ ਇਸਰਾਏਲ ਦੇ ਲੋਕਾਂ ਨਾਲ ਇਕੱਠੇ ਹੋਏ 28ਕਿ ਉਹ ਜੋ ਕੁਝ ਤੁਹਾਡੀ ਸਮਰੱਥਾ ਅਤੇ ਮਰਜ਼ੀ ਦੁਆਰਾ ਪਹਿਲਾਂ ਹੀ ਨਿਸ਼ਚਿਤ ਕੀਤਾ ਗਿਆ ਸੀ ਉਸ ਨੂੰ ਪੂਰਾ ਕਰਨ । 29ਹੁਣ, ਹੇ ਪ੍ਰਭੂ, ਉਹਨਾਂ ਦੀਆਂ ਧਮਕੀਆਂ ਨੂੰ ਦੇਖੋ ਅਤੇ ਆਪਣੇ ਸੇਵਕਾਂ ਨੂੰ ਵਰਦਾਨ ਦਿਓ ਕਿ ਉਹ ਤੁਹਾਡਾ ਵਚਨ ਪੂਰੀ ਦਲੇਰੀ ਨਾਲ ਸੁਣਾਉਣ । 30ਚੰਗਾ ਕਰਨ ਦੇ ਲਈ ਆਪਣਾ ਹੱਥ ਵਧਾਓ ਕਿ ਤੁਹਾਡੇ ਪਵਿੱਤਰ ਸੇਵਕ ਯਿਸੂ ਦੇ ਨਾਮ ਦੁਆਰਾ ਚਿੰਨ੍ਹ ਅਤੇ ਚਮਤਕਾਰ ਹੋਣ ।”
31ਜਦੋਂ ਉਹ ਪ੍ਰਾਰਥਨਾ ਕਰ ਚੁੱਕੇ ਤਾਂ ਉਹ ਥਾਂ ਜਿੱਥੇ ਉਹ ਇਕੱਠੇ ਹੋਏ ਸਨ, ਹਿੱਲ ਗਈ । ਫਿਰ ਉਹ ਪਵਿੱਤਰ ਆਤਮਾ ਨਾਲ ਭਰ ਗਏ ਅਤੇ ਬੜੀ ਦਲੇਰੀ ਨਾਲ ਪਰਮੇਸ਼ਰ ਦਾ ਵਚਨ ਸੁਣਾਉਂਦੇ ਰਹੇ ।
ਸਾਂਝਾ ਜੀਵਨ
32 # ਰਸੂਲਾਂ 2:44-45 ਸਾਰੇ ਵਿਸ਼ਵਾਸੀ ਇੱਕ ਦਿਲ ਅਤੇ ਇੱਕ ਜਾਨ ਸਨ । ਉਹਨਾਂ ਵਿੱਚੋਂ ਕੋਈ ਵੀ ਆਪਣੇ ਧਨ-ਮਾਲ ਨੂੰ ਆਪਣਾ ਨਹੀਂ ਸਮਝਦਾ ਸੀ । ਉਹਨਾਂ ਦੀਆਂ ਸਾਰੀਆਂ ਚੀਜ਼ਾਂ ਸਾਂਝੀਆਂ ਸਨ । 33ਰਸੂਲ ਬੜੀ ਸਮਰੱਥਾ ਨਾਲ ਪ੍ਰਭੂ ਯਿਸੂ ਮਸੀਹ ਦੇ ਮੁਰਦਿਆਂ ਵਿੱਚੋਂ ਜੀਅ ਉੱਠਣ ਦੀ ਗਵਾਹੀ ਦਿੰਦੇ ਸਨ ਅਤੇ ਪਰਮੇਸ਼ਰ ਦੀ ਮਹਾਨ ਕਿਰਪਾ ਉਹਨਾਂ ਸਾਰਿਆਂ ਦੇ ਉੱਤੇ ਸੀ । 34ਉਹਨਾਂ ਵਿੱਚੋਂ ਕਿਸੇ ਨੂੰ ਵੀ ਕਿਸੇ ਚੀਜ਼ ਦੀ ਥੁੜ ਨਹੀਂ ਸੀ ਕਿਉਂਕਿ ਜਿਹਨਾਂ ਕੋਲ ਖੇਤ ਅਤੇ ਘਰ ਸਨ, ਉਹ ਉਹਨਾਂ ਨੂੰ ਵੇਚ ਕੇ ਵਿਕੀਆਂ ਹੋਈਆਂ ਚੀਜ਼ਾਂ ਦਾ ਧਨ ਲਿਆਉਂਦੇ 35ਅਤੇ ਰਸੂਲਾਂ ਦੇ ਚਰਨਾਂ ਵਿੱਚ ਰੱਖ ਦਿੰਦੇ ਸਨ । ਫਿਰ ਹਰ ਇੱਕ ਨੂੰ ਉਸ ਦੀ ਲੋੜ ਅਨੁਸਾਰ ਵੰਡ ਦਿੱਤਾ ਜਾਂਦਾ ਸੀ ।
36ਇਸੇ ਤਰ੍ਹਾਂ ਯੂਸਫ਼ ਜਿਹੜਾ ਸਾਈਪ੍ਰਸ#4:36 ਜਾਂ ਕੁਪਰੁਸ ਦਾ ਰਹਿਣ ਵਾਲਾ ਇੱਕ ਲੇਵੀ ਸੀ ਜਿਸ ਦਾ ਉਪਨਾਮ ਰਸੂਲਾਂ ਨੇ ਬਰਨਬਾਸ (ਭਾਵ ਉਤਸ਼ਾਹ ਦਾ ਪੁੱਤਰ) ਰੱਖਿਆ ਸੀ, 37ਉਸ ਕੋਲ ਜ਼ਮੀਨ ਸੀ । ਉਸ ਨੇ ਉਹ ਵੇਚੀ ਅਤੇ ਧਨ ਲਿਆ ਕੇ ਰਸੂਲਾਂ ਦੇ ਚਰਨਾਂ ਵਿੱਚ ਰੱਖ ਦਿੱਤਾ ।

Qaqambisa

Share

Copy

None

Ufuna ukuba iimbalasane zakho zigcinwe kuzo zonke izixhobo zakho? Bhalisela okanye ngena