ਮੱਤੀ 2

2
ਪੂਰਬ ਤੋਂ ਜੋਤਸ਼ੀਆਂ ਦਾ ਆਉਣਾ
1ਰਾਜਾ ਹੇਰੋਦੇਸ ਦੇ ਦਿਨਾਂ ਵਿੱਚ ਜਦੋਂ ਯਹੂਦਿਯਾ ਦੇ ਬੈਤਲਹਮ ਵਿੱਚ ਯਿਸੂ ਦਾ ਜਨਮ ਹੋਇਆ ਤਾਂ ਵੇਖੋ, ਪੂਰਬ ਤੋਂ ਜੋਤਸ਼ੀਆਂ ਨੇ ਯਰੂਸ਼ਲਮ ਵਿੱਚ ਆ ਕੇ ਪੁੱਛਿਆ, 2“ਯਹੂਦੀਆਂ ਦਾ ਰਾਜਾ ਜਿਸ ਦਾ ਜਨਮ ਹੋਇਆ ਹੈ, ਉਹ ਕਿੱਥੇ ਹੈ? ਕਿਉਂਕਿ ਅਸੀਂ ਪੂਰਬ ਵਿੱਚ ਉਸ ਦਾ ਤਾਰਾ ਵੇਖਿਆ ਅਤੇ ਉਸ ਨੂੰ ਮੱਥਾ ਟੇਕਣ ਆਏ ਹਾਂ।” 3ਇਹ ਸੁਣ ਕੇ ਰਾਜਾ ਹੇਰੋਦੇਸ ਅਤੇ ਉਸ ਦੇ ਨਾਲ ਸਾਰਾ ਯਰੂਸ਼ਲਮ ਘਬਰਾ ਗਿਆ। 4ਤਦ ਉਸ ਨੇ ਲੋਕਾਂ ਦੇ ਸਭ ਪ੍ਰਧਾਨ ਯਾਜਕਾਂ ਅਤੇ ਸ਼ਾਸਤਰੀਆਂ ਨੂੰ ਇਕੱਠਾ ਕਰਕੇ ਉਨ੍ਹਾਂ ਤੋਂ ਪੁੱਛਿਆ, “ਮਸੀਹ ਦਾ ਜਨਮ ਕਿੱਥੇ ਹੋਣਾ ਹੈ?” 5ਉਨ੍ਹਾਂ ਨੇ ਉਸ ਨੂੰ ਕਿਹਾ, “ਯਹੂਦਿਯਾ ਦੇ ਬੈਤਲਹਮ ਵਿੱਚ; ਕਿਉਂਕਿ ਨਬੀ ਦੇ ਦੁਆਰਾ ਇਸ ਤਰ੍ਹਾਂ ਲਿਖਿਆ ਹੋਇਆ ਹੈ:
6 ਹੇ ਯਹੂਦਾਹ ਦੇਸ ਦੇ ਬੈਤਲਹਮ,
ਤੂੰ ਯਹੂਦਾਹ ਦੇ ਹਾਕਮਾਂ ਵਿੱਚੋਂ ਕਿਸੇ ਤਰ੍ਹਾਂ ਛੋਟਾ ਨਹੀਂ ਹੈਂ;
ਕਿਉਂਕਿ ਤੇਰੇ ਵਿੱਚੋਂ ਇੱਕ ਹਾਕਮ ਨਿੱਕਲੇਗਾ,
ਜਿਹੜਾ ਮੇਰੀ ਪਰਜਾ ਇਸਰਾਏਲ ਦੀ ਅਗਵਾਈ ਕਰੇਗਾ। # ਮੀਕਾਹ 5:2
7ਤਦ ਹੇਰੋਦੇਸ ਨੇ ਜੋਤਸ਼ੀਆਂ ਨੂੰ ਚੁੱਪ-ਚਪੀਤੇ ਬੁਲਾ ਕੇ ਉਨ੍ਹਾਂ ਤੋਂ ਤਾਰੇ ਦੇ ਵਿਖਾਈ ਦੇਣ ਦੇ ਸਮੇਂ ਦਾ ਠੀਕ-ਠੀਕ ਪਤਾ ਲਿਆ। 8ਫਿਰ ਉਸ ਨੇ ਉਨ੍ਹਾਂ ਨੂੰ ਇਹ ਕਹਿ ਕੇ ਬੈਤਲਹਮ ਨੂੰ ਭੇਜਿਆ, “ਜਾਓ, ਬੱਚੇ ਦੇ ਬਾਰੇ ਧਿਆਨ ਨਾਲ ਪਤਾ ਕਰੋ ਅਤੇ ਜਦੋਂ ਉਹ ਤੁਹਾਨੂੰ ਮਿਲ ਜਾਵੇ ਤਾਂ ਮੈਨੂੰ ਖ਼ਬਰ ਦਿਓ ਤਾਂਕਿ ਮੈਂ ਵੀ ਜਾ ਕੇ ਉਸ ਨੂੰ ਮੱਥਾ ਟੇਕਾਂ।” 9ਸੋ ਉਹ ਰਾਜੇ ਦੀ ਸੁਣ ਕੇ ਚਲੇ ਗਏ ਅਤੇ ਵੇਖੋ, ਉਹ ਤਾਰਾ ਜਿਹੜਾ ਪੂਰਬ ਵਿੱਚ ਉਨ੍ਹਾਂ ਨੇ ਵੇਖਿਆ ਸੀ, ਉਨ੍ਹਾਂ ਦੇ ਅੱਗੇ-ਅੱਗੇ ਚੱਲਿਆ ਅਤੇ ਜਾ ਕੇ ਉੱਥੇ ਠਹਿਰ ਗਿਆ ਜਿੱਥੇ ਬੱਚਾ ਸੀ 10ਉਹ ਉਸ ਤਾਰੇ ਨੂੰ ਵੇਖ ਕੇ ਬਹੁਤ ਹੀ ਅਨੰਦ ਨਾਲ ਭਰ ਗਏ। 11ਫਿਰ ਉਨ੍ਹਾਂ ਨੇ ਉਸ ਘਰ ਵਿੱਚ ਆ ਕੇ ਬੱਚੇ ਨੂੰ ਉਸ ਦੀ ਮਾਤਾ ਮਰਿਯਮ ਦੇ ਨਾਲ ਵੇਖਿਆ ਅਤੇ ਮੂੰਹ ਪਰਨੇ ਲੰਮੇ ਪੈ ਕੇ ਉਸ ਨੂੰ ਮੱਥਾ ਟੇਕਿਆ ਅਤੇ ਆਪਣੀਆਂ ਥੈਲੀਆਂ ਖੋਲ੍ਹ ਕੇ ਉਸ ਨੂੰ ਸੋਨਾ, ਲੁਬਾਣ ਅਤੇ ਗੰਧਰਸ ਦੀਆਂ ਭੇਟਾਂ ਚੜ੍ਹਾਈਆਂ। 12ਤਦ ਸੁਫਨੇ ਵਿੱਚ ਇਹ ਚਿਤਾਵਨੀ ਪਾ ਕੇ ਜੋ ਹੇਰੋਦੇਸ ਕੋਲ ਵਾਪਸ ਨਾ ਜਾਣਾ, ਉਹ ਹੋਰ ਰਾਹ ਤੋਂ ਆਪਣੇ ਦੇਸ ਨੂੰ ਚਲੇ ਗਏ।
ਮਿਸਰ ਨੂੰ ਜਾਣਾ
13ਜਦੋਂ ਉਹ ਚਲੇ ਗਏ ਤਾਂ ਵੇਖੋ, ਪ੍ਰਭੂ ਦੇ ਇੱਕ ਦੂਤ ਨੇ ਯੂਸੁਫ਼ ਨੂੰ ਸੁਫਨੇ ਵਿੱਚ ਵਿਖਾਈ ਦੇ ਕੇ ਕਿਹਾ, “ਉੱਠ, ਬੱਚੇ ਅਤੇ ਉਸ ਦੀ ਮਾਤਾ ਨੂੰ ਲੈ ਅਤੇ ਮਿਸਰ ਦੇਸ ਨੂੰ ਭੱਜ ਜਾ ਅਤੇ ਜਦੋਂ ਤੱਕ ਮੈਂ ਤੈਨੂੰ ਨਾ ਕਹਾਂ, ਉੱਥੇ ਹੀ ਰਹੀਂ, ਕਿਉਂਕਿ ਹੇਰੋਦੇਸ ਇਸ ਬੱਚੇ ਨੂੰ ਮਾਰ ਸੁੱਟਣ ਲਈ ਲੱਭੇਗਾ।” 14ਤਦ ਉਹ ਉੱਠਿਆ ਅਤੇ ਰਾਤੋ-ਰਾਤ ਬੱਚੇ ਅਤੇ ਉਸ ਦੀ ਮਾਤਾ ਨੂੰ ਲੈ ਕੇ ਮਿਸਰ ਨੂੰ ਚਲਾ ਗਿਆ 15ਅਤੇ ਹੇਰੋਦੇਸ ਦੀ ਮੌਤ ਤੱਕ ਉੱਥੇ ਹੀ ਰਿਹਾ, ਤਾਂਕਿ ਉਹ ਵਚਨ ਜਿਹੜਾ ਪ੍ਰਭੂ ਨੇ ਨਬੀ ਦੇ ਰਾਹੀਂ ਕਿਹਾ ਸੀ, ਪੂਰਾ ਹੋਵੇ: “ਮੈਂ ਆਪਣੇ ਪੁੱਤਰ ਨੂੰ ਮਿਸਰ ਤੋਂ ਬੁਲਾਇਆ।”#ਹੋਸ਼ੇਆ 11:1
ਹੇਰੋਦੇਸ ਦੁਆਰਾ ਮਸੂਮ ਬੱਚਿਆਂ ਨੂੰ ਮਰਵਾ ਦੇਣਾ
16ਜਦੋਂ ਹੇਰੋਦੇਸ ਨੇ ਵੇਖਿਆ ਕਿ ਜੋਤਸ਼ੀਆਂ ਨੇ ਮੇਰੇ ਨਾਲ ਚਾਲ ਖੇਡੀ ਹੈ ਤਾਂ ਉਸ ਨੂੰ ਬਹੁਤ ਕ੍ਰੋਧ ਆਇਆ ਅਤੇ ਉਸ ਨੇ ਆਦਮੀ ਭੇਜ ਕੇ ਉਸ ਸਮੇਂ ਦੇ ਅਨੁਸਾਰ ਜਿਸ ਦਾ ਉਸ ਨੇ ਜੋਤਸ਼ੀਆਂ ਤੋਂ ਠੀਕ-ਠੀਕ ਪਤਾ ਲਿਆ ਸੀ, ਬੈਤਲਹਮ ਅਤੇ ਉਸ ਦੇ ਨੇੜਲੇ ਇਲਾਕਿਆਂ ਦੇ ਸਭ ਲੜਕਿਆਂ ਨੂੰ ਜਿਹੜੇ ਦੋ ਸਾਲ ਦੇ ਅਤੇ ਉਸ ਤੋਂ ਘੱਟ ਸਨ, ਮਰਵਾ ਦਿੱਤਾ। 17ਤਦ ਉਹ ਵਚਨ ਜਿਹੜਾ ਯਿਰਮਿਯਾਹ ਨਬੀ ਰਾਹੀਂ ਕਿਹਾ ਗਿਆ ਸੀ, ਪੂਰਾ ਹੋਇਆ:
18 ਰਾਮਾਹ ਵਿੱਚ ਇੱਕ ਅਵਾਜ਼ ਸੁਣਾਈ ਦਿੱਤੀ,
ਰੋਣਾ ਅਤੇ ਵੱਡਾ ਵਿਰਲਾਪ!
ਰਾਖ਼ੇਲ ਆਪਣੇ ਬੱਚਿਆਂ ਲਈ ਰੋਂਦੀ ਹੈ
ਅਤੇ ਦਿਲਾਸਾ ਨਹੀਂ ਚਾਹੁੰਦੀ,
ਕਿਉਂਕਿ ਉਹ ਨਹੀਂ ਰਹੇ। # ਯਿਰਮਿਯਾਹ 31:15
ਮਿਸਰ ਦੇਸ ਤੋਂ ਵਾਪਸੀ
19ਜਦੋਂ ਹੇਰੋਦੇਸ ਮਰ ਗਿਆ ਤਾਂ ਵੇਖੋ, ਪ੍ਰਭੂ ਦੇ ਇੱਕ ਦੂਤ ਨੇ ਮਿਸਰ ਵਿੱਚ ਯੂਸੁਫ਼ ਨੂੰ ਸੁਫਨੇ ਵਿੱਚ ਵਿਖਾਈ ਦੇ ਕੇ ਕਿਹਾ, 20“ਉੱਠ, ਬੱਚੇ ਅਤੇ ਉਸ ਦੀ ਮਾਤਾ ਨੂੰ ਲੈ ਕੇ ਇਸਰਾਏਲ ਦੇਸ ਨੂੰ ਚਲਾ ਜਾ, ਕਿਉਂਕਿ ਜੋ ਬੱਚੇ ਦੀ ਜਾਨ ਲੈਣਾ ਚਾਹੁੰਦੇ ਸਨ ਉਹ ਮਰ ਗਏ ਹਨ।” 21ਤਦ ਉਹ ਉੱਠਿਆ ਅਤੇ ਬੱਚੇ ਅਤੇ ਉਸ ਦੀ ਮਾਤਾ ਨੂੰ ਨਾਲ ਲੈ ਕੇ ਇਸਰਾਏਲ ਦੇਸ ਵਿੱਚ ਆਇਆ।
22ਪਰ ਜਦੋਂ ਉਸ ਨੇ ਸੁਣਿਆ ਕਿ ਅਰਕਿਲਾਊਸ ਆਪਣੇ ਪਿਤਾ ਹੇਰੋਦੇਸ ਦੇ ਥਾਂ ਯਹੂਦਿਯਾ 'ਤੇ ਰਾਜ ਕਰਦਾ ਹੈ ਤਾਂ ਉਹ ਉੱਥੇ ਜਾਣ ਤੋਂ ਡਰਿਆ। ਫਿਰ ਉਹ ਸੁਫਨੇ ਵਿੱਚ ਚਿਤਾਵਨੀ ਪਾ ਕੇ ਗਲੀਲ ਦੇ ਇਲਾਕੇ ਵਿੱਚ ਚਲਾ ਗਿਆ 23ਅਤੇ ਨਾਸਰਤ ਨਾਮਕ ਨਗਰ ਵਿੱਚ ਜਾ ਵੱਸਿਆ, ਤਾਂਕਿ ਉਹ ਵਚਨ ਜਿਹੜਾ ਨਬੀਆਂ ਰਾਹੀਂ ਕਿਹਾ ਗਿਆ ਸੀ, ਪੂਰਾ ਹੋਵੇ ਕਿ ਉਹ ਨਾਸਰੀ ਕਹਾਵੇਗਾ।

Currently Selected:

ਮੱਤੀ 2: PSB

Qaqambisa

Share

Copy

None

Ufuna ukuba iimbalasane zakho zigcinwe kuzo zonke izixhobo zakho? Bhalisela okanye ngena