ਲੂਕਾ 23

23
ਪ੍ਰਭੂ ਯਿਸੂ ਦੀ ਪਿਲਾਤੁਸ ਦੇ ਸਾਹਮਣੇ ਪੇਸ਼ੀ
(ਮੱਤੀ 27:1-2,11-14, ਮਰਕੁਸ 15:1-5, ਯੂਹੰਨਾ 18:28-38)
1ਇਸ ਦੇ ਬਾਅਦ ਸਾਰੀ ਸਭਾ ਉੱਠੀ ਅਤੇ ਯਿਸੂ ਨੂੰ ਰਾਜਪਾਲ ਪਿਲਾਤੁਸ ਦੇ ਕੋਲ ਲੈ ਗਈ । 2ਉੱਥੇ ਉਹ ਯਿਸੂ ਉੱਤੇ ਇਸ ਤਰ੍ਹਾਂ ਦੋਸ਼ ਲਾਉਣ ਲੱਗੇ, “ਅਸੀਂ ਇਸ ਨੂੰ ਸਾਰੇ ਲੋਕਾਂ ਨੂੰ ਕੁਰਾਹੇ ਪਾਉਂਦੇ ਦੇਖਿਆ ਹੈ । ਇਹ ਲੋਕਾਂ ਨੂੰ ਕਹਿੰਦਾ ਹੈ ਕਿ ਸਮਰਾਟ ਨੂੰ ਟੈਕਸ ਨਾ ਦਿਓ ਅਤੇ ਆਪਣੇ ਆਪ ਨੂੰ ਮਸੀਹ ਰਾਜਾ ਹੋਣ ਦਾ ਦਾਅਵਾ ਕਰਦਾ ਹੈ ।” 3ਪਿਲਾਤੁਸ ਨੇ ਯਿਸੂ ਤੋਂ ਪੁੱਛਿਆ, “ਕੀ ਤੂੰ ਯਹੂਦੀਆਂ ਦਾ ਰਾਜਾ ਹੈਂ ?” ਯਿਸੂ ਨੇ ਉੱਤਰ ਦਿੱਤਾ, “ਤੁਸੀਂ ਆਪ ਕਹਿੰਦੇ ਹੋ ।” 4ਫਿਰ ਪਿਲਾਤੁਸ ਨੇ ਮਹਾਂ-ਪੁਰੋਹਿਤ ਅਤੇ ਲੋਕਾਂ ਨੂੰ ਕਿਹਾ, “ਮੈਂ ਇਸ ਆਦਮੀ ਵਿੱਚ ਕੋਈ ਦੋਸ਼ ਨਹੀਂ ਦੇਖਦਾ ।” 5ਪਰ ਉਹ ਹੋਰ ਵੀ ਜ਼ੋਰ ਦੇ ਕੇ ਕਹਿਣ ਲੱਗੇ, “ਇਸ ਨੇ ਆਪਣੀਆਂ ਸਿੱਖਿਆਵਾਂ ਦੇ ਰਾਹੀਂ ਲੋਕਾਂ ਨੂੰ ਭੜਕਾਇਆ ਹੈ ਜੋ ਇਸ ਨੇ ਗਲੀਲ ਤੋਂ ਸ਼ੁਰੂ ਕੀਤਾ ਅਤੇ ਫਿਰ ਸਾਰੇ ਯਹੂਦਿਯਾ ਵਿੱਚ ਗਿਆ ਅਤੇ ਹੁਣ ਇੱਥੇ ਵੀ ਆ ਗਿਆ ਹੈ ।”
ਪ੍ਰਭੂ ਯਿਸੂ ਦੀ ਹੇਰੋਦੇਸ ਦੇ ਸਾਹਮਣੇ ਪੇਸ਼ੀ
6ਜਦੋਂ ਪਿਲਾਤੁਸ ਨੇ ਇਹ ਸੁਣਿਆ ਤਾਂ ਉਸ ਨੇ ਉਹਨਾਂ ਤੋਂ ਪੁੱਛਿਆ, “ਕੀ ਇਹ ਆਦਮੀ ਗਲੀਲ ਦਾ ਰਹਿਣ ਵਾਲਾ ਹੈ ?” 7ਜਦੋਂ ਪਿਲਾਤੁਸ ਨੂੰ ਇਹ ਪਤਾ ਲੱਗਾ ਕਿ ਯਿਸੂ ਹੇਰੋਦੇਸ ਦੇ ਇਲਾਕੇ ਦਾ ਰਹਿਣ ਵਾਲਾ ਹੈ ਤਾਂ ਉਸ ਨੇ ਯਿਸੂ ਨੂੰ ਹੇਰੋਦੇਸ ਦੇ ਕੋਲ ਭੇਜ ਦਿੱਤਾ ਜਿਹੜਾ ਉਹਨਾਂ ਦਿਨਾਂ ਵਿੱਚ ਯਰੂਸ਼ਲਮ ਵਿੱਚ ਹੀ ਸੀ । 8ਯਿਸੂ ਨੂੰ ਦੇਖ ਕੇ ਹੇਰੋਦੇਸ ਬਹੁਤ ਖ਼ੁਸ਼ ਹੋਇਆ ਕਿਉਂਕਿ ਉਹਨਾਂ ਬਾਰੇ ਉਸ ਨੇ ਬਹੁਤ ਕੁਝ ਸੁਣਿਆ ਸੀ । ਇਸ ਲਈ ਉਹ ਯਿਸੂ ਨੂੰ ਬਹੁਤ ਦਿਨਾਂ ਤੋਂ ਦੇਖਣਾ ਚਾਹੁੰਦਾ ਸੀ । ਉਸ ਨੂੰ ਉਮੀਦ ਸੀ ਕਿ ਯਿਸੂ ਉਸ ਦੇ ਸਾਹਮਣੇ ਕੋਈ ਚਮਤਕਾਰ ਦਿਖਾਉਣਗੇ । 9ਹੇਰੋਦੇਸ ਨੇ ਯਿਸੂ ਤੋਂ ਬਹੁਤ ਸਵਾਲ ਪੁੱਛੇ ਪਰ ਯਿਸੂ ਨੇ ਇੱਕ ਦਾ ਵੀ ਉੱਤਰ ਨਾ ਦਿੱਤਾ । 10ਉੱਥੇ ਖੜ੍ਹੇ ਮਹਾਂ-ਪੁਰੋਹਿਤਾਂ ਅਤੇ ਵਿਵਸਥਾ ਦੇ ਸਿੱਖਿਅਕਾਂ ਨੇ ਪ੍ਰਭੂ ਯਿਸੂ ਉੱਤੇ ਬੜੇ ਜ਼ੋਰ ਨਾਲ ਦੋਸ਼ ਲਾਏ । 11ਹੇਰੋਦੇਸ ਅਤੇ ਉਸ ਦੇ ਸਿਪਾਹੀਆਂ ਨੇ ਵੀ ਯਿਸੂ ਨੂੰ ਬਹੁਤ ਮਖ਼ੌਲ ਕੀਤੇ ਅਤੇ ਉਹਨਾਂ ਦਾ ਅਪਮਾਨ ਕੀਤਾ । ਇਸ ਦੇ ਬਾਅਦ ਉਹਨਾਂ ਨੇ ਯਿਸੂ ਨੂੰ ਰਾਜਿਆਂ ਵਾਲੇ ਕੱਪੜੇ ਪਹਿਨਾਏ ਅਤੇ ਪਿਲਾਤੁਸ ਦੇ ਕੋਲ ਵਾਪਸ ਭੇਜ ਦਿੱਤਾ । 12ਉਸੇ ਦਿਨ ਤੋਂ ਹੇਰੋਦੇਸ ਅਤੇ ਪਿਲਾਤੁਸ ਆਪਸ ਵਿੱਚ ਮਿੱਤਰ ਬਣ ਗਏ । ਇਸ ਤੋਂ ਪਹਿਲਾਂ ਉਹ ਇੱਕ ਦੂਜੇ ਦੇ ਵੈਰੀ ਸਨ ।
ਪ੍ਰਭੂ ਯਿਸੂ ਨੂੰ ਮੌਤ ਦੀ ਸਜ਼ਾ
(ਮੱਤੀ 27:15-26, ਮਰਕੁਸ 15:6-15, ਯੂਹੰਨਾ 18:39—19:16)
13ਰਾਜਪਾਲ ਪਿਲਾਤੁਸ ਨੇ ਮਹਾਂ-ਪੁਰੋਹਿਤਾਂ, ਅਧਿਕਾਰੀਆਂ ਅਤੇ ਲੋਕਾਂ ਨੂੰ ਆਪਣੇ ਕੋਲ ਸੱਦਿਆ 14ਅਤੇ ਕਿਹਾ, “ਤੁਸੀਂ ਇਸ ਆਦਮੀ ਨੂੰ ਇਸ ਦੋਸ਼ ਵਿੱਚ ਕਿ ਇਹ ਲੋਕਾਂ ਨੂੰ ਭੜਕਾਉਂਦਾ ਹੈ, ਮੇਰੇ ਕੋਲ ਲਿਆਏ ਹੋ ਪਰ ਮੈਂ ਇਸ ਦੀ ਜਾਂਚ ਤੁਹਾਡੇ ਸਾਹਮਣੇ ਕੀਤੀ ਹੈ ਅਤੇ ਇਸ ਆਦਮੀ ਵਿੱਚ ਅਜਿਹਾ ਕੋਈ ਦੋਸ਼ ਨਹੀਂ ਲੱਭਿਆ 15ਅਤੇ ਨਾ ਹੀ ਹੇਰੋਦੇਸ ਨੇ । ਕਿਉਂਕਿ ਉਸ ਨੇ ਇਸ ਨੂੰ ਸਾਡੇ ਕੋਲ ਵਾਪਸ ਭੇਜ ਦਿੱਤਾ ਹੈ । ਇਸ ਆਦਮੀ ਨੇ ਮੌਤ ਦੀ ਸਜ਼ਾ ਦੇ ਲਾਇਕ ਕੋਈ ਕੰਮ ਨਹੀਂ ਕੀਤਾ । 16ਇਸ ਲਈ ਮੈਂ ਇਸ ਨੂੰ ਕੋਰੜੇ ਮਰਵਾ ਕੇ ਛੱਡ ਦਿੰਦਾ ਹਾਂ ।” [17ਪਸਾਹ ਦੇ ਤਿਉਹਾਰ ਉੱਤੇ ਪਿਲਾਤੁਸ ਨੂੰ ਲੋਕਾਂ ਲਈ ਇੱਕ ਕੈਦੀ ਨੂੰ ਛੱਡਣਾ ਪੈਂਦਾ ਸੀ ।]#23:17 ਇਹ ਪੰਗਤੀ ਕੁਝ ਪ੍ਰਾਚੀਨ ਲਿਖਤਾਂ ਵਿੱਚ ਨਹੀਂ ਹੈ ।
18ਪਰ ਸਾਰੇ ਲੋਕ ਰੌਲਾ ਪਾਉਣ ਲੱਗੇ, “ਇਸ ਨੂੰ ਮੌਤ ਦੀ ਸਜ਼ਾ ਦਿਓ ! ਸਾਡੇ ਲਈ ਬਰੱਬਾਸ ਨੂੰ ਛੱਡ ਦਿਓ !” (19ਬਰੱਬਾਸ ਸ਼ਹਿਰ ਵਿੱਚ ਹੋਏ ਇੱਕ ਦੰਗੇ ਅਤੇ ਕਤਲ ਦੇ ਕਾਰਨ ਕੈਦ ਵਿੱਚ ਸੀ ।) 20ਪਿਲਾਤੁਸ ਨੇ ਯਿਸੂ ਨੂੰ ਛੱਡ ਦੇਣ ਦੀ ਨੀਅਤ ਨਾਲ ਇੱਕ ਵਾਰ ਫਿਰ ਲੋਕਾਂ ਨੂੰ ਸਮਝਾਇਆ 21ਪਰ ਉਹ ਫਿਰ ਜ਼ੋਰ ਜ਼ੋਰ ਦੀ ਕਹਿਣ ਲੱਗੇ, “ਉਸ ਨੂੰ ਸਲੀਬ ਉੱਤੇ ਚੜ੍ਹਾਓ, ਉਸ ਨੂੰ ਸਲੀਬ ਉੱਤੇ ਚੜ੍ਹਾਓ !” 22ਪਿਲਾਤੁਸ ਨੇ ਤੀਜੀ ਵਾਰ ਲੋਕਾਂ ਨੂੰ ਕਿਹਾ, “ਇਸ ਆਦਮੀ ਨੇ ਕੀ ਅਪਰਾਧ ਕੀਤਾ ਹੈ ? ਇਸ ਵਿੱਚ ਮੌਤ ਦੀ ਸਜ਼ਾ ਦੇ ਯੋਗ ਕੋਈ ਦੋਸ਼ ਨਹੀਂ ਹੈ । ਇਸ ਲਈ ਮੈਂ ਇਸ ਨੂੰ ਕੋਰੜੇ ਮਰਵਾ ਕੇ ਛੱਡ ਦਿਆਂਗਾ ।” 23ਪਰ ਉਹ ਉੱਚੀਆਂ ਆਵਾਜ਼ਾਂ ਨਾਲ ਰੌਲਾ ਪਾਉਂਦੇ ਰਹੇ ਕਿ ਯਿਸੂ ਨੂੰ ਸਲੀਬ ਉੱਤੇ ਚੜ੍ਹਾਇਆ ਜਾਵੇ । ਆਖ਼ਰ ਵਿੱਚ ਉਹਨਾਂ ਦਾ ਰੌਲਾ ਹੀ ਸਫ਼ਲ ਹੋਇਆ । 24ਪਿਲਾਤੁਸ ਨੇ ਫ਼ੈਸਲਾ ਸੁਣਾਇਆ ਕਿ ਉਹਨਾਂ ਦੀ ਮੰਗ ਪੂਰੀ ਕੀਤੀ ਜਾਵੇ । 25ਉਸ ਨੇ ਬਰਅੱਬਾ ਨੂੰ ਜਿਹੜਾ ਬਗ਼ਾਵਤ ਅਤੇ ਕਤਲ ਦੇ ਕਾਰਨ ਕੈਦ ਕੀਤਾ ਗਿਆ ਸੀ ਅਤੇ ਲੋਕ ਉਸੇ ਦੀ ਮੰਗ ਕਰ ਰਹੇ ਸਨ, ਛੱਡ ਦਿੱਤਾ ਅਤੇ ਯਿਸੂ ਨੂੰ ਲੋਕਾਂ ਦੀ ਮਰਜ਼ੀ ਅਨੁਸਾਰ ਉਹਨਾਂ ਦੇ ਹੱਥ ਵਿੱਚ ਸੌਂਪ ਦਿੱਤਾ ।
ਪ੍ਰਭੂ ਯਿਸੂ ਦਾ ਸਲੀਬ ਉੱਤੇ ਚੜ੍ਹਾਇਆ ਜਾਣਾ
(ਮੱਤੀ 27:32-44, ਮਰਕੁਸ 15:21-32, ਯੂਹੰਨਾ 19:17-27)
26ਸਿਪਾਹੀ ਯਿਸੂ ਨੂੰ ਉੱਥੋਂ ਲੈ ਗਏ । ਰਾਹ ਵਿੱਚ ਉਹਨਾਂ ਨੇ ਇੱਕ ਪਿੰਡ ਤੋਂ ਆ ਰਹੇ ਸ਼ਮਊਨ ਨਾਂ ਦੇ ਆਦਮੀ ਨੂੰ ਜਿਹੜਾ ਕੁਰੇਨੀ#23:26 ਕੁਰੇਨ ਲਿਬੀਆ ਦਾ ਇੱਕ ਭਾਗ ਸੀ । ਸੀ, ਫੜਿਆ ਅਤੇ ਉਸ ਦੇ ਮੋਢੇ ਉੱਤੇ ਸਲੀਬ ਰੱਖ ਦਿੱਤੀ ਕਿ ਉਹ ਯਿਸੂ ਦੇ ਪਿੱਛੇ ਚੱਲੇ ।
27ਲੋਕਾਂ ਦੀ ਵੱਡੀ ਭੀੜ ਉਹਨਾਂ ਦੇ ਪਿੱਛੇ ਪਿੱਛੇ ਆ ਰਹੀ ਸੀ ਜਿਸ ਵਿੱਚ ਔਰਤਾਂ ਵੀ ਸਨ ਜਿਹੜੀਆਂ ਉਹਨਾਂ ਲਈ ਰੋ ਰਹੀਆਂ ਅਤੇ ਵਿਰਲਾਪ ਕਰ ਰਹੀਆਂ ਸਨ । 28ਯਿਸੂ ਨੇ ਉਹਨਾਂ ਔਰਤਾਂ ਵੱਲ ਮੁੜ ਕੇ ਕਿਹਾ, “ਯਰੂਸ਼ਲਮ ਦੀਆਂ ਬੇਟੀਓ ! ਮੇਰੇ ਲਈ ਨਾ ਰੋਵੋ ਸਗੋਂ ਆਪਣੇ ਲਈ ਅਤੇ ਆਪਣੇ ਬੱਚਿਆਂ ਲਈ ਰੋਵੋ । 29ਦੇਖੋ, ਉਹ ਦਿਨ ਆ ਰਹੇ ਹਨ ਕਿ ਲੋਕ ਕਹਿਣਗੇ, ‘ਧੰਨ ਹਨ ਬਾਂਝ ਔਰਤਾਂ, ਉਹ ਕੁੱਖਾਂ ਜਿਹਨਾਂ ਨੇ ਬੱਚਿਆਂ ਨੂੰ ਜਨਮ ਨਹੀਂ ਦਿੱਤਾ ਅਤੇ ਉਹ ਛਾਤੀਆਂ ਜਿਹਨਾਂ ਦੁੱਧ ਨਹੀਂ ਚੁੰਘਾਇਆ ।’ 30#ਹੋਸ਼ੇ 10:8, ਪ੍ਰਕਾਸ਼ਨ 6:16ਉਸ ਵੇਲੇ ਲੋਕ ਪਹਾੜਾਂ ਨੂੰ ਕਹਿਣਗੇ, ‘ਸਾਡੇ ਉੱਤੇ ਡਿੱਗ ਪਵੋ’ ਅਤੇ ਪਹਾੜੀਆਂ ਨੂੰ ਕਹਿਣਗੇ, ‘ਸਾਨੂੰ ਲੁਕਾ ਲਵੋ’ 31ਕਿਉਂਕਿ ਜੇਕਰ ਉਹ ਇਸ ਤਰ੍ਹਾਂ ਹਰੇ ਰੁੱਖ ਨਾਲ ਕਰ ਰਹੇ ਹਨ, ਤਾਂ ਕੀ ਸੁੱਕੇ ਨਾਲ ਨਹੀਂ ਕਰਨਗੇ ?” 32ਉਹ ਹੋਰ ਦੋ ਆਦਮੀਆਂ ਨੂੰ ਜਿਹੜੇ ਅਪਰਾਧੀ ਸਨ, ਯਿਸੂ ਦੇ ਨਾਲ ਸਲੀਬ ਉੱਤੇ ਚੜ੍ਹਾਉਣ ਦੇ ਲਈ ਲੈ ਗਏ । 33ਜਦੋਂ ਉਹ ਖੋਪੜੀ ਨਾਂ ਦੀ ਥਾਂ ਉੱਤੇ ਪਹੁੰਚ ਗਏ ਤਾਂ ਉਹਨਾਂ ਨੇ ਯਿਸੂ ਨੂੰ ਸਲੀਬ ਉੱਤੇ ਚੜ੍ਹਾਇਆ ਅਤੇ ਉਹਨਾਂ ਦੋ ਅਪਰਾਧੀਆਂ ਨੂੰ ਵੀ, ਇੱਕ ਨੂੰ ਯਿਸੂ ਦੇ ਸੱਜੇ ਅਤੇ ਦੂਜੇ ਨੂੰ ਖੱਬੇ ਪਾਸੇ । 34#ਭਜਨ 22:18ਯਿਸੂ ਨੇ ਕਿਹਾ, “ਪਿਤਾ, ਇਹਨਾਂ ਨੂੰ ਮਾਫ਼ ਕਰੋ ਕਿਉਂਕਿ ਇਹ ਨਹੀਂ ਜਾਣਦੇ ਕਿ ਇਹ ਕੀ ਕਰ ਰਹੇ ਹਨ !”
ਉਹਨਾਂ ਨੇ ਯਿਸੂ ਦੇ ਕੱਪੜਿਆਂ ਉੱਤੇ ਗੁਣਾ ਪਾ ਕੇ ਆਪਸ ਵਿੱਚ ਵੰਡ ਲਏ । 35#ਭਜਨ 22:7ਉੱਥੇ ਖੜ੍ਹੇ ਲੋਕ ਇਹ ਸਭ ਦੇਖ ਰਹੇ ਸਨ । ਯਹੂਦੀਆਂ ਦੇ ਆਗੂ ਯਿਸੂ ਨੂੰ ਮਖ਼ੌਲ ਕਰ ਕੇ ਕਹਿ ਰਹੇ ਸਨ, “ਇਸ ਨੇ ਦੂਜਿਆਂ ਨੂੰ ਬਚਾਇਆ ਅਤੇ ਜੇਕਰ ਇਹ ਪਰਮੇਸ਼ਰ ਦਾ ਚੁਣਿਆ ਮਸੀਹ ਹੈ ਤਾਂ ਆਪਣੇ ਆਪ ਨੂੰ ਬਚਾਵੇ !” 36#ਭਜਨ 69:21ਸਿਪਾਹੀ ਵੀ ਯਿਸੂ ਨੂੰ ਮਖ਼ੌਲ ਕਰ ਰਹੇ ਸਨ । ਉਹ ਉਹਨਾਂ ਦੇ ਕੋਲ ਗਏ ਅਤੇ ਉਹਨਾਂ ਨੂੰ ਸਿਰਕੇ ਦੀ ਮੈਅ ਦੇ ਕੇ ਕਿਹਾ, 37“ਜੇਕਰ ਤੂੰ ਯਹੂਦੀਆਂ ਦਾ ਰਾਜਾ ਹੈਂ ਤਾਂ ਆਪਣੇ ਆਪ ਨੂੰ ਬਚਾਅ !” 38ਯਿਸੂ ਦੀ ਸਲੀਬ ਉੱਤੇ ਇਹ ਸ਼ਬਦ ਲਿਖੇ ਹੋਏ ਸਨ, “ਇਹ ਯਹੂਦੀਆਂ ਦਾ ਰਾਜਾ ਹੈ ।”
39ਇੱਕ ਅਪਰਾਧੀ ਜਿਹੜਾ ਸਲੀਬ ਉੱਤੇ ਸੀ, ਯਿਸੂ ਦੀ ਨਿੰਦਾ ਕਰਦਾ ਹੋਇਆ ਕਹਿਣ ਲੱਗਾ, “ਕੀ ਤੂੰ ਮਸੀਹ ਨਹੀਂ ਹੈਂ ? ਆਪਣੇ ਆਪ ਨੂੰ ਬਚਾਅ ਅਤੇ ਸਾਨੂੰ ਵੀ !” 40ਪਰ ਦੂਜੇ ਅਪਰਾਧੀ ਨੇ ਪਹਿਲੇ ਨੂੰ ਝਿੜਕਦੇ ਹੋਏ ਕਿਹਾ, “ਕੀ ਤੂੰ ਪਰਮੇਸ਼ਰ ਤੋਂ ਨਹੀਂ ਡਰਦਾ ? ਤੈਨੂੰ ਵੀ ਤਾਂ ਉਹ ਹੀ ਸਜ਼ਾ ਮਿਲ ਰਹੀ ਹੈ । 41ਅਸੀਂ ਤਾਂ ਆਪਣੇ ਕੀਤੇ ਦਾ ਫਲ ਭੋਗ ਰਹੇ ਹਾਂ ਪਰ ਇਸ ਆਦਮੀ ਨੇ ਇਸ ਸਜ਼ਾ ਦੇ ਯੋਗ ਕੋਈ ਬੁਰਾ ਕੰਮ ਨਹੀਂ ਕੀਤਾ ।” 42ਫਿਰ ਉਸ ਨੇ ਯਿਸੂ ਨੂੰ ਕਿਹਾ, “ਯਿਸੂ ਜੀ, ਜਦੋਂ ਤੁਸੀਂ ਆਪਣੇ ਰਾਜ ਵਿੱਚ ਆਓ, ਤਾਂ ਮੈਨੂੰ ਯਾਦ ਰੱਖਣਾ !” 43ਯਿਸੂ ਨੇ ਉਸ ਨੂੰ ਕਿਹਾ, “ਮੈਂ ਤੈਨੂੰ ਸੱਚ ਕਹਿੰਦਾ ਹਾਂ ਕਿ ਤੂੰ ਅੱਜ ਹੀ ਮੇਰੇ ਨਾਲ ਸਵਰਗ ਵਿੱਚ ਹੋਵੇਂਗਾ !”
ਪ੍ਰਭੂ ਯਿਸੂ ਦੀ ਮੌਤ
(ਮੱਤੀ 27:45-56, ਮਰਕੁਸ 15:33-41, ਯੂਹੰਨਾ 19:28-30)
44ਇਹ ਲਗਭਗ ਦਿਨ ਦੇ ਬਾਰ੍ਹਾਂ ਵਜੇ ਦਾ ਸਮਾਂ ਸੀ ਜਦੋਂ ਸੂਰਜ ਹਨੇਰਾ ਹੋ ਗਿਆ ਅਤੇ ਸਾਰੀ ਧਰਤੀ ਉੱਤੇ ਤਿੰਨ ਵਜੇ ਤੱਕ ਹਨੇਰਾ ਰਿਹਾ । 45#ਕੂਚ 26:31-33ਇਸ ਵੇਲੇ ਹੈਕਲ ਦਾ ਪਰਦਾ ਪਾਟ ਕੇ ਦੋ ਹਿੱਸੇ ਹੋ ਗਿਆ । 46#ਭਜਨ 31:5ਯਿਸੂ ਨੇ ਉੱਚੀ ਆਵਾਜ਼ ਨਾਲ ਪੁਕਾਰ ਕੇ ਕਿਹਾ, “ਹੇ ਪਿਤਾ, ਮੈਂ ਆਪਣਾ ਆਤਮਾ ਤੁਹਾਡੇ ਹੱਥਾਂ ਵਿੱਚ ਸੌਂਪਦਾ ਹਾਂ !” ਇਹ ਕਹਿ ਕੇ ਉਹਨਾਂ ਨੇ ਆਪਣੇ ਪ੍ਰਾਣ ਤਿਆਗ ਦਿੱਤੇ । 47ਉੱਥੇ ਖੜ੍ਹੇ ਸੂਬੇਦਾਰ ਨੇ ਇਹ ਦੇਖਿਆ ਅਤੇ ਪਰਮੇਸ਼ਰ ਦੀ ਮਹਿਮਾ ਕਰਦੇ ਹੋਏ ਕਿਹਾ, “ਸੱਚਮੁੱਚ ਇਹ ਆਦਮੀ ਨੇਕ ਸੀ ।” 48ਉਹ ਲੋਕ ਜਿਹੜੇ ਉੱਥੇ ਇਹ ਸਭ ਕੁਝ ਦੇਖਣ ਲਈ ਇਕੱਠੇ ਹੋਏ ਸਨ ਜਦੋਂ ਉਹਨਾਂ ਨੇ ਇਹ ਦੇਖਿਆ ਕਿ ਕੀ ਹੋਇਆ ਹੈ ਤਾਂ ਆਪਣੀਆਂ ਛਾਤੀਆਂ ਪਿੱਟਦੇ ਅਤੇ ਰੋਂਦੇ ਹੋਏ ਘਰਾਂ ਨੂੰ ਮੁੜ ਗਏ । 49#ਲੂਕਾ 8:2-3ਪਰ ਯਿਸੂ ਦੇ ਜਾਣ ਪਛਾਣ ਵਾਲੇ ਲੋਕ, ਜਿਹਨਾਂ ਵਿੱਚ ਔਰਤਾਂ ਵੀ ਜਿਹੜੀਆਂ ਗਲੀਲ ਤੋਂ ਯਿਸੂ ਦੇ ਪਿੱਛੇ ਆਈਆਂ ਸਨ, ਸਭ ਦੂਰ ਖੜ੍ਹੇ ਇਹ ਵਾਪਰਦਾ ਦੇਖ ਰਹੇ ਸਨ ।
ਪ੍ਰਭੂ ਯਿਸੂ ਦਾ ਕਬਰ ਵਿੱਚ ਰੱਖਿਆ ਜਾਣਾ
(ਮੱਤੀ 27:57-61, ਮਰਕੁਸ 15:42-47, ਯੂਹੰਨਾ 19:38-42)
50ਯੂਸਫ਼ ਨਾਂ ਦਾ ਇੱਕ ਆਦਮੀ ਸੀ ਜਿਹੜਾ ਯਹੂਦੀਆਂ ਦੀ ਸਭਾ ਦਾ ਮੈਂਬਰ ਸੀ । ਉਹ ਭਲਾ ਅਤੇ ਨੇਕ ਆਦਮੀ ਸੀ । 51ਉਹ ਯਹੂਦਿਯਾ ਦੇ ਅਰਿਮਥੇਆ ਸ਼ਹਿਰ ਦਾ ਰਹਿਣ ਵਾਲਾ ਸੀ ਅਤੇ ਪਰਮੇਸ਼ਰ ਦੇ ਰਾਜ ਦੇ ਆਉਣ ਦੀ ਉਡੀਕ ਵਿੱਚ ਸੀ । ਉਹ ਮਹਾਂਸਭਾ ਦੇ ਫ਼ੈਸਲੇ ਅਤੇ ਕੰਮ ਨਾਲ ਸਹਿਮਤ ਨਹੀਂ ਸੀ । 52ਉਸ ਨੇ ਪਿਲਾਤੁਸ ਕੋਲ ਜਾ ਕੇ ਯਿਸੂ ਦੀ ਲਾਸ਼ ਮੰਗੀ । 53ਉਸ ਨੇ ਯਿਸੂ ਦੀ ਲਾਸ਼ ਨੂੰ ਸਲੀਬ ਦੇ ਉੱਤੋਂ ਉਤਾਰਿਆ ਅਤੇ ਇੱਕ ਮਲਮਲ ਦੀ ਚਾਦਰ ਵਿੱਚ ਲਪੇਟਿਆ । ਫਿਰ ਉਸ ਨੇ ਲਾਸ਼ ਨੂੰ ਪੱਥਰ ਦੇ ਵਿੱਚ ਖੋਦੀ ਹੋਈ ਕਬਰ ਵਿੱਚ ਰੱਖ ਦਿੱਤਾ । ਉਸ ਕਬਰ ਵਿੱਚ ਪਹਿਲਾਂ ਕੋਈ ਨਹੀਂ ਰੱਖਿਆ ਗਿਆ ਸੀ ।
54ਇਹ ਤਿਆਰੀ ਦਾ ਦਿਨ ਸੀ ਅਤੇ ਸਬਤ ਦਾ ਦਿਨ ਸ਼ੁਰੂ ਹੋਣ ਵਾਲਾ ਸੀ । 55ਜਿਹੜੀਆਂ ਔਰਤਾਂ ਗਲੀਲ ਤੋਂ ਯਿਸੂ ਦੇ ਪਿੱਛੇ ਆਈਆਂ ਸਨ, ਉਹ ਯੂਸਫ਼ ਦੇ ਨਾਲ ਗਈਆਂ ਅਤੇ ਕਬਰ ਨੂੰ ਦੇਖਿਆ ਅਤੇ ਇਹ ਵੀ ਕਿ ਯਿਸੂ ਦੀ ਲਾਸ਼ ਉਸ ਵਿੱਚ ਕਿਸ ਤਰ੍ਹਾਂ ਰੱਖੀ ਗਈ ਸੀ । 56#ਕੂਚ 20:10, ਵਿਵ 5:14ਉਹਨਾਂ ਨੇ ਘਰ ਵਾਪਸ ਆ ਕੇ ਸੁਗੰਧਾਂ ਵਾਲੇ ਤੇਲ ਅਤੇ ਲੇਪ ਤਿਆਰ ਕੀਤੇ । ਪਰ ਉਹਨਾਂ ਨੇ ਸਬਤ ਦੇ ਦਿਨ ਪਰਮੇਸ਼ਰ ਦੇ ਹੁਕਮ ਅਨੁਸਾਰ ਕੋਈ ਕੰਮ ਨਾ ਕੀਤਾ ।

Currently Selected:

ਲੂਕਾ 23: CL-NA

Qaqambisa

Share

Copy

None

Ufuna ukuba iimbalasane zakho zigcinwe kuzo zonke izixhobo zakho? Bhalisela okanye ngena