YouVersion 標誌
搜尋圖標

ਲੂਕਾ 17

17
ਪਾਪ
(ਮੱਤੀ 18:6-7,21-22, ਮਰਕੁਸ 9:42)
1ਪ੍ਰਭੂ ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ, “ਠੋਕਰਾਂ ਦਾ ਲੱਗਣਾ ਅਤੇ ਪਾਪ ਵਿੱਚ ਡਿੱਗਣਾ ਤਾਂ ਸੰਭਵ ਹੈ ਪਰ ਹਾਏ ਉਸ ਉੱਤੇ ਜਿਹੜਾ ਇਹਨਾਂ ਠੋਕਰਾਂ ਦਾ ਕਾਰਨ ਹੁੰਦਾ ਹੈ । 2ਜਿਹੜਾ ਇਹਨਾਂ ਛੋਟਿਆਂ ਵਿੱਚੋਂ ਕਿਸੇ ਇੱਕ ਨੂੰ ਪਾਪ ਦੇ ਰਾਹ ਉੱਤੇ ਪਾਉਂਦਾ ਹੈ, ਉਸ ਲਈ ਚੰਗਾ ਹੁੰਦਾ ਕਿ ਉਸ ਦੇ ਗਲ਼ ਵਿੱਚ ਚੱਕੀ ਦਾ ਪੁੜ#17:2 ਅਨਾਜ ਪੀਸਣ ਵਾਲਾ ਪੱਥਰ ਬੰਨ੍ਹ ਕੇ ਉਸ ਨੂੰ ਸਮੁੰਦਰ ਵਿੱਚ ਸੁੱਟ ਦਿੱਤਾ ਜਾਂਦਾ । 3#ਮੱਤੀ 18:15ਇਸ ਲਈ ਸੁਚੇਤ ਰਹੋ !
“ਜੇਕਰ ਤੇਰਾ ਭਰਾ ਪਾਪ ਕਰੇ ਤਾਂ ਉਸ ਨੂੰ ਝਿੜਕ ਅਤੇ ਜੇਕਰ ਉਹ ਆਪਣੇ ਪਾਪ ਨੂੰ ਮੰਨ ਲਵੇ ਤਾਂ ਉਸ ਨੂੰ ਮਾਫ਼ ਕਰ । 4ਜੇਕਰ ਉਹ ਤੇਰੇ ਵਿਰੁੱਧ ਦਿਨ ਵਿੱਚ ਸੱਤ ਵਾਰ ਪਾਪ ਕਰੇ ਅਤੇ ਉਹ ਸੱਤ ਵਾਰ ਤੇਰੇ ਸਾਹਮਣੇ ਪਾਪ ਮੰਨੇ ਤਾਂ ਤੂੰ ਉਸ ਨੂੰ ਜ਼ਰੂਰ ਮਾਫ਼ ਕਰ ।”
ਵਿਸ਼ਵਾਸ
5ਬਾਰ੍ਹਾਂ ਚੇਲਿਆਂ ਨੇ ਪ੍ਰਭੂ ਨੂੰ ਕਿਹਾ, “ਸਾਡਾ ਵਿਸ਼ਵਾਸ ਵਧਾਓ ।” 6ਪ੍ਰਭੂ ਨੇ ਉੱਤਰ ਦਿੱਤਾ, “ਜੇਕਰ ਤੁਹਾਡੇ ਵਿੱਚ ਰਾਈ ਦੇ ਬੀਜ ਜਿੰਨਾਂ ਵੀ ਵਿਸ਼ਵਾਸ ਹੋਵੇ ਅਤੇ ਇਸ ਸ਼ਹਿਤੂਤ ਦੇ ਰੁੱਖ ਨੂੰ ਕਹੋ ਕਿ ਉੱਖੜ ਜਾ ਅਤੇ ਸਮੁੰਦਰ ਵਿੱਚ ਜਾ ਲੱਗ ਤਾਂ ਇਹ ਤੁਹਾਡਾ ਹੁਕਮ ਮੰਨੇਗਾ ।”
ਸੇਵਕ ਦਾ ਕਰਤੱਵ
7“ਤੁਹਾਡੇ ਵਿੱਚੋਂ ਕੌਣ ਅਜਿਹਾ ਆਦਮੀ ਹੈ ਜਿਸ ਦਾ ਸੇਵਕ ਖੇਤ ਵਿੱਚ ਹਲ ਵਾਹ ਕੇ ਜਾਂ ਭੇਡਾਂ ਚਾਰ ਕੇ ਘਰ ਵਾਪਸ ਆਵੇ ਤਾਂ ਉਹ ਆਪਣੇ ਸੇਵਕ ਨੂੰ ਕਹੇ, ‘ਛੇਤੀ ਆ ਅਤੇ ਰੋਟੀ ਖਾ ਲੈ ?’ 8ਕਦੀ ਵੀ ਨਹੀਂ ! ਤੁਸੀਂ ਇਸ ਦੀ ਥਾਂ ਇਸ ਤਰ੍ਹਾਂ ਕਹੋਗੇ, ‘ਮੇਰੇ ਲਈ ਭੋਜਨ ਤਿਆਰ ਕਰ ਅਤੇ ਜਦੋਂ ਤੱਕ ਮੈਂ ਖਾ ਪੀ ਨਾ ਲਵਾਂ, ਕਮਰ ਕੱਸ ਕੇ ਮੇਰੀ ਸੇਵਾ ਕਰ । ਬਾਅਦ ਵਿੱਚ ਤੂੰ ਵੀ ਖਾ ਪੀ ਲਵੀਂ ।’ 9ਇਹ ਸਭ ਕੁਝ ਕਰਨ ਦੇ ਬਾਅਦ ਵੀ ਉਹ ਸੇਵਕ ਧੰਨਵਾਦ ਦਾ ਪਾਤਰ ਨਹੀਂ ਹੈ ਕਿਉਂਕਿ ਉਸ ਨੇ ਆਪਣੇ ਮਾਲਕ ਦਾ ਹੁਕਮ ਹੀ ਤਾਂ ਪੂਰਾ ਕੀਤਾ ਹੈ । 10ਤੁਸੀਂ ਵੀ ਇਸ ਸੇਵਕ ਦੀ ਤਰ੍ਹਾਂ ਹੀ ਹੋ । ਇਸ ਲਈ ਸਾਰੇ ਹੁਕਮਾਂ ਦੀ ਪਾਲਣਾ ਕਰਨ ਦੇ ਬਾਅਦ ਤੁਹਾਨੂੰ ਵੀ ਕਹਿਣਾ ਚਾਹੀਦਾ ਹੈ, ‘ਅਸੀਂ ਤਾਂ ਸਧਾਰਨ ਜਿਹੇ ਸੇਵਕ ਹਾਂ । ਅਸੀਂ ਤਾਂ ਕੇਵਲ ਆਪਣਾ ਕਰਤੱਵ ਹੀ ਪੂਰਾ ਕੀਤਾ ਹੈ ।’”
ਪ੍ਰਭੂ ਯਿਸੂ ਦਸ ਕੋੜ੍ਹੀਆਂ ਨੂੰ ਚੰਗਾ ਕਰਦੇ ਹਨ
11ਜਦੋਂ ਯਿਸੂ ਯਰੂਸ਼ਲਮ ਸ਼ਹਿਰ ਵੱਲ ਜਾ ਰਹੇ ਸਨ ਤਾਂ ਰਾਹ ਵਿੱਚ ਜਾਂਦੇ ਹੋਏ ਉਹ ਸਾਮਰਿਯਾ ਅਤੇ ਗਲੀਲ ਦੇ ਇਲਾਕਿਆਂ ਵਿੱਚੋਂ ਦੀ ਹੋ ਕੇ ਗਏ । 12ਰਾਹ ਵਿੱਚ ਜਦੋਂ ਉਹ ਇੱਕ ਪਿੰਡ ਵਿੱਚ ਪ੍ਰਵੇਸ਼ ਕਰ ਹੀ ਰਹੇ ਸਨ ਤਾਂ ਉਹਨਾਂ ਨੂੰ ਦਸ ਕੋੜ੍ਹੀ ਮਿਲੇ । ਉਹ ਦੂਰ ਖੜ੍ਹੇ ਰਹੇ । 13ਫਿਰ ਉਹਨਾਂ ਨੇ ਉੱਚੀ ਆਵਾਜ਼ ਨਾਲ ਪੁਕਾਰ ਕੇ ਕਿਹਾ, “ਹੇ ਯਿਸੂ, ਹੇ ਮਾਲਕ, ਸਾਡੇ ਉੱਤੇ ਰਹਿਮ ਕਰੋ !” 14#ਲੇਵੀ 14:1-32ਯਿਸੂ ਨੇ ਉਹਨਾਂ ਨੂੰ ਦੇਖਿਆ ਅਤੇ ਕਿਹਾ, “ਜਾਓ, ਆਪਣੇ ਆਪ ਨੂੰ ਪੁਰੋਹਿਤਾਂ ਨੂੰ ਦਿਖਾਓ ।” ਜਦੋਂ ਉਹ ਜਾ ਰਹੇ ਸਨ ਤਾਂ ਉਹ ਚੰਗੇ ਹੋ ਗਏ । 15ਉਹਨਾਂ ਦਸਾਂ ਕੋੜ੍ਹੀਆਂ ਵਿੱਚੋਂ ਇੱਕ ਕੋੜ੍ਹੀ ਨੇ ਦੇਖਿਆ ਕਿ ਉਹ ਚੰਗਾ ਹੋ ਗਿਆ ਹੈ ਤਾਂ ਉਹ ਉੱਚੀ ਆਵਾਜ਼ ਨਾਲ ਪਰਮੇਸ਼ਰ ਦੀ ਵਡਿਆਈ ਕਰਦਾ ਹੋਇਆ ਵਾਪਸ ਆਇਆ । 16ਉਸ ਨੇ ਪ੍ਰਭੂ ਯਿਸੂ ਦੇ ਚਰਨਾਂ ਵਿੱਚ ਡਿੱਗ ਕੇ ਆਪਣੇ ਚੰਗੇ ਹੋਣ ਦੇ ਲਈ ਪ੍ਰਭੂ ਦਾ ਧੰਨਵਾਦ ਕੀਤਾ । ਉਹ ਆਦਮੀ ਸਾਮਰੀ ਸੀ । 17ਯਿਸੂ ਨੇ ਕਿਹਾ, “ਕੀ ਦਸਾਂ ਦਾ ਹੀ ਕੋੜ੍ਹ ਦੂਰ ਨਹੀਂ ਹੋਇਆ, ਫਿਰ ਬਾਕੀ ਦੇ ਨੌਂ ਕਿੱਥੇ ਹਨ ? 18ਕੀ ਇਸ ਪਰਦੇਸੀ ਦੇ ਇਲਾਵਾ ਕੋਈ ਵੀ ਪਰਮੇਸ਼ਰ ਦੀ ਵਡਿਆਈ ਕਰਨ ਵਾਪਸ ਨਹੀਂ ਆਇਆ ?” 19ਫਿਰ ਪ੍ਰਭੂ ਯਿਸੂ ਨੇ ਉਸ ਸਾਮਰੀ ਆਦਮੀ ਨੂੰ ਕਿਹਾ, “ਉੱਠ ਅਤੇ ਜਾ, ਤੇਰੇ ਵਿਸ਼ਵਾਸ ਨੇ ਤੈਨੂੰ ਚੰਗਾ ਕੀਤਾ ਹੈ ।”
ਪਰਮੇਸ਼ਰ ਦੇ ਰਾਜ ਦਾ ਆਉਣਾ
(ਮੱਤੀ 24:23-28,37-41)
20 ਫ਼ਰੀਸੀ ਦਲ ਦੇ ਕੁਝ ਲੋਕਾਂ ਨੇ ਯਿਸੂ ਕੋਲੋਂ ਪੁੱਛਿਆ, “ਪਰਮੇਸ਼ਰ ਦਾ ਰਾਜ ਕਦੋਂ ਆਵੇਗਾ ?” ਯਿਸੂ ਨੇ ਉਹਨਾਂ ਨੂੰ ਉੱਤਰ ਦਿੱਤਾ, “ਪਰਮੇਸ਼ਰ ਦਾ ਰਾਜ ਆਉਣਾ ਕੋਈ ਅਜਿਹੀ ਚੀਜ਼ ਨਹੀਂ ਜਿਸ ਨੂੰ ਤੁਸੀਂ ਅੱਖਾਂ ਦੇ ਨਾਲ ਦੇਖ ਸਕਦੇ ਹੋ । 21ਲੋਕ ਇਹ ਨਹੀਂ ਕਹਿਣਗੇ, ‘ਦੇਖੋ, ਪਰਮੇਸ਼ਰ ਦਾ ਰਾਜ ਇੱਥੇ ਹੈ’ ਜਾਂ ‘ਉੱਥੇ ਹੈ,’ ਕਿਉਂਕਿ ਪਰਮੇਸ਼ਰ ਦਾ ਰਾਜ ਤੁਹਾਡੇ ਵਿਚਕਾਰ ਹੀ ਹੈ ।”
22ਫਿਰ ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ, “ਅਜਿਹਾ ਸਮਾਂ ਆਵੇਗਾ ਜਦੋਂ ਤੁਸੀਂ ਮਨੁੱਖ ਦੇ ਪੁੱਤਰ ਦੇ ਦਿਨਾਂ ਵਿੱਚੋਂ ਇੱਕ ਦਿਨ ਨੂੰ ਦੇਖਣ ਦੇ ਲਈ ਤਰਸੋਗੇ ਪਰ ਦੇਖ ਨਾ ਸਕੋਗੇ । 23ਉਸ ਸਮੇਂ ਲੋਕ ਤੁਹਾਨੂੰ ਕਹਿਣਗੇ, ‘ਦੇਖੋ, ਉਹ ਇੱਥੇ ਹੈ’ ਜਾਂ ‘ਉਹ ਉੱਥੇ ਹੈ !’ ਪਰ ਤੁਸੀਂ ਉਹਨਾਂ ਦੀ ਨਾ ਸੁਣਨਾ ਅਤੇ ਉਹਨਾਂ ਦੇ ਪਿੱਛੇ ਨਾ ਜਾਣਾ । 24ਜਿਸ ਤਰ੍ਹਾਂ ਬਿਜਲੀ ਅਕਾਸ਼ ਵਿੱਚ ਇੱਕ ਦਿਸ਼ਾ ਤੋਂ ਦੂਜੀ ਦਿਸ਼ਾ ਤੱਕ ਚਮਕਦੀ ਹੈ, ਇਸੇ ਤਰ੍ਹਾਂ ਮਨੁੱਖ ਦਾ ਪੁੱਤਰ ਆਪਣੇ ਦਿਨ ਵਿੱਚ ਆਵੇਗਾ । 25ਪਰ ਇਸ ਤੋਂ ਪਹਿਲਾਂ ਉਹ ਬਹੁਤ ਦੁੱਖ ਸਹੇਗਾ ਅਤੇ ਇਸ ਪੀੜ੍ਹੀ ਦੇ ਲੋਕਾਂ ਕੋਲੋਂ ਰੱਦਿਆ ਜਾਵੇਗਾ । 26#ਉਤ 6:5-8ਬਿਲਕੁਲ ਜਿਸ ਤਰ੍ਹਾਂ ਨੂਹ ਦੇ ਦਿਨਾਂ ਵਿੱਚ ਹੋਇਆ, ਉਸੇ ਤਰ੍ਹਾਂ ਮਨੁੱਖ ਦੇ ਪੁੱਤਰ ਦੇ ਦਿਨਾਂ ਵਿੱਚ ਵੀ ਹੋਵੇਗਾ । 27#ਉਤ 7:6-24ਨੂਹ ਦੇ ਜਹਾਜ਼ ਦੇ ਵਿੱਚ ਚੜ੍ਹਨ ਤੱਕ ਲੋਕ ਖਾਂਦੇ ਪੀਂਦੇ ਅਤੇ ਆਪਣੇ ਪੁੱਤਰਾਂ-ਧੀਆਂ ਦੇ ਵਿਆਹ ਕਰਦੇ ਰਹੇ । ਪਰ ਜਦੋਂ ਜਲ-ਪਰਲੋ ਆਇਆ ਤਾਂ ਸਾਰੇ ਨਾਸ਼ ਹੋ ਗਏ । 28#ਉਤ 18:20—19:25ਇਸੇ ਤਰ੍ਹਾਂ ਲੂਤ ਦੇ ਦਿਨਾਂ ਵਿੱਚ ਵੀ ਹੋਇਆ । ਲੋਕ ਖਾਂਦੇ ਪੀਂਦੇ, ਲੈਣ ਦੇਣ ਕਰਦੇ, ਰੁੱਖ ਲਾਉਂਦੇ ਅਤੇ ਘਰ ਬਣਾਉਂਦੇ ਰਹੇ । 29ਪਰ ਜਿਸ ਦਿਨ ਲੂਤ ਸਦੂਮ ਤੋਂ ਬਾਹਰ ਨਿਕਲਿਆ, ਅਕਾਸ਼ ਤੋਂ ਅੱਗ ਅਤੇ ਗੰਧਕ ਦੀ ਵਰਖਾ ਹੋਈ ਅਤੇ ਸਭ ਭਸਮ ਹੋ ਗਏ । 30ਇਸੇ ਤਰ੍ਹਾਂ ਉਸ ਦਿਨ ਵੀ ਹੋਵੇਗਾ ਜਿਸ ਦਿਨ ਮਨੁੱਖ ਦਾ ਪੁੱਤਰ ਆਵੇਗਾ ।
31 # ਮੱਤੀ 24:17-18, ਮਰ 13:15-16 “ਉਸ ਦਿਨ ਜਿਹੜਾ ਮਨੁੱਖ ਘਰ ਦੀ ਛੱਤ ਉੱਤੇ ਹੋਵੇ ਅਤੇ ਉਸ ਦਾ ਸਮਾਨ ਘਰ ਦੇ ਅੰਦਰ ਹੋਵੇ, ਉਹ ਉਸ ਨੂੰ ਲੈਣ ਅੰਦਰ ਨਾ ਜਾਵੇ । ਇਸੇ ਤਰ੍ਹਾਂ ਜਿਹੜਾ ਕਿਸਾਨ ਖੇਤ ਵਿੱਚ ਹੋਵੇ, ਉਹ ਘਰ ਵਾਪਸ ਨਾ ਜਾਵੇ । 32#ਉਤ 19:26ਲੂਤ ਦੀ ਪਤਨੀ ਨੂੰ ਯਾਦ ਰੱਖੋ ! 33#ਮੱਤੀ 10:39, 16:25, ਮਰ 8:35, ਲੂਕਾ 9:24, ਯੂਹ 12:25ਜਿਹੜਾ ਮਨੁੱਖ ਆਪਣੀ ਜਾਨ ਬਚਾਉਣੀ ਚਾਹੇਗਾ, ਉਹ ਉਸ ਨੂੰ ਗੁਆਵੇਗਾ । ਜਿਹੜਾ ਮਨੁੱਖ ਆਪਣੀ ਜਾਨ ਗੁਆਵੇਗਾ, ਉਹ ਉਸ ਨੂੰ ਬਚਾਵੇਗਾ । 34ਮੈਂ ਤੁਹਾਨੂੰ ਕਹਿੰਦਾ ਹਾਂ, ਉਸ ਰਾਤ ਇੱਕ ਮੰਜੀ ਉੱਤੇ ਦੋ ਜਣੇ ਸੁੱਤੇ ਹੋਣਗੇ, ਉਹਨਾਂ ਵਿੱਚੋਂ ਇੱਕ ਲੈ ਲਿਆ ਜਾਵੇਗਾ ਅਤੇ ਦੂਜਾ ਛੱਡ ਦਿੱਤਾ ਜਾਵੇਗਾ । 35ਦੋ ਔਰਤਾਂ ਚੱਕੀ ਪੀਂਹਦੀਆਂ ਹੋਣਗੀਆਂ, ਉਹਨਾਂ ਵਿੱਚੋਂ ਇੱਕ ਲੈ ਲਈ ਜਾਵੇਗੀ ਅਤੇ ਦੂਜੀ ਛੱਡ ਦਿੱਤੀ ਜਾਵੇਗੀ । 36[ਖੇਤ ਵਿੱਚ ਦੋ ਆਦਮੀ ਕੰਮ ਕਰ ਰਹੇ ਹੋਣਗੇ, ਉਹਨਾਂ ਵਿੱਚੋਂ ਇੱਕ ਲੈ ਲਿਆ ਜਾਵੇਗਾ ਅਤੇ ਦੂਜਾ ਛੱਡ ਦਿੱਤਾ ਜਾਵੇਗਾ ।]#17:36 ਇਹ ਆਇਤ ਕੁਝ ਪ੍ਰਾਚੀਨ ਲਿਖਤਾਂ ਵਿੱਚ ਨਹੀਂ ਹੈ ।37ਚੇਲਿਆਂ ਨੇ ਪੁੱਛਿਆ, “ਪ੍ਰਭੂ ਜੀ ਇਹ ਕਿੱਥੇ ਹੋਵੇਗਾ ?” ਯਿਸੂ ਨੇ ਕਿਹਾ, “ਜਿੱਥੇ ਲਾਸ਼ ਪਈ ਹੈ ਉੱਥੇ ਹੀ ਗਿਰਝਾਂ ਇਕੱਠੀਆਂ ਹੋਣਗੀਆਂ ।”

目前選定:

ਲੂਕਾ 17: CL-NA

醒目顯示

分享

複製

None

想在你所有裝置上儲存你的醒目顯示?註冊帳戶或登入