ਉਤਪਤ 12

12
ਪਰਮੇਸ਼ੁਰ ਦਾ ਅਬਰਾਮ ਨੂੰ ਸੱਦਾ
1ਯਹੋਵਾਹ ਨੇ ਅਬਰਾਮ ਨੂੰ ਆਖਿਆ, “ਆਪਣਾ ਦੇਸ਼ ਅਤੇ ਆਪਣੇ ਲੋਕਾਂ ਨੂੰ ਛੱਡ ਦੇ। ਆਪਣੇ ਪਿਤਾ ਦਾ ਟੱਬਰ ਛੱਡ ਦੇ, ਅਤੇ ਉਸ ਧਰਤੀ ਤੇ ਜਾਹ ਜਿਹੜੀ ਮੈਂ ਤੈਨੂੰ ਦਿਖਾਵਾਂਗਾ।
2“ਮੈਂ ਤੇਰੇ ਵਿੱਚੋਂ ਇੱਕ ਮਹਾਨ ਕੌਮ ਉਸਾਰਾਂਗਾ।
ਮੈਂ ਤੈਨੂੰ ਅਸੀਸ ਦੇਵਾਂਗਾ
ਅਤੇ ਤੇਰਾ ਨਾਮ ਮਸ਼ਹੂਰ ਕਰ ਦਿਆਂਗਾ।
ਲੋਕੀਂ ਤੇਰਾ ਨਾਮ ਹੋਰਨਾਂ ਲੋਕਾਂ ਨੂੰ ਅਸੀਸ
ਦੇਣ ਲਈ ਵਰਤਣਗੇ।
3ਮੈਂ ਉਨ੍ਹਾਂ ਲੋਕਾਂ ਨੂੰ ਅਸੀਸ ਦੇਵਾਂਗਾ ਜਿਹੜੇ ਤੈਨੂੰ ਅਸੀਸ ਦੇਣਗੇ,
ਅਤੇ ਮੈਂ ਉਨ੍ਹਾਂ ਲੋਕਾਂ ਨੂੰ ਸਰਾਪ ਦੇਵਾਂਗਾ ਜਿਹੜੇ ਤੈਨੂੰ ਸਰਾਪ ਦੇਣਗੇ।
ਮੈਂ ਧਰਤੀ ਦੇ ਸਮੂਹ ਲੋਕਾਂ ਨੂੰ ਅਸੀਸ ਦੇਣ
ਲਈ ਤੇਰੇ ਨਾਮ ਦੀ ਵਰਤੋਂ ਕਰਾਂਗਾ।”
ਅਬਰਾਮ ਕਨਾਨ ਜਾਂਦਾ ਹੈ
4ਇਸ ਲਈ ਅਬਰਾਮ ਨੇ ਹਾਰਾਨ ਛੱਡ ਦਿੱਤਾ ਜਿਵੇਂ ਕਿ ਯਹੋਵਾਹ ਨੇ ਆਖਿਆ ਸੀ। ਅਤੇ ਲੂਤ ਉਸ ਦੇ ਨਾਲ ਚੱਲਾ ਗਿਆ। ਅਬਰਾਮ 75 ਵਰ੍ਹਿਆਂ ਦਾ ਸੀ, ਜਦੋਂ ਉਸ ਨੇ ਹਾਰਾਨ ਛੱਡਿਆ। 5ਅਬਰਾਮ ਨੇ ਆਪਣੇ ਨਾਲ ਆਪਣੀ ਪਤਨੀ ਸਾਰਈ, ਆਪਣੇ ਭਤੀਜੇ ਲੂਤ, ਸਾਰੇ ਗੁਲਾਮਾਂ ਅਤੇ ਉਨ੍ਹਾਂ ਸਾਰੀਆਂ ਚੀਜ਼ਾਂ ਨੂੰ ਲੈ ਲਿਆ ਜਿਹੜੀਆਂ ਉਸ ਨੇ ਹਾਰਾਨ ਵਿੱਚ ਹਾਸਿਲ ਕੀਤੀਆਂ ਸਨ। ਫ਼ੇਰ ਅਬਰਾਮ ਅਤੇ ਉਸ ਦਾ ਸਮੂਹ ਕਨਾਨ ਦੀ ਧਰਤੀ ਵੱਲ ਤੁਰ ਪਿਆ। 6ਅਬਰਾਮ ਕਨਾਨ ਦੀ ਧਰਤੀ ਵਿੱਚੋਂ ਲੰਘਦਾ ਹੋਇਆ ਸ਼ਕਮ ਦੇ ਸ਼ਹਿਰ ਤੀਕ ਚੱਲਿਆ ਗਿਆ ਅਤੇ ਫ਼ੇਰ ਮੋਹਰ ਵਿਖੇ ਵੱਡੇ ਰੁੱਖ ਕੋਲ ਚੱਲਾ ਗਿਆ। ਉਸ ਸਮੇਂ ਉਸ ਸਥਾਨ ਉੱਤੇ ਕਨਾਨੀ ਲੋਕ ਰਹਿੰਦੇ ਸਨ।
7ਯਹੋਵਾਹ ਨੇ ਅਬਰਾਮ ਨੂੰ ਦਰਸ਼ਣ ਦਿੱਤਾ। ਯਹੋਵਾਹ ਨੇ ਆਖਿਆ, “ਮੈਂ ਇਹ ਧਰਤੀ ਤੇਰੇ ਉੱਤਰਾਧਿਕਾਰੀ ਨੂੰ ਦੇਵਾਂਗਾ।”
ਯਹੋਵਾਹ ਨੇ ਉਸ ਥਾਂ ਉੱਤੇ ਅਬਰਾਮ ਨੂੰ ਦੀਦਾਰ ਦਿੱਤਾ। ਇਸ ਲਈ ਅਬਰਾਮ ਨੇ ਉੱਥੇ ਯਹੋਵਾਹ ਦੀ ਉਪਾਸਨਾ ਲਈ ਜਗਵੇਦੀ ਬਣਾਈ। 8ਫ਼ੇਰ ਅਬਰਾਮ ਉਹ ਥਾਂ ਛੱਡ ਕੇ ਬੈਤਏਲ ਦੇ ਪੂਰਬ ਵੱਲ ਪਹਾੜੀਆਂ ਨੂੰ ਚੱਲਾ ਗਿਆ। ਅਬਰਾਮ ਨੇ ਓੱਥੇ ਆਪਣਾ ਤੰਬੂ ਲਾ ਲਿਆ। ਬੈਤਏਲ ਪੱਛਮ ਵੱਲ ਅਤੇ ਅਈ ਪੂਰਬ ਵੱਲ ਸੀ। ਉਸ ਥਾਵੇਂ, ਅਬਰਾਮ ਨੇ ਯਹੋਵਾਹ ਲਈ ਇੱਕ ਹੋਰ ਜਗਵੇਦੀ ਬਣਾਈ ਅਤੇ ਅਬਰਾਮ ਨੇ ਉੱਥੇ ਯਹੋਵਾਹ ਦੀ ਉਪਾਸਨਾ ਕੀਤੀ। 9ਇਸ ਤੋਂ ਮਗਰੋਂ, ਅਬਰਾਮ ਇੱਕ ਵਾਰੀ ਫ਼ੇਰ ਆਪਣੇ ਸਫ਼ਰ ਤੇ ਨਿਕਲ ਪਿਆ। ਉਹ ਨੇਜੇਵ ਵੱਲ ਚੱਲਾ ਗਿਆ।
ਅਬਰਾਮ ਮਿਸਰ ਵਿੱਚ
10ਇਸ ਸਮੇਂ ਦੌਰਾਨ ਧਰਤੀ ਬਹੁਤ ਖੁਸ਼ਕ ਸੀ। ਬਾਰਿਸ਼ ਨਹੀਂ ਸੀ ਹੋਈ ਅਤੇ ਭੋਜਨ ਉਗਾਇਆ ਨਹੀਂ ਸੀ ਜਾ ਸੱਕਦਾ। ਇਸ ਲਈ ਅਬਰਾਮ ਮਿਸਰ ਵਿੱਚ ਰਹਿਣ ਲਈ ਚੱਲਾ ਗਿਆ। 11ਅਬਰਾਮ ਨੇ ਦੇਖਿਆ ਕਿ ਉਸ ਦੀ ਪਤਨੀ ਸਾਰਈ ਕਿੰਨੀ ਖੂਬਸੂਰਤ ਸੀ। ਇਸ ਲਈ ਮਿਸਰ ਪਹੁੰਚਣ ਤੋਂ ਰਤਾ ਕੁ ਪਹਿਲਾਂ ਅਬਰਾਮ ਨੇ ਸਾਰਈ ਨੂੰ ਆਖਿਆ, “ਮੈਂ ਜਾਣਦਾ ਹਾਂ ਕਿ ਤੂੰ ਬਹੁਤ ਖੂਬਸੂਰਤ ਔਰਤ ਹੈਂ। 12ਮਿਸਰ ਦੇ ਆਦਮੀ ਤੈਨੂੰ ਦੇਖਣਗੇ। ਉਹ ਆਖਣਗੇ, ‘ਇਹ ਔਰਤ ਇਸਦੀ ਪਤਨੀ ਹੈ।’ ਫ਼ੇਰ ਉਹ ਮੈਨੂੰ ਮਾਰ ਦੇਣਗੇ ਅਤੇ ਤੈਨੂੰ ਜਿਉਂਦੀ ਰਹਿਣ ਦੇਣਗੇ। 13ਇਸ ਲਈ ਲੋਕਾਂ ਨੂੰ ਇਹ ਆਖੀਂ ਕਿ ਤੂੰ ਮੇਰੀ ਭੈਣ ਹੈਂ। ਫ਼ੇਰ ਉਹ ਮੈਂਨੂੰ ਨਹੀਂ ਮਾਰਨਗੇ। ਉਹ ਇਹ ਸੋਚਣਗੇ ਕਿ ਮੈਂ ਤੇਰਾ ਭਰਾ ਹਾਂ, ਅਤੇ ਉਹ ਮੇਰੇ ਨਾਲ ਚੰਗਾ ਸਲੂਕ ਕਰਨਗੇ। ਇਸ ਤਰ੍ਹਾਂ ਕਰਨ ਨਾਲ ਤੂੰ ਮੇਰੀ ਜ਼ਿੰਦਗੀ ਬਚਾ ਸੱਕੇਂਗੀ।”
14ਇਸ ਲਈ ਅਬਰਾਮ ਮਿਸਰ ਵਿੱਚ ਚੱਲਾ ਗਿਆ। ਮਿਸਰ ਦੇ ਲੋਕਾਂ ਨੇ ਦੇਖਿਆ ਕਿ ਸਾਰਈ ਬਹੁਤ ਖੂਬਸੂਰਤ ਔਰਤ ਸੀ। 15ਕੁਝ ਮਿਸਰੀ ਆਗੂਆਂ ਨੇ ਵੀ ਉਸ ਨੂੰ ਦੇਖ ਲਿਆ। ਉਨ੍ਹਾਂ ਨੇ ਫਿਰਊਨ ਨੂੰ ਆਖਿਆ ਕਿ ਉਹ ਬਹੁਤ ਖੂਬਸੂਰਤ ਔਰਤ ਸੀ। ਉਹ ਆਗੂ ਸਾਰਈ ਨੂੰ ਫਿਰਊਨ ਦੇ ਘਰ ਲੈ ਗਏ। 16ਫਿਰਊਨ ਅਬਰਾਮ ਤੇ ਦਯਾਲੂ ਸੀ ਕਿਉਂ ਕਿ ਉਸ ਦਾ ਖਿਆਲ ਸੀ ਕਿ ਅਬਰਾਮ ਸਾਰਈ ਦਾ ਭਰਾ ਸੀ। ਫਿਰਊਨ ਨੇ ਅਬਰਾਮ ਨੂੰ ਭੇਡਾਂ, ਡੰਗਰ ਅਤੇ ਖੋਤੇ ਦਿੱਤੇ। ਅਬਰਾਮ ਨੂੰ ਦਾਸ, ਦਾਸੀਆਂ ਅਤੇ ਊਠ ਵੀ ਮਿਲੇ।
17ਫਿਰਊਨ ਨੇ ਅਬਰਾਮ ਦੀ ਪਤਨੀ ਨੂੰ ਹਾਸਿਲ ਕਰ ਲਿਆ। ਇਸ ਲਈ ਯਹੋਵਾਹ ਨੇ ਫਿਰਊਨ ਅਤੇ ਉਸ ਦੇ ਘਰ ਦੇ ਸਾਰੇ ਲੋਕਾਂ ਵੱਲ ਬਹੁਤ ਬੁਰੀਆਂ ਬਿਮਾਰੀਆਂ ਭੇਜੀਆਂ। 18ਇਸ ਲਈ ਫਿਰਊਨ ਨੇ ਅਬਰਾਮ ਨੂੰ ਬੁਲਾਇਆ। ਫਿਰਊਨ ਨੇ ਆਖਿਆ, “ਤੂੰ ਮੇਰੇ ਨਾਲ ਬਹੁਤ ਬੁਰਾ ਸਲੂਕ ਕੀਤਾ ਹੈ!। ਤੂੰ ਮੈਨੂੰ ਇਹ ਨਹੀਂ ਦੱਸਿਆ ਕਿ ਸਾਰਈ ਤੇਰੀ ਪਤਨੀ ਸੀ! ਕਿਉਂ? 19ਤੂੰ ਤਾਂ ਆਖਿਆ ਸੀ, ‘ਇਹ ਮੇਰੀ ਭੈਣ ਹੈ।’ ਤੂੰ ਇਹ ਗੱਲ ਕਿਉਂ ਆਖੀ? ਮੈਂ ਉਸ ਨੂੰ ਇਸ ਲਈ ਹਾਸਿਲ ਕੀਤਾ ਤਾਂ ਜੋ ਮੇਰੀ ਪਤਨੀ ਬਣ ਸੱਕੇ। ਪਰ ਹੁਣ ਮੈਂ ਤੈਨੂੰ ਤੇਰੀ ਪਤਨੀ ਵਾਪਸ ਦਿੰਦਾ ਹਾਂ। ਇਸ ਨੂੰ ਲੈ ਕੇ ਚੱਲਾ ਜਾਹ!” 20ਫ਼ੇਰ ਫਿਰਊਨ ਨੇ ਆਪਣੇ ਆਦਮੀਆਂਂ ਨੂੰ ਹੁਕਮ ਦਿੱਤਾ ਕਿ ਅਬਰਾਮ ਨੂੰ ਮਿਸਰ ਵਿੱਚੋਂ ਬਾਹਰ ਕੱਢ ਦੇਣ ਇਸ ਲਈ ਅਬਰਾਮ ਅਤੇ ਉਸ ਦੀ ਪਤਨੀ ਉਸ ਥਾਂ ਤੋਂ ਚੱਲੇ ਗਏ। ਅਤੇ ਉਹ ਆਪਣੇ ਨਾਲ ਆਪਣੀਆਂ ਚੀਜ਼ਾਂ ਵੀ ਲੈ ਗਏ।

Currently Selected:

ਉਤਪਤ 12: PERV

Qaqambisa

Share

Copy

None

Ufuna ukuba iimbalasane zakho zigcinwe kuzo zonke izixhobo zakho? Bhalisela okanye ngena