ਲੂਕਾ 15
15
ਗੁਆਚੀ ਭੇਡ
(ਮੱਤੀ 18:12-14)
1 #
ਲੂਕਾ 5:29-30
ਇੱਕ ਦਿਨ ਬਹੁਤ ਸਾਰੇ ਟੈਕਸ ਲੈਣ ਵਾਲੇ ਅਤੇ ਪਾਪੀ ਲੋਕ ਯਿਸੂ ਦਾ ਉਪਦੇਸ਼ ਸੁਣਨ ਲਈ ਉਹਨਾਂ ਦੇ ਕੋਲ ਆਏ । 2ਇਹ ਦੇਖ ਕੇ ਫ਼ਰੀਸੀਆਂ ਅਤੇ ਵਿਵਸਥਾ ਦੇ ਸਿੱਖਿਅਕਾਂ ਨੇ ਆਪਸ ਵਿੱਚ ਬੁੜਬੁੜਾਉਣਾ ਸ਼ੁਰੂ ਕਰ ਦਿੱਤਾ । ਉਹ ਕਹਿਣ ਲੱਗੇ, “ਇਹ ਪਾਪੀਆਂ ਦਾ ਸੁਆਗਤ ਕਰਦਾ ਹੈ ਅਤੇ ਉਹਨਾਂ ਦੇ ਨਾਲ ਬੈਠ ਕੇ ਭੋਜਨ ਵੀ ਕਰਦਾ ਹੈ ।” 3ਯਿਸੂ ਨੇ ਉਹਨਾਂ ਦੇ ਵਿਚਾਰਾਂ ਨੂੰ ਜਾਣ ਕੇ ਇਹ ਦ੍ਰਿਸ਼ਟਾਂਤ ਸੁਣਾਇਆ,
4“ਮੰਨ ਲਵੋ, ਤੁਹਾਡੇ ਵਿੱਚੋਂ ਕਿਸੇ ਕੋਲ ਸੌ ਭੇਡਾਂ ਹਨ । ਉਹਨਾਂ ਵਿੱਚੋਂ ਇੱਕ ਗੁਆਚ ਜਾਂਦੀ ਹੈ ਤਾਂ ਭੇਡਾਂ ਦਾ ਮਾਲਕ ਕੀ ਕਰੇਗਾ ? ਕੀ ਉਹ ਬਾਕੀ ਨੜਿੰਨਵਿਆਂ ਨੂੰ ਮੈਦਾਨ ਵਿੱਚ ਛੱਡ ਕੇ, ਉਸ ਗੁਆਚੀ ਭੇਡ ਦੇ ਪਿੱਛੇ ਨਹੀਂ ਜਾਵੇਗਾ, ਜਦੋਂ ਤੱਕ ਕਿ ਉਹ ਉਸ ਨੂੰ ਲੱਭ ਨਾ ਜਾਵੇ ? 5ਜਦੋਂ ਗੁਆਚੀ ਹੋਈ ਭੇਡ ਉਸ ਨੂੰ ਲੱਭ ਜਾਵੇਗੀ, ਉਹ ਉਸ ਨੂੰ ਖ਼ੁਸ਼ੀ ਨਾਲ ਆਪਣੇ ਮੋਢਿਆਂ ਉੱਤੇ ਚੁੱਕ ਲਵੇਗਾ । 6ਫਿਰ ਉਹ ਆਪਣੇ ਘਰ ਪਹੁੰਚ ਕੇ ਆਪਣੇ ਮਿੱਤਰਾਂ ਅਤੇ ਗੁਆਂਢੀਆਂ ਨੂੰ ਸੱਦਾ ਦੇਵੇਗਾ ਅਤੇ ਉਹਨਾਂ ਨੂੰ ਕਹੇਗਾ, ‘ਮੇਰੇ ਨਾਲ ਮਿਲ ਕੇ ਖ਼ੁਸ਼ੀ ਮਨਾਓ ਕਿਉਂਕਿ ਮੇਰੀ ਗੁਆਚੀ ਹੋਈ ਭੇਡ ਲੱਭ ਗਈ ਹੈ ।’ 7ਇਸੇ ਤਰ੍ਹਾਂ ਨੜਿੰਨਵੇਂ ਨੇਕ ਲੋਕ ਜਿਹਨਾਂ ਨੂੰ ਤੋਬਾ ਕਰਨ ਦੀ ਲੋੜ ਨਹੀਂ, ਦੇ ਮੁਕਾਬਲੇ ਸਵਰਗ ਵਿੱਚ ਇੱਕ ਪਾਪੀ ਦੇ ਤੋਬਾ ਕਰਨ ਉੱਤੇ ਬਹੁਤ ਖ਼ੁਸ਼ੀ ਮਨਾਈ ਜਾਵੇਗੀ ।”
ਗੁਆਚਾ ਹੋਇਆ ਸਿੱਕਾ
8“ਮੰਨ ਲਵੋ ਕਿ ਇੱਕ ਔਰਤ ਦੇ ਕੋਲ ਚਾਂਦੀ ਦੇ ਦਸ ਸਿੱਕੇ ਹਨ । ਉਸ ਦਾ ਇੱਕ ਸਿੱਕਾ ਗੁਆਚ ਜਾਂਦਾ ਹੈ । ਕੀ ਉਹ ਦੀਵਾ ਬਾਲ ਕੇ ਆਪਣਾ ਸਾਰਾ ਘਰ ਨਹੀਂ ਝਾੜੇਗੀ ਅਤੇ ਕੀ ਉਹ ਉਸ ਸਮੇਂ ਤੱਕ ਨਹੀਂ ਲੱਭਦੀ ਰਹੇਗੀ, ਜਦੋਂ ਤੱਕ ਕਿ ਉਹ ਉਸ ਨੂੰ ਲੱਭ ਨਹੀਂ ਜਾਂਦਾ ? 9ਜਦੋਂ ਉਹ ਲੱਭ ਲੈਂਦੀ ਹੈ ਤਦ ਉਹ ਆਪਣੀਆਂ ਸਹੇਲੀਆਂ ਅਤੇ ਗੁਆਂਢਣਾਂ ਨੂੰ ਸੱਦੇਗੀ । ਉਹ ਉਹਨਾਂ ਨੂੰ ਕਹੇਗੀ, ‘ਆਓ, ਮੇਰੇ ਨਾਲ ਮਿਲ ਕੇ ਖ਼ੁਸ਼ੀ ਮਨਾਓ ਕਿਉਂਕਿ ਮੇਰਾ ਸਿੱਕਾ ਜਿਹੜਾ ਗੁਆਚ ਗਿਆ ਸੀ, ਲੱਭ ਗਿਆ ਹੈ ।’ 10ਮੈਂ ਤੁਹਾਨੂੰ ਦੱਸਦਾ ਹਾਂ ਕਿ ਇਸੇ ਤਰ੍ਹਾਂ ਪਰਮੇਸ਼ਰ ਦੇ ਸਵਰਗਦੂਤ ਇੱਕ ਪਾਪੀ ਦੇ ਤੋਬਾ ਕਰਨ ਉੱਤੇ ਖ਼ੁਸ਼ੀ ਮਨਾਉਂਦੇ ਹਨ ।”
ਗੁਆਚਾ ਹੋਇਆ ਪੁੱਤਰ
11ਫਿਰ ਯਿਸੂ ਨੇ ਕਿਹਾ, “ਇੱਕ ਆਦਮੀ ਦੇ ਦੋ ਪੁੱਤਰ ਸਨ । 12ਛੋਟੇ ਪੁੱਤਰ ਨੇ ਪਿਤਾ ਨੂੰ ਕਿਹਾ, ‘ਪਿਤਾ ਜੀ, ਜਾਇਦਾਦ ਦਾ ਹਿੱਸਾ, ਜੋ ਮੇਰਾ ਹੈ ਮੈਨੂੰ ਦੇ ਦਿਓ ।’ ਪਿਤਾ ਨੇ ਦੋਨਾਂ ਪੁੱਤਰਾਂ ਵਿੱਚ ਆਪਣੀ ਜਾਇਦਾਦ ਵੰਡ ਦਿੱਤੀ । 13ਕੁਝ ਦਿਨਾਂ ਦੇ ਬਾਅਦ ਛੋਟੇ ਪੁੱਤਰ ਨੇ ਆਪਣੇ ਹਿੱਸੇ ਦੀ ਸਾਰੀ ਜਾਇਦਾਦ ਵੇਚ ਦਿੱਤੀ । ਫਿਰ ਉਹ ਸਾਰਾ ਧਨ ਲੈ ਕੇ ਇੱਕ ਦੂਰ ਦੇਸ਼ ਨੂੰ ਚਲਾ ਗਿਆ । ਉੱਥੇ ਉਸ ਨੇ ਆਪਣਾ ਸਾਰਾ ਧਨ ਬੁਰੇ ਕੰਮਾਂ ਵਿੱਚ ਖ਼ਰਚ ਕਰ ਦਿੱਤਾ । 14ਜਦੋਂ ਉਹ ਆਪਣਾ ਸਾਰਾ ਧਨ ਖ਼ਤਮ ਕਰ ਚੁੱਕਾ ਤਾਂ ਉਸ ਦੇਸ਼ ਵਿੱਚ ਇੱਕ ਵੱਡਾ ਕਾਲ ਪੈ ਗਿਆ । ਹੁਣ ਉਸ ਦੇ ਕੋਲ ਆਪਣੀਆਂ ਲੋੜਾਂ ਪੂਰੀਆਂ ਕਰਨ ਲਈ ਕੁਝ ਨਾ ਰਿਹਾ । 15ਇਸ ਲਈ ਉਹ ਉਸ ਦੇਸ਼ ਦੇ ਇੱਕ ਵਸਨੀਕ ਕੋਲ ਨੌਕਰੀ ਕਰਨ ਲੱਗਾ । ਉਸ ਆਦਮੀ ਨੇ ਉਸ ਨੂੰ ਆਪਣੇ ਖੇਤਾਂ ਵਿੱਚ ਸੂਰ ਚਾਰਨ ਦਾ ਕੰਮ ਦਿੱਤਾ । 16ਜੋ ਫਲੀਆਂ ਸੂਰ ਖਾਂਦੇ ਸਨ, ਉਹ ਉਹਨਾਂ ਨਾਲ ਪੇਟ ਭਰਨਾ ਚਾਹੁੰਦਾ ਸੀ । ਕੋਈ ਵੀ ਉਸ ਨੂੰ ਕੁਝ ਖਾਣ ਲਈ ਨਹੀਂ ਦਿੰਦਾ ਸੀ ।
17“ਅੰਤ ਵਿੱਚ ਇੱਕ ਦਿਨ ਉਹ ਹੋਸ਼ ਵਿੱਚ ਆਇਆ । ਉਸ ਨੇ ਕਿਹਾ, ‘ਮੇਰੇ ਪਿਤਾ ਦੇ ਬਹੁਤ ਸਾਰੇ ਸੇਵਕਾਂ ਦੇ ਕੋਲ ਲੋੜ ਤੋਂ ਜ਼ਿਆਦਾ ਖਾਣ ਲਈ ਹੈ ਪਰ ਮੈਂ ਇੱਥੇ ਭੁੱਖਾ ਮਰ ਰਿਹਾ ਹਾਂ । 18ਹੁਣ ਮੈਂ ਆਪਣੇ ਪਿਤਾ ਦੇ ਕੋਲ ਜਾਵਾਂਗਾ ਅਤੇ ਉਹਨਾਂ ਨੂੰ ਕਹਾਂਗਾ, “ਪਿਤਾ ਜੀ, ਮੈਂ ਪਰਮੇਸ਼ਰ ਦੇ ਅਤੇ ਤੁਹਾਡੇ ਵਿਰੁੱਧ ਪਾਪ ਕੀਤਾ ਹੈ । 19ਮੈਂ ਹੁਣ ਇਸ ਯੋਗ ਨਹੀਂ ਰਿਹਾ ਕਿ ਤੁਹਾਡਾ ਪੁੱਤਰ ਕਹਾਵਾਂ । ਇਸ ਲਈ ਮੈਨੂੰ ਆਪਣੇ ਮਜ਼ਦੂਰਾਂ ਦੀ ਤਰ੍ਹਾਂ ਰੱਖ ਲਵੋ ।”’ 20ਫਿਰ ਉਹ ਉੱਥੋਂ ਉੱਠਿਆ ਅਤੇ ਆਪਣੇ ਪਿਤਾ ਦੇ ਘਰ ਵੱਲ ਚੱਲ ਪਿਆ ।
“ਅਜੇ ਉਹ ਦੂਰ ਹੀ ਸੀ ਕਿ ਉਸ ਦੇ ਪਿਤਾ ਨੇ ਉਸ ਨੂੰ ਆਉਂਦੇ ਦੇਖ ਲਿਆ । ਪਿਤਾ ਦਾ ਦਿਲ ਦਇਆ ਨਾਲ ਭਰ ਗਿਆ । ਉਸ ਨੇ ਦੌੜ ਕੇ ਪੁੱਤਰ ਨੂੰ ਜੱਫ਼ੀ ਵਿੱਚ ਲੈ ਲਿਆ ਅਤੇ ਉਸ ਨੂੰ ਚੁੰਮਿਆ । 21ਪੁੱਤਰ ਨੇ ਪਿਤਾ ਨੂੰ ਕਿਹਾ, ‘ਪਿਤਾ ਜੀ, ਮੈਂ ਪਰਮੇਸ਼ਰ ਅਤੇ ਤੁਹਾਡੇ ਵਿਰੁੱਧ ਪਾਪ ਕੀਤਾ ਹੈ, ਹੁਣ ਮੈਂ ਇਸ ਯੋਗ ਨਹੀਂ ਰਿਹਾ ਕਿ ਤੁਹਾਡਾ ਪੁੱਤਰ ਕਹਾਵਾਂ ।’ 22ਪਰ ਪਿਤਾ ਨੇ ਆਪਣੇ ਸੇਵਕਾਂ ਨੂੰ ਕਿਹਾ, ‘ਚੰਗੇ ਤੋਂ ਚੰਗਾ ਕੱਪੜਾ ਲਿਆ ਕੇ ਇਸ ਨੂੰ ਪਹਿਨਾਓ, ਇਸ ਦੀ ਉਂਗਲੀ ਵਿੱਚ ਅੰਗੂਠੀ ਅਤੇ ਪੈਰਾਂ ਵਿੱਚ ਜੁੱਤੀ ਪਹਿਨਾਓ । 23ਪਲਿਆ ਹੋਇਆ ਜਾਨਵਰ ਲਿਆਓ ਅਤੇ ਕੱਟੋ ਤਾਂ ਜੋ ਅਸੀਂ ਖਾਈਏ ਅਤੇ ਖ਼ੁਸ਼ੀ ਮਨਾਈਏ । 24ਕਿਉਂਕਿ ਇਹ ਮੇਰਾ ਪੁੱਤਰ ਮਰ ਗਿਆ ਸੀ ਪਰ ਹੁਣ ਫਿਰ ਜੀਅ ਉੱਠਿਆ ਹੈ । ਇਹ ਗੁਆਚ ਗਿਆ ਸੀ ਪਰ ਹੁਣ ਲੱਭ ਗਿਆ ਹੈ ।’ ਇਸ ਤਰ੍ਹਾਂ ਉਹ ਖ਼ੁਸ਼ੀ ਮਨਾਉਣ ਲੱਗੇ ।
25“ਉਸ ਸਮੇਂ ਵੱਡਾ ਪੁੱਤਰ ਖੇਤ ਵਿੱਚ ਸੀ । ਜਦੋਂ ਉਹ ਘਰ ਨੂੰ ਵਾਪਸ ਆਇਆ ਤਾਂ ਉਸ ਨੇ ਘਰ ਦੇ ਕੋਲ ਪਹੁੰਚ ਕੇ ਅੰਦਰ ਗਾਉਣ ਵਜਾਉਣ ਅਤੇ ਨੱਚਣ ਦੀ ਆਵਾਜ਼ ਸੁਣੀ । 26ਉਸ ਨੇ ਇੱਕ ਸੇਵਕ ਨੂੰ ਬਾਹਰ ਸੱਦ ਕੇ ਪੁੱਛਿਆ, ‘ਇਹ ਕੀ ਹੋ ਰਿਹਾ ਹੈ ?’ 27ਸੇਵਕ ਨੇ ਉੱਤਰ ਦਿੱਤਾ, ‘ਤੁਹਾਡਾ ਛੋਟਾ ਭਰਾ ਵਾਪਸ ਆਇਆ ਹੈ । ਇਸ ਲਈ ਉਸ ਦੇ ਸਹੀ ਸਲਾਮਤ ਵਾਪਸ ਆਉਣ ਦੀ ਖ਼ੁਸ਼ੀ ਵਿੱਚ ਤੁਹਾਡੇ ਪਿਤਾ ਨੇ ਇੱਕ ਮੋਟਾ ਜਾਨਵਰ ਕਟਵਾਇਆ ਹੈ ।’ 28ਇਹ ਸੁਣ ਕੇ ਵੱਡਾ ਭਰਾ ਬਹੁਤ ਗੁੱਸੇ ਵਿੱਚ ਆ ਗਿਆ । ਉਸ ਨੇ ਘਰ ਦੇ ਅੰਦਰ ਜਾਣ ਤੋਂ ਇਨਕਾਰ ਕਰ ਦਿੱਤਾ । ਇਸ ਲਈ ਉਸ ਦਾ ਪਿਤਾ ਬਾਹਰ ਆ ਕੇ ਉਸ ਨੂੰ ਮਨਾਉਣ ਲੱਗਾ 29ਪਰ ਉਸ ਨੇ ਪਿਤਾ ਨੂੰ ਉੱਤਰ ਦਿੱਤਾ, ‘ਮੈਂ ਕਿੰਨੇ ਸਾਲਾਂ ਤੋਂ ਤੁਹਾਡੀ ਸੇਵਾ ਕਰਦਾ ਆਇਆ ਹਾਂ । ਮੈਂ ਅੱਜ ਤੱਕ ਕਦੀ ਵੀ ਤੁਹਾਡੇ ਕਿਸੇ ਹੁਕਮ ਨੂੰ ਨਹੀਂ ਮੋੜਿਆ ਪਰ ਤੁਸੀਂ ਮੈਨੂੰ ਕਦੀ ਇੱਕ ਬੱਕਰੀ ਦਾ ਬੱਚਾ ਤੱਕ ਨਾ ਦਿੱਤਾ ਕਿ ਮੈਂ ਆਪਣੇ ਮਿੱਤਰਾਂ ਦੇ ਨਾਲ ਮਿਲ ਕੇ ਖ਼ੁਸ਼ੀ ਮਨਾਉਂਦਾ 30ਪਰ ਜਦੋਂ ਤੁਹਾਡਾ ਇਹ ਪੁੱਤਰ ਵਾਪਸ ਆਇਆ ਜਿਸ ਨੇ ਤੁਹਾਡੀ ਜਾਇਦਾਦ ਵੇਸਵਾਵਾਂ ਉੱਤੇ ਲੁਟਾ ਦਿੱਤੀ ਹੈ ਤਾਂ ਤੁਸੀਂ ਇੱਕ ਪਲਿਆ ਹੋਇਆ ਜਾਨਵਰ ਕਟਵਾਇਆ ਹੈ ।’ 31ਪਿਤਾ ਨੇ ਕਿਹਾ, ‘ਪੁੱਤਰ, ਤੂੰ ਹਮੇਸ਼ਾ ਮੇਰੇ ਨਾਲ ਹੈਂ ਜੋ ਕੁਝ ਮੇਰਾ ਹੈ, ਉਹ ਤੇਰਾ ਹੀ ਹੈ । 32ਭੋਜ ਦੇਣਾ ਅਤੇ ਖ਼ੁਸ਼ੀ ਮਨਾਉਣਾ ਜ਼ਰੂਰੀ ਹੈ ਕਿਉਂਕਿ ਤੇਰਾ ਇਹ ਭਰਾ ਮਰ ਗਿਆ ਸੀ ਪਰ ਹੁਣ ਫਿਰ ਜੀਅ ਉੱਠਿਆ ਹੈ । ਉਹ ਗੁਆਚ ਗਿਆ ਸੀ ਪਰ ਲੱਭ ਗਿਆ ਹੈ ।’”
Punjabi Common Language (North American Version):
Text © 2021 Canadian Bible Society and Bible Society of India