BibleProject | ਉਲਟ ਰਾਜ / ਭਾਗ-1- ਲੂਕਾSample
ਯਿਸੂ ਦਾ ਰਾਜ ਦੁਖੀ ਲੋਕਾਂ ਲਈ ਖੁਸ਼ਖਬਰੀ ਹੈ ਅਤੇ ਇਹ ਹਰੇਕ ਲਈ ਖੁੱਲ੍ਹਾ ਹੈ ਜੋ ਪਰਮੇਸ਼ੁਰ ਦੇ ਲਈ ਉਨ੍ਹਾਂ ਦੀ ਜ਼ਰੂਰਤ ਨੂੰ ਸਮਝਦੇ ਹਨ। ਇਸ ਦੀ ਮਿਸਾਲ ਦੇਣ ਲਈ, ਲੂਕਾ ਸਾਨੂੰ ਯਿਸੂ ਬਾਰੇ ਦੱਸਦਾ ਹੈ ਕਿ ਉਹ ਬਿਮਾਰਾਂ ਅਤੇ ਗਰੀਬਾਂ ਨਾਲ ਰਾਤ ਦੇ ਖਾਣੇ ਦੀਆਂ ਸਭਾਵਾਂ ਵਿੱਚ ਸ਼ਾਮਲ ਹੁੰਦਾ ਹੈ ਜਿਨ੍ਹਾਂ ਨੂੰ ਉਸ ਦੀ ਮਾਫ਼ੀ, ਤੰਦਰੁਸਤੀ ਅਤੇ ਉਦਾਰਤਾ ਪ੍ਰਾਪਤ ਹੁੰਦੀ ਹੈ। ਇਸ ਦੇ ਉਲਟ, ਯਿਸੂ ਉਨ੍ਹਾਂ ਧਾਰਮਿਕ ਆਗੂਆਂ ਨਾਲ ਰਾਤ ਦੇ ਖਾਣੇ ਦੀਆਂ ਦਾਹਵਤਾਂ ਵਿੱਚ ਵੀ ਜਾਂਦਾ ਹੈ ਜੋ ਉਸ ਦੇ ਸੰਦੇਸ਼ ਨੂੰ ਠੁਕਰਾਉਂਦੇ ਹਨ ਅਤੇ ਉਸ ਦੇ ਤਰੀਕਿਆਂ ਬਾਰੇ ਬਹਿਸ ਕਰਦੇ ਹਨ। ਉਹ ਨਹੀਂ ਸਮਝਦੇ ਕਿ ਪਰਮੇਸ਼ੁਰ ਦਾ ਰਾਜ ਕੀ ਹੈ, ਇਸ ਲਈ ਉਹ ਉਨ੍ਹਾਂ ਨੂੰ ਇੱਕ ਦ੍ਰਿਸ਼ਟਾਂਤ ਦਿੰਦਾ ਹੈ। ਇਹ ਇਸ ਪ੍ਰਕਾਰ ਹੈ।
ਇੱਕ ਪਿਤਾ ਸੀ ਜਿਸ ਦੇ ਦੋ ਪੁੱਤਰ ਸਨ। ਵੱਡਾ ਪੁੱਤਰ ਭਰੋਸੇਮੰਦ ਹੈ ਅਤੇ ਆਪਣੇ ਪਿਤਾ ਦਾ ਆਦਰ ਕਰਦਾ ਹੈ, ਪਰ ਛੋਟਾ ਪੁੱਤਰ ਵਿਗੜਿਆ ਹੋਇਆ ਹੈ। ਉਹ ਆਪਣੀ ਜਾਇਦਾਦ ਦਾ ਸਾਰਾ ਹਿੱਸਾ ਲੈ ਲੈਂਦਾ ਹੈ, ਦੂਰ ਦੇਸ ਨੂੰ ਚਲਾ ਜਾਂਦਾ ਹੈ ਅਤੇ ਮੂਰਖਾਂ ਵਾਂਗੂ ਆਪਣੀ ਸਾਰੀ ਜਾਇਦਾਦ ਮੌਜ ਮਸਤੀ ਵਿੱਚ ਉਡਾ ਦਿੰਦਾ ਹੈ। ਫਿਰ ਵੱਡਾ ਕਾਲ ਪੈ ਜਾਂਦਾ ਹੈ ਅਤੇ ਪੁੱਤਰ ਕੋਲ ਸਾਰੇ ਪੈਸੇ ਖ਼ਤਮ ਹੋ ਜਾਂਦੇ ਹਨ, ਤਾਂ ਉਸ ਨੂੰ ਕਿਸੇ ਦੇ ਸੂਰਾਂ ਦੀ ਦੇਖਭਾਲ ਕਰਨ ਦੀ ਨੌਕਰੀ ਮਿਲ ਜਾਂਦੀ ਹੈ। ਇੱਕ ਦਿਨ ਉਸ ਨੂੰ ਇੰਨੀ ਜ਼ਿਆਦਾ ਭੁੱਖ ਲੱਗ ਜਾਂਦੀ ਹੈ ਕਿ ਉਹ ਸੂਰਾਂ ਦਾ ਖਾਣਾ ਖਾਣ ਲਈ ਤਿਆਰ ਹੋ ਜਾਂਦਾ ਹੈ ਅਤੇ ਉਸ ਦੇ ਦਿਮਾਗ ਵਿੱਚ ਆਉਂਦਾ ਹੈ ਕਿ ਮੇਰੇ ਪਿਉ ਦੇ ਕਿੰਨੇ ਹੀ ਕਾਮਿਆਂ ਲਈ ਵਾਫ਼ਰ ਰੋਟੀਆਂ ਹਨ ਅਤੇ ਮੈਂ ਇੱਥੇ ਭੁੱਖਾ ਮਰ ਰਿਹਾ ਹਾਂ। ਇਸ ਲਈ ਉਹ ਮਾਫ਼ੀ ਮੰਗਣ ਦਾ ਅਭਿਆਸ ਕਰਦਿਆਂ ਘਰ ਵਾਪਸ ਤੁਰ ਪਿਆ। ਜਦੋਂ ਕਿ ਪੁੱਤਰ ਅਜੇ ਬਹੁਤ ਦੂਰ ਹੀ ਹੈ, ਪਿਤਾ ਉਸ ਨੂੰ ਵੇਖਦਾ ਹੈ ਅਤੇ ਉਹ ਬਹੁਤ ਖੁਸ਼ ਹੁੰਦਾ ਹੈ। ਉਸ ਦਾ ਪੁੱਤਰ ਜ਼ਿੰਦਾ ਹੈ! ਉਹ ਅਕਾਲ ਤੋਂ ਬਚ ਗਿਆ! ਪਿਤਾ ਉਸ ਵੱਲ ਭੱਜ ਕੇ ਗਿਆ ਅਤੇ ਉਸ ਨੂੰ ਚੁੰਮਣ ਅਤੇ ਗਲੇ ਲਗਾਉਣ ਤੋਂ ਆਪਣੇ ਆਪ ਨੂੰ ਰੋਕ ਨਹੀਂ ਸਕਿਆ। ਪੁੱਤਰ ਗੱਲਬਾਤ ਦੀ ਸ਼ੁਰੂਆਤ ਕਰਦਾ ਹੈ, “ਪਿਤਾ ਜੀ, ਮੈਂ ਇਸ ਯੋਗ ਨਹੀਂ ਜੋ ਫੇਰ ਤੁਹਾਡਾ ਪੁੱਤਰ ਸਦਾਵਾਂ। ਸ਼ਾਇਦ ਮੈਂ ਆ ਕੇ ਤੁਹਾਡੇ ਲਈ ਕੰਮ ਕਰ ਸਕਦਾ ਹਾਂ...” ਇਸ ਤੋਂ ਪਹਿਲਾਂ ਕਿ ਉਹ ਆਪਣੀ ਗੱਲ ਨੂੰ ਪੂਰਾ ਕਰਦਾ, ਪਿਤਾ ਆਪਣੇ ਨੌਕਰਾਂ ਨੂੰ ਉਸ ਦੇ ਪੁੱਤਰ ਲਈ ਸਭ ਤੋਂ ਚੰਗੇ ਬਸਤ੍ਰ, ਨਵੀਂ ਜੁੱਤੀ ਅਤੇ ਇੱਕ ਮਹਿੰਗੀ ਅੰਗੂਠੀ ਲਿਆਉਣ ਲਈ ਕਹਿੰਦਾ ਹੈ। ਉਨ੍ਹਾਂ ਨੇ ਸਭ ਤੋਂ ਵਧੀਆ ਦਾਅਵਤ ਤਿਆਰ ਕਰਨੀ ਹੈ ਕਿਉਂਕਿ ਇਹ ਸਮਾਂ ਖੁਸ਼ੀ ਮਨਾਉਣ ਦਾ ਹੈ ਕਿ ਉਸ ਦਾ ਪੁੱਤਰ ਘਰ ਵਾਪਸ ਆ ਗਿਆ ਹੈ। ਜਿਵੇਂ ਹੀ ਦਾਅਵਤ ਸ਼ੁਰੂ ਹੁੰਦੀ ਹੈ, ਵੱਡਾ ਪੁੱਤਰ ਕੰਮ ਤੋਂ ਘਰ ਵਾਪਸ ਆਉਂਦਾ ਹੈ ਅਤੇ ਉਸ ਨੂੰ ਪਤਾ ਲੱਗਦਾ ਹੈ ਕਿ ਇਹ ਗਾਉਣਾ ਵਜਾਉਣਾ ਅਤੇ ਦਾਅਵਤ ਉਸ ਦੇ ਨਿਕੰਮੇ ਭਰਾ ਲਈ ਹੈ। ਉਹ ਕ੍ਰੋਧ ਵਿੱਚ ਆ ਜਾਂਦਾ ਹੈ ਅਤੇ ਇਸ ਖੁਸ਼ੀ ਵਿੱਚ ਸ਼ਾਮਲ ਹੋਣ ਤੋਂ ਇਨਕਾਰ ਕਰ ਦਿੰਦਾ ਹੈ। ਪਿਤਾ ਬਾਹਰ ਆਣ ਕੇ ਆਪਣੇ ਵੱਡੇ ਪੁੱਤਰ ਨੂੰ ਮਿਲਦਾ ਅਤੇ ਕਹਿੰਦਾ ਹੈ, “ਪੁੱਤਰ, ਤੂੰ ਪਹਿਲਾਂ ਹੀ ਸਾਡੇ ਪਰਿਵਾਰ ਵਿੱਚ ਹੈਂ। ਮੇਰਾ ਸਭ ਕੁਝ ਤੇਰਾ ਹੈ। ਪਰ ਅਸੀਂ ਤੇਰੇ ਭਰਾ ਦੇ ਵਾਪਸ ਆਉਣ ਦੀ ਖੁਸ਼ੀ ਮਨਾਉਣੀ ਸੀ। ਉਹ ਗੁਆਚ ਗਿਆ ਸੀ, ਪਰ ਹੁਣ ਉਹ ਲੱਭ ਪਿਆ ਹੈ। ਉਹ ਮਰ ਗਿਆ ਸੀ, ਪਰ ਹੁਣ ਉਹ ਜੀਉਂਦਾ ਹੈ।”
ਇਸ ਕਹਾਣੀ ਵਿੱਚ, ਯਿਸੂ ਧਾਰਮਿਕ ਆਗੂਆਂ ਦੀ ਤੁਲਨਾ ਵੱਡੇ ਪੁੱਤਰ ਨਾਲ ਕਰ ਰਿਹਾ ਹੈ। ਯਿਸੂ ਵੇਖਦਾ ਹੈ ਕਿ ਉਸ ਦੇ ਗੈਰ ਲੋਕਾਂ ਨੂੰ ਸਵੀਕਾਰ ਕਰਨ ਕਰਕੇ ਧਾਰਮਿਕ ਆਗੂ ਕਿੰਨੇ ਨਾਰਾਜ਼ ਹਨ, ਪਰ ਯਿਸੂ ਚਾਹੁੰਦਾ ਹੈ ਕਿ ਉਹ ਗੈਰ ਲੋਕਾਂ ਨੂੰ ਉਸੇ ਤਰ੍ਹਾਂ ਵੇਖਣ, ਜਿਵੇਂ ਉਹ ਵੇਖਦਾ ਹੈ। ਸਮਾਜ ਵਿੱਚੋਂ ਕੱਢੇ ਹੋਏ ਲੋਕ ਆਪਣੇ ਪਿਤਾ ਕੋਲ ਵਾਪਸ ਆ ਰਹੇ ਹਨ। ਉਹ ਜਿੰਦਾ ਹਨ! ਮੁੜਨ ਲਈ ਪਰਮੇਸ਼ੁਰ ਦੀ ਭਲਿਆਈ ਕਾਫੀ ਹੈ। ਉਸ ਦੇ ਕੋਲ ਜੋ ਕੁਝ ਵੀ ਹੈ ਉਨ੍ਹਾਂ ਦਾ ਹੈ ਜਿਨ੍ਹਾਂ ਨੂੰ ਉਹ ਆਪਣੇ ਬੱਚੇ ਕਹਿ ਕੇ ਬੁਲਾਉਂਦਾ ਹੈ। ਉਸ ਦੇ ਰਾਜ ਦਾ ਅਨੰਦ ਲੈਣ ਦੀ ਇੱਕੋ ਇੱਕ ਸ਼ਰਤ ਹੈ ਨਿਮਰਤਾ ਨਾਲ ਇਸ ਨੂੰ ਪ੍ਰਾਪਤ ਕਰਨਾ।
ਪੜ੍ਹੋ, ਸੋਚ-ਵਿਚਾਰ ਕਰੋ ਅਤੇ ਜਵਾਬ ਦਿਓ:
•ਯਿਸੂ ਦੇ ਦ੍ਰਿਸ਼ਟਾਂਤ ਵਿੱਚ ਤੁਸੀਂ ਵੱਡੇ ਪੁੱਤਰ ਅਤੇ ਛੋਟੇ ਪੁੱਤਰ ਨਾਲ ਕਿਵੇਂ ਸੰਬੰਧ ਰੱਖਦੇ ਹੋ?
•ਧਿਆਨ ਦਿਓ ਕਿ ਛੋਟੇ ਪੁੱਤਰ ਨੇ ਆਪਣੇ ਪਿਤਾ ਨੂੰ ਕਿਵੇਂ ਛੱਡਿਆ ਪਰ ਜਦੋਂ ਉਸ ਲਈ ਮੁਸ਼ਕਲਾਂ ਆਈਆਂ ਤਾਂ ਉਸ ਨੇ ਆਪਣਾ ਮਨ ਬਦਲ ਲਿਆ। ਕੀ ਦੁੱਖ ਸਦਕਾ ਕਦੇ ਤੁਹਾਨੂੰ ਪਿਤਾ ਪਰਮੇਸ਼ੁਰ ਵੱਲ ਮੁੜਨ ਵਿੱਚ ਮਦਦ ਮਿਲੀ ਹੈ? ਛੋਟੇ ਪੁੱਤਰ ਦਾ ਪਿਤਾ ਦੁਆਰਾ ਕੀਤੇ ਸਵਾਗਤ ਦਾ ਤੁਹਾਡੇ 'ਤੇ ਕੀ ਅਸਰ ਪੈਂਦਾ ਹੈ (ਦੇਖੋ 15:20-24)?
•ਕਹਾਣੀ ਵਿੱਚ ਵੱਡੇ ਪੁੱਤਰ ਦੇ ਗੁੱਸੇ 'ਤੇ ਗੌਰ ਕਰੋ (ਦੇਖੋ 15:28-30)। ਕੀ ਤੁਸੀਂ ਕਦੇ ਨਾਰਾਜ਼ਗੀ ਮਹਿਸੂਸ ਕੀਤੀ ਹੈ ਜਦੋਂ ਕਿਸੇ ਨੂੰ ਕੁਝ ਅਜਿਹਾ ਮਿਲਿਆ ਜਿਸ ਦਾ ਉਹ ਹੱਕਦਾਰ ਨਹੀਂ ਸੀ? ਜੇ ਹਾਂ, ਤਾਂ ਵੱਡੇ ਪੁੱਤਰ ਪ੍ਰਤੀ ਪਿਤਾ ਦਾ ਜਵਾਬ ਤੁਹਾਡੇ ਲਈ ਕਿਵੇਂ ਢੁਕਵਾਂ ਹੈ (ਵੇਖੋ 15:31-32)?
•ਤੁਹਾਡੇ ਪੜ੍ਹਨ ਅਤੇ ਸੋਚਣ ਨੂੰ ਇੱਕ ਪ੍ਰਾਰਥਨਾ ਲਈ ਪ੍ਰੇਰਿਤ ਕਰਨ ਦਿਓ। ਪਰਮੇਸ਼ੁਰ ਨਾਲ ਗੱਲ ਕਰੋ ਕਿ ਕਿਵੇਂ ਉਸ ਦੀ ਖੁੱਲ ਦਿਲੀ ਵਾਲੀ ਦਇਆ ਤੁਹਾਨੂੰ ਹੈਰਾਨ ਕਰਦੀ ਹੈ, ਦੂਜਿਆਂ ਨੂੰ ਖੁੱਲ੍ਹੇ ਦਿਲ ਨਾਲ ਪ੍ਰਾਪਤ ਕਰਨ ਲਈ ਆਪਣੀ ਜੱਦੋ-ਜਹਿਦ ਬਾਰੇ ਇਮਾਨਦਾਰ ਰਹੋ ਅਤੇ ਇਹ ਪੁੱਛੋ ਕਿ ਤੁਹਾਨੂੰ ਦਇਆ ਵਿੱਚ ਵਾਧਾ ਕਰਨ ਦੀ ਕੀ ਜ਼ਰੂਰਤ ਹੈ।
About this Plan
BibleProject ਨੇ ਉਲਟ ਰਾਜ ਭਾਗ 1 ਨੂੰ ਲੋਕਾਂ, ਛੋਟੇ ਸਮੂਹਾਂ, ਅਤੇ ਪਰਿਵਾਰਾਂ ਨੂੰ 20 ਦਿਨਾਂ ਦੇ ਵਿੱਚ 'ਲੂਕਾ' ਪੜ੍ਹਨ ਦੇ ਲਈ ਪ੍ਰੇਰਿਤ ਕਰਨ ਵਾਸਤੇ ਬਣਾਇਆ ਹੈ। ਇਸ ਯੋਜਨਾ ਵਿਚ ਸਜੀਵ ਫ਼ਿਲਮਾਂ, ਗੂਢ਼ ਸਾਰ, ਅਤੇ ਵਿਚਾਰਤਮਕ ਸਵਾਲ ਹਨ ਜਿਹਨਾਂ ਰਾਹੀਂ ਭਾਗੀਦਾਰਾਂ ਨੂੰ ਯਿਸੂ ਨੂੰ ਸਮਝਣ ਵਿੱਚ ਅਤੇ ਲੂਕਾ ਦੇ ਬੇਹਤਰੀਨ ਸਹਾਇਤਕ ਕਲਾਂ ਅਤੇ ਵਿਚਾਰਾਂ ਦੇ ਪਰਵਾਹ ਦੇ ਨਾਲ ਸਾਂਝ ਪਾਉਣ ਵਿਚ ਮਦਦ ਮਿਲਦੀ ਹੈ।
More