YouVersion 標誌
搜尋圖標

ਲੂਕਾ 18

18
ਵਿਧਵਾ ਅਤੇ ਜੱਜ ਦਾ ਦ੍ਰਿਸ਼ਟਾਂਤ
1ਫਿਰ ਪ੍ਰਭੂ ਯਿਸੂ ਨੇ ਚੇਲਿਆਂ ਨੂੰ ਇਹ ਸਿਖਾਇਆ ਕਿ ਹਮੇਸ਼ਾ ਪ੍ਰਾਰਥਨਾ ਕਰਦੇ ਰਹੋ ਅਤੇ ਨਿਰਾਸ਼ ਨਾ ਹੋਵੋ । ਇਸ ਲਈ ਉਹਨਾਂ ਨੇ ਇੱਕ ਦ੍ਰਿਸ਼ਟਾਂਤ ਸੁਣਾਇਆ, 2“ਇੱਕ ਸ਼ਹਿਰ ਵਿੱਚ ਇੱਕ ਜੱਜ ਰਹਿੰਦਾ ਸੀ ਜਿਹੜਾ ਪਰਮੇਸ਼ਰ ਤੋਂ ਨਹੀਂ ਡਰਦਾ ਸੀ ਅਤੇ ਨਾ ਹੀ ਮਨੁੱਖਾਂ ਦੀ ਪਰਵਾਹ ਕਰਦਾ ਸੀ । 3ਉਸ ਸ਼ਹਿਰ ਵਿੱਚ ਇੱਕ ਵਿਧਵਾ ਰਹਿੰਦੀ ਸੀ । ਉਹ ਬਾਰ-ਬਾਰ ਜੱਜ ਦੇ ਕੋਲ ਜਾ ਕੇ ਕਹਿੰਦੀ ਸੀ, ‘ਮੇਰਾ ਨਿਆਂ ਕਰੋ, ਮੇਰੇ ਵਿਰੋਧੀ ਤੋਂ ਮੈਨੂੰ ਬਚਾਓ ।’ 4ਜੱਜ ਨੇ ਕੁਝ ਸਮੇਂ ਤੱਕ ਤਾਂ ਉਸ ਵਿਧਵਾ ਵੱਲ ਧਿਆਨ ਨਾ ਦਿੱਤਾ ਪਰ ਕੁਝ ਦਿਨਾਂ ਦੇ ਬਾਅਦ ਉਹ ਸੋਚਣ ਲੱਗਾ, ‘ਬੇਸ਼ੱਕ, ਮੈਂ ਨਾ ਤਾਂ ਪਰਮੇਸ਼ਰ ਤੋਂ ਡਰਦਾ ਹਾਂ ਅਤੇ ਨਾ ਹੀ ਲੋਕਾਂ ਦੀ ਪਰਵਾਹ ਕਰਦਾ ਹਾਂ 5ਪਰ ਕਿਉਂਕਿ ਇਹ ਔਰਤ ਮੈਨੂੰ ਤੰਗ ਕਰਦੀ ਰਹਿੰਦੀ ਹੈ, ਮੈਂ ਇਸ ਦਾ ਨਿਆਂ ਕਰਾਂਗਾ ਤਾਂ ਜੋ ਇਹ ਆ ਕੇ ਮੈਨੂੰ ਹੋਰ ਜ਼ਿਆਦਾ ਤੰਗ ਨਾ ਕਰੇ !’” 6ਫਿਰ ਯਿਸੂ ਨੇ ਕਿਹਾ, “ਸੁਣੋ, ਇਹ ਭ੍ਰਿਸ਼ਟ ਜੱਜ ਕੀ ਕਹਿੰਦਾ ਹੈ, 7ਇਸ ਲਈ ਕੀ ਪਰਮੇਸ਼ਰ ਆਪਣੇ ਚੁਣੇ ਹੋਏ ਲੋਕਾਂ ਦਾ ਨਿਆਂ ਕਰਨ ਅਤੇ ਮਦਦ ਕਰਨ ਵਿੱਚ ਢਿੱਲ ਕਰਨਗੇ ਜਿਹੜੇ ਦਿਨ ਰਾਤ ਉਹਨਾਂ ਦੀ ਦੁਹਾਈ ਦਿੰਦੇ ਹਨ ? 8ਮੈਂ ਕਹਿੰਦਾ ਹਾਂ ਕਿ ਉਹ ਛੇਤੀ ਹੀ ਉਹਨਾਂ ਦਾ ਨਿਆਂ ਕਰਨਗੇ ਪਰ ਜਦੋਂ ਮਨੁੱਖ ਦਾ ਪੁੱਤਰ ਆਵੇਗਾ, ਕੀ ਉਹ ਧਰਤੀ ਉੱਤੇ ਅਜਿਹਾ ਵਿਸ਼ਵਾਸ ਪਾਵੇਗਾ ?”
ਫ਼ਰੀਸੀ ਅਤੇ ਟੈਕਸ ਲੈਣ ਵਾਲੇ ਦਾ ਦ੍ਰਿਸ਼ਟਾਂਤ
9ਜਿਹੜੇ ਆਪਣੇ ਆਪ ਉੱਤੇ ਬਹੁਤ ਮਾਣ ਕਰਦੇ ਸਨ ਕਿ ਉਹ ਨੇਕ ਹਨ ਅਤੇ ਦੂਜੇ ਲੋਕਾਂ ਨੂੰ ਘਟੀਆ ਸਮਝਦੇ ਸਨ, ਉਹਨਾਂ ਦੇ ਲਈ ਯਿਸੂ ਨੇ ਇਹ ਦ੍ਰਿਸ਼ਟਾਂਤ ਸੁਣਾਇਆ, 10“ਦੋ ਆਦਮੀ ਪ੍ਰਾਰਥਨਾ ਕਰਨ ਦੇ ਲਈ ਹੈਕਲ ਵਿੱਚ ਗਏ, ਇੱਕ ਫ਼ਰੀਸੀ ਸੀ ਅਤੇ ਦੂਜਾ ਟੈਕਸ ਲੈਣ ਵਾਲਾ11ਫ਼ਰੀਸੀ ਖੜ੍ਹਾ ਹੋ ਕੇ ਇਸ ਤਰ੍ਹਾਂ ਪ੍ਰਾਰਥਨਾ ਕਰਨ ਲੱਗਾ, ‘ਹੇ ਪਰਮੇਸ਼ਰ, ਮੈਂ ਤੁਹਾਡਾ ਧੰਨਵਾਦੀ ਹਾਂ ਕਿ ਮੈਂ ਦੂਜੇ ਲੋਕਾਂ ਦੀ ਤਰ੍ਹਾਂ ਲੋਭੀ, ਬੇਈਮਾਨ ਜਾਂ ਵਿਭਚਾਰੀ ਨਹੀਂ ਹਾਂ । ਮੈਂ ਇਸ ਟੈਕਸ ਲੈਣ ਵਾਲੇ ਵਰਗਾ ਵੀ ਨਹੀਂ ਹਾਂ । 12ਮੈਂ ਹਫ਼ਤੇ ਵਿੱਚ ਦੋ ਵਾਰੀ ਵਰਤ ਰੱਖਦਾ ਹਾਂ ਅਤੇ ਆਪਣੀ ਸਾਰੀ ਆਮਦਨ ਦਾ ਦਸਵਾਂ ਹਿੱਸਾ ਵੀ ਤੁਹਾਡੇ ਲਈ ਦਿੰਦਾ ਹਾਂ ।’ 13ਪਰ ਟੈਕਸ ਲੈਣ ਵਾਲਾ ਦੂਰ ਹੀ ਖੜ੍ਹਾ ਰਿਹਾ । ਉਸ ਦਾ ਉਤਾਂਹ ਅਕਾਸ਼ ਵੱਲ ਆਪਣੀਆਂ ਅੱਖਾਂ ਚੁੱਕਣ ਦਾ ਹੌਸਲਾ ਨਾ ਹੋਇਆ । ਉਸ ਨੇ ਆਪਣੀ ਛਾਤੀ ਪਿੱਟਦੇ ਹੋਏ ਇਹ ਪ੍ਰਾਰਥਨਾ ਕੀਤੀ, ‘ਹੇ ਪਰਮੇਸ਼ਰ, ਮੈਂ ਪਾਪੀ ਮਨੁੱਖ ਹਾਂ, ਮੇਰੇ ਉੱਤੇ ਦਇਆ ਕਰੋ !’ 14#ਮੱਤੀ 23:12, ਲੂਕਾ 14:11ਮੈਂ ਤੁਹਾਨੂੰ ਕਹਿੰਦਾ ਹਾਂ ਕਿ ਉਸ ਫ਼ਰੀਸੀ ਦੀ ਬਜਾਏ ਇਹ ਟੈਕਸ ਲੈਣ ਵਾਲਾ ਪਰਮੇਸ਼ਰ ਦੀਆਂ ਨਜ਼ਰਾਂ ਵਿੱਚ ਨੇਕ ਸਿੱਧ ਹੋ ਕੇ ਘਰ ਗਿਆ । ਇਸ ਤਰ੍ਹਾਂ ਉਹ ਜਿਹੜਾ ਆਪਣੇ ਆਪ ਨੂੰ ਉੱਚਾ ਕਰਦਾ ਹੈ, ਉਹ ਨੀਵਾਂ ਕੀਤਾ ਜਾਵੇਗਾ ਪਰ ਉਹ ਜਿਹੜਾ ਆਪਣੇ ਆਪ ਨੂੰ ਨੀਵਾਂ ਕਰਦਾ ਹੈ ਉੱਚਾ ਕੀਤਾ ਜਾਵੇਗਾ ।”
ਪ੍ਰਭੂ ਯਿਸੂ ਬੱਚਿਆਂ ਨੂੰ ਅਸੀਸ ਦਿੰਦੇ ਹਨ
(ਮੱਤੀ 19:13-15, ਮਰਕੁਸ 10:13-16)
15ਫਿਰ ਕੁਝ ਲੋਕ ਆਪਣੇ ਬੱਚਿਆਂ ਨੂੰ ਪ੍ਰਭੂ ਯਿਸੂ ਕੋਲ ਲਿਆਉਣ ਲੱਗੇ ਕਿ ਉਹ ਉਹਨਾਂ ਦੇ ਸਿਰਾਂ ਉੱਤੇ ਹੱਥ ਰੱਖ ਕੇ ਉਹਨਾਂ ਨੂੰ ਅਸੀਸ ਦੇਣ । ਚੇਲੇ ਇਹ ਦੇਖ ਕੇ ਉਹਨਾਂ ਨੂੰ ਝਿੜਕਣ ਲੱਗੇ । 16ਪਰ ਯਿਸੂ ਨੇ ਬੱਚਿਆਂ ਨੂੰ ਆਪਣੇ ਕੋਲ ਸੱਦਿਆ ਅਤੇ ਆਪਣੇ ਚੇਲਿਆਂ ਨੂੰ ਕਿਹਾ, “ਬੱਚਿਆਂ ਨੂੰ ਮੇਰੇ ਕੋਲ ਆਉਣ ਦਿਓ । ਇਹਨਾਂ ਨੂੰ ਨਾ ਰੋਕੋ ਕਿਉਂਕਿ ਪਰਮੇਸ਼ਰ ਦਾ ਰਾਜ ਇਹਨਾਂ ਵਰਗਿਆਂ ਦਾ ਹੀ ਹੈ । 17ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਕਿ ਜੇ ਕੋਈ ਪਰਮੇਸ਼ਰ ਦੇ ਰਾਜ ਨੂੰ ਇੱਕ ਬੱਚੇ ਦੀ ਤਰ੍ਹਾਂ ਸਵੀਕਾਰ ਨਹੀਂ ਕਰਦਾ, ਉਹ ਉਸ ਵਿੱਚ ਦਾਖ਼ਲ ਨਹੀਂ ਹੋ ਸਕੇਗਾ ।”
ਧਨੀ ਅਧਿਕਾਰੀ ਅਤੇ ਅਨੰਤ ਜੀਵਨ
(ਮੱਤੀ 19:16-30, ਮਰਕੁਸ 10:17-31)
18ਇੱਕ ਅਧਿਕਾਰੀ ਨੇ ਪ੍ਰਭੂ ਯਿਸੂ ਤੋਂ ਪੁੱਛਿਆ, “ਨੇਕ ਗੁਰੂ ਜੀ, ਅਨੰਤ ਜੀਵਨ ਦੀ ਪ੍ਰਾਪਤੀ ਦੇ ਲਈ ਮੈਂ ਕੀ ਕਰਾਂ ?” 19ਯਿਸੂ ਨੇ ਉਸ ਨੂੰ ਕਿਹਾ, “ਤੂੰ ਮੈਨੂੰ ‘ਨੇਕ’ ਕਿਉਂ ਕਹਿੰਦਾ ਹੈਂ ? ਪਰਮੇਸ਼ਰ ਤੋਂ ਸਿਵਾਏ ਹੋਰ ਕੋਈ ‘ਨੇਕ’ ਨਹੀਂ ਹੈ ।” 20#ਕੂਚ 20:12-16, ਵਿਵ 5:16-20ਫਿਰ ਯਿਸੂ ਨੇ ਕਿਹਾ, “ਤੂੰ ਹੁਕਮਾਂ ਨੂੰ ਤਾਂ ਜਾਣਦਾ ਹੀ ਹੈਂ, ਵਿਭਚਾਰ ਨਾ ਕਰ, ਖ਼ੂਨ ਨਾ ਕਰ, ਚੋਰੀ ਨਾ ਕਰ, ਝੂਠੀ ਗਵਾਹੀ ਨਾ ਦੇ, ਮਾਤਾ-ਪਿਤਾ ਦਾ ਆਦਰ ਕਰ ।” 21ਉਸ ਅਧਿਕਾਰੀ ਨੇ ਉੱਤਰ ਦਿੱਤਾ, “ਇਹਨਾਂ ਸਾਰੇ ਹੁਕਮਾਂ ਨੂੰ ਤਾਂ ਮੈਂ ਆਪਣੇ ਬਚਪਨ ਤੋਂ ਹੀ ਪੂਰਾ ਕਰਦਾ ਆਇਆ ਹਾਂ ।” 22ਪ੍ਰਭੂ ਯਿਸੂ ਨੇ ਇਹ ਸੁਣ ਕੇ ਉਸ ਨੂੰ ਕਿਹਾ, “ਤੇਰੇ ਵਿੱਚ ਅਜੇ ਵੀ ਇੱਕ ਗੱਲ ਦਾ ਘਾਟਾ ਹੈ । ਜਾ, ਆਪਣਾ ਸਾਰਾ ਕੁਝ ਵੇਚ ਕੇ ਗ਼ਰੀਬਾਂ ਵਿੱਚ ਵੰਡ ਦੇ । ਫਿਰ ਆ ਕੇ ਮੇਰਾ ਚੇਲਾ ਬਣ ਜਾ ਅਤੇ ਤੈਨੂੰ ਸਵਰਗ ਵਿੱਚ ਧਨ ਮਿਲੇਗਾ ।” 23ਪਰ ਉਹ ਅਧਿਕਾਰੀ ਇਹ ਸੁਣ ਕੇ ਬਹੁਤ ਉਦਾਸ ਹੋਇਆ ਕਿਉਂਕਿ ਉਹ ਬਹੁਤ ਧਨੀ ਸੀ ।
24ਉਸ ਨੂੰ ਉਦਾਸ ਦੇਖ ਕੇ ਯਿਸੂ ਨੇ ਕਿਹਾ, “ਧਨਵਾਨਾਂ ਦੇ ਲਈ ਪਰਮੇਸ਼ਰ ਦੇ ਰਾਜ ਵਿੱਚ ਦਾਖ਼ਲ ਹੋਣਾ ਕਿੰਨਾ ਮੁਸ਼ਕਲ ਹੈ ! 25ਧਨਵਾਨ ਦੇ ਪਰਮੇਸ਼ਰ ਦੇ ਰਾਜ ਵਿੱਚ ਦਾਖ਼ਲ ਹੋਣ ਨਾਲੋਂ ਊਠ ਦਾ ਸੂਈ ਦੇ ਨੱਕੇ ਵਿੱਚੋਂ ਨਿੱਕਲ ਜਾਣਾ ਸੌਖਾ ਹੈ ।” 26ਜਿਹੜੇ ਲੋਕ ਇਹ ਸਭ ਕੁਝ ਸੁਣ ਰਹੇ ਸਨ, ਪੁੱਛਣ ਲੱਗੇ, “ਤਾਂ ਫਿਰ ਕੌਣ ਮੁਕਤੀ ਪਾ ਸਕਦਾ ਹੈ ?” 27ਯਿਸੂ ਨੇ ਉੱਤਰ ਦਿੱਤਾ, “ਜਿਹੜੀਆਂ ਗੱਲਾਂ ਮਨੁੱਖ ਦੇ ਲਈ ਕਰਨੀਆਂ ਅਸੰਭਵ ਹਨ, ਉਹ ਪਰਮੇਸ਼ਰ ਦੇ ਲਈ ਸੰਭਵ ਹਨ ।”
28ਪਤਰਸ ਨੇ ਕਿਹਾ, “ਅਸੀਂ ਆਪਣਾ ਸਭ ਕੁਝ ਛੱਡ ਕੇ ਤੁਹਾਡੇ ਪਿੱਛੇ ਲੱਗ ਤੁਰੇ ਹਾਂ ।” 29ਤਦ ਯਿਸੂ ਨੇ ਸਾਰੇ ਲੋਕਾਂ ਨੂੰ ਕਿਹਾ, “ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਕਿ ਜਿਹੜਾ ਮਨੁੱਖ ਪਰਮੇਸ਼ਰ ਦੇ ਰਾਜ ਦੀ ਖ਼ਾਤਰ ਘਰ, ਪਤਨੀ, ਭੈਣ, ਭਰਾ, ਮਾਤਾ, ਪਿਤਾ ਅਤੇ ਬੱਚਿਆਂ ਦਾ ਤਿਆਗ ਕਰਦਾ ਹੈ, 30ਉਹ ਇਸ ਜੀਵਨ ਵਿੱਚ ਕਈ ਗੁਣਾ ਫਲ ਪਾਉਂਦਾ ਹੈ ਅਤੇ ਆਉਣ ਵਾਲੇ ਯੁੱਗ ਵਿੱਚ ਅਨੰਤ ਜੀਵਨ ਪ੍ਰਾਪਤ ਕਰਦਾ ਹੈ ।”
ਪ੍ਰਭੂ ਯਿਸੂ ਆਪਣੀ ਮੌਤ ਅਤੇ ਜੀਅ ਉੱਠਣ ਬਾਰੇ ਤੀਜੀ ਵਾਰ ਦੱਸਦੇ ਹਨ
(ਮੱਤੀ 20:17-19, ਮਰਕੁਸ 10:32-34)
31ਫਿਰ ਪ੍ਰਭੂ ਯਿਸੂ ਨੇ ਬਾਰ੍ਹਾਂ ਚੇਲਿਆਂ ਨੂੰ ਇੱਕ ਪਾਸੇ ਲੈ ਜਾ ਕੇ ਉਹਨਾਂ ਨੂੰ ਕਿਹਾ, “ਅਸੀਂ ਯਰੂਸ਼ਲਮ ਸ਼ਹਿਰ ਨੂੰ ਜਾ ਰਹੇ ਹਾਂ । ਉੱਥੇ ਜਿਹੜੀਆਂ ਗੱਲਾਂ ਮਨੁੱਖ ਦੇ ਪੁੱਤਰ ਬਾਰੇ ਨਬੀਆਂ ਨੇ ਲਿਖੀਆਂ ਹਨ, ਪੂਰੀਆਂ ਹੋਣਗੀਆਂ । 32ਉਹ ਉੱਥੇ ਪਰਾਈਆਂ ਕੌਮਾਂ ਦੇ ਹੱਥਾਂ ਵਿੱਚ ਦੇ ਦਿੱਤਾ ਜਾਵੇਗਾ । ਉਹ ਉਸ ਨੂੰ ਮਖ਼ੌਲ ਕਰਨਗੇ, ਉਸ ਦੀ ਬੇਇੱਜ਼ਤੀ ਕਰਨਗੇ, ਉਸ ਦੇ ਮੂੰਹ ਉੱਤੇ ਥੁੱਕਣਗੇ, 33ਉਸ ਨੂੰ ਕੋਰੜੇ ਮਾਰਨਗੇ । ਫਿਰ ਅੰਤ ਵਿੱਚ ਉਸ ਨੂੰ ਜਾਨੋਂ ਮਾਰ ਦੇਣਗੇ ਪਰ ਉਹ ਤੀਜੇ ਦਿਨ ਫਿਰ ਜੀਅ ਉੱਠੇਗਾ ।” 34ਪਰ ਚੇਲੇ ਇਹਨਾਂ ਗੱਲਾਂ ਨੂੰ ਸਮਝ ਨਾ ਸਕੇ । ਇਹਨਾਂ ਗੱਲਾਂ ਦਾ ਅਰਥ ਉਹਨਾਂ ਤੋਂ ਲੁਕਿਆ ਰਿਹਾ । ਉਹ ਯਿਸੂ ਨੂੰ ਸਮਝ ਨਾ ਸਕੇ ਕਿ ਉਹ ਕੀ ਕਹਿ ਰਹੇ ਸਨ ।
ਇੱਕ ਅੰਨ੍ਹੇ ਦਾ ਸੁਜਾਖਾ ਹੋਣਾ
(ਮੱਤੀ 20:29-34, ਮਰਕੁਸ 10:46-52)
35ਜਦੋਂ ਪ੍ਰਭੂ ਯਿਸੂ ਯਰੀਹੋ ਸ਼ਹਿਰ ਦੇ ਨੇੜੇ ਪਹੁੰਚੇ ਤਾਂ ਉੱਥੇ ਰਾਹ ਦੇ ਕੰਢੇ ਇੱਕ ਅੰਨ੍ਹਾ ਬੈਠਾ ਹੋਇਆ ਭੀਖ ਮੰਗ ਰਿਹਾ ਸੀ । 36ਜਦੋਂ ਉਸ ਨੇ ਲੋਕਾਂ ਦੇ ਤੁਰੇ ਜਾਣ ਦੀ ਆਵਾਜ਼ ਸੁਣੀ ਤਾਂ ਉਸ ਨੇ ਪੁੱਛਿਆ, “ਇਹ ਕੀ ਹੋ ਰਿਹਾ ਹੈ ?” 37ਲੋਕਾਂ ਨੇ ਉਸ ਨੂੰ ਦੱਸਿਆ, “ਯਿਸੂ ਨਾਸਰੀ ਇੱਥੋਂ ਦੀ ਜਾ ਰਹੇ ਹਨ ।” 38ਉਹ ਇਕਦਮ ਉੱਚੀ ਆਵਾਜ਼ ਨਾਲ ਪੁਕਾਰਨ ਲੱਗਾ, “ਹੇ ਯਿਸੂ, ਦਾਊਦ ਦੇ ਪੁੱਤਰ, ਮੇਰੇ ਉੱਤੇ ਦਇਆ ਕਰੋ !” 39ਜਿਹੜੇ ਲੋਕ ਅੱਗੇ ਅੱਗੇ ਜਾ ਰਹੇ ਸਨ, ਉਹਨਾਂ ਨੇ ਉਸ ਅੰਨ੍ਹੇ ਨੂੰ ਝਿੜਕਿਆ ਅਤੇ ਚੁੱਪ ਰਹਿਣ ਲਈ ਕਿਹਾ । ਪਰ ਉਹ ਅੰਨ੍ਹਾ ਹੋਰ ਜ਼ੋਰ ਦੇ ਕੇ ਬੋਲਿਆ, “ਹੇ ਦਾਊਦ ਦੇ ਪੁੱਤਰ, ਮੇਰੇ ਉੱਤੇ ਦਇਆ ਕਰੋ !” 40ਯਿਸੂ ਉਸ ਅੰਨ੍ਹੇ ਦੀ ਆਵਾਜ਼ ਸੁਣ ਕੇ ਰੁਕ ਗਏ ਅਤੇ ਹੁਕਮ ਦਿੱਤਾ ਕਿ ਅੰਨ੍ਹੇ ਨੂੰ ਉਹਨਾਂ ਕੋਲ ਲਿਆਇਆ ਜਾਵੇ । ਅੰਨ੍ਹਾ ਯਿਸੂ ਕੋਲ ਆਇਆ ਅਤੇ ਯਿਸੂ ਨੇ ਉਸ ਤੋਂ ਪੁੱਛਿਆ, 41“ਤੂੰ ਕੀ ਚਾਹੁੰਦਾ ਹੈਂ ਕਿ ਮੈਂ ਤੇਰੇ ਲਈ ਕਰਾਂ ?” ਉਸ ਨੇ ਉੱਤਰ ਦਿੱਤਾ, “ਪ੍ਰਭੂ ਜੀ, ਮੈਂ ਫਿਰ ਤੋਂ ਸੁਜਾਖਾ ਹੋ ਜਾਵਾਂ ।” 42ਪ੍ਰਭੂ ਯਿਸੂ ਨੇ ਉਸ ਨੂੰ ਕਿਹਾ, “ਸੁਜਾਖਾ ਹੋ ਜਾ, ਤੇਰੇ ਵਿਸ਼ਵਾਸ ਨੇ ਤੈਨੂੰ ਚੰਗਾ ਕੀਤਾ ਹੈ ।” 43ਉਹ ਅੰਨ੍ਹਾ ਉਸੇ ਸਮੇਂ ਦੇਖਣ ਲੱਗ ਪਿਆ ਅਤੇ ਪਰਮੇਸ਼ਰ ਦੀ ਵਡਿਆਈ ਕਰਦਾ ਹੋਇਆ ਪ੍ਰਭੂ ਯਿਸੂ ਦੇ ਪਿੱਛੇ ਚੱਲ ਪਿਆ । ਸਾਰੇ ਲੋਕ ਇਹ ਦੇਖ ਕੇ ਪਰਮੇਸ਼ਰ ਦੀ ਵਡਿਆਈ ਕਰਨ ਲੱਗੇ ।

目前選定:

ਲੂਕਾ 18: CL-NA

醒目顯示

分享

複製

None

想在你所有裝置上儲存你的醒目顯示?註冊帳戶或登入