ਲੂਕਾ 19

19
ਪ੍ਰਭੂ ਯਿਸੂ ਅਤੇ ਟੈਕਸ ਲੈਣ ਵਾਲਾ ਜ਼ੱਕਈ
1ਪ੍ਰਭੂ ਯਿਸੂ ਯਰੀਹੋ ਸ਼ਹਿਰ ਦੇ ਵਿੱਚੋਂ ਦੀ ਹੋ ਕੇ ਜਾ ਰਹੇ ਸਨ । 2ਉੱਥੇ ਜ਼ੱਕਈ ਨਾਂ ਦਾ ਇੱਕ ਆਦਮੀ ਰਹਿੰਦਾ ਸੀ । ਉਹ ਟੈਕਸ ਲੈਣ ਵਾਲਿਆਂ ਦਾ ਪ੍ਰਧਾਨ ਸੀ ਅਤੇ ਉਹ ਧਨਵਾਨ ਸੀ । 3ਉਹ ਯਿਸੂ ਨੂੰ ਦੇਖਣਾ ਚਾਹੁੰਦਾ ਸੀ ਕਿ ਯਿਸੂ ਕੌਣ ਹਨ ਪਰ ਉਹਨਾਂ ਨੂੰ ਭੀੜ ਦੇ ਕਾਰਨ ਦੇਖ ਨਾ ਸਕਿਆ ਕਿਉਂਕਿ ਉਸ ਦਾ ਕੱਦ ਬਹੁਤ ਛੋਟਾ ਸੀ । 4ਇਸ ਲਈ ਉਹ ਯਿਸੂ ਨੂੰ ਦੇਖਣ ਦੇ ਲਈ ਦੌੜ ਕੇ ਇੱਕ ਗੁੱਲਰ ਦੇ ਰੁੱਖ ਉੱਤੇ ਚੜ੍ਹ ਗਿਆ ਕਿਉਂਕਿ ਯਿਸੂ ਉਸੇ ਰਾਹ ਤੋਂ ਜਾਣ ਵਾਲੇ ਸਨ । 5ਜਦੋਂ ਯਿਸੂ ਉਸ ਥਾਂ ਉੱਤੇ ਪਹੁੰਚੇ ਤਾਂ ਉਹਨਾਂ ਨੇ ਉੱਪਰ ਦੇਖਿਆ ਅਤੇ ਜ਼ੱਕਈ ਨੂੰ ਕਿਹਾ, “ਜ਼ੱਕਈ, ਛੇਤੀ ਨਾਲ ਥੱਲੇ ਉਤਰ ਆ ਕਿਉਂਕਿ ਅੱਜ ਮੈਂ ਤੇਰੇ ਹੀ ਘਰ ਰਹਾਂਗਾ ।” 6ਜ਼ੱਕਈ ਇਕਦਮ ਰੁੱਖ ਤੋਂ ਹੇਠਾਂ ਉਤਰਿਆ ਅਤੇ ਉਸ ਨੇ ਬੜੀ ਖ਼ੁਸ਼ੀ ਨਾਲ ਯਿਸੂ ਦਾ ਆਪਣੇ ਘਰ ਵਿੱਚ ਸੁਆਗਤ ਕੀਤਾ । 7ਇਹ ਦੇਖ ਕੇ ਸਾਰੇ ਲੋਕ ਬੁੜਬੁੜਾਉਣ ਲੱਗੇ, “ਇਹ ਆਦਮੀ ਇੱਕ ਪਾਪੀ ਆਦਮੀ ਦੇ ਘਰ ਰਹਿਣ ਲਈ ਗਿਆ ਹੈ ।” 8ਪਰ ਜ਼ੱਕਈ ਨੇ ਖੜ੍ਹੇ ਹੋ ਕੇ ਪ੍ਰਭੂ ਨੂੰ ਕਿਹਾ, “ਪ੍ਰਭੂ ਜੀ, ਮੈਂ ਆਪਣਾ ਅੱਧਾ ਮਾਲ ਗਰੀਬਾਂ ਨੂੰ ਦੇ ਦਿੰਦਾ ਹਾਂ । ਜੇਕਰ ਮੈਂ ਧੋਖੇ ਨਾਲ ਕਿਸੇ ਕੋਲੋਂ ਕੁਝ ਲਿਆ ਹੈ ਤਾਂ ਮੈਂ ਉਸ ਨੂੰ ਚਾਰ-ਗੁਣਾ ਮੋੜ ਦਿੰਦਾ ਹਾਂ ।” 9ਯਿਸੂ ਨੇ ਕਿਹਾ, “ਅੱਜ ਇਸ ਘਰ ਵਿੱਚ ਮੁਕਤੀ ਆਈ ਹੈ ਕਿਉਂਕਿ ਇਹ ਆਦਮੀ ਵੀ ਅਬਰਾਹਾਮ ਦਾ ਪੁੱਤਰ ਹੈ । 10#ਮੱਤੀ 18:11ਕਿਉਂਕਿ ਮਨੁੱਖ ਦਾ ਪੁੱਤਰ ਗੁਆਚੇ ਹੋਇਆਂ ਨੂੰ ਲੱਭਣ ਅਤੇ ਉਹਨਾਂ ਨੂੰ ਮੁਕਤੀ ਦੇਣ ਆਇਆ ਹੈ ।”
ਦਸ ਸੋਨੇ ਦੇ ਸਿੱਕਿਆਂ ਦਾ ਦ੍ਰਿਸ਼ਟਾਂਤ
(ਮੱਤੀ 25:14-30)
11 # ਮੱਤੀ 25:14-30 ਜਦੋਂ ਲੋਕ ਇਹ ਗੱਲਾਂ ਸੁਣ ਰਹੇ ਸਨ ਤਾਂ ਪ੍ਰਭੂ ਯਿਸੂ ਨੇ ਉਹਨਾਂ ਨੂੰ ਇੱਕ ਦ੍ਰਿਸ਼ਟਾਂਤ ਸੁਣਾਇਆ । ਉਹ ਉਸ ਸਮੇਂ ਯਰੂਸ਼ਲਮ ਦੇ ਨੇੜੇ ਸਨ ਅਤੇ ਲੋਕ ਸਮਝੇ ਕਿ ਪਰਮੇਸ਼ਰ ਦਾ ਰਾਜ ਪ੍ਰਗਟ ਹੋਣ ਹੀ ਵਾਲਾ ਹੈ । 12ਪ੍ਰਭੂ ਯਿਸੂ ਨੇ ਕਹਿਣਾ ਸ਼ੁਰੂ ਕੀਤਾ, “ਇੱਕ ਵਾਰ ਇੱਕ ਰਾਜਵੰਸ਼ੀ ਆਦਮੀ ਦੂਰ ਦੇਸ਼ ਵਿੱਚ ਰਾਜਪਦ ਦੀ ਪ੍ਰਾਪਤੀ ਲਈ ਗਿਆ । ਉਹ ਰਾਜਪਦ ਦੀ ਪ੍ਰਾਪਤੀ ਦੇ ਬਾਅਦ ਵਾਪਸ ਆਪਣੇ ਦੇਸ਼ ਵਿੱਚ ਆਉਣਾ ਚਾਹੁੰਦਾ ਸੀ । 13ਜਾਣ ਤੋਂ ਪਹਿਲਾਂ ਉਸ ਨੇ ਆਪਣੇ ਦਸ ਸੇਵਕਾਂ ਨੂੰ ਸੱਦਿਆ ਅਤੇ ਉਹਨਾਂ ਨੂੰ ਇੱਕ ਇੱਕ ਸੋਨੇ ਦਾ ਸਿੱਕਾ ਦੇ ਕੇ ਕਿਹਾ, ‘ਮੇਰੇ ਵਾਪਸ ਆਉਣ ਤੱਕ ਇਹਨਾਂ ਦੇ ਨਾਲ ਵਪਾਰ ਕਰੋ ।’ 14ਪਰ ਉਸ ਦੇ ਦੇਸ਼ ਵਾਸੀ ਉਸ ਨੂੰ ਨਫ਼ਰਤ ਕਰਦੇ ਸਨ । ਇਸ ਲਈ ਉਹਨਾਂ ਨੇ ਉਸ ਦੇ ਵਿਰੁੱਧ ਸਮਰਾਟ ਕੋਲ ਦੂਤ ਭੇਜੇ ਅਤੇ ਕਿਹਾ, ‘ਅਸੀਂ ਨਹੀਂ ਚਾਹੁੰਦੇ ਕਿ ਇਹ ਆਦਮੀ ਸਾਡੇ ਉੱਤੇ ਰਾਜ ਕਰੇ ।’
15“ਪਰ ਉਹ ਰਾਜਾ ਬਣ ਕੇ ਵਾਪਸ ਆਇਆ । ਸਾਰਿਆਂ ਤੋਂ ਪਹਿਲਾਂ ਉਸ ਨੇ ਆਪਣੇ ਉਹਨਾਂ ਦਸਾਂ ਸੇਵਕਾਂ ਨੂੰ ਸੱਦਿਆ ਜਿਹਨਾਂ ਨੂੰ ਉਸ ਨੇ ਸੋਨੇ ਦੇ ਸਿੱਕੇ ਦਿੱਤੇ ਸਨ । ਉਹ ਜਾਨਣਾ ਚਾਹੁੰਦਾ ਸੀ ਕਿ ਕਿਸ ਸੇਵਕ ਨੇ ਵਪਾਰ ਵਿੱਚ ਕਿੰਨਾ ਕਮਾਇਆ ਹੈ । 16ਪਹਿਲੇ ਸੇਵਕ ਨੇ ਆ ਕੇ ਕਿਹਾ, ‘ਮਹਾਰਾਜ, ਤੁਹਾਡੇ ਇੱਕ ਸਿੱਕੇ ਦੇ ਨਾਲ ਮੈਂ ਦਸ ਸਿੱਕੇ ਹੋਰ ਕਮਾਏ ਹਨ ।’ 17ਉਸ ਨੇ ਕਿਹਾ, ‘ਸ਼ਾਬਾਸ਼ ! ਤੂੰ ਇੱਕ ਚੰਗਾ ਸੇਵਕ ਹੈਂ ਕਿਉਂਕਿ ਤੂੰ ਇੱਕ ਛੋਟੇ ਜਿਹੇ ਕੰਮ ਨੂੰ ਬੜੀ ਇਮਾਨਦਾਰੀ ਨਾਲ ਨਿਭਾਇਆ ਹੈ । ਇਸ ਲਈ ਮੈਂ ਤੈਨੂੰ ਦਸ ਸ਼ਹਿਰਾਂ ਦਾ ਅਧਿਕਾਰੀ ਨਿਯੁਕਤ ਕਰਦਾ ਹਾਂ ।’ 18ਦੂਜੇ ਸੇਵਕ ਨੇ ਕਿਹਾ, ‘ਮਹਾਰਾਜ, ਮੈਂ ਪੰਜ ਸਿੱਕੇ ਕਮਾਏ ਹਨ ।’ 19ਰਾਜਾ ਨੇ ਕਿਹਾ, ‘ਮੈਂ ਤੈਨੂੰ ਪੰਜਾਂ ਸ਼ਹਿਰਾਂ ਦਾ ਅਧਿਕਾਰੀ ਨਿਯੁਕਤ ਕਰਦਾ ਹਾਂ ।’ 20ਫਿਰ ਤੀਜੇ ਸੇਵਕ ਨੇ ਕਿਹਾ, ‘ਮਹਾਰਾਜ, ਇਹ ਹੈ ਤੁਹਾਡਾ ਸਿੱਕਾ, ਇਸ ਨੂੰ ਮੈਂ ਰੁਮਾਲ ਵਿੱਚ ਲਪੇਟ ਕੇ, ਬਹੁਤ ਸੰਭਾਲ ਕੇ ਰੱਖਿਆ ਹੈ । 21ਮੈਂ ਤੁਹਾਡੇ ਕੋਲੋਂ ਡਰਦਾ ਸੀ ਕਿਉਂਕਿ ਤੁਸੀਂ ਕਠੋਰ ਮਨੁੱਖ ਹੋ । ਮੈਂ ਜਾਣਦਾ ਸੀ ਕਿ ਜੋ ਤੁਸੀਂ ਨਹੀਂ ਰੱਖਿਆ, ਉਸ ਨੂੰ ਚੁੱਕ ਲੈਂਦੇ ਹੋ ਅਤੇ ਜੋ ਤੁਸੀਂ ਨਹੀਂ ਬੀਜਿਆ ਉਸ ਨੂੰ ਵੱਢਦੇ ਹੋ ।’ 22ਰਾਜਾ ਨੇ ਉਸ ਨੂੰ ਉੱਤਰ ਦਿੱਤਾ, ‘ਹੇ ਨਿਕੰਮੇ ਸੇਵਕ, ਤੇਰੇ ਸ਼ਬਦਾਂ ਦੁਆਰਾ ਹੀ ਮੈਂ ਤੇਰਾ ਨਿਆਂ ਕਰਦਾ ਹਾਂ । ਤੂੰ ਇਹ ਜਾਣਦਾ ਸੀ ਕਿ ਮੈਂ ਇੱਕ ਕਠੋਰ ਮਨੁੱਖ ਹਾਂ । ਜੋ ਮੈਂ ਨਹੀਂ ਰੱਖਿਆ ਉਸ ਨੂੰ ਚੁੱਕ ਲੈਂਦਾ ਹਾਂ ਅਤੇ ਜੋ ਮੈਂ ਨਹੀਂ ਬੀਜਿਆ, ਉਹ ਵੱਢਦਾ ਹਾਂ । 23ਫਿਰ ਤੂੰ ਇਸ ਸਿੱਕੇ ਨੂੰ ਬੈਂਕ#19:23 ਜਾਂ ਸ਼ਾਹੂਕਾਰ । ਵਿੱਚ ਜਮ੍ਹਾਂ ਕਿਉਂ ਨਹੀਂ ਕਰਵਾਇਆ ? ਉੱਥੋਂ ਮੈਂ ਇਸ ਨੂੰ ਵਿਆਜ ਸਮੇਤ ਵਾਪਸ ਲੈਂਦਾ ।’ 24ਕੋਲ ਖੜ੍ਹੇ ਸੇਵਕਾਂ ਨੂੰ ਰਾਜਾ ਨੇ ਕਿਹਾ, ‘ਇਸ ਕੋਲੋਂ ਇਹ ਸਿੱਕਾ ਲੈ ਲਵੋ ਅਤੇ ਜਿਸ ਦੇ ਕੋਲ ਦਸ ਹਨ, ਉਸ ਨੂੰ ਦੇ ਦਿਓ ।’ 25ਸੇਵਕਾਂ ਨੇ ਕਿਹਾ, ‘ਮਹਾਰਾਜ, ਉਸ ਕੋਲ ਤਾਂ ਦਸ ਸਿੱਕੇ ਪਹਿਲਾਂ ਹੀ ਹਨ ।’ 26#ਮੱਤੀ 13:12, ਮਰ 4:25, ਲੂਕਾ 8:18ਰਾਜਾ ਨੇ ਉੱਤਰ ਦਿੱਤਾ, ‘ਮੈਂ ਕਹਿੰਦਾ ਹਾਂ ਕਿ ਜਿਸ ਦੇ ਕੋਲ ਹੈ, ਉਸ ਨੂੰ ਹੋਰ ਦਿੱਤਾ ਜਾਵੇਗਾ ਪਰ ਜਿਸ ਦੇ ਕੋਲ ਨਹੀਂ ਹੈ, ਉਸ ਕੋਲੋਂ ਉਹ ਥੋੜ੍ਹਾ ਵੀ ਲੈ ਲਿਆ ਜਾਵੇਗਾ ਜੋ ਉਸ ਦੇ ਕੋਲ ਹੈ ।’
27“ਬਾਕੀ ਰਹੀ ਗੱਲ ਮੇਰੇ ਉਹਨਾਂ ਵੈਰੀਆਂ ਦੀ, ਜਿਹੜੇ ਇਹ ਨਹੀਂ ਚਾਹੁੰਦੇ ਸਨ ਕਿ ਮੈਂ ਉਹਨਾਂ ਉੱਤੇ ਰਾਜ ਕਰਾਂ, ਉਹਨਾਂ ਨੂੰ ਇੱਥੇ ਮੇਰੇ ਸਾਹਮਣੇ ਲਿਆ ਕੇ ਕਤਲ ਕਰ ਦਿਓ !”
ਪ੍ਰਭੂ ਯਿਸੂ ਦਾ ਯਰੂਸ਼ਲਮ ਵਿੱਚ ਜੇਤੂ ਪ੍ਰਵੇਸ਼
(ਮੱਤੀ 21:1-11, ਮਰਕੁਸ 11:1-11, ਯੂਹੰਨਾ 12:12-19)
28ਇਹ ਕਹਿਣ ਤੋਂ ਬਾਅਦ, ਪ੍ਰਭੂ ਯਿਸੂ ਯਰੂਸ਼ਲਮ ਵੱਲ ਚੱਲ ਪਏ । 29ਜਦੋਂ ਉਹ ਜ਼ੈਤੂਨ ਨਾਂ ਦੇ ਪਹਾੜ ਉੱਤੇ ਬੈਤਫ਼ਗਾ ਅਤੇ ਬੈਤਅਨੀਆ ਦੇ ਕੋਲ ਪਹੁੰਚੇ ਤਾਂ ਯਿਸੂ ਨੇ ਆਪਣੇ ਦੋ ਚੇਲਿਆਂ ਨੂੰ ਇਹ ਕਹਿ ਕੇ ਭੇਜਿਆ, 30“ਆਪਣੇ ਸਾਹਮਣੇ ਦੇ ਪਿੰਡ ਵਿੱਚ ਜਾਓ । ਜਦੋਂ ਤੁਸੀਂ ਪਿੰਡ ਦੇ ਵਿੱਚ ਪ੍ਰਵੇਸ਼ ਹੀ ਕਰੋਗੇ, ਤੁਸੀਂ ਇੱਕ ਗਧੀ ਦੇ ਬੱਚੇ ਨੂੰ ਕਿੱਲੇ ਨਾਲ ਬੰਨ੍ਹਿਆ ਹੋਇਆ ਦੇਖੋਗੇ । ਉਸ ਉੱਤੇ ਅੱਜ ਤੱਕ ਕਿਸੇ ਨੇ ਸਵਾਰੀ ਨਹੀਂ ਕੀਤੀ ਹੈ । ਉਸ ਨੂੰ ਖੋਲ੍ਹ ਕੇ ਲੈ ਆਓ । 31ਜੇਕਰ ਕੋਈ ਤੁਹਾਡੇ ਕੋਲੋਂ ਪੁੱਛੇ, ‘ਇਸ ਨੂੰ ਕਿਉਂ ਖੋਲ੍ਹ ਰਹੇ ਹੋ ?’ ਤਾਂ ਤੁਸੀਂ ਉੱਤਰ ਦੇਣਾ, ‘ਸਾਡੇ ਪ੍ਰਭੂ ਨੂੰ ਇਸ ਦੀ ਲੋੜ ਹੈ ।’” 32ਉਹ ਦੋਵੇਂ ਚੇਲੇ ਗਏ ਅਤੇ ਜਿਸ ਤਰ੍ਹਾਂ ਯਿਸੂ ਨੇ ਉਹਨਾਂ ਨੂੰ ਕਿਹਾ ਸੀ, ਸਭ ਕੁਝ ਉਸੇ ਤਰ੍ਹਾਂ ਦੇਖਿਆ । 33ਜਦੋਂ ਉਹ ਗਧੀ ਦੇ ਬੱਚੇ ਨੂੰ ਖੋਲ੍ਹ ਰਹੇ ਸਨ ਤਾਂ ਉਸ ਦੇ ਮਾਲਕ ਨੇ ਉਹਨਾਂ ਨੂੰ ਕਿਹਾ, “ਤੁਸੀਂ ਇਸ ਨੂੰ ਕਿਉਂ ਖੋਲ੍ਹ ਰਹੇ ਹੋ ?” 34ਉਹਨਾਂ ਨੇ ਉੱਤਰ ਦਿੱਤਾ, “ਪ੍ਰਭੂ ਨੂੰ ਇਸ ਦੀ ਲੋੜ ਹੈ ।” 35ਉਹ ਗਧੀ ਦੇ ਬੱਚੇ ਨੂੰ ਯਿਸੂ ਕੋਲ ਲੈ ਆਏ । ਉਹਨਾਂ ਨੇ ਉਸ ਉੱਤੇ ਆਪਣੇ ਚੋਗੇ ਲਾਹ ਕੇ ਵਿਛਾਏ ਅਤੇ ਯਿਸੂ ਨੂੰ ਉਸ ਉੱਤੇ ਬਿਠਾ ਦਿੱਤਾ । 36ਜਿਵੇਂ ਜਿਵੇਂ ਯਿਸੂ ਦੀ ਸਵਾਰੀ ਅੱਗੇ ਵੱਧਦੀ ਜਾ ਰਹੀ ਸੀ, ਲੋਕ ਉਹਨਾਂ ਦੇ ਸੁਆਗਤ ਵਿੱਚ ਆਪਣੇ ਕੱਪੜੇ ਰਾਹ ਉੱਤੇ ਵਿਛਾਉਂਦੇ ਜਾਂਦੇ ਸਨ ।
37ਜਦੋਂ ਉਹ ਯਰੂਸ਼ਲਮ ਸ਼ਹਿਰ ਦੇ ਨੇੜੇ, ਜ਼ੈਤੂਨ ਪਹਾੜ ਦੀ ਉਤਰਾਈ ਉੱਤੇ ਪਹੁੰਚੇ ਤਾਂ ਚੇਲਿਆਂ ਦੀ ਸਾਰੀ ਭੀੜ ਖ਼ੁਸ਼ੀ ਨਾਲ ਆਪਣੇ ਅੱਖੀਂ ਦੇਖੇ ਹੋਏ ਵੱਡੇ ਅਦਭੁੱਤ ਕੰਮਾਂ ਦੇ ਲਈ, ਉੱਚੀ ਆਵਾਜ਼ ਦੇ ਨਾਲ ਪਰਮੇਸ਼ਰ ਦੀ ਉਸਤਤ ਕਰਨ ਲੱਗੀ,
38 # ਭਜਨ 118:26 “ਪ੍ਰਭੂ ਦੇ ਨਾਮ ਵਿੱਚ ਆਉਣ ਵਾਲਾ ਰਾਜਾ ਧੰਨ ਹੈ । ਸਵਰਗ ਵਿੱਚ ਸ਼ਾਂਤੀ ਅਤੇ ਪਰਮਧਾਮ ਵਿੱਚ ਪਰਮੇਸ਼ਰ ਦੀ ਵਡਿਆਈ ਹੋਵੇ !”
39ਭੀੜ ਵਿੱਚ ਕੁਝ ਫ਼ਰੀਸੀ ਵੀ ਸਨ । ਉਹਨਾਂ ਨੇ ਯਿਸੂ ਨੂੰ ਕਿਹਾ, “ਗੁਰੂ ਜੀ, ਆਪਣੇ ਚੇਲਿਆਂ ਨੂੰ ਚੁੱਪ ਕਰਾਓ ।” 40ਪ੍ਰਭੂ ਯਿਸੂ ਨੇ ਉੱਤਰ ਦਿੱਤਾ, “ਮੈਂ ਤੁਹਾਨੂੰ ਕਹਿੰਦਾ ਹਾਂ ਕਿ ਜੇਕਰ ਇਹ ਚੁੱਪ ਰਹਿਣਗੇ ਤਾਂ ਪੱਥਰ ਚੀਕ ਉੱਠਣਗੇ ।”
ਪ੍ਰਭੂ ਯਿਸੂ ਦਾ ਯਰੂਸ਼ਲਮ ਲਈ ਵਿਰਲਾਪ
41ਜਦੋਂ ਉਹ ਯਰੂਸ਼ਲਮ ਸ਼ਹਿਰ ਦੇ ਹੋਰ ਨੇੜੇ ਪਹੁੰਚੇ ਤਾਂ ਯਿਸੂ ਸ਼ਹਿਰ ਨੂੰ ਦੇਖ ਕੇ ਰੋ ਪਏ । 42ਉਹਨਾਂ ਨੇ ਕਿਹਾ, “ਹੇ ਯਰੂਸ਼ਲਮ, ਕਿੰਨਾ ਚੰਗਾ ਹੁੰਦਾ ਕਿ ਤੂੰ ਅੱਜ ਦੇ ਦਿਨ ਸ਼ਾਂਤੀ ਲਿਆਉਣ ਵਾਲੀਆਂ ਗੱਲਾਂ ਨੂੰ ਜਾਣਦਾ ਪਰ ਅਜੇ ਇਹ ਤੇਰੀਆਂ ਅੱਖਾਂ ਤੋਂ ਲੁਕੀਆਂ ਹੋਈਆਂ ਹਨ ! 43ਉਹ ਦਿਨ ਆਉਣਗੇ ਜਦੋਂ ਤੇਰੇ ਵੈਰੀ ਤੇਰੇ ਦੁਆਲੇ ਘੇਰਾ ਪਾ ਲੈਣਗੇ ਅਤੇ ਚਾਰੇ ਪਾਸਿਆਂ ਤੋਂ ਮੋਰਚਾਬੰਦੀ ਕਰਨਗੇ ਅਤੇ ਤੇਰੇ ਉੱਤੇ ਦਬਾਅ ਪਾਉਣਗੇ । 44ਉਹ ਤੈਨੂੰ ਅਤੇ ਤੇਰੇ ਨਿਵਾਸੀਆਂ ਨੂੰ ਮਿੱਟੀ ਵਿੱਚ ਰਲਾ ਦੇਣਗੇ । ਉਹ ਤੇਰੇ ਪੱਥਰ ਉੱਤੇ ਪੱਥਰ ਨਾ ਰਹਿਣ ਦੇਣਗੇ ਕਿਉਂਕਿ ਤੂੰ ਉਸ ਸਮੇਂ ਨੂੰ ਨਾ ਪਛਾਣਿਆ ਜਦੋਂ ਪਰਮੇਸ਼ਰ ਆਪ ਤੈਨੂੰ ਬਚਾਉਣ ਆਏ ਸਨ !”
ਪ੍ਰਭੂ ਯਿਸੂ ਹੈਕਲ ਵਿੱਚ
(ਮੱਤੀ 21:12-17, ਮਰਕੁਸ 11:15-19, ਯੂਹੰਨਾ 2:13-22)
45ਪ੍ਰਭੂ ਯਿਸੂ ਹੈਕਲ ਵਿੱਚ ਜਾ ਕੇ ਉਹਨਾਂ ਲੋਕਾਂ ਨੂੰ ਜਿਹੜੇ ਹੈਕਲ ਵਿੱਚ ਲੈਣ ਦੇਣ ਦਾ ਕੰਮ ਕਰ ਰਹੇ ਸਨ, ਬਾਹਰ ਕੱਢਣ ਲੱਗੇ । 46#ਯਸਾ 56:7, ਯਿਰ 7:11ਉਹਨਾਂ ਨੇ ਕਿਹਾ, “ਪਵਿੱਤਰ-ਗ੍ਰੰਥ ਵਿੱਚ ਪਰਮੇਸ਼ਰ ਨੇ ਕਿਹਾ ਹੈ, ‘ਮੇਰਾ ਘਰ ਪ੍ਰਾਰਥਨਾ ਦਾ ਘਰ ਅਖਵਾਏਗਾ,’ ਪਰ ਤੁਸੀਂ ਇਸ ਨੂੰ ‘ਡਾਕੂਆਂ ਦਾ ਅੱਡਾ’ ਬਣਾ ਦਿੱਤਾ ਹੈ ।”
47 # ਲੂਕਾ 21:37 ਪ੍ਰਭੂ ਯਿਸੂ ਹੈਕਲ ਵਿੱਚ ਹਰ ਰੋਜ਼ ਸਿੱਖਿਆ ਦਿੰਦੇ ਸਨ । ਮਹਾਂ-ਪੁਰੋਹਿਤ, ਵਿਵਸਥਾ ਦੇ ਸਿੱਖਿਅਕ ਅਤੇ ਲੋਕਾਂ ਦੇ ਆਗੂ ਯਿਸੂ ਨੂੰ ਜਾਨੋਂ ਮਾਰਨ ਦੀਆਂ ਵਿਓਂਤਾਂ ਬਣਾ ਰਹੇ ਸਨ । 48ਪਰ ਉਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਸੀ ਕਿ ਉਹ ਇਹ ਕੰਮ ਕਿਸ ਤਰ੍ਹਾਂ ਕਰਨ ਕਿਉਂਕਿ ਭੀੜ ਯਿਸੂ ਦੀਆਂ ਗੱਲਾਂ ਬੜੇ ਧਿਆਨ ਨਾਲ ਸੁਣ ਰਹੀ ਸੀ ।

Ekhethiweyo ngoku:

ਲੂਕਾ 19: CL-NA

Qaqambisa

Yabelana

Kopa

None

Ufuna ukuba iimbalasane zakho zigcinwe kuzo zonke izixhobo zakho? Bhalisela okanye ngena

IziCwangciso zokuFunda zasimahla kunye nokuzinikela okunxulumene ne ਲੂਕਾ 19

I-YouVersion isebenzisa ii cookies ukwenza amava akho abe ngawe. Ngokusebenzisa i-website yethu, uyakwamkela ukusebenzisa kwethu ii cookies njengoko kuchaziwe kuMgaqo-nkqubo wethu