Uphawu lweYouVersion
Khetha Uphawu

ਰਸੂਲਾਂ ਦੇ ਕੰਮ 6

6
ਸੱਤ ਸੇਵਾਦਾਰਾਂ ਦੀ ਨਿਯੁਕਤੀ
1ਉਹਨਾਂ ਦਿਨਾਂ ਵਿੱਚ ਜਦੋਂ ਚੇਲਿਆਂ ਦੀ ਗਿਣਤੀ ਵੱਧ ਰਹੀ ਸੀ ਤਾਂ ਯੂਨਾਨੀ ਭਾਸ਼ਾ ਬੋਲਣ ਵਾਲੇ ਯਹੂਦੀਆਂ ਨੇ ਇਬਰਾਨੀ ਯਹੂਦੀਆਂ ਦੇ ਵਿਰੁੱਧ ਸ਼ਿਕਾਇਤ ਕੀਤੀ ਕਿ ਉਹਨਾਂ ਦੀਆਂ ਵਿਧਵਾਵਾਂ ਨਾਲ ਰੋਜ਼ਾਨਾ ਭੋਜਨ ਵੰਡਣ ਸਮੇਂ ਅਣਗਹਿਲੀ ਕੀਤੀ ਜਾਂਦੀ ਸੀ । 2ਇਸ ਲਈ ਬਾਰ੍ਹਾਂ ਰਸੂਲਾਂ ਨੇ ਵਿਸ਼ਵਾਸੀਆਂ ਦੀ ਸਾਰੀ ਸੰਗਤ ਨੂੰ ਸੱਦਿਆ ਅਤੇ ਕਿਹਾ, “ਇਹ ਚੰਗਾ ਨਹੀਂ ਹੈ ਕਿ ਅਸੀਂ ਪਰਮੇਸ਼ਰ ਦੇ ਵਚਨ ਦੇ ਕੰਮ ਨੂੰ ਤਿਆਗ ਕੇ ਖਿਲਾਉਣ ਪਿਲਾਉਣ ਦੀ ਸੇਵਾ ਵਿੱਚ ਲੱਗੀਏ । 3ਇਸ ਲਈ ਭਰਾਵੋ ਅਤੇ ਭੈਣੋ, ਆਪਣੇ ਵਿੱਚੋਂ ਸੱਤ ਨੇਕ ਆਦਮੀਆਂ ਨੂੰ ਚੁਣ ਲਵੋ ਜਿਹੜੇ ਬੁੱਧੀ ਅਤੇ ਪਵਿੱਤਰ ਆਤਮਾ ਨਾਲ ਭਰਪੂਰ ਹੋਣ । ਅਸੀਂ ਉਹਨਾਂ ਨੂੰ ਇਸ ਕੰਮ ਲਈ ਨਿਯੁਕਤ ਕਰ ਦੇਵਾਂਗੇ । 4ਫਿਰ ਅਸੀਂ ਆਪ ਪ੍ਰਾਰਥਨਾ ਅਤੇ ਪਰਮੇਸ਼ਰ ਦੇ ਵਚਨ ਦੀ ਸੇਵਾ ਵਿੱਚ ਲੱਗੇ ਰਹਾਂਗੇ ।” 5ਇਹ ਗੱਲ ਸਾਰੀ ਸੰਗਤ ਨੂੰ ਚੰਗੀ ਲੱਗੀ ਅਤੇ ਉਹਨਾਂ ਨੇ ਸਤੀਫ਼ਨੁਸ ਨਾਂ ਦੇ ਇੱਕ ਆਦਮੀ ਨੂੰ ਜਿਹੜਾ ਵਿਸ਼ਵਾਸ ਅਤੇ ਪਵਿੱਤਰ ਆਤਮਾ ਨਾਲ ਭਰਪੂਰ ਸੀ ਅਤੇ ਫ਼ਿਲਿੱਪੁਸ, ਪ੍ਰੋਖੋਰੁਸ, ਨਿਕਾਨੋਰ, ਤੀਮੋਨ, ਪਰਮਨਾਸ ਅਤੇ ਅੰਤਾਕਿਯਾ ਦੇ ਰਹਿਣ ਵਾਲੇ ਨਿਕਲਾਉਸ ਨੂੰ ਚੁਣਿਆ ਜਿਹੜਾ ਪਰਾਈ ਕੌਮ ਵਿੱਚੋਂ ਯਹੂਦੀ ਵਿਸ਼ਵਾਸ ਵਿੱਚ ਆਇਆ ਸੀ 6ਅਤੇ ਰਸੂਲਾਂ ਦੇ ਸਾਹਮਣੇ ਪੇਸ਼ ਕੀਤਾ । ਰਸੂਲਾਂ ਨੇ ਉਹਨਾਂ ਉੱਤੇ ਹੱਥ ਰੱਖ ਕੇ ਪ੍ਰਾਰਥਨਾ ਕੀਤੀ ਅਤੇ ਉਹਨਾਂ ਨੂੰ ਨਿਯੁਕਤ ਕੀਤਾ ।
7ਇਸ ਤਰ੍ਹਾਂ ਪਰਮੇਸ਼ਰ ਦਾ ਵਚਨ ਫੈਲਦਾ ਗਿਆ । ਚੇਲਿਆਂ ਦੀ ਗਿਣਤੀ ਯਰੂਸ਼ਲਮ ਵਿੱਚ ਤੇਜ਼ੀ ਨਾਲ ਵੱਧਦੀ ਗਈ ਅਤੇ ਬਹੁਤ ਸਾਰੇ ਪੁਰੋਹਿਤਾਂ ਨੇ ਇਸ ਵਿਸ਼ਵਾਸ ਨੂੰ ਸਵੀਕਾਰ ਕੀਤਾ ।
ਸਤੀਫ਼ਨੁਸ ਦੀ ਗਰਿਫ਼ਤਾਰੀ
8ਸਤੀਫ਼ਨੁਸ ਪਰਮੇਸ਼ਰ ਦੀ ਕਿਰਪਾ ਅਤੇ ਸਮਰੱਥਾ ਨਾਲ ਭਰਪੂਰ ਹੋ ਕੇ ਲੋਕਾਂ ਵਿੱਚ ਵੱਡੇ ਵੱਡੇ ਚਮਤਕਾਰ ਅਤੇ ਚਿੰਨ੍ਹ ਪ੍ਰਗਟ ਕਰਦਾ ਸੀ । 9ਤਦ ਕੁਝ ਲੋਕ ਜਿਹੜੇ ‘ਲਿਬਰਤੀਨੀਆਂ’#6:9 ਸੁਤੰਤਰ ਕੀਤੇ ਹੋਏ ਦਾਸ ਨਾਂ ਦੇ ਪ੍ਰਾਰਥਨਾ ਘਰ ਦੇ ਮੈਂਬਰ ਸਨ ਅਤੇ ਕੁਝ ਯਹੂਦੀ ਜਿਹੜੇ ਕੁਰੇਨਿਆ ਅਤੇ ਸਿਕੰਦਰੀਯਾ ਦੇ ਰਹਿਣ ਵਾਲੇ ਸਨ ਅਤੇ ਕੁਝ ਦੂਜੇ ਯਹੂਦੀ ਕਿਲਕਿਯਾ ਅਤੇ ਏਸ਼ੀਆ ਦੇ ਲੋਕ, ਉੱਠ ਕੇ ਸਤੀਫ਼ਨੁਸ ਨਾਲ ਬਹਿਸ ਕਰਨ ਲੱਗੇ । 10ਪਰ ਉਹ ਉਸ ਬੁੱਧ ਅਤੇ ਪਵਿੱਤਰ ਆਤਮਾ ਦਾ ਮੁਕਾਬਲਾ ਨਾ ਕਰ ਸਕੇ ਜਿਸ ਦੁਆਰਾ ਸਤੀਫ਼ਨੁਸ ਬੋਲ ਰਿਹਾ ਸੀ । 11ਫਿਰ ਉਹਨਾਂ ਨੇ ਕੁਝ ਆਦਮੀਆਂ ਨੂੰ ਭੜਕਾਇਆ ਕਿ ਉਹ ਕਹਿਣ, “ਅਸੀਂ ਇਸ ਨੂੰ ਪਰਮੇਸ਼ਰ ਅਤੇ ਮੂਸਾ ਦੀ ਨਿੰਦਾ ਕਰਦੇ ਸੁਣਿਆ ਹੈ ।” 12ਇਸ ਤਰ੍ਹਾਂ ਉਹਨਾਂ ਨੇ ਲੋਕਾਂ, ਬਜ਼ੁਰਗ ਆਗੂਆਂ ਅਤੇ ਵਿਵਸਥਾ ਦੇ ਸਿੱਖਿਅਕਾਂ ਨੂੰ ਭੜਕਾਇਆ । ਉਹ ਸਤੀਫ਼ਨੁਸ ਕੋਲ ਆਏ ਅਤੇ ਉਸ ਨੂੰ ਫੜ ਕੇ ਸਭਾ ਵਿੱਚ ਲੈ ਗਏ । 13ਉੱਥੇ ਉਹਨਾਂ ਨੇ ਕੁਝ ਝੂਠੇ ਗਵਾਹ ਖੜ੍ਹੇ ਕੀਤੇ, ਜਿਹਨਾਂ ਨੇ ਕਿਹਾ, “ਇਹ ਆਦਮੀ ਲਗਾਤਾਰ ਇਸ ਪਵਿੱਤਰ ਸਥਾਨ ਅਤੇ ਵਿਵਸਥਾ ਦੇ ਵਿਰੁੱਧ ਬੋਲਦਾ ਹੈ । 14ਅਸੀਂ ਇਸ ਨੂੰ ਕਹਿੰਦੇ ਸੁਣਿਆ ਹੈ ਕਿ ਨਾਸਰਤ ਨਿਵਾਸੀ ਯਿਸੂ ਇਸ ਥਾਂ ਨੂੰ ਨਾਸ਼ ਕਰ ਦੇਵੇਗਾ ਅਤੇ ਮੂਸਾ ਦੁਆਰਾ ਦਿੱਤੀਆਂ ਰੀਤਾਂ ਨੂੰ ਬਦਲ ਦੇਵੇਗਾ ।” 15ਸਭਾ ਵਿੱਚ ਬੈਠੇ ਹੋਏ ਸਾਰੇ ਲੋਕ ਸਤੀਫ਼ਨੁਸ ਵੱਲ ਬੜੀ ਨੀਝ ਲਾ ਕੇ ਦੇਖ ਰਹੇ ਸਨ । ਉਹਨਾਂ ਨੂੰ ਉਸ ਵੇਲੇ ਉਸ ਦਾ ਚਿਹਰਾ ਸਵਰਗਦੂਤ ਦੇ ਚਿਹਰੇ ਵਰਗਾ ਦਿਖਾਈ ਦਿੱਤਾ ।

Qaqambisa

Share

Copy

None

Ufuna ukuba iimbalasane zakho zigcinwe kuzo zonke izixhobo zakho? Bhalisela okanye ngena