ਲੂਕਾ 14
14
ਸਬਤ ਦੇ ਦਿਨ ਇੱਕ ਰੋਗੀ ਨੂੰ ਚੰਗਾ ਕਰਨਾ
1 ਸਬਤ ਦੇ ਦਿਨ ਪ੍ਰਭੂ ਯਿਸੂ ਫ਼ਰੀਸੀਆਂ ਦੇ ਇੱਕ ਆਗੂ ਦੇ ਘਰ ਭੋਜਨ ਕਰਨ ਦੇ ਲਈ ਗਏ । ਫ਼ਰੀਸੀ ਧਿਆਨ ਨਾਲ ਯਿਸੂ ਨੂੰ ਦੇਖ ਰਹੇ ਸਨ । 2ਉੱਥੇ ਇੱਕ ਆਦਮੀ ਯਿਸੂ ਕੋਲ ਆਇਆ ਜਿਸ ਨੂੰ ਜਲੋਧਰ#14:2 ਪੇਟ ਵਿੱਚ ਪਾਣੀ ਭਰ ਜਾਣ ਦਾ ਇੱਕ ਰੋਗ ਜਿਸ ਨਾਲ ਸਰੀਰ ਵਿੱਚ ਬਹੁਤ ਜ਼ਿਆਦਾ ਸੋਜ ਆ ਜਾਂਦੀ ਹੈ । ਦਾ ਰੋਗ ਸੀ । 3ਯਿਸੂ ਨੇ ਵਿਵਸਥਾ ਦੇ ਸਿੱਖਿਅਕਾਂ ਅਤੇ ਫ਼ਰੀਸੀਆਂ ਤੋਂ ਪੁੱਛਿਆ, “ਕੀ ਪਵਿੱਤਰ-ਗ੍ਰੰਥ ਅਨੁਸਾਰ ਸਬਤ ਦੇ ਦਿਨ ਕਿਸੇ ਨੂੰ ਚੰਗਾ ਕਰਨਾ ਠੀਕ ਹੈ ਜਾਂ ਨਹੀਂ ?” 4ਪਰ ਉਹ ਚੁੱਪ ਰਹੇ । ਤਦ ਯਿਸੂ ਨੇ ਉਸ ਬਿਮਾਰ ਆਦਮੀ ਦਾ ਹੱਥ ਫੜਿਆ ਅਤੇ ਉਸ ਨੂੰ ਚੰਗਾ ਕਰ ਕੇ ਵਿਦਾ ਕੀਤਾ । 5#ਮੱਤੀ 12:11ਫਿਰ ਯਿਸੂ ਨੇ ਫ਼ਰੀਸੀਆਂ ਨੂੰ ਕਿਹਾ, “ਜੇਕਰ ਤੁਹਾਡੇ ਵਿੱਚੋਂ ਕਿਸੇ ਦਾ ਪੁੱਤਰ ਜਾਂ ਬਲਦ ਸਬਤ ਦੇ ਦਿਨ ਖੂਹ ਵਿੱਚ ਡਿੱਗ ਪਵੇ ਤਾਂ ਕੀ ਤੁਸੀਂ ਇਕਦਮ ਉਸ ਨੂੰ ਖੂਹ ਵਿੱਚੋਂ ਬਾਹਰ ਨਹੀਂ ਕੱਢੋਗੇ ?” 6ਪਰ ਉਹ ਯਿਸੂ ਨੂੰ ਇਸ ਦਾ ਉੱਤਰ ਨਾ ਦੇ ਸਕੇ ।
ਪਰਾਹੁਣਚਾਰੀ ਅਤੇ ਨਿਮਰਤਾ
7ਪ੍ਰਭੂ ਯਿਸੂ ਨੇ ਦੇਖਿਆ ਕਿ ਕਿਸ ਤਰ੍ਹਾਂ ਪ੍ਰਾਹੁਣੇ ਪ੍ਰਮੁੱਖ ਥਾਵਾਂ ਚੁਣ ਰਹੇ ਹਨ ਤਦ ਯਿਸੂ ਨੇ ਉਹਨਾਂ ਨੂੰ ਇੱਕ ਦ੍ਰਿਸ਼ਟਾਂਤ ਦਿੰਦੇ ਹੋਏ ਕਿਹਾ, 8#ਕਹਾ 25:6-7“ਜਦੋਂ ਤੁਹਾਨੂੰ ਕੋਈ ਵਿਆਹ ਦੇ ਭੋਜ ਉੱਤੇ ਸੱਦਾ ਦੇਵੇ ਤਾਂ ਤੁਸੀਂ ਪ੍ਰਮੁੱਖ ਥਾਂਵਾਂ ਉੱਤੇ ਨਾ ਬੈਠੋ ਕਿਉਂਕਿ ਹੋ ਸਕਦਾ ਹੈ ਕਿ ਸੱਦਾ ਦੇਣ ਵਾਲੇ ਨੇ ਤੁਹਾਡੇ ਤੋਂ ਵੀ ਕਿਸੇ ਵੱਡੇ ਆਦਮੀ ਨੂੰ ਸੱਦਾ ਦਿੱਤਾ ਹੋਵੇ । 9ਇਸ ਲਈ ਸੱਦਾ ਦੇਣ ਵਾਲਾ ਤੁਹਾਡੇ ਕੋਲ ਆ ਕੇ ਤੁਹਾਨੂੰ ਕਹੇ, ‘ਇਹ ਥਾਂ ਇਸ ਨੂੰ ਦੇ ਦਿਓ,’ ਤਾਂ ਤੁਹਾਨੂੰ ਸਾਰਿਆਂ ਦੇ ਸਾਹਮਣੇ ਸ਼ਰਮਿੰਦਾ ਹੋਣਾ ਪਵੇਗਾ । 10ਇਸ ਲਈ ਜਦੋਂ ਕੋਈ ਤੁਹਾਨੂੰ ਸੱਦਾ ਦੇਵੇ, ਜਾਓ, ਪਰ ਜਾ ਕੇ ਪਿਛਲੀ ਥਾਂ ਉੱਤੇ ਬੈਠੋ । ਕਿੰਨਾ ਚੰਗਾ ਹੋਵੇਗਾ ਜਦੋਂ ਸੱਦਾ ਦੇਣ ਵਾਲਾ ਆਪ ਆ ਕੇ ਤੁਹਾਨੂੰ ਕਹੇ, ‘ਮਿੱਤਰ, ਤੁਸੀਂ ਅਗਲੀ ਥਾਂ ਉੱਤੇ ਆ ਕੇ ਬੈਠੋ ।’ ਇਸ ਤਰ੍ਹਾਂ ਸਾਰੇ ਪ੍ਰਾਹੁਣਿਆਂ ਦੇ ਸਾਹਮਣੇ ਤੁਹਾਡਾ ਮਾਣ ਵਧੇਗਾ । 11#ਮੱਤੀ 23:12, ਲੂਕਾ 18:14ਜਿਹੜਾ ਆਪਣੇ ਆਪ ਨੂੰ ਵੱਡਾ ਕਰਦਾ ਹੈ, ਉਹ ਛੋਟਾ ਕੀਤਾ ਜਾਵੇਗਾ ਅਤੇ ਜਿਹੜਾ ਆਪਣੇ ਆਪ ਨੂੰ ਛੋਟਾ ਕਰਦਾ ਹੈ, ਉਹ ਵੱਡਾ ਕੀਤਾ ਜਾਵੇਗਾ ।”
12ਫਿਰ ਯਿਸੂ ਨੇ ਆਪਣੇ ਸੱਦਾ ਦੇਣ ਵਾਲੇ ਨੂੰ ਕਿਹਾ, “ਜਦੋਂ ਤੂੰ ਦੁਪਿਹਰ ਜਾਂ ਰਾਤ ਦੇ ਭੋਜ ਲਈ ਸੱਦਾ ਦੇਵੇਂ ਤਾਂ ਆਪਣੇ ਮਿੱਤਰਾਂ, ਭਰਾਵਾਂ, ਰਿਸ਼ਤੇਦਾਰਾਂ ਜਾਂ ਧਨੀ ਗੁਆਂਢੀਆਂ ਨੂੰ ਸੱਦਾ ਨਾ ਦੇ । ਅਜਿਹਾ ਨਾ ਹੋਵੇ ਕਿ ਉਹ ਇਸ ਦੇ ਬਦਲੇ ਵਿੱਚ ਤੈਨੂੰ ਵੀ ਸੱਦਣ ਅਤੇ ਤੈਨੂੰ ਬਦਲਾ ਮਿਲ ਜਾਵੇ । 13ਪਰ ਜਦੋਂ ਤੂੰ ਭੋਜ ਦੇਵੇਂ ਤਾਂ ਗਰੀਬਾਂ, ਅਪਾਹਜਾਂ, ਲੰਗੜਿਆਂ ਅਤੇ ਅੰਨ੍ਹਿਆਂ ਨੂੰ ਸੱਦਾ ਦੇ 14ਤਾਂ ਤੈਨੂੰ ਅਸੀਸ ਮਿਲੇਗੀ ਕਿਉਂਕਿ ਬਦਲਾ ਚੁਕਾਉਣ ਦੇ ਲਈ ਉਹਨਾਂ ਕੋਲ ਕੁਝ ਨਹੀਂ ਹੈ । ਇਸ ਦਾ ਬਦਲਾ ਤੈਨੂੰ ਉਸ ਵੇਲੇ ਮਿਲੇਗਾ ਜਦੋਂ ਪਰਮੇਸ਼ਰ ਨੇਕ ਲੋਕਾਂ ਨੂੰ ਦੁਬਾਰਾ ਜਿਊਂਦਾ ਕਰਨਗੇ ।”
ਵੱਡੇ ਭੋਜ ਦਾ ਦ੍ਰਿਸ਼ਟਾਂਤ
(ਮੱਤੀ 22:1-10)
15ਇਹ ਸੁਣ ਕੇ ਪ੍ਰਾਹੁਣਿਆਂ ਵਿੱਚੋਂ ਇੱਕ ਨੇ ਕਿਹਾ, “ਧੰਨ ਹੈ ਉਹ ਜਿਹੜਾ ਪਰਮੇਸ਼ਰ ਦੇ ਰਾਜ ਵਿੱਚ ਭੋਜਨ ਕਰੇਗਾ ।” 16ਯਿਸੂ ਨੇ ਉਸ ਨੂੰ ਕਿਹਾ, “ਇੱਕ ਆਦਮੀ ਨੇ ਬਹੁਤ ਵੱਡਾ ਭੋਜ ਦਿੱਤਾ । ਉਸ ਨੇ ਬਹੁਤ ਸਾਰੇ ਲੋਕਾਂ ਨੂੰ ਸੱਦਾ ਦਿੱਤਾ । 17ਜਦੋਂ ਭੋਜ ਦਾ ਸਮਾਂ ਹੋ ਗਿਆ ਤਾਂ ਉਸ ਨੇ ਆਪਣੇ ਸੇਵਕ ਰਾਹੀਂ ਸਾਰੇ ਸੱਦੇ ਹੋਏ ਪ੍ਰਾਹੁਣਿਆਂ ਨੂੰ ਇੱਕ ਸੰਦੇਸ਼ ਭੇਜਿਆ, ‘ਆ ਜਾਓ, ਸਭ ਕੁਝ ਤਿਆਰ ਹੈ’ 18ਪਰ ਸਾਰੇ ਦੇ ਸਾਰੇ ਬਹਾਨੇ ਬਣਾਉਣ ਲੱਗੇ, ਇੱਕ ਨੇ ਕਿਹਾ, ‘ਮੈਂ ਇੱਕ ਖੇਤ ਖ਼ਰੀਦਿਆ ਹੈ, ਮੈਂ ਉਸ ਨੂੰ ਦੇਖਣ ਜਾ ਰਿਹਾ ਹਾਂ, ਇਸ ਲਈ ਮੈਨੂੰ ਮਾਫ਼ ਕਰੋ ।’ 19ਦੂਜੇ ਨੇ ਕਿਹਾ, ‘ਮੈਂ ਪੰਜ ਜੋੜੀਆਂ ਬਲਦਾਂ ਦੀਆਂ ਖ਼ਰੀਦੀਆਂ ਹਨ, ਮੈਂ ਉਹਨਾਂ ਨੂੰ ਪਰਖਣ ਜਾ ਰਿਹਾ ਹਾਂ, ਇਸ ਲਈ ਮੈਨੂੰ ਮਾਫ਼ ਕਰੋ ।’ 20ਕਿਸੇ ਹੋਰ ਨੇ ਕਿਹਾ, ‘ਮੇਰਾ ਹੁਣੇ ਹੁਣੇ ਵਿਆਹ ਹੋਇਆ ਹੈ ਇਸ ਲਈ ਮੈਂ ਨਹੀਂ ਆ ਸਕਦਾ ।’ 21ਸੇਵਕ ਨੇ ਵਾਪਸ ਆ ਕੇ ਇਹ ਗੱਲਾਂ ਆਪਣੇ ਮਾਲਕ ਨੂੰ ਦੱਸੀਆਂ । ਮਾਲਕ ਬੜੇ ਗੁੱਸੇ ਵਿੱਚ ਆਇਆ, ਉਸ ਨੇ ਆਪਣੇ ਸੇਵਕ ਨੂੰ ਕਿਹਾ, ‘ਸ਼ਹਿਰ ਦੇ ਬਾਜ਼ਾਰਾਂ ਅਤੇ ਗਲੀਆਂ ਵਿੱਚ ਜਾਓ ਅਤੇ ਗਰੀਬਾਂ, ਅਪਾਹਜਾਂ, ਅੰਨ੍ਹਿਆਂ ਅਤੇ ਲੰਗੜਿਆਂ ਨੂੰ ਇੱਥੇ ਲੈ ਆਓ ।’ 22ਸੇਵਕ ਨੇ ਇਸੇ ਤਰ੍ਹਾਂ ਹੀ ਕੀਤਾ । ਉਸ ਨੇ ਮਾਲਕ ਨੂੰ ਦੱਸਿਆ, ‘ਮਾਲਕ, ਜਿਸ ਤਰ੍ਹਾਂ ਤੁਸੀਂ ਹੁਕਮ ਦਿੱਤਾ ਸੀ, ਅਸੀਂ ਕੀਤਾ ਹੈ ਪਰ ਘਰ ਵਿੱਚ ਅਜੇ ਵੀ ਥਾਂ ਖ਼ਾਲੀ ਹੈ ।’ 23ਮਾਲਕ ਨੇ ਕਿਹਾ, ‘ਸ਼ਹਿਰ ਦੇ ਬਾਹਰਲੇ ਰਾਹਾਂ ਅਤੇ ਥਾਂਵਾਂ ਉੱਤੇ ਜਾਓ ਅਤੇ ਉੱਥੋਂ ਲੋਕਾਂ ਨੂੰ ਸੱਦ ਕੇ ਲੈ ਆਓ ਤਾਂ ਜੋ ਮੇਰਾ ਘਰ ਭਰ ਜਾਵੇ । 24ਮੈਂ ਤੁਹਾਨੂੰ ਦੱਸਦਾ ਹਾਂ ਕਿ ਜਿਹਨਾਂ ਨੂੰ ਮੈਂ ਸੱਦਾ ਦਿੱਤਾ ਸੀ, ਉਹਨਾਂ ਵਿੱਚੋਂ ਕੋਈ ਵੀ ਮੇਰੇ ਭੋਜਨ ਦਾ ਸੁਆਦ ਨਹੀਂ ਚੱਖੇਗਾ ।’”
ਪ੍ਰਭੂ ਯਿਸੂ ਦੇ ਚੇਲੇ ਹੋਣ ਦਾ ਮੁੱਲ
(ਮੱਤੀ 10:37-38)
25ਪ੍ਰਭੂ ਯਿਸੂ ਦੇ ਨਾਲ ਇੱਕ ਬਹੁਤ ਵੱਡੀ ਭੀੜ ਜਾ ਰਹੀ ਸੀ । ਯਿਸੂ ਨੇ ਭੀੜ ਵੱਲ ਮੁੜ ਕੇ ਲੋਕਾਂ ਨੂੰ ਕਿਹਾ, 26#ਮੱਤੀ 10:37“ਜੇਕਰ ਕੋਈ ਮੇਰੇ ਕੋਲ ਆਉਂਦਾ ਹੈ ਪਰ ਆਪਣੇ ਮਾਤਾ, ਪਿਤਾ, ਭੈਣ, ਭਰਾਵਾਂ, ਪਤਨੀ, ਬੱਚਿਆਂ ਅਤੇ ਆਪਣੇ ਆਪ ਨਾਲ ਮੋਹ ਰੱਖਦਾ ਹੈ, ਮੇਰਾ ਚੇਲਾ ਨਹੀਂ ਬਣ ਸਕਦਾ । 27#ਮੱਤੀ 10:38, 16:24, ਮਰ 8:34, ਲੂਕਾ 9:23ਜਿਹੜਾ ਆਪਣੀ ਸਲੀਬ ਚੁੱਕ ਕੇ ਮੇਰੇ ਪਿੱਛੇ ਨਹੀਂ ਚੱਲਦਾ, ਉਹ ਮੇਰਾ ਚੇਲਾ ਨਹੀਂ ਬਣ ਸਕਦਾ । 28ਮੰਨ ਲਵੋ ਕਿ ਤੁਹਾਡੇ ਵਿੱਚੋਂ ਕੋਈ ਬੁਰਜ ਬਣਾਉਣਾ ਚਾਹੁੰਦਾ ਹੈ । ਕੀ ਉਹ ਪਹਿਲਾਂ ਬੈਠ ਕੇ ਹਿਸਾਬ ਨਹੀਂ ਲਾਵੇਗਾ ਕਿ ਪੂਰੇ ਬੁਰਜ ਉੱਤੇ ਕਿੰਨਾ ਖ਼ਰਚ ਆਵੇਗਾ ? 29ਤਾਂ ਜੋ ਇਸ ਤਰ੍ਹਾਂ ਨਾ ਹੋਵੇ ਕਿ ਸ਼ੁਰੂ ਤਾਂ ਕਰ ਲਵੇ ਪਰ ਉਸ ਨੂੰ ਪੂਰਾ ਨਾ ਕਰ ਸਕੇ । ਤਦ ਲੋਕ ਉਸ ਨੂੰ ਮਖ਼ੌਲ ਕਰਨਗੇ 30ਅਤੇ ਕਹਿਣਗੇ, ‘ਇਸ ਆਦਮੀ ਨੇ ਬੁਰਜ ਬਣਾਉਣਾ ਸ਼ੁਰੂ ਤਾਂ ਕੀਤਾ ਪਰ ਉਸ ਨੂੰ ਪੂਰਾ ਨਾ ਕਰ ਸਕਿਆ ।’ 31ਇਸੇ ਤਰ੍ਹਾਂ ਮੰਨ ਲਵੋ ਕਿ ਇੱਕ ਰਾਜਾ ਹੈ । ਉਸ ਦੇ ਕੋਲ ਕੇਵਲ ਦਸ ਹਜ਼ਾਰ ਸਿਪਾਹੀ ਹਨ । ਉਹ ਇੱਕ ਦੂਜੇ ਰਾਜੇ ਨਾਲ ਲੜਾਈ ਲਈ ਜਾ ਰਿਹਾ ਹੈ ਜਿਸ ਦੇ ਕੋਲ ਵੀਹ ਹਜ਼ਾਰ ਸਿਪਾਹੀ ਹਨ । ਇਸ ਲਈ ਕੀ ਇਹ ਰਾਜਾ ਪਹਿਲਾਂ ਬੈਠ ਕੇ ਚੰਗੀ ਤਰ੍ਹਾਂ ਸੋਚ ਵਿਚਾਰ ਨਹੀਂ ਕਰੇਗਾ ਕਿ ਮੈਂ ਆਪਣੇ ਦਸ ਹਜ਼ਾਰ ਸਿਪਾਹੀਆਂ ਨਾਲ, ਵੀਹ ਹਜ਼ਾਰ ਸਿਪਾਹੀਆਂ ਦਾ ਮੁਕਾਬਲਾ ਕਰ ਸਕਾਂਗਾ ਜਾਂ ਨਹੀਂ ? 32ਜੇਕਰ ਉਹ ਮੁਕਾਬਲਾ ਨਹੀਂ ਕਰ ਸਕਦਾ ਤਾਂ ਉਹ ਜਦੋਂ ਕਿ ਦੂਜਾ ਰਾਜਾ ਅਜੇ ਦੂਰ ਹੀ ਹੈ, ਆਪਣਾ ਦੂਤ ਭੇਜੇਗਾ ਅਤੇ ਉਸ ਨਾਲ ਸੁਲਾਹ ਕਰਨ ਦੀ ਕੋਸ਼ਿਸ਼ ਕਰੇਗਾ । 33ਇਸੇ ਤਰ੍ਹਾਂ ਜੇਕਰ ਕੋਈ ਆਪਣਾ ਸਭ ਕੁਝ ਤਿਆਗ ਨਹੀਂ ਸਕਦਾ, ਉਹ ਮੇਰਾ ਚੇਲਾ ਨਹੀਂ ਬਣ ਸਕਦਾ ।”
ਬੇਸੁਆਦਾ ਲੂਣ
(ਮੱਤੀ 5:13, ਮਰਕੁਸ 9:50)
34“ਲੂਣ ਤਾਂ ਚੰਗਾ ਹੈ ਪਰ ਜੇਕਰ ਲੂਣ ਆਪਣਾ ਸੁਆਦ ਗੁਆ ਦੇਵੇ ਤਾਂ ਉਸ ਨੂੰ ਸਲੂਣਾ ਨਹੀਂ ਬਣਾਇਆ ਜਾ ਸਕਦਾ । 35ਉਹ ਫਿਰ ਨਾ ਜ਼ਮੀਨ ਦੇ ਕੰਮ ਆਉਂਦਾ ਹੈ ਅਤੇ ਨਾ ਹੀ ਖਾਦ ਬਣਾਉਣ ਦੇ । ਉਹ ਕੇਵਲ ਬਾਹਰ ਸੁੱਟ ਦਿੱਤਾ ਜਾਂਦਾ ਹੈ । ਜਿਸ ਦੇ ਕੋਲ ਕੰਨ ਹਨ, ਉਹ ਸੁਣੇ !”
Punjabi Common Language (North American Version):
Text © 2021 Canadian Bible Society and Bible Society of India