ਲੂਕਾ 12
12
ਪਾਖੰਡ ਦੇ ਵਿਰੁੱਧ ਚਿਤਾਵਨੀ
(ਮੱਤੀ 10:26-27)
1 #
ਮੱਤੀ 16:6, ਮਰ 8:15 ਇੱਕ ਦਿਨ ਯਿਸੂ ਦੇ ਕੋਲ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਇਕੱਠੇ ਹੋ ਗਏ । ਭੀੜ ਇੰਨੀ ਸੀ ਕਿ ਲੋਕ ਇੱਕ ਦੂਜੇ ਉੱਤੇ ਡਿੱਗਦੇ ਪਏ ਸਨ । ਯਿਸੂ ਪਹਿਲਾਂ ਆਪਣੇ ਚੇਲਿਆਂ ਨੂੰ ਕਹਿਣ ਲੱਗੇ, “ਫ਼ਰੀਸੀਆਂ ਦੇ ਖ਼ਮੀਰ ਭਾਵ ਉਹਨਾਂ ਦੀਆਂ ਪਖੰਡੀ ਚਾਲਾਂ ਤੋਂ ਸਾਵਧਾਨ ਰਹੋ । 2#ਮਰ 4:22, ਲੂਕਾ 8:17ਅਜਿਹਾ ਕੁਝ ਨਹੀਂ ਹੈ ਜੋ ਬੰਦ ਹੈ ਅਤੇ ਖੋਲ੍ਹਿਆ ਨਾ ਜਾਵੇਗਾ, ਜੋ ਕੁਝ ਗੁਪਤ ਹੈ ਅਤੇ ਪ੍ਰਗਟ ਨਾ ਕੀਤਾ ਜਾਵੇਗਾ । 3ਜੋ ਕੁਝ ਤੁਸੀਂ ਹਨੇਰੇ ਵਿੱਚ ਕਿਹਾ ਹੈ, ਉਹ ਚਾਨਣ ਵਿੱਚ ਸੁਣਾਇਆ ਜਾਵੇਗਾ । ਜੋ ਤੁਸੀਂ ਕਮਰੇ ਦੇ ਅੰਦਰ ਕਿਸੇ ਦੇ ਕੰਨ ਵਿੱਚ ਕਿਹਾ ਹੈ, ਉਹ ਮਕਾਨ ਦੀ ਛੱਤ ਉੱਤੇ ਉੱਚੀ ਉੱਚੀ ਕਿਹਾ ਜਾਵੇਗਾ ।”
ਕਿਸ ਕੋਲੋਂ ਡਰਨਾ ਚਾਹੀਦਾ ਹੈ
(ਮੱਤੀ 10:28-31)
4“ਮੇਰੇ ਮਿੱਤਰੋ, ਮੈਂ ਤੁਹਾਨੂੰ ਕਹਿੰਦਾ ਹਾਂ ਕਿ ਉਹਨਾਂ ਤੋਂ ਨਾ ਡਰੋ ਜੋ ਕੇਵਲ ਸਰੀਰ ਨੂੰ ਹੀ ਮਾਰ ਸਕਦੇ ਹਨ ਪਰ ਇਸ ਤੋਂ ਵੱਧ ਹੋਰ ਕੁਝ ਨਹੀਂ ਕਰ ਸਕਦੇ । 5ਪਰ ਮੈਂ ਤੁਹਾਨੂੰ ਦੱਸਦਾ ਹਾਂ ਕਿ ਤੁਹਾਨੂੰ ਕਿਸ ਕੋਲੋਂ ਡਰਨਾ ਚਾਹੀਦਾ ਹੈ । ਪਰਮੇਸ਼ਰ ਕੋਲੋਂ ਡਰੋ, ਉਹ ਤੁਹਾਨੂੰ ਮਾਰਨ ਤੋਂ ਬਾਅਦ ਨਰਕ ਵਿੱਚ ਸੁੱਟਣ ਦਾ ਅਧਿਕਾਰ ਰੱਖਦੇ ਹਨ । ਇਸ ਲਈ ਮੈਂ ਤੁਹਾਨੂੰ ਕਹਿੰਦਾ ਹਾਂ, ਪਰਮੇਸ਼ਰ ਕੋਲੋਂ ਡਰੋ । 6ਕੀ ਦੋ ਪੈਸਿਆਂ ਦੀਆਂ ਪੰਜ ਚਿੜੀਆਂ ਨਹੀਂ ਵਿਕਦੀਆਂ ? ਫਿਰ ਵੀ ਪਰਮੇਸ਼ਰ ਉਹਨਾਂ ਚਿੜੀਆਂ ਵਿੱਚੋਂ ਹਰ ਇੱਕ ਦਾ ਧਿਆਨ ਰੱਖਦੇ ਹਨ । 7ਤੁਹਾਡੇ ਸਿਰ ਦੇ ਸਾਰੇ ਵਾਲ ਵੀ ਗਿਣੇ ਹੋਏ ਹਨ । ਇਸ ਲਈ ਡਰੋ ਨਹੀਂ, ਤੁਸੀਂ ਬਹੁਤ ਚਿੜੀਆਂ ਨਾਲੋਂ ਕਿਤੇ ਵੱਧ ਵਡਮੁੱਲੇ ਹੋ ।”
ਮਸੀਹ ਨੂੰ ਮੰਨਣਾ ਜਾਂ ਨਾ ਮੰਨਣਾ
(ਮੱਤੀ 10:32-33, 12:32, 10:19-20)
8“ਮੈਂ ਤੁਹਾਨੂੰ ਕਹਿੰਦਾ ਹਾਂ ਜਿਹੜਾ ਲੋਕਾਂ ਦੇ ਸਾਹਮਣੇ ਮੈਨੂੰ ਪ੍ਰਭੂ ਮੰਨਦਾ ਹੈ, ਉਸ ਨੂੰ ਮਨੁੱਖ ਦਾ ਪੁੱਤਰ ਵੀ ਪਰਮੇਸ਼ਰ ਦੇ ਸਵਰਗਦੂਤਾਂ ਦੇ ਸਾਹਮਣੇ ਆਪਣਾ ਕਰ ਕੇ ਮੰਨੇਗਾ । 9ਪਰ ਜਿਹੜਾ ਲੋਕਾਂ ਦੇ ਸਾਹਮਣੇ ਮੈਨੂੰ ਪ੍ਰਭੂ ਨਹੀਂ ਮੰਨਦਾ, ਉਸ ਨੂੰ ਮਨੁੱਖ ਦਾ ਪੁੱਤਰ ਵੀ ਪਰਮੇਸ਼ਰ ਦੇ ਸਵਰਗਦੂਤਾਂ ਦੇ ਸਾਹਮਣੇ ਆਪਣਾ ਕਰ ਕੇ ਨਹੀਂ ਮੰਨੇਗਾ ।
10 #
ਮੱਤੀ 12:32, ਮਰ 3:29 “ਜੇਕਰ ਕੋਈ ਮਨੁੱਖ ਦੇ ਪੁੱਤਰ ਦੇ ਵਿਰੁੱਧ ਕੁਝ ਕਹੇ ਤਾਂ ਉਸ ਨੂੰ ਮਾਫ਼ੀ ਮਿਲ ਸਕਦੀ ਹੈ । ਪਰ ਜਿਹੜਾ ਪਵਿੱਤਰ ਆਤਮਾ ਦੇ ਵਿਰੁੱਧ ਬੋਲਦਾ ਹੈ, ਉਸ ਨੂੰ ਕਦੀ ਮਾਫ਼ ਨਹੀਂ ਕੀਤਾ ਜਾਵੇਗਾ ।
11 #
ਮੱਤੀ 10:19-20, ਮਰ 13:11, ਲੂਕਾ 21:14-15 “ਜਦੋਂ ਲੋਕ ਤੁਹਾਨੂੰ ਫੜ ਕੇ ਪ੍ਰਾਰਥਨਾ ਘਰਾਂ ਵਿੱਚ ਜਾਂ ਪ੍ਰਬੰਧਕਾਂ ਜਾਂ ਅਧਿਕਾਰੀਆਂ ਦੇ ਸਾਹਮਣੇ ਪੇਸ਼ ਕਰਨ ਤਾਂ ਤੁਸੀਂ ਚਿੰਤਾ ਨਾ ਕਰਨਾ ਕਿ ਤੁਸੀਂ ਆਪਣੇ ਬਚਾਅ ਦੇ ਲਈ ਕੀ ਉੱਤਰ ਦੇਵੋਗੇ 12ਕਿਉਂਕਿ ਉਸ ਸਮੇਂ ਪਵਿੱਤਰ ਆਤਮਾ ਤੁਹਾਨੂੰ ਸਿਖਾ ਦੇਵੇਗਾ ਕਿ ਤੁਸੀਂ ਕੀ ਕਹਿਣਾ ਹੈ ।”
ਮੂਰਖ ਧਨਵਾਨ ਦਾ ਦ੍ਰਿਸ਼ਟਾਂਤ
13ਭੀੜ ਵਿੱਚੋਂ ਇੱਕ ਆਦਮੀ ਨੇ ਯਿਸੂ ਨੂੰ ਕਿਹਾ, “ਗੁਰੂ ਜੀ, ਮੇਰੇ ਭਰਾ ਨੂੰ ਕਹੋ ਕਿ ਉਹ ਮੇਰੇ ਨਾਲ ਸਾਡੇ ਪਿਤਾ ਵੱਲੋਂ ਮਿਲੀ ਜਾਇਦਾਦ ਨੂੰ ਵੰਡ ਲਵੇ ।” 14ਯਿਸੂ ਨੇ ਉੱਤਰ ਦਿੱਤਾ, “ਮਿੱਤਰ, ਕਿਸ ਨੇ ਮੈਨੂੰ ਤੁਹਾਡਾ ਪੰਚ ਜਾਂ ਤੁਹਾਡੀ ਜਾਇਦਾਦ ਵੰਡਣ ਵਾਲਾ ਨਿਯੁਕਤ ਕੀਤਾ ਹੈ ?” 15ਫਿਰ ਯਿਸੂ ਨੇ ਭੀੜ ਨੂੰ ਕਿਹਾ, “ਸੁਚੇਤ ਰਹੋ ! ਆਪਣੇ ਆਪ ਨੂੰ ਸਭ ਤਰ੍ਹਾਂ ਦੇ ਲੋਭ ਤੋਂ ਬਚਾਅ ਕੇ ਰੱਖੋ ਕਿਉਂਕਿ ਮਨੁੱਖ ਦਾ ਅਸਲੀ ਜੀਵਨ ਉਸ ਦੇ ਸੰਸਾਰਕ ਧਨ ਵਿੱਚ ਨਹੀਂ ਹੈ, ਭਾਵੇਂ ਉਸ ਦੇ ਕੋਲ ਕਿੰਨਾ ਵੀ ਧਨ ਕਿਉਂ ਨਾ ਹੋਵੇ ।” 16ਇਸ ਵਿਸ਼ੇ ਬਾਰੇ ਯਿਸੂ ਨੇ ਲੋਕਾਂ ਨੂੰ ਇੱਕ ਦ੍ਰਿਸ਼ਟਾਂਤ ਸੁਣਾਇਆ, “ਇੱਕ ਵਾਰ ਇੱਕ ਧਨੀ ਆਦਮੀ ਦੇ ਖੇਤਾਂ ਵਿੱਚ ਬਹੁਤ ਫ਼ਸਲ ਹੋਈ । 17ਉਹ ਆਦਮੀ ਆਪਣੇ ਮਨ ਵਿੱਚ ਸੋਚਣ ਲੱਗਾ, ‘ਮੈਂ ਕੀ ਕਰਾਂ ? ਮੇਰੇ ਕੋਲ ਆਪਣੀ ਫ਼ਸਲ ਨੂੰ ਰੱਖਣ ਲਈ ਥਾਂ ਨਹੀਂ ਹੈ ।’ 18ਫਿਰ ਉਸ ਨੇ ਆਪਣੇ ਆਪ ਨੂੰ ਕਿਹਾ, ‘ਮੈਂ ਆਪਣੇ ਅਨਾਜ ਰੱਖਣ ਵਾਲੇ ਗੋਦਾਮਾਂ ਨੂੰ ਢਾਹ ਦੇਵਾਂਗਾ ਅਤੇ ਉਹਨਾਂ ਤੋਂ ਵੀ ਵੱਡੇ ਗੋਦਾਮ ਬਣਾਵਾਂਗਾ । ਫਿਰ ਮੈਂ ਆਪਣਾ ਸਾਰਾ ਅਨਾਜ ਅਤੇ ਮਾਲ ਉਹਨਾਂ ਵਿੱਚ ਰੱਖਾਂਗਾ । 19ਅਤੇ ਮੈਂ ਆਪਣੀ ਜਾਨ ਨੂੰ ਕਹਾਂਗਾ, ਹੇ ਮੇਰੀ ਜਾਨ, ਤੇਰੇ ਕੋਲ ਬਹੁਤ ਸਾਲਾਂ ਲਈ ਅਨਾਜ ਅਤੇ ਮਾਲ ਹੈ । ਤੂੰ ਅਰਾਮ ਕਰ, ਖਾ ਪੀ ਅਤੇ ਐਸ਼ ਕਰ ।’ 20ਪਰ ਪਰਮੇਸ਼ਰ ਨੇ ਉਸ ਆਦਮੀ ਨੂੰ ਕਿਹਾ, ‘ਹੇ ਮੂਰਖ ਆਦਮੀ ! ਅੱਜ ਰਾਤ ਨੂੰ ਹੀ ਤੇਰੀ ਜਾਨ ਤੇਰੇ ਕੋਲੋਂ ਲੈ ਲਈ ਜਾਵੇਗੀ ਤਾਂ ਫਿਰ ਇਹ ਸਭ ਕੁਝ ਜੋ ਤੂੰ ਜੋੜਿਆ ਹੈ, ਕਿਸ ਦਾ ਹੋਵੇਗਾ ?’” 21ਅੰਤ ਵਿੱਚ ਯਿਸੂ ਨੇ ਕਿਹਾ, “ਇਹ ਹੀ ਹਾਲ ਉਹਨਾਂ ਸਭਨਾਂ ਦਾ ਹੈ ਜਿਹੜੇ ਆਪਣੇ ਲਈ ਸੰਸਾਰਕ ਧਨ ਇਕੱਠਾ ਕਰਦੇ ਹਨ ਪਰ ਉਹ ਪਰਮੇਸ਼ਰ ਦੀਆਂ ਨਜ਼ਰਾਂ ਵਿੱਚ ਧਨੀ ਨਹੀਂ ਹਨ ।”
ਪਰਮੇਸ਼ਰ ਉੱਤੇ ਭਰੋਸਾ ਰੱਖਣਾ
(ਮੱਤੀ 6:25-34)
22ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ, “ਮੈਂ ਤੁਹਾਨੂੰ ਕਹਿੰਦਾ ਹਾਂ ਕਿ ਤੁਸੀਂ ਆਪਣੇ ਜੀਵਨ ਅਤੇ ਸਰੀਰ ਦੇ ਲਈ ਚਿੰਤਾ ਨਾ ਕਰੋ ਕਿ ਅਸੀਂ ਕੀ ਖਾਵਾਂਗੇ ਜਾਂ ਕੀ ਪਾਵਾਂਗੇ, 23ਕਿਉਂਕਿ ਜੀਵਨ ਦਾ ਮੁੱਲ ਭੋਜਨ ਨਾਲੋਂ ਅਤੇ ਸਰੀਰ ਦਾ ਮੁੱਲ ਕੱਪੜੇ ਨਾਲੋਂ ਵੱਧ ਹੈ । 24ਕਾਂਵਾਂ ਨੂੰ ਦੇਖੋ, ਉਹ ਨਾ ਬੀਜਦੇ ਨਾ ਹੀ ਫ਼ਸਲ ਕੱਟਦੇ ਹਨ, ਉਹਨਾਂ ਕੋਲ ਨਾ ਗੋਦਾਮ ਅਤੇ ਨਾ ਕੋਠੇ ਹਨ । ਪਰ ਫਿਰ ਵੀ ਪਰਮੇਸ਼ਰ ਉਹਨਾਂ ਨੂੰ ਖਾਣ ਲਈ ਦਿੰਦੇ ਹਨ । ਤੁਸੀਂ ਪੰਛੀਆਂ ਨਾਲੋਂ ਕਿਤੇ ਵੱਧ ਵਡਮੁੱਲੇ ਹੋ । 25ਤੁਹਾਡੇ ਵਿੱਚੋਂ ਕੌਣ ਹੈ ਜਿਹੜਾ ਚਿੰਤਾ ਕਰ ਕੇ ਆਪਣੀ ਉਮਰ ਵਿੱਚ ਇੱਕ ਦਿਨ ਦਾ ਵੀ ਵਾਧਾ ਕਰ ਸਕਦਾ ਹੈ ? 26ਫਿਰ ਜੇਕਰ ਤੁਸੀਂ ਇੰਨਾ ਛੋਟਾ ਜਿਹਾ ਕੰਮ ਨਹੀਂ ਕਰ ਸਕਦੇ ਤਾਂ ਬਾਕੀ ਕੰਮਾਂ ਲਈ ਚਿੰਤਾ ਕਿਉਂ ਕਰਦੇ ਹੋ ?
27 #
1 ਰਾਜਾ 10:4-7, 2 ਇਤਿ 9:3-6 “ਜੰਗਲੀ ਫੁੱਲਾਂ ਨੂੰ ਦੇਖੋ ਕਿ ਉਹ ਕਿਸ ਤਰ੍ਹਾਂ ਵਧਦੇ ਹਨ, ਉਹ ਨਾ ਮਿਹਨਤ ਕਰਦੇ ਹਨ, ਨਾ ਬੁਣਦੇ ਹਨ । ਮੈਂ ਤੁਹਾਨੂੰ ਦੱਸਦਾ ਹਾਂ ਕਿ ਸੁਲੇਮਾਨ ਭਾਵੇਂ ਬਹੁਤ ਸ਼ਾਨ ਵਾਲਾ ਰਾਜਾ ਸੀ ਪਰ ਫਿਰ ਵੀ ਉਸ ਦੇ ਵਸਤਰ ਉਹਨਾਂ ਫੁੱਲਾਂ ਨਾਲੋਂ ਵੱਧ ਸੁੰਦਰ ਨਹੀਂ ਸਨ । 28ਜੇਕਰ ਪਰਮੇਸ਼ਰ ਇਸ ਘਾਹ ਨੂੰ ਜਿਹੜਾ ਅੱਜ ਮੈਦਾਨ ਵਿੱਚ ਹੈ ਅਤੇ ਕੱਲ੍ਹ ਭੱਠੀ ਵਿੱਚ ਝੋਕਿਆ ਜਾਵੇਗਾ, ਇਸ ਤਰ੍ਹਾਂ ਸਜਾਉਂਦੇ ਹਨ ਤਾਂ ਉਹ ਤੁਹਾਨੂੰ ਪਹਿਨਣ ਲਈ ਕਿਉਂ ਨਾ ਦੇਣਗੇ ? ਤੁਹਾਡਾ ਵਿਸ਼ਵਾਸ ਕਿੰਨਾ ਘੱਟ ਹੈ ! 29ਖਾਣ ਪੀਣ ਦੀਆਂ ਚੀਜ਼ਾਂ ਦੀ ਭਾਲ ਵਿੱਚ ਨਾ ਰਹੋ ਅਤੇ ਨਾ ਹੀ ਉਹਨਾਂ ਦੇ ਲਈ ਪਰੇਸ਼ਾਨ ਹੋਵੋ । 30ਸੰਸਾਰ ਦੇ ਦੂਜੇ ਲੋਕ ਇਹਨਾਂ ਚੀਜ਼ਾਂ ਦੀ ਭਾਲ ਵਿੱਚ ਰਹਿੰਦੇ ਹਨ ਪਰ ਤੁਹਾਡੇ ਸਵਰਗੀ ਪਿਤਾ ਜਾਣਦੇ ਹਨ ਕਿ ਤੁਹਾਨੂੰ ਇਹਨਾਂ ਚੀਜ਼ਾਂ ਦੀ ਲੋੜ ਹੈ । 31ਇਸ ਲਈ ਤੁਸੀਂ ਆਪਣੇ ਜੀਵਨ ਵਿੱਚ ਪਹਿਲਾਂ ਪਰਮੇਸ਼ਰ ਦੇ ਰਾਜ ਦੀ ਖੋਜ ਕਰੋ ਅਤੇ ਇਹ ਚੀਜ਼ਾਂ ਪਰਮੇਸ਼ਰ ਆਪ ਹੀ ਤੁਹਾਨੂੰ ਦੇਣਗੇ ।”
ਸਵਰਗ ਵਿੱਚ ਧਨ
(ਮੱਤੀ 6:19-21)
32“ਹੇ ਛੋਟੇ ਝੁੰਡ, ਨਾ ਡਰ ਕਿਉਂਕਿ ਤੁਹਾਡੇ ਸਵਰਗੀ ਪਿਤਾ ਨੂੰ ਇਹ ਚੰਗਾ ਲੱਗਾ ਕਿ ਉਹ ਤੁਹਾਨੂੰ ਰਾਜ ਦੇਣ । 33ਆਪਣਾ ਸਭ ਕੁਝ ਵੇਚ ਦਿਓ ਅਤੇ ਗਰੀਬਾਂ ਨੂੰ ਦਾਨ ਦੇ ਦਿਓ । ਆਪਣੇ ਲਈ ਅਜਿਹੇ ਬਟੂਏ ਬਣਾਓ ਜਿਹੜੇ ਪੁਰਾਣੇ ਨਹੀਂ ਹੁੰਦੇ । ਆਪਣਾ ਧਨ ਸਵਰਗ ਵਿੱਚ ਇਕੱਠਾ ਕਰੋ, ਜਿੱਥੇ ਉਹ ਘੱਟਦਾ ਨਹੀਂ ਕਿਉਂਕਿ ਉੱਥੇ ਨਾ ਹੀ ਚੋਰ ਨੇੜੇ ਆਉਂਦਾ ਹੈ ਅਤੇ ਨਾ ਉਸ ਨੂੰ ਕੀੜਾ ਲੱਗਦਾ ਹੈ । 34ਕਿਉਂਕਿ ਜਿੱਥੇ ਤੁਹਾਡਾ ਧਨ ਹੋਵੇਗਾ, ਉੱਥੇ ਤੁਹਾਡਾ ਦਿਲ ਵੀ ਲੱਗਾ ਰਹੇਗਾ ।”
ਚੌਕਸ ਸੇਵਕ
35 #
ਮੱਤੀ 25:1-13
“ਹਰ ਸਮੇਂ ਤਿਆਰ ਰਹੋ । ਆਪਣੇ ਦੀਵੇ ਬਲਦੇ ਰੱਖੋ । 36#ਮਰ 13:34-36ਉਹਨਾਂ ਸੇਵਕਾਂ ਦੀ ਤਰ੍ਹਾਂ ਤਿਆਰ ਰਹੋ ਜਿਹੜੇ ਆਪਣੇ ਮਾਲਕ ਦੇ ਵਿਆਹ ਭੋਜ ਤੋਂ ਵਾਪਸ ਆਉਣ ਦੀ ਉਡੀਕ ਵਿੱਚ ਹਨ ਕਿ ਉਹ ਕਦੋਂ ਆਵੇ ਅਤੇ ਘਰ ਦਾ ਕੁੰਡਾ ਖੜਕਾਵੇ ਅਤੇ ਉਹ ਇਕਦਮ ਉਸ ਦੇ ਅੰਦਰ ਆਉਣ ਲਈ ਦਰਵਾਜ਼ਾ ਖੋਲ੍ਹਣ । 37ਧੰਨ ਉਹ ਸੇਵਕ ਹਨ ਜਿਹਨਾਂ ਦਾ ਮਾਲਕ ਆ ਕੇ ਉਹਨਾਂ ਨੂੰ ਜਾਗਦੇ ਅਤੇ ਤਿਆਰ ਦੇਖਦਾ ਹੈ । ਮੈਂ ਤੁਹਾਨੂੰ ਸੱਚ ਕਹਿੰਦਾ ਹਾਂ, ਮਾਲਕ ਆਪ ਸੇਵਾ ਕਰਨ ਲਈ ਤਿਆਰ ਹੋਵੇਗਾ, ਉਹ ਸੇਵਕਾਂ ਨੂੰ ਬਿਠਾਵੇਗਾ ਅਤੇ ਉਹਨਾਂ ਦੀ ਸੇਵਾ ਕਰੇਗਾ । 38ਧੰਨ ਹਨ ਉਹ ਸੇਵਕ, ਜੇਕਰ ਉਹਨਾਂ ਦਾ ਮਾਲਕ ਉਹਨਾਂ ਨੂੰ ਇਸੇ ਤਰ੍ਹਾਂ ਤਿਆਰ ਅਤੇ ਜਾਗਦੇ ਦੇਖੇ, ਭਾਵੇਂ ਉਹ ਰਾਤ ਦੇ ਦੂਜੇ ਜਾਂ ਤੀਜੇ ਪਹਿਰ#12:38 ਰਾਤ ਦੇ ਨੌਂ ਜਾਂ ਬਾਰ੍ਹਾਂ ਵਜੇ ਵੀ ਕਿਉਂ ਨਾ ਵਾਪਸ ਆਵੇ । 39#ਮੱਤੀ 24:43-44ਤੁਸੀਂ ਇਹ ਜਾਣ ਰੱਖੋ ਕਿ ਜੇਕਰ ਘਰ ਦੇ ਮਾਲਕ ਨੂੰ ਇਹ ਪਤਾ ਹੁੰਦਾ ਕਿ ਚੋਰ ਨੇ ਕਿਸ ਸਮੇਂ ਆਉਣਾ ਹੈ ਤਾਂ ਉਹ ਆਪਣੇ ਘਰ ਚੋਰੀ ਨਾ ਹੋਣ ਦਿੰਦਾ । 40ਤੁਸੀਂ ਵੀ ਹਰ ਸਮੇਂ ਤਿਆਰ ਰਹੋ ਕਿਉਂਕਿ ਜਿਸ ਘੜੀ ਦੇ ਬਾਰੇ ਤੁਸੀਂ ਸੋਚਿਆ ਵੀ ਨਹੀਂ, ਮਨੁੱਖ ਦਾ ਪੁੱਤਰ ਉਸੇ ਘੜੀ ਆ ਜਾਵੇਗਾ ।”
ਇਮਾਨਦਾਰ ਜਾਂ ਬੇਈਮਾਨ ਸੇਵਕ
(ਮੱਤੀ 24:45-51)
41ਪਤਰਸ ਨੇ ਪੁੱਛਿਆ, “ਪ੍ਰਭੂ ਜੀ, ਕੀ ਇਹ ਦ੍ਰਿਸ਼ਟਾਂਤ ਸਾਡੇ ਲਈ ਹੈ ਜਾਂ ਸਾਰੇ ਲੋਕਾਂ ਦੇ ਲਈ ਹੈ ?” 42ਯਿਸੂ ਨੇ ਕਿਹਾ, “ਇਮਾਨਦਾਰ ਅਤੇ ਸਮਝਦਾਰ ਪ੍ਰਬੰਧਕ ਕੌਣ ਹੈ ? ਉਹ ਉਸ ਸੇਵਕ ਵਰਗਾ ਹੈ ਜਿਸ ਨੂੰ ਉਸ ਦਾ ਮਾਲਕ ਆਪਣੇ ਘਰ ਦਾ ਕਾਰੋਬਾਰ ਚਲਾਉਣ ਅਤੇ ਦੂਜੇ ਸੇਵਕਾਂ ਨੂੰ ਠੀਕ ਸਮੇਂ ਭੋਜਨ ਦੇਣ ਦੇ ਲਈ ਨਿਯੁਕਤ ਕਰੇ । 43ਧੰਨ ਹੈ ਉਹ ਸੇਵਕ, ਜਿਸ ਨੂੰ ਉਸ ਦਾ ਮਾਲਕ ਆਪਣੇ ਵਾਪਸ ਆਉਣ ਤੇ ਇਸੇ ਤਰ੍ਹਾਂ ਠੀਕ ਕੰਮ ਕਰਦਾ ਦੇਖੇ । 44ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਕਿ ਮਾਲਕ ਉਸ ਸੇਵਕ ਨੂੰ ਆਪਣੀ ਸਾਰੀ ਸੰਪਤੀ ਉੱਤੇ ਅਧਿਕਾਰੀ ਨਿਯੁਕਤ ਕਰੇਗਾ । 45ਪਰ ਜੇਕਰ ਉਹ ਸੇਵਕ ਆਪਣੇ ਦਿਲ ਵਿੱਚ ਇਹ ਸੋਚੇ ਕਿ ‘ਮੇਰਾ ਮਾਲਕ ਅਜੇ ਕੁਝ ਦਿਨਾਂ ਤੱਕ ਨਹੀਂ ਆਵੇਗਾ,’ ਅਤੇ ਉਹ ਦੂਜੇ ਆਦਮੀ ਅਤੇ ਔਰਤ ਸੇਵਕਾਂ ਨੂੰ ਮਾਰਨਾ ਸ਼ੁਰੂ ਕਰ ਦੇਵੇ ਅਤੇ ਆਪ ਖਾ ਪੀ ਕੇ ਨਸ਼ੇ ਵਿੱਚ ਰਹਿਣ ਲੱਗੇ 46ਤਾਂ ਉਸ ਦਾ ਮਾਲਕ ਅਜਿਹੇ ਦਿਨ ਮੁੜ ਆਵੇਗਾ ਜਿਸ ਦੇ ਬਾਰੇ ਉਸ ਨੇ ਸੋਚਿਆ ਵੀ ਨਹੀਂ ਸੀ । ਮਾਲਕ ਉਸ ਸੇਵਕ ਦੇ ਟੁਕੜੇ ਟੁਕੜੇ ਕਰ ਦੇਵੇਗਾ ਅਤੇ ਉਸ ਨੂੰ ਉਹ ਹੀ ਸਜ਼ਾ ਦੇਵੇਗਾ ਜਿਹੜੀ ਬੇਈਮਾਨਾਂ ਨੂੰ ਮਿਲਦੀ ਹੈ ।
47“ਜਿਹੜਾ ਸੇਵਕ ਆਪਣੇ ਮਾਲਕ ਦੀ ਇੱਛਾ ਜਾਣਦੇ ਹੋਏ ਵੀ ਤਿਆਰ ਨਹੀਂ ਰਿਹਾ ਅਤੇ ਮਾਲਕ ਦੀ ਇੱਛਾ ਅਨੁਸਾਰ ਕੰਮ ਨਹੀਂ ਕੀਤਾ, ਉਸ ਸੇਵਕ ਨੂੰ ਬਹੁਤ ਕੋਰੜੇ ਮਾਰੇ ਜਾਣਗੇ 48ਪਰ ਜਿਸ ਸੇਵਕ ਨੇ ਅਣਜਾਣੇ ਹੀ ਮਾਰ ਖਾਣ ਵਾਲਾ ਕੰਮ ਕੀਤਾ ਹੈ, ਉਸ ਨੂੰ ਥੋੜ੍ਹੇ ਕੋਰੜੇ ਪੈਣਗੇ । ਜਿਸ ਨੂੰ ਬਹੁਤ ਦਿੱਤਾ ਗਿਆ ਹੈ, ਉਸ ਤੋਂ ਬਹੁਤ ਮੰਗਿਆ ਜਾਵੇਗਾ, ਜਿਸ ਨੂੰ ਬਹੁਤ ਸੌਂਪਿਆ ਗਿਆ ਹੈ, ਉਸ ਤੋਂ ਬਹੁਤ ਦਾ ਹਿਸਾਬ ਲਿਆ ਜਾਵੇਗਾ ।”
ਪ੍ਰਭੂ ਯਿਸੂ ਫੁੱਟ ਦਾ ਕਾਰਨ
(ਮੱਤੀ 10:34-36)
49“ਮੈਂ ਧਰਤੀ ਉੱਤੇ ਅੱਗ ਲਾਉਣ ਆਇਆ ਹਾਂ । ਚੰਗਾ ਹੁੰਦਾ ਕਿ ਇਹ ਅੱਗ ਹੁਣ ਤੱਕ ਭੜਕ ਉੱਠਦੀ । 50#ਮਰ 10:38ਮੈਂ ਇੱਕ ਦੁੱਖਾਂ ਦਾ ਬਪਤਿਸਮਾ ਲੈਣਾ ਹੈ ਅਤੇ ਜਦੋਂ ਤੱਕ ਮੈਂ ਲੈ ਨਾ ਲਵਾਂ ਤਦ ਤੱਕ ਮੈਂ ਕਿੰਨਾ ਦੁਖੀ ਰਹਾਂਗਾ ! 51ਕੀ ਤੁਸੀਂ ਸਮਝਦੇ ਹੋ ਕਿ ਮੈਂ ਧਰਤੀ ਉੱਤੇ ਸ਼ਾਂਤੀ ਲੈ ਕੇ ਆਇਆ ਹਾਂ ? ਨਹੀਂ, ਮੈਂ ਸ਼ਾਂਤੀ ਨਹੀਂ ਸਗੋਂ ਫੁੱਟ ਲੈ ਕੇ ਆਇਆ ਹਾਂ । 52ਜਿਸ ਪਰਿਵਾਰ ਵਿੱਚ ਪੰਜ ਜਣੇ ਹਨ, ਉਹਨਾਂ ਵਿੱਚ ਫੁੱਟ ਹੋਵੇਗੀ, ਤਿੰਨ ਦੋਨਾਂ ਦੇ ਵਿਰੁੱਧ ਅਤੇ ਦੋ ਤਿੰਨਾਂ ਦੇ ਵਿਰੁੱਧ । 53#ਮੀਕਾ 7:6ਪਿਤਾ ਪੁੱਤਰ ਦਾ ਵਿਰੋਧ ਕਰੇਗਾ ਅਤੇ ਪੁੱਤਰ ਪਿਤਾ ਦਾ । ਮਾਂ ਬੇਟੀ ਦਾ ਵਿਰੋਧ ਕਰੇਗੀ ਅਤੇ ਬੇਟੀ ਮਾਂ ਦਾ । ਸੱਸ ਨੂੰਹ ਦਾ ਵਿਰੋਧ ਕਰੇਗੀ ਅਤੇ ਨੂੰਹ ਸੱਸ ਦਾ ।”
ਸਮੇਂ ਦੀ ਪਛਾਣ
(ਮੱਤੀ 16:2-3)
54ਯਿਸੂ ਨੇ ਭੀੜ ਦੇ ਲੋਕਾਂ ਨੂੰ ਕਿਹਾ, “ਜਦੋਂ ਤੁਸੀਂ ਪੱਛਮ ਵੱਲੋਂ ਬੱਦਲ ਉੱਠਦੇ ਦੇਖਦੇ ਹੋ ਤਾਂ ਤੁਸੀਂ ਕਹਿੰਦੇ ਹੋ, ਮੀਂਹ ਪਵੇਗਾ ਅਤੇ ਮੀਂਹ ਪੈਂਦਾ ਹੈ । 55ਇਸੇ ਤਰ੍ਹਾਂ ਜਦੋਂ ਹਵਾ ਦੱਖਣ ਵੱਲੋਂ ਆਉਂਦੀ ਹੈ ਤਾਂ ਤੁਸੀਂ ਕਹਿੰਦੇ ਹੋ ਲੂ ਚੱਲੇਗੀ ਅਤੇ ਇਸੇ ਤਰ੍ਹਾਂ ਹੁੰਦਾ ਹੈ । 56ਪਖੰਡੀਓ ! ਤੁਸੀਂ ਧਰਤੀ ਅਤੇ ਅਕਾਸ਼ ਨੂੰ ਦੇਖ ਕੇ ਤਾਂ ਸਮਝ ਜਾਂਦੇ ਹੋ ਕਿ ਕੀ ਹੋਵੇਗਾ ਪਰ ਤੁਸੀਂ ਇਸ ਸਮੇਂ ਦਾ ਅਰਥ ਕਿਉਂ ਨਹੀਂ ਸਮਝਦੇ ?”
ਵਿਰੋਧੀ ਨਾਲ ਸਮਝੌਤਾ
(ਮੱਤੀ 5:25-26)
57“ਤੁਸੀਂ ਆਪ ਹੀ ਫ਼ੈਸਲਾ ਕਿਉਂ ਨਹੀਂ ਕਰ ਲੈਂਦੇ ਕਿ ਸਹੀ ਕੀ ਹੈ ? 58ਜੇਕਰ ਤੇਰਾ ਵਿਰੋਧੀ ਤੇਰੇ ਉੱਤੇ ਮੁਕੱਦਮਾ ਕਰਨਾ ਚਾਹੇ ਅਤੇ ਤੈਨੂੰ ਅਦਾਲਤ ਵਿੱਚ ਲੈ ਜਾਣਾ ਚਾਹੇ ਤਾਂ ਤੂੰ ਉਸ ਨਾਲ ਰਾਹ ਵਿੱਚ ਹੀ ਸਮਝੌਤਾ ਕਰਨ ਦੀ ਕੋਸ਼ਿਸ਼ ਕਰ, ਨਹੀਂ ਤਾਂ ਉਹ ਤੈਨੂੰ ਜੱਜ ਕੋਲ ਲੈ ਜਾਵੇਗਾ । ਜੱਜ ਤੈਨੂੰ ਪੁਲਿਸ ਦੇ ਹੱਥਾਂ ਵਿੱਚ ਸੌਂਪੇਗਾ ਅਤੇ ਪੁਲਿਸ ਤੈਨੂੰ ਜੇਲ੍ਹ ਵਿੱਚ ਬੰਦ ਕਰ ਦੇਵੇਗੀ । 59ਮੈਂ ਤੈਨੂੰ ਸੱਚ ਕਹਿੰਦਾ ਹਾਂ ਕਿ ਜਦੋਂ ਤੱਕ ਤੂੰ ਜੁਰਮਾਨੇ ਦਾ ਪੈਸਾ ਨਾ ਭਰ ਦੇਵੇਂਗਾ, ਤੂੰ ਜੇਲ੍ਹ ਤੋਂ ਛੁੱਟ ਨਹੀਂ ਸਕੇਂਗਾ ।”
Punjabi Common Language (North American Version):
Text © 2021 Canadian Bible Society and Bible Society of India