YouVersion 標誌
搜尋圖標

ਲੂਕਾ 13

13
ਤੋਬਾ ਕਰੋ ਜਾਂ ਨਾਸ਼ ਹੋਵੋ
1ਉਸ ਸਮੇਂ ਉੱਥੇ ਕੁਝ ਲੋਕ ਸਨ ਜਿਹਨਾਂ ਨੇ ਪ੍ਰਭੂ ਯਿਸੂ ਨੂੰ ਦੱਸਿਆ ਕਿ ਗਲੀਲ ਦੇ ਇਲਾਕੇ ਦੇ ਕੁਝ ਲੋਕ ਪਰਮੇਸ਼ਰ ਦੇ ਸਾਹਮਣੇ ਬਲੀ ਚੜ੍ਹਾ ਰਹੇ ਸਨ ਕਿ ਪਿਲਾਤੁਸ ਰਾਜਪਾਲ ਨੇ ਉਹਨਾਂ ਨੂੰ ਕਤਲ ਕਰਵਾ ਕੇ ਉਹਨਾਂ ਦਾ ਖ਼ੂਨ ਬਲੀ ਦੇ ਖ਼ੂਨ ਵਿੱਚ ਮਿਲਾ ਦਿੱਤਾ । 2ਯਿਸੂ ਨੇ ਉੱਤਰ ਦਿੱਤਾ, “ਕੀ ਤੁਸੀਂ ਸੋਚਦੇ ਹੋ ਕਿ ਇਹ ਗਲੀਲੀ ਜਿਹੜੇ ਮਾਰੇ ਗਏ ਸਨ ਦੂਜੇ ਗਲੀਲੀਆਂ ਨਾਲੋਂ ਜ਼ਿਆਦਾ ਪਾਪੀ ਸਨ ? 3ਮੈਂ ਤੁਹਾਨੂੰ ਕਹਿੰਦਾ ਹਾਂ, ਨਹੀਂ ! ਜੇਕਰ ਤੁਸੀਂ ਆਪਣੇ ਪਾਪਾਂ ਤੋਂ ਤੋਬਾ ਨਹੀਂ ਕਰੋਗੇ ਤਾਂ ਤੁਸੀਂ ਵੀ ਸਾਰੇ ਇਸੇ ਤਰ੍ਹਾਂ ਨਾਸ਼ ਹੋ ਜਾਵੋਗੇ । 4ਸਿਲੋਆਮ ਦਾ ਬੁਰਜ ਡਿੱਗਣ ਦੇ ਕਾਰਨ ਅਠਾਰਾਂ ਬੰਦੇ ਮਰ ਗਏ ਸਨ । ਕੀ ਤੁਸੀਂ ਉਹਨਾਂ ਅਠਾਰਾਂ ਦੇ ਬਾਰੇ ਵੀ ਸੋਚਦੇ ਹੋ ਕਿ ਉਹ ਬਾਕੀ ਯਰੂਸ਼ਲਮ ਸ਼ਹਿਰ ਦੇ ਰਹਿਣ ਵਾਲਿਆਂ ਨਾਲੋਂ ਜ਼ਿਆਦਾ ਪਾਪੀ ਸਨ ? 5ਨਹੀਂ ! ਜੇਕਰ ਤੁਸੀਂ ਆਪਣੇ ਪਾਪਾਂ ਤੋਂ ਤੋਬਾ ਨਹੀਂ ਕਰੋਗੇ ਤਾਂ ਤੁਸੀਂ ਵੀ ਉਹਨਾਂ ਅਠਾਰਾਂ ਦੇ ਵਾਂਗ ਨਾਸ਼ ਹੋ ਜਾਵੋਗੇ ।”
ਫਲ ਤੋਂ ਬਗ਼ੈਰ ਅੰਜੀਰ ਦੇ ਰੁੱਖ ਦਾ ਦ੍ਰਿਸ਼ਟਾਂਤ
6ਯਿਸੂ ਨੇ ਉਹਨਾਂ ਨੂੰ ਇੱਕ ਦ੍ਰਿਸ਼ਟਾਂਤ ਸੁਣਾਇਆ, “ਇੱਕ ਆਦਮੀ ਦੇ ਬਾਗ਼ ਵਿੱਚ ਇੱਕ ਅੰਜੀਰ ਦਾ ਰੁੱਖ ਲੱਗਾ ਹੋਇਆ ਸੀ । ਉਹ ਆਪਣੀ ਰੀਤ ਦੇ ਅਨੁਸਾਰ ਇੱਕ ਦਿਨ ਉਸ ਰੁੱਖ ਤੋਂ ਫਲ ਤੋੜਨ ਆਇਆ ਪਰ ਉਸ ਨੂੰ ਉਸ ਰੁੱਖ ਤੋਂ ਇੱਕ ਫਲ ਵੀ ਨਾ ਮਿਲਿਆ । 7ਤਦ ਉਸ ਆਦਮੀ ਨੇ ਬਾਗ਼ ਦੇ ਮਾਲੀ ਨੂੰ ਕਿਹਾ, ‘ਪਿੱਛਲੇ ਤਿੰਨ ਸਾਲਾਂ ਤੋਂ ਮੈਂ ਇਸ ਅੰਜੀਰ ਦੇ ਰੁੱਖ ਤੋਂ ਫਲ ਦੀ ਭਾਲ ਕਰ ਰਿਹਾ ਹਾਂ ਪਰ ਅੱਜ ਤੱਕ ਮੈਨੂੰ ਇਸ ਤੋਂ ਇੱਕ ਵੀ ਫਲ ਨਹੀਂ ਮਿਲਿਆ । ਇਸ ਰੁੱਖ ਨੂੰ ਵੱਢ ਸੁੱਟ, ਇਹ ਕਦੋਂ ਤੱਕ ਜ਼ਮੀਨ ਘੇਰੀ ਰੱਖੇਗਾ ?’ 8ਮਾਲੀ ਨੇ ਆਪਣੇ ਮਾਲਕ ਨੂੰ ਕਿਹਾ, ‘ਮਾਲਕ, ਇਸ ਨੂੰ ਇੱਕ ਸਾਲ ਹੋਰ ਰਹਿਣ ਦਿਓ । ਮੈਂ ਇਸ ਦੇ ਆਲੇ-ਦੁਆਲੇ ਖਾਈ ਪੁੱਟ ਕੇ ਖਾਦ ਪਾਵਾਂਗਾ । 9ਜੇਕਰ ਇਹ ਅਗਲੇ ਸਾਲ ਫਲ ਦੇਵੇ ਤਾਂ ਬਹੁਤ ਵਧੀਆ ਨਹੀਂ ਤਾਂ ਤੁਸੀਂ ਕਟਵਾ ਦੇਣਾ ।’”
ਸਬਤ ਦੇ ਦਿਨ ਪ੍ਰਭੂ ਯਿਸੂ ਦਾ ਇੱਕ ਕੁੱਬੀ ਔਰਤ ਨੂੰ ਚੰਗਾ ਕਰਨਾ
10 ਸਬਤ ਦੇ ਦਿਨ ਯਿਸੂ ਇੱਕ ਪ੍ਰਾਰਥਨਾ ਘਰ ਵਿੱਚ ਲੋਕਾਂ ਨੂੰ ਉਪਦੇਸ਼ ਦੇ ਰਹੇ ਸਨ । 11ਉੱਥੇ ਉਸ ਵੇਲੇ ਇੱਕ ਔਰਤ ਸੀ ਜਿਸ ਵਿੱਚ ਇੱਕ ਅਸ਼ੁੱਧ ਆਤਮਾ ਸੀ ਜਿਸ ਨੇ ਉਸ ਨੂੰ ਪਿੱਛਲੇ ਅਠਾਰਾਂ ਸਾਲਾਂ ਤੋਂ ਕੁੱਬੀ ਕੀਤਾ ਹੋਇਆ ਸੀ । ਉਹ ਔਰਤ ਕੁੱਬੀ ਹੋ ਗਈ ਸੀ ਅਤੇ ਹੁਣ ਸਿੱਧੀ ਖੜ੍ਹੀ ਨਹੀਂ ਹੋ ਸਕਦੀ ਸੀ । 12ਜਦੋਂ ਯਿਸੂ ਨੇ ਉਸ ਔਰਤ ਨੂੰ ਦੇਖਿਆ ਤਦ ਉਹਨਾਂ ਨੇ ਉਸ ਨੂੰ ਅੱਗੇ ਸੱਦਿਆ ਅਤੇ ਕਿਹਾ, “ਬੀਬੀ, ਤੂੰ ਆਪਣੀ ਬਿਮਾਰੀ ਤੋਂ ਮੁਕਤ ਹੋ ਗਈ ਹੈਂ !” 13ਇਹ ਕਹਿ ਕੇ ਯਿਸੂ ਨੇ ਉਸ ਉੱਤੇ ਆਪਣੇ ਹੱਥ ਰੱਖੇ । ਉਹ ਔਰਤ ਇਕਦਮ ਸਿੱਧੀ ਖੜ੍ਹੀ ਹੋ ਗਈ ਅਤੇ ਪਰਮੇਸ਼ਰ ਦੀ ਵਡਿਆਈ ਕਰਨ ਲੱਗ ਪਈ । 14#ਕੂਚ 20:9-10, ਵਿਵ 5:13-14ਇਹ ਦੇਖ ਕੇ ਕਿ ਪ੍ਰਭੂ ਨੇ ਸਬਤ ਦੇ ਦਿਨ ਚੰਗਾ ਕਰਨ ਦਾ ਕੰਮ ਕੀਤਾ ਹੈ, ਪ੍ਰਾਰਥਨਾ ਘਰ ਦਾ ਅਧਿਕਾਰੀ ਗੁੱਸੇ ਵਿੱਚ ਆ ਕੇ ਲੋਕਾਂ ਨੂੰ ਕਹਿਣ ਲੱਗਾ, “ਛੇ ਦਿਨ ਹਨ ਜਿਹਨਾਂ ਵਿੱਚ ਸਾਨੂੰ ਕੰਮ ਕਰਨਾ ਚਾਹੀਦਾ ਹੈ, ਉਹਨਾਂ ਦਿਨਾਂ ਵਿੱਚ ਆ ਕੇ ਚੰਗੇ ਹੋਵੋ । ਸਬਤ ਦੇ ਦਿਨ ਨਹੀਂ ।” 15ਪ੍ਰਭੂ ਯਿਸੂ ਨੇ ਉੱਤਰ ਦਿੱਤਾ, “ਪਖੰਡੀਓ, ਕੀ ਤੁਸੀਂ ਸਬਤ ਦੇ ਦਿਨ ਆਪਣੇ ਬਲਦ ਜਾਂ ਗਧੇ ਨੂੰ ਖੁਰਲੀ ਤੋਂ ਖੋਲ੍ਹ ਕੇ ਪਾਣੀ ਪਿਲਾਉਣ ਨਹੀਂ ਲੈ ਜਾਂਦੇ ? 16ਦੇਖੋ, ਇਹ ਔਰਤ ਅਬਰਾਹਾਮ ਦੇ ਕੁੱਲ ਵਿੱਚੋਂ ਹੈ ਜਿਸ ਨੂੰ ਸ਼ੈਤਾਨ ਨੇ ਪਿੱਛਲੇ ਅਠਾਰਾਂ ਸਾਲਾਂ ਤੋਂ ਜਕੜਿਆ ਹੋਇਆ ਸੀ । ਕੀ ਇਹ ਠੀਕ ਨਹੀਂ ਕਿ ਇਹ ਸਬਤ ਦੇ ਦਿਨ ਆਪਣੀ ਬਿਮਾਰੀ ਤੋਂ ਮੁਕਤੀ ਪਾਵੇ ?” 17ਯਿਸੂ ਦੇ ਇਹਨਾਂ ਸ਼ਬਦਾਂ ਨੂੰ ਸੁਣ ਕੇ ਉਹਨਾਂ ਦੇ ਵਿਰੋਧੀ ਸ਼ਰਮਿੰਦੇ ਹੋ ਗਏ ਪਰ ਬਾਕੀ ਸਾਰੇ ਲੋਕ ਯਿਸੂ ਦੇ ਅਦਭੁੱਤ ਕੰਮ ਦੇਖ ਕੇ ਖ਼ੁਸ਼ ਸਨ ।
ਇੱਕ ਛੋਟੇ ਬੀਜ ਦਾ ਦ੍ਰਿਸ਼ਟਾਂਤ
(ਮੱਤੀ 13:31-32, ਮਰਕੁਸ 4:30-32)
18ਪ੍ਰਭੂ ਯਿਸੂ ਨੇ ਕਿਹਾ, “ਪਰਮੇਸ਼ਰ ਦਾ ਰਾਜ ਕਿਸ ਵਰਗਾ ਹੈ ? ਇਸ ਦੀ ਤੁਲਨਾ ਮੈਂ ਕਿਸ ਨਾਲ ਕਰਾਂ ? 19ਇਹ ਇੱਕ ਰਾਈ#13:19 ਰਾਈ ਦਾ ਪੌਦਾ ਇਸਰਾਏਲ ਵਿੱਚ 12 ਤੋਂ 15 ਫੁੱਟ ਹੁੰਦਾ ਹੈ । ਦੇ ਛੋਟੇ ਬੀਜ ਵਰਗਾ ਹੈ ਜਿਸ ਨੂੰ ਇੱਕ ਆਦਮੀ ਨੇ ਲਿਆ ਅਤੇ ਆਪਣੇ ਬਗੀਚੇ ਵਿੱਚ ਬੀਜ ਦਿੱਤਾ । ਉਹ ਬੀਜ ਉੱਗਿਆ ਅਤੇ ਵਧਿਆ । ਉਹ ਵੱਧਦਾ ਵੱਧਦਾ ਰੁੱਖ ਬਣ ਗਿਆ, ਇੱਥੋਂ ਤੱਕ ਕਿ ਅਕਾਸ਼ ਦੇ ਪੰਛੀਆਂ ਨੇ ਆ ਕੇ ਉਸ ਦੀਆਂ ਟਹਿਣੀਆਂ ਉੱਤੇ ਆਪਣੇ ਆਲ੍ਹਣੇ ਬਣਾਏ ।”
ਖ਼ਮੀਰ ਦਾ ਦ੍ਰਿਸ਼ਟਾਂਤ
(ਮੱਤੀ 13:33)
20ਫਿਰ ਯਿਸੂ ਨੇ ਕਿਹਾ, “ਪਰਮੇਸ਼ਰ ਦੇ ਰਾਜ ਦੀ ਤੁਲਨਾ ਮੈਂ ਕਿਸ ਨਾਲ ਕਰਾਂ ? 21ਪਰਮੇਸ਼ਰ ਦਾ ਰਾਜ ਖ਼ਮੀਰ ਵਰਗਾ ਹੈ ਜਿਸ ਨੂੰ ਕਿਸੇ ਔਰਤ ਨੇ ਥੋੜ੍ਹਾ ਜਿਹਾ ਲਿਆ ਅਤੇ ਬਹੁਤ ਸਾਰੇ ਆਟੇ ਵਿੱਚ ਰਲਾ ਦਿੱਤਾ ਅਤੇ ਹੌਲੀ ਹੌਲੀ ਉਹ ਸਾਰਾ ਆਟਾ ਖ਼ਮੀਰਾ ਹੋ ਗਿਆ ।”
ਤੰਗ ਦਰਵਾਜ਼ਾ
(ਮੱਤੀ 7:13-14,21-23)
22ਪ੍ਰਭੂ ਯਿਸੂ ਸ਼ਹਿਰ ਸ਼ਹਿਰ ਅਤੇ ਪਿੰਡ ਪਿੰਡ ਵਿੱਚ ਉਪਦੇਸ਼ ਦਿੰਦੇ ਹੋਏ ਯਰੂਸ਼ਲਮ ਵੱਲ ਜਾ ਰਹੇ ਸਨ । 23ਕਿਸੇ ਨੇ ਉਹਨਾਂ ਤੋਂ ਪੁੱਛਿਆ, “ਪ੍ਰਭੂ ਜੀ, ਕੀ ਥੋੜ੍ਹੇ ਹੀ ਲੋਕ ਮੁਕਤੀ ਪ੍ਰਾਪਤ ਕਰਨਗੇ ?” ਯਿਸੂ ਨੇ ਉੱਤਰ ਦਿੱਤਾ, 24“ਤੰਗ ਦਰਵਾਜ਼ੇ ਦੇ ਰਾਹੀਂ ਅੰਦਰ ਜਾਣ ਦੀ ਪੂਰੀ ਕੋਸ਼ਿਸ਼ ਕਰੋ । ਮੈਂ ਕਹਿੰਦਾ ਹਾਂ ਕਿ ਬਹੁਤ ਲੋਕ ਅੰਦਰ ਜਾਣ ਦੀ ਕੋਸ਼ਿਸ਼ ਕਰਨਗੇ ਪਰ ਉਹ ਅੰਦਰ ਨਹੀਂ ਜਾ ਸਕਣਗੇ ।
25“ਘਰ ਦਾ ਮਾਲਕ ਉੱਠ ਕੇ ਅੰਦਰੋਂ ਦਰਵਾਜ਼ਾ ਬੰਦ ਕਰ ਲਵੇਗਾ । ਤੁਸੀਂ ਬਾਹਰ ਖੜ੍ਹੇ ਹੋ ਕੇ ਦਰਵਾਜ਼ਾ ਖੜਕਾਓਗੇ ਅਤੇ ਉਸ ਨੂੰ ਆਵਾਜ਼ ਦੇਵੋਗੇ, ‘ਹੇ ਮਾਲਕ, ਸਾਡੇ ਲਈ ਦਰਵਾਜ਼ਾ ਖੋਲ੍ਹੋ’ ਪਰ ਉਹ ਅੰਦਰੋਂ ਉੱਤਰ ਦੇਵੇਗਾ, ‘ਮੈਂ ਤੁਹਾਨੂੰ ਨਹੀਂ ਜਾਣਦਾ ਕਿ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੋ ।’ 26ਫਿਰ ਤੁਸੀਂ ਕਹੋਗੇ, ‘ਅਸੀਂ ਤੁਹਾਡੇ ਨਾਲ ਖਾਧਾ ਪੀਤਾ, ਤੁਸੀਂ ਸਾਡੇ ਸ਼ਹਿਰਾਂ ਵਿੱਚ ਉਪਦੇਸ਼ ਦਿੱਤਾ’ 27#ਭਜਨ 6:8ਪਰ ਉਹ ਫਿਰ ਉੱਤਰ ਦੇਵੇਗਾ, ‘ਮੈਂ ਤੁਹਾਨੂੰ ਨਹੀਂ ਜਾਣਦਾ ਕਿ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੋ । ਹੇ ਬੁਰੇ ਕੰਮ ਕਰਨ ਵਾਲਿਓ, ਮੇਰੇ ਤੋਂ ਦੂਰ ਹੋ ਜਾਓ !’ 28#ਮੱਤੀ 8:11-12, 22:13, 25:30ਜਦੋਂ ਤੁਸੀਂ ਅਬਰਾਹਾਮ, ਇਸਹਾਕ, ਯਾਕੂਬ ਅਤੇ ਸਾਰੇ ਨਬੀਆਂ ਨੂੰ ਪਰਮੇਸ਼ਰ ਦੇ ਰਾਜ ਵਿੱਚ ਦੇਖੋਗੇ ਪਰ ਆਪਣੇ ਆਪ ਨੂੰ ਪਰਮੇਸ਼ਰ ਦੇ ਰਾਜ ਤੋਂ ਬਾਹਰ ਕੱਢਿਆ ਦੇਖੋਗੇ ਤਾਂ ਉਸ ਸਮੇਂ ਤੁਸੀਂ ਰੋਵੋਗੇ ਅਤੇ ਆਪਣੇ ਦੰਦ ਪੀਹੋਗੇ । 29ਲੋਕ ਉੱਤਰ ਅਤੇ ਦੱਖਣ ਤੋਂ, ਪੂਰਬ ਅਤੇ ਪੱਛਮ ਤੋਂ ਆ ਕੇ ਪਰਮੇਸ਼ਰ ਦੇ ਰਾਜ ਵਿੱਚ ਭੋਜਨ ਕਰਨ ਲਈ ਬੈਠਣਗੇ । 30#ਮੱਤੀ 19:30, 20:16, ਮਰ 10:31ਉਸ ਸਮੇਂ ਬਹੁਤ ਸਾਰੇ ਜਿਹੜੇ ਹੁਣ ਪਿੱਛੇ ਹਨ, ਅੱਗੇ ਹੋਣਗੇ ਅਤੇ ਜਿਹੜੇ ਹੁਣ ਅੱਗੇ ਹਨ, ਉਹ ਪਿੱਛੇ ਹੋਣਗੇ ।”
ਪ੍ਰਭੂ ਯਿਸੂ ਦਾ ਯਰੂਸ਼ਲਮ ਸ਼ਹਿਰ ਲਈ ਵਿਰਲਾਪ
(ਮੱਤੀ 23:37-39)
31ਉਸ ਸਮੇਂ ਕੁਝ ਫ਼ਰੀਸੀ ਪ੍ਰਭੂ ਯਿਸੂ ਦੇ ਕੋਲ ਆਏ ਅਤੇ ਉਹਨਾਂ ਨੂੰ ਕਹਿਣ ਲੱਗੇ, “ਤੁਸੀਂ ਕਿਤੇ ਹੋਰ ਚਲੇ ਜਾਓ ਕਿਉਂਕਿ ਹੇਰੋਦੇਸ ਰਾਜਾ ਤੁਹਾਨੂੰ ਜਾਨੋਂ ਮਾਰਨਾ ਚਾਹੁੰਦਾ ਹੈ ।” 32ਪ੍ਰਭੂ ਯਿਸੂ ਨੇ ਉੱਤਰ ਦਿੱਤਾ, “ਜਾ ਕੇ ਉਸ ਲੂੰਬੜ ਨੂੰ ਕਹਿ ਦਿਓ, ਮੈਂ ਅੱਜ ਅਤੇ ਕੱਲ੍ਹ ਅਸ਼ੁੱਧ ਆਤਮਾਵਾਂ ਨੂੰ ਕੱਢਾਂਗਾ ਅਤੇ ਬਿਮਾਰਾਂ ਨੂੰ ਚੰਗਾ ਕਰਾਂਗਾ । ਪਰਸੋਂ ਮੇਰਾ ਕੰਮ ਪੂਰਾ ਹੋ ਜਾਵੇਗਾ । 33ਪਰ ਅੱਜ, ਕੱਲ੍ਹ ਅਤੇ ਪਰਸੋਂ ਮੇਰੇ ਲਈ ਯਾਤਰਾ ਕਰਨੀ ਜ਼ਰੂਰੀ ਹੈ ਕਿਉਂਕਿ ਇਹ ਹੋ ਨਹੀਂ ਸਕਦਾ ਕਿ ਕੋਈ ਨਬੀ ਯਰੂਸ਼ਲਮ ਸ਼ਹਿਰ ਤੋਂ ਸਿਵਾਏ ਕਿਸੇ ਹੋਰ ਥਾਂ ਕਤਲ ਕੀਤਾ ਜਾਵੇ ।
34“ਹੇ ਯਰੂਸ਼ਲਮ, ਹੇ ਯਰੂਸ਼ਲਮ, ਤੂੰ ਨਬੀਆਂ ਨੂੰ ਕਤਲ ਕਰਦਾ ਹੈਂ । ਤੂੰ ਪਰਮੇਸ਼ਰ ਦੇ ਭੇਜੇ ਹੋਇਆਂ ਨੂੰ ਪੱਥਰਾਂ ਨਾਲ ਮਾਰ ਦਿੰਦਾ ਹੈਂ । ਕਿੰਨੀ ਵਾਰ ਮੈਂ ਚਾਹਿਆ ਕਿ ਜਿਸ ਤਰ੍ਹਾਂ ਕੁੱਕੜੀ ਆਪਣੇ ਚੂਚਿਆਂ ਨੂੰ ਆਪਣੇ ਖੰਭਾਂ ਹੇਠਾਂ ਇਕੱਠੇ ਕਰਦੀ ਹੈ, ਇਸੇ ਤਰ੍ਹਾਂ ਮੈਂ ਵੀ ਤੇਰੇ ਬੱਚਿਆਂ ਨੂੰ ਇਕੱਠੇ ਕਰਾਂ ਪਰ ਤੂੰ ਮੈਨੂੰ ਇਸ ਤਰ੍ਹਾਂ ਨਹੀਂ ਕਰਨ ਦਿੱਤਾ । 35#ਭਜਨ 118:26ਦੇਖੋ, ਤੁਹਾਡਾ ਘਰ ਤੁਹਾਡੇ ਲਈ ਵਿਰਾਨ ਕਰ ਦਿੱਤਾ ਗਿਆ ਹੈ । ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਕਿ ਤੁਸੀਂ ਮੈਨੂੰ ਉਸ ਸਮੇਂ ਤੱਕ ਨਹੀਂ ਦੇਖੋਗੇ, ਜਦੋਂ ਤੱਕ ਕਿ ਤੁਸੀਂ ਇਸ ਤਰ੍ਹਾਂ ਨਾ ਕਹੋਗੇ, ‘ਧੰਨ ਹੈ ਉਹ ਜਿਹੜਾ ਪ੍ਰਭੂ ਦੇ ਨਾਮ ਵਿੱਚ ਆਉਂਦਾ ਹੈ ।’”

目前選定:

ਲੂਕਾ 13: CL-NA

醒目顯示

分享

複製

None

想在你所有裝置上儲存你的醒目顯示?註冊帳戶或登入