YouVersion 標誌
搜尋圖標

ਲੂਕਾ 16

16
ਬੇਈਮਾਨ ਪ੍ਰਬੰਧਕ ਦਾ ਦ੍ਰਿਸ਼ਟਾਂਤ
1ਫਿਰ ਯਿਸੂ ਨੇ ਆਪਣੇ ਚੇਲਿਆਂ ਨੂੰ ਇਹ ਵੀ ਕਿਹਾ, “ਇੱਕ ਅਮੀਰ ਆਦਮੀ ਸੀ ਜਿਸ ਦਾ ਇੱਕ ਪ੍ਰਬੰਧਕ ਸੀ । ਕਿਸੇ ਨੇ ਮਾਲਕ ਨੂੰ ਦੱਸਿਆ ਕਿ ਉਸ ਦਾ ਪ੍ਰਬੰਧਕ ਉਸ ਦੇ ਧਨ ਨੂੰ ਅੰਨ੍ਹੇਵਾਹ ਖ਼ਰਚ ਕਰ ਰਿਹਾ ਹੈ । 2ਮਾਲਕ ਨੇ ਪ੍ਰਬੰਧਕ ਨੂੰ ਸੱਦਿਆ ਅਤੇ ਉਸ ਨੂੰ ਕਿਹਾ, ‘ਇਹ ਮੈਂ ਤੇਰੇ ਬਾਰੇ ਕੀ ਸੁਣ ਰਿਹਾ ਹਾਂ ? ਮੇਰੇ ਸਾਰੇ ਮਾਲ ਦਾ ਹਿਸਾਬ ਦੇ ਕਿਉਂਕਿ ਹੁਣ ਤੂੰ ਮੇਰਾ ਪ੍ਰਬੰਧਕ ਨਹੀਂ ਰਹਿ ਸਕਦਾ ।’ 3ਪ੍ਰਬੰਧਕ ਆਪਣੇ ਮਨ ਵਿੱਚ ਸੋਚਣ ਲੱਗਾ, ‘ਹੁਣ ਮੈਂ ਕੀ ਕਰਾਂ ? ਮੇਰਾ ਮਾਲਕ ਮੈਨੂੰ ਨੌਕਰੀ ਤੋਂ ਹਟਾ ਰਿਹਾ ਹੈ । ਮੇਰੇ ਸਰੀਰ ਵਿੱਚ ਮਿੱਟੀ ਪੁੱਟਣ ਦੀ ਤਾਕਤ ਨਹੀਂ ਹੈ ਅਤੇ ਲੋਕਾਂ ਅੱਗੇ ਭੀਖ ਮੰਗਣ ਤੋਂ ਮੈਨੂੰ ਸ਼ਰਮ ਆਉਂਦੀ ਹੈ । 4ਹਾਂ, ਮੈਂ ਸਮਝ ਗਿਆ, ਮੈਨੂੰ ਕੀ ਕਰਨਾ ਚਾਹੀਦਾ ਹੈ ਤਾਂ ਕਿ ਜਦੋਂ ਮੈਂ ਨੌਕਰੀ ਤੋਂ ਹਟਾ ਦਿੱਤਾ ਜਾਵਾਂ ਤਾਂ ਵੀ ਲੋਕ ਮੇਰਾ ਆਪਣੇ ਘਰਾਂ ਵਿੱਚ ਸੁਆਗਤ ਕਰਨ ।’ 5ਉਸ ਨੇ ਆਪਣੇ ਮਾਲਕ ਦੇ ਸਾਰੇ ਕਰਜ਼ਦਾਰਾਂ ਨੂੰ ਇੱਕ ਇੱਕ ਕਰ ਕੇ ਸੱਦਿਆ । ਉਸ ਨੇ ਪਹਿਲੇ ਨੂੰ ਕਿਹਾ, ‘ਤੂੰ ਮੇਰੇ ਮਾਲਕ ਦਾ ਕਿੰਨਾ ਕਰਜ਼ਾ ਦੇਣਾ ਹੈ ?’ 6ਉਸ ਨੇ ਕਿਹਾ, ‘ਤਿੰਨ ਹਜ਼ਾਰ ਲੀਟਰ ਜ਼ੈਤੂਨ ਦਾ ਤੇਲ ।’ ਪ੍ਰਬੰਧਕ ਨੇ ਉਸ ਨੂੰ ਕਿਹਾ, ‘ਲੈ ਆਪਣਾ ਖਾਤਾ ਅਤੇ ਬੈਠ ਕੇ ਛੇਤੀ ਨਾਲ ਪੰਦਰਾਂ ਸੌ ਲਿਖ ਦੇ ।’ 7ਫਿਰ ਪ੍ਰਬੰਧਕ ਨੇ ਦੂਜੇ ਕਰਜ਼ਦਾਰ ਨੂੰ ਪੁੱਛਿਆ, ‘ਤੂੰ ਮਾਲਕ ਦਾ ਕਿੰਨਾ ਕਰਜ਼ਾ ਦੇਣਾ ਹੈ ?’ ਉਸ ਨੇ ਕਿਹਾ, ‘ਇੱਕ ਹਜ਼ਾਰ ਕਵਿੰਟਲ ਕਣਕ ।’ ਪ੍ਰਬੰਧਕ ਨੇ ਕਿਹਾ, ‘ਲੈ ਆਪਣਾ ਖਾਤਾ ਅਤੇ ਇਸ ਵਿੱਚ ਅੱਠ ਸੌ ਕਵਿੰਟਲ ਲਿਖ ਦੇ ।’ 8ਤਦ ਮਾਲਕ ਨੇ ਉਸ ਬੇਈਮਾਨ ਪ੍ਰਬੰਧਕ ਦੀ ਤਾਰੀਫ਼ ਕੀਤੀ ਕਿਉਂਕਿ ਉਸ ਨੇ ਬਹੁਤ ਚਲਾਕੀ ਨਾਲ ਕੰਮ ਕੀਤਾ । ਇਸ ਯੁੱਗ ਦੇ ਲੋਕ ਆਪਸ ਵਿੱਚ ਲੈਣ ਦੇਣ ਵਿੱਚ ਉਹਨਾਂ ਲੋਕਾਂ ਤੋਂ ਵੀ ਚਲਾਕ ਹਨ ਜਿਹੜੇ ਚਾਨਣ ਵਿੱਚ ਹਨ ।”
9ਫਿਰ ਯਿਸੂ ਨੇ ਕਿਹਾ, “ਇਸ ਲਈ ਮੈਂ ਤੁਹਾਨੂੰ ਕਹਿੰਦਾ ਹਾਂ, ਆਪਣੇ ਲਈ ਸੰਸਾਰਕ ਧਨ ਨਾਲ ਮਿੱਤਰ ਬਣਾਓ ਤਾਂ ਜੋ ਜਦੋਂ ਉਹ ਸਮਾਪਤ ਹੋ ਜਾਵੇ ਤਾਂ ਤੁਹਾਡਾ ਸਦੀਵੀ ਘਰ ਵਿੱਚ ਸੁਆਗਤ ਹੋਵੇ ।
10“ਜਿਹੜਾ ਥੋੜੇ ਵਿੱਚ ਇਮਾਨਦਾਰ ਹੈ, ਉਹ ਬਹੁਤੇ ਵਿੱਚ ਵੀ ਇਮਾਨਦਾਰ ਹੈ ਪਰ ਜਿਹੜਾ ਥੋੜੇ ਵਿੱਚ ਬੇਈਮਾਨ ਹੈ, ਉਹ ਬਹੁਤੇ ਵਿੱਚ ਵੀ ਬੇਈਮਾਨ ਹੈ । 11ਜੇਕਰ ਤੁਸੀਂ ਸੰਸਾਰਕ ਧਨ ਨੂੰ ਵਰਤਣ ਵਿੱਚ ਇਮਾਨਦਾਰ ਨਹੀਂ ਹੋ ਤਾਂ ਤੁਹਾਨੂੰ ਸੱਚਾ ਧਨ ਕੌਣ ਸੌਂਪੇਗਾ ? 12ਇਸੇ ਤਰ੍ਹਾਂ ਜੇਕਰ ਤੁਸੀਂ ਪਰਾਏ ਧਨ ਵਿੱਚ ਇਮਾਨਦਾਰ ਨਹੀਂ ਰਹੇ ਤਾਂ ਕੌਣ ਤੁਹਾਨੂੰ ਤੁਹਾਡਾ ਆਪਣਾ ਧਨ ਦੇਵੇਗਾ ?
13 # ਮੱਤੀ 6:24 “ਕੋਈ ਸੇਵਕ ਦੋ ਮਾਲਕਾਂ ਦੀ ਸੇਵਾ ਨਹੀਂ ਕਰ ਸਕਦਾ ਕਿਉਂਕਿ ਉਹ ਇੱਕ ਨਾਲ ਨਫ਼ਰਤ ਕਰੇਗਾ ਅਤੇ ਦੂਜੇ ਨਾਲ ਪਿਆਰ ਜਾਂ ਇੱਕ ਦਾ ਆਦਰ ਕਰੇਗਾ ਅਤੇ ਦੂਜੇ ਦਾ ਨਿਰਾਦਰ । ਤੁਸੀਂ ਪਰਮੇਸ਼ਰ ਅਤੇ ਧਨ ਦੋਨਾਂ ਦੀ ਸੇਵਾ ਨਹੀਂ ਕਰ ਸਕਦੇ ।”
ਮੂਸਾ ਦੀ ਵਿਵਸਥਾ ਅਤੇ ਪਰਮੇਸ਼ਰ ਦਾ ਰਾਜ
(ਮੱਤੀ 11:12-13, 5:31-32, ਮਰਕੁਸ 10:11-12)
14 ਫ਼ਰੀਸੀਆਂ ਨੇ ਜਿਹੜੇ ਧਨ ਦੇ ਲੋਭੀ ਸਨ ਜਦੋਂ ਯਿਸੂ ਦੀਆਂ ਇਹ ਗੱਲਾਂ ਸੁਣੀਆਂ ਤਾਂ ਉਹ ਯਿਸੂ ਨੂੰ ਮਖ਼ੌਲ ਕਰਨ ਲੱਗੇ । 15ਯਿਸੂ ਨੇ ਉਹਨਾਂ ਨੂੰ ਕਿਹਾ, “ਤੁਸੀਂ ਮਨੁੱਖਾਂ ਦੇ ਸਾਹਮਣੇ ਆਪਣੇ ਆਪ ਨੂੰ ਨੇਕ ਦੱਸਦੇ ਹੋ ਪਰ ਪਰਮੇਸ਼ਰ ਤੁਹਾਡੇ ਦਿਲਾਂ ਦੇ ਵਿਚਾਰਾਂ ਨੂੰ ਜਾਣਦੇ ਹਨ । ਜਿਹੜਾ ਮਨੁੱਖ ਦੀ ਨਜ਼ਰ ਵਿੱਚ ਮਹਾਨ ਹੈ, ਉਹ ਪਰਮੇਸ਼ਰ ਦੀ ਨਜ਼ਰ ਵਿੱਚ ਘਿਨਾਉਣਾ ਹੈ ।
16 # ਮੱਤੀ 11:12-13 “ਯੂਹੰਨਾ ਬਪਤਿਸਮਾ ਦੇਣ ਵਾਲੇ ਦੇ ਸਮੇਂ ਤੱਕ ਮੂਸਾ ਦੀ ਵਿਵਸਥਾ ਅਤੇ ਨਬੀਆਂ ਦੀ ਮਾਨਤਾ ਸੀ । ਉਸ ਦੇ ਬਾਅਦ ਤੋਂ ਪਰਮੇਸ਼ਰ ਦੇ ਰਾਜ ਦਾ ਸ਼ੁਭ ਸਮਾਚਾਰ ਸੁਣਾਇਆ ਜਾ ਰਿਹਾ ਹੈ ਅਤੇ ਹਰ ਕੋਈ ਉਸ ਵਿੱਚ ਬਲਪੂਰਵਕ ਵੜਨ ਦੀ ਕੋਸ਼ਿਸ਼ ਕਰ ਰਿਹਾ ਹੈ । 17#ਮੱਤੀ 5:18ਅਕਾਸ਼ ਅਤੇ ਧਰਤੀ ਟਲ ਸਕਦੇ ਹਨ ਪਰ ਮੂਸਾ ਦੀ ਵਿਵਸਥਾ ਦੀ ਇੱਕ ਬਿੰਦੀ ਵੀ ਨਹੀਂ ਟਲ ਸਕਦੀ ।
18 # ਮੱਤੀ 5:32, 1 ਕੁਰਿ 7:10-11 “ਜਦੋਂ ਆਦਮੀ ਆਪਣੀ ਪਤਨੀ ਨੂੰ ਛੱਡ ਕੇ ਦੂਜੀ ਔਰਤ ਨਾਲ ਵਿਆਹ ਕਰਦਾ ਹੈ, ਉਹ ਵਿਭਚਾਰ ਕਰਦਾ ਹੈ, ਇਸੇ ਤਰ੍ਹਾਂ ਜਿਹੜਾ ਆਦਮੀ ਉਸ ਛੱਡੀ ਹੋਈ ਔਰਤ ਨਾਲ ਵਿਆਹ ਕਰਦਾ ਹੈ, ਉਹ ਵੀ ਵਿਭਚਾਰ ਕਰਦਾ ਹੈ ।”
ਅਮੀਰ ਆਦਮੀ ਅਤੇ ਗ਼ਰੀਬ ਲਾਜ਼ਰ
19“ਇੱਕ ਅਮੀਰ ਆਦਮੀ ਸੀ ਜਿਹੜਾ ਕੀਮਤੀ ਰੇਸ਼ਮੀ ਕੱਪੜੇ ਪਹਿਨਦਾ ਸੀ ਅਤੇ ਉਹ ਆਪਣੇ ਜੀਵਨ ਦਾ ਹਰ ਦਿਨ ਐਸ਼ ਅਰਾਮ ਵਿੱਚ ਬਤੀਤ ਕਰਦਾ ਸੀ । 20ਲਾਜ਼ਰ ਨਾਂ ਦਾ ਇੱਕ ਗ਼ਰੀਬ ਆਦਮੀ ਸੀ । ਉਹ ਉਸ ਅਮੀਰ ਦੇ ਦਰਵਾਜ਼ੇ ਦੇ ਅੱਗੇ ਛੱਡ ਦਿੱਤਾ ਜਾਂਦਾ ਸੀ । ਉਸ ਦਾ ਸਾਰਾ ਸਰੀਰ ਫੋੜਿਆਂ ਨਾਲ ਭਰਿਆ ਹੋਇਆ ਸੀ । 21ਇੱਥੋਂ ਤੱਕ ਕਿ ਕੁੱਤੇ ਆ ਕੇ ਉਸ ਦੇ ਫੋੜਿਆਂ ਨੂੰ ਚੱਟਦੇ ਸਨ । ਉਹ ਅਮੀਰ ਆਦਮੀ ਦੇ ਖਾਣੇ ਵਾਲੀ ਮੇਜ਼ ਤੋਂ ਡਿੱਗੇ ਹੋਏ ਟੁਕੜਿਆਂ ਨਾਲ ਆਪਣਾ ਪੇਟ ਭਰਨ ਲਈ ਤਰਸਦਾ ਸੀ ।
22“ਇੱਕ ਦਿਨ ਉਹ ਗ਼ਰੀਬ ਆਦਮੀ ਮਰ ਗਿਆ । ਉਸ ਨੂੰ ਸਵਰਗਦੂਤਾਂ ਨੇ ਲੈ ਜਾ ਕੇ ਸਵਰਗ ਵਿੱਚ ਅਬਰਾਹਾਮ ਦੀ ਗੋਦ ਵਿੱਚ ਪਹੁੰਚਾ ਦਿੱਤਾ । ਫਿਰ ਉਹ ਅਮੀਰ ਆਦਮੀ ਵੀ ਮਰ ਗਿਆ ਅਤੇ ਉਸ ਨੂੰ ਵੀ ਦਫ਼ਨਾ ਦਿੱਤਾ ਗਿਆ । 23ਉਸ ਅਮੀਰ ਆਦਮੀ ਨੂੰ ਪਤਾਲ ਵਿੱਚ ਬਹੁਤ ਪੀੜ ਹੋ ਰਹੀ ਸੀ । ਉਸ ਨੇ ਦੂਰ ਤੋਂ ਹੀ ਅੱਖਾਂ ਉਤਾਂਹ ਚੁੱਕ ਕੇ ਲਾਜ਼ਰ ਨੂੰ ਅਬਰਾਹਾਮ ਦੀ ਗੋਦ ਵਿੱਚ ਦੇਖਿਆ । 24ਉਸ ਨੇ ਉੱਚੀ ਆਵਾਜ਼ ਨਾਲ ਪੁਕਾਰ ਕੇ ਕਿਹਾ, ‘ਹੇ ਪਿਤਾ ਅਬਰਾਹਾਮ, ਮੇਰੇ ਉੱਤੇ ਦਇਆ ਕਰੋ । ਲਾਜ਼ਰ ਨੂੰ ਭੇਜੋ ਕਿ ਉਹ ਆਪਣੀ ਉਂਗਲੀ ਦਾ ਸਿਰਾ ਪਾਣੀ ਵਿੱਚ ਭਿਉਂ ਕੇ ਮੇਰੀ ਜੀਭ ਨੂੰ ਠੰਡਾ ਕਰੇ ਕਿਉਂਕਿ ਮੈਂ ਇਸ ਅੱਗ ਵਿੱਚ ਤੜਪ ਰਿਹਾ ਹਾਂ ।’ 25ਪਰ ਅਬਰਾਹਾਮ ਨੇ ਉੱਤਰ ਦਿੱਤਾ, ‘ਪੁੱਤਰ, ਯਾਦ ਕਰ, ਤੂੰ ਆਪਣੇ ਜੀਵਨ ਵਿੱਚ ਸੁੱਖ ਹੀ ਸੁੱਖ ਭੋਗਿਆ ਹੈ ਅਤੇ ਲਾਜ਼ਰ ਨੇ ਦੁੱਖ ਹੀ ਦੁੱਖ । ਹੁਣ ਉਸ ਨੂੰ ਅਰਾਮ ਮਿਲ ਰਿਹਾ ਹੈ ਅਤੇ ਤੂੰ ਦੁੱਖ ਭੋਗ ਰਿਹਾ ਹੈਂ । 26ਇਸ ਤੋਂ ਇਲਾਵਾ ਸਾਡੇ ਅਤੇ ਤੁਹਾਡੇ ਵਿੱਚ ਇੱਕ ਬਹੁਤ ਵੱਡੀ ਖਾਈ ਹੈ । ਇਸ ਖਾਈ ਦੇ ਕਾਰਨ ਕੋਈ ਆਦਮੀ ਇਸ ਪਾਸੇ ਤੋਂ ਤੁਹਾਡੇ ਪਾਸੇ ਨਹੀਂ ਜਾ ਸਕਦਾ ਅਤੇ ਨਾ ਹੀ ਕੋਈ ਉਸ ਪਾਸੇ ਤੋਂ ਇਸ ਪਾਸੇ ਆ ਸਕਦਾ ਹੈ ।’ 27ਅਮੀਰ ਆਦਮੀ ਨੇ ਕਿਹਾ, ‘ਪਿਤਾ ਜੀ, ਮੈਂ ਪ੍ਰਾਰਥਨਾ ਕਰਦਾ ਹਾਂ ਕਿ ਲਾਜ਼ਰ ਨੂੰ ਮੇਰੇ ਪਿਤਾ ਦੇ ਘਰ ਭੇਜੋ 28ਕਿਉਂਕਿ ਮੇਰੇ ਪੰਜ ਭਰਾ ਹਨ । ਉਹ ਉਹਨਾਂ ਕੋਲ ਜਾਵੇ ਅਤੇ ਉਹਨਾਂ ਨੂੰ ਚਿਤਾਵਨੀ ਦੇਵੇ ਕਿ ਉਹ ਇਸ ਨਰਕ ਵਿੱਚ ਆਉਣ ਤੋਂ ਬਚ ਜਾਣ ।’ 29ਪਰ ਅਬਰਾਹਾਮ ਨੇ ਕਿਹਾ, ‘ਉਹਨਾਂ ਕੋਲ ਮੂਸਾ ਅਤੇ ਨਬੀਆਂ ਦੀਆਂ ਪੁਸਤਕਾਂ ਚਿਤਾਵਨੀ ਦੇ ਲਈ ਹਨ । ਤੇਰੇ ਭਰਾਵਾਂ ਨੂੰ ਉਹਨਾਂ ਉੱਤੇ ਧਿਆਨ ਕਰਨਾ ਚਾਹੀਦਾ ਹੈ ।’ 30ਅਮੀਰ ਆਦਮੀ ਨੇ ਕਿਹਾ, ‘ਨਹੀਂ, ਪਿਤਾ ਜੀ, ਇਹ ਕਾਫ਼ੀ ਨਹੀਂ ਹੈ ! ਜੇਕਰ ਕੋਈ ਮੁਰਦਿਆਂ ਵਿੱਚੋਂ ਜੀਅ ਉੱਠ ਕੇ ਉਹਨਾਂ ਕੋਲ ਜਾਵੇ ਤਾਂ ਉਹ ਤੋਬਾ ਕਰਨਗੇ ।’ 31ਅਬਰਾਹਾਮ ਨੇ ਉੱਤਰ ਦਿੱਤਾ, ‘ਜਦੋਂ ਉਹ ਮੂਸਾ ਅਤੇ ਨਬੀਆਂ ਦੀ ਨਹੀਂ ਸੁਣਦੇ ਤਾਂ ਫਿਰ ਜੇਕਰ ਕੋਈ ਮੁਰਦਿਆਂ ਵਿੱਚੋਂ ਵੀ ਜੀਅ ਉੱਠੇ ਤਾਂ ਵੀ ਉਹ ਉਸ ਦੀ ਨਹੀਂ ਮੰਨਣਗੇ ।’”

目前選定:

ਲੂਕਾ 16: CL-NA

醒目顯示

分享

複製

None

想在你所有裝置上儲存你的醒目顯示?註冊帳戶或登入