ਯੂਹੰਨਾ 6

6
ਪੰਜ ਹਜ਼ਾਰ ਨੂੰ ਰਜਾਉਣਾ
(ਮੱਤੀ 14:13-21, ਮਰਕੁਸ 6:30-44, ਲੂਕਾ 9:10-17)
1ਇਸ ਦੇ ਬਾਅਦ ਯਿਸੂ ਗਲੀਲ ਦੀ ਝੀਲ (ਤਿਬਿਰਿਯਾਸ ਦੀ ਝੀਲ) ਦੇ ਪਾਰ ਚਲੇ ਗਏ । 2ਇੱਕ ਵੱਡੀ ਭੀੜ ਉਹਨਾਂ ਦੇ ਪਿੱਛੇ ਗਈ ਕਿਉਂਕਿ ਉਹਨਾਂ ਨੇ ਯਿਸੂ ਦੇ ਉਹ ਚਮਤਕਾਰੀ ਚਿੰਨ੍ਹ ਦੇਖੇ ਸਨ ਜਿਹੜੇ ਉਹਨਾਂ ਨੇ ਬਿਮਾਰਾਂ ਲਈ ਕੀਤੇ ਸਨ । 3ਯਿਸੂ ਇੱਕ ਪਹਾੜ ਉੱਤੇ ਚੜ੍ਹ ਗਏ ਅਤੇ ਉੱਥੇ ਆਪਣੇ ਚੇਲਿਆਂ ਦੇ ਨਾਲ ਬੈਠ ਗਏ । 4ਯਹੂਦੀ ਲੋਕਾਂ ਦਾ ਪਸਾਹ ਦਾ ਤਿਉਹਾਰ ਨੇੜੇ ਸੀ । 5ਯਿਸੂ ਨੇ ਆਪਣੀਆਂ ਅੱਖਾਂ ਉਤਾਂਹ ਚੁੱਕੀਆਂ ਅਤੇ ਇੱਕ ਵੱਡੀ ਭੀੜ ਨੂੰ ਆਪਣੇ ਵੱਲ ਆਉਂਦੇ ਦੇਖਿਆ । ਉਹਨਾਂ ਨੇ ਫ਼ਿਲਿੱਪੁਸ ਨੂੰ ਕਿਹਾ, “ਅਸੀਂ ਇਹਨਾਂ ਨੂੰ ਭੋਜਨ ਕਰਵਾਉਣ ਲਈ ਰੋਟੀ ਕਿੱਥੋਂ ਮੁੱਲ ਲਈਏ ?” 6(ਇਹ ਉਹਨਾਂ ਨੇ ਫ਼ਿਲਿੱਪੁਸ ਨੂੰ ਪਰਖਣ ਦੇ ਲਈ ਕਿਹਾ ਸੀ ਕਿਉਂਕਿ ਉਹ ਪਹਿਲਾਂ ਹੀ ਜਾਣਦੇ ਸਨ ਕਿ ਉਹ ਕੀ ਕਰਨਗੇ ।) 7ਫ਼ਿਲਿੱਪੁਸ ਨੇ ਉਹਨਾਂ ਨੂੰ ਉੱਤਰ ਦਿੱਤਾ, “ਇਹਨਾਂ ਸਾਰਿਆਂ ਨੂੰ ਥੋੜ੍ਹਾ ਥੋੜ੍ਹਾ ਵੀ ਭੋਜਨ ਦੇਣ ਦੇ ਲਈ ਦੋ ਸੋ ਦੀਨਾਰ#6:7 ਦੀਨਾਰ ਇੱਕ ਆਦਮੀ ਦੀ ਇੱਕ ਦਿਨ ਦੀ ਮਜ਼ਦੂਰੀ ਦੇ ਬਰਾਬਰ ਹੁੰਦਾ ਸੀ । ਦੀਆਂ ਰੋਟੀਆਂ ਕਾਫ਼ੀ ਨਹੀਂ ਹੋਣਗੀਆਂ ।” 8ਉਹਨਾਂ ਦਾ ਇੱਕ ਚੇਲਾ ਅੰਦ੍ਰਿਯਾਸ ਜਿਹੜਾ ਸ਼ਮਊਨ ਪਤਰਸ ਦਾ ਭਰਾ ਸੀ ਉਸ ਨੇ ਯਿਸੂ ਨੂੰ ਕਿਹਾ, 9“ਇੱਥੇ ਇੱਕ ਮੁੰਡਾ ਹੈ ਜਿਸ ਕੋਲ ਜੌਂ ਦੀਆਂ ਪੰਜ ਰੋਟੀਆਂ ਅਤੇ ਦੋ ਮੱਛੀਆਂ ਹਨ ਪਰ ਕੀ ਇਹ ਇੰਨੇ ਸਾਰੇ ਲੋਕਾਂ ਦੇ ਲਈ ਕਾਫ਼ੀ ਹਨ ?” 10ਯਿਸੂ ਨੇ ਕਿਹਾ, “ਲੋਕਾਂ ਨੂੰ ਬਿਠਾ ਦਿਓ ।” ਉਸ ਥਾਂ ਉੱਤੇ ਘਾਹ ਬਹੁਤ ਸੀ । ਉਹਨਾਂ ਨੇ ਲੋਕਾਂ ਨੂੰ ਜਿਹਨਾਂ ਦੀ ਗਿਣਤੀ ਕੋਈ ਪੰਜ ਹਜ਼ਾਰ ਆਦਮੀ ਸਨ, ਬਿਠਾ ਦਿੱਤਾ । 11ਤਦ ਯਿਸੂ ਨੇ ਰੋਟੀਆਂ ਲਈਆਂ, ਪਰਮੇਸ਼ਰ ਦਾ ਧੰਨਵਾਦ ਕੀਤਾ ਅਤੇ ਬੈਠੇ ਹੋਏ ਲੋਕਾਂ ਨੂੰ ਵੰਡ ਦਿੱਤੀਆਂ । ਇਸੇ ਤਰ੍ਹਾਂ ਮੱਛੀਆਂ ਵੀ ਜਿੰਨੀਆਂ ਉਹ ਚਾਹੁੰਦੇ ਸਨ ਵੰਡੀਆਂ । 12ਜਦੋਂ ਸਾਰਿਆਂ ਨੇ ਰੱਜ ਕੇ ਖਾ ਲਿਆ ਤਾਂ ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ, “ਬਚੇ ਹੋਏ ਟੁਕੜਿਆਂ ਨੂੰ ਇਕੱਠੇ ਕਰ ਲਵੋ ਤਾਂ ਜੋ ਕੁਝ ਵੀ ਬਰਬਾਦ ਨਾ ਹੋਵੇ ।” 13ਇਸ ਲਈ ਉਹਨਾਂ ਨੇ ਸਾਰੇ ਟੁਕੜੇ ਇਕੱਠੇ ਕੀਤੇ ਜਿਹਨਾਂ ਨਾਲ ਬਾਰ੍ਹਾਂ ਟੋਕਰੇ ਭਰ ਗਏ । ਇਹ ਸਭ ਪੰਜ ਜੌਂ ਦੀਆਂ ਰੋਟੀਆਂ ਵਿੱਚੋਂ ਲੋਕਾਂ ਦੇ ਖਾਣ ਦੇ ਬਾਅਦ ਬਚੇ ਸਨ ।
14ਲੋਕਾਂ ਨੇ ਇਸ ਚਮਤਕਾਰੀ ਚਿੰਨ੍ਹ ਨੂੰ ਜਿਹੜਾ ਯਿਸੂ ਨੇ ਦਿਖਾਇਆ ਸੀ, ਦੇਖ ਕੇ ਕਿਹਾ, “ਸੱਚਮੁੱਚ, ਇਹ ਉਹ ਹੀ ਨਬੀ ਹੈ ਜਿਹੜਾ ਸੰਸਾਰ ਵਿੱਚ ਆਉਣ ਵਾਲਾ ਸੀ ।” 15ਯਿਸੂ ਇਹ ਜਾਣਦੇ ਹੋਏ ਕਿ ਲੋਕ ਉਹਨਾਂ ਨੂੰ ਆ ਕੇ ਜ਼ਬਰਦਸਤੀ ਰਾਜਾ ਬਣਾਉਣਾ ਚਾਹੁੰਦੇ ਹਨ, ਉਹ ਫਿਰ ਇਕੱਲੇ ਪਹਾੜ ਉੱਤੇ ਚਲੇ ਗਏ ।
ਪ੍ਰਭੂ ਯਿਸੂ ਦਾ ਪਾਣੀ ਉੱਤੇ ਚੱਲਣਾ
(ਮੱਤੀ 14:22-33, ਮਰਕੁਸ 6:45-52)
16ਜਦੋਂ ਸ਼ਾਮ ਹੋ ਗਈ ਤਾਂ ਯਿਸੂ ਦੇ ਚੇਲੇ ਝੀਲ ਵੱਲ ਗਏ । 17ਉਹ ਕਿਸ਼ਤੀ ਵਿੱਚ ਬੈਠ ਕੇ ਝੀਲ ਦੇ ਦੂਜੇ ਪਾਰ ਕਫ਼ਰਨਾਹੂਮ ਵੱਲ ਚੱਲ ਪਏ । ਹਨੇਰਾ ਹੋ ਗਿਆ ਸੀ ਪਰ ਯਿਸੂ ਅਜੇ ਤੱਕ ਉਹਨਾਂ ਦੇ ਕੋਲ ਨਹੀਂ ਆਏ ਸਨ । 18ਉਦੋਂ ਤੱਕ ਤੇਜ਼ ਹਨੇਰੀ ਚੱਲ ਪਈ ਸੀ ਅਤੇ ਝੀਲ ਵਿੱਚ ਲਹਿਰਾਂ ਉੱਠਣ ਲੱਗੀਆਂ ਸਨ । 19ਚੇਲੇ ਇਸ ਸਮੇਂ ਤੱਕ ਕੋਈ ਪੰਜ ਕਿਲੋਮੀਟਰ ਝੀਲ ਵਿੱਚ ਜਾ ਚੁੱਕੇ ਸਨ । ਉਹਨਾਂ ਨੇ ਯਿਸੂ ਨੂੰ ਪਾਣੀ ਉੱਤੇ ਚੱਲਦੇ ਅਤੇ ਕਿਸ਼ਤੀ ਦੇ ਨੇੜੇ ਆਉਂਦੇ ਦੇਖਿਆ ਅਤੇ ਉਹ ਡਰ ਗਏ । 20ਪਰ ਯਿਸੂ ਨੇ ਉਹਨਾਂ ਨੂੰ ਕਿਹਾ, “ਡਰੋ ਨਹੀਂ, ਮੈਂ ਹਾਂ !” 21ਤਦ ਉਹਨਾਂ ਨੇ ਯਿਸੂ ਨੂੰ ਖ਼ੁਸ਼ੀ ਨਾਲ ਕਿਸ਼ਤੀ ਵਿੱਚ ਚੜ੍ਹਾ ਲਿਆ ਅਤੇ ਇਕਦਮ ਕਿਸ਼ਤੀ ਉੱਥੇ ਪਹੁੰਚ ਗਈ ਜਿੱਥੇ ਉਹ ਜਾਣਾ ਚਾਹੁੰਦੇ ਸਨ ।
ਲੋਕ ਪ੍ਰਭੂ ਯਿਸੂ ਨੂੰ ਲੱਭਦੇ ਹਨ
22ਅਗਲੇ ਦਿਨ ਜਿਹੜੀ ਭੀੜ ਝੀਲ ਦੇ ਦੂਜੇ ਪਾਸੇ ਠਹਿਰੀ ਹੋਈ ਸੀ, ਨੇ ਦੇਖਿਆ ਕਿ ਉੱਥੇ ਇੱਕ ਹੀ ਕਿਸ਼ਤੀ ਸੀ । ਉਹ ਜਾਣਦੇ ਸਨ ਕਿ ਯਿਸੂ ਕਿਸ਼ਤੀ ਵਿੱਚ ਨਹੀਂ ਚੜ੍ਹੇ, ਕੇਵਲ ਉਹਨਾਂ ਦੇ ਚੇਲੇ ਹੀ ਯਿਸੂ ਦੇ ਬਿਨਾਂ ਚਲੇ ਗਏ ਸਨ । 23ਪਰ ਤਿਬਿਰਿਯਾਸ ਤੋਂ ਕੁਝ ਹੋਰ ਕਿਸ਼ਤੀਆਂ ਉਸ ਥਾਂ ਦੇ ਨੇੜੇ ਆਈਆਂ ਜਿੱਥੇ ਲੋਕਾਂ ਨੇ ਪ੍ਰਭੂ ਦੇ ਧੰਨਵਾਦ ਕਰਨ ਦੇ ਬਾਅਦ ਭੋਜਨ ਕੀਤਾ ਸੀ । 24ਜਦੋਂ ਲੋਕਾਂ ਨੇ ਦੇਖਿਆ ਕਿ ਉੱਥੇ ਨਾ ਯਿਸੂ ਅਤੇ ਨਾ ਹੀ ਉਹਨਾਂ ਦੇ ਚੇਲੇ ਸਨ, ਉਹ ਕਿਸ਼ਤੀਆਂ ਵਿੱਚ ਬੈਠ ਕੇ ਯਿਸੂ ਨੂੰ ਲੱਭਣ ਦੇ ਲਈ ਕਫ਼ਰਨਾਹੂਮ ਵਿੱਚ ਗਏ ।
ਪ੍ਰਭੂ ਯਿਸੂ ਜੀਵਨ ਦੀ ਰੋਟੀ
25ਜਦੋਂ ਯਿਸੂ ਲੋਕਾਂ ਨੂੰ ਝੀਲ ਦੇ ਪਾਰ ਮਿਲ ਗਏ ਤਾਂ ਲੋਕਾਂ ਨੇ ਯਿਸੂ ਤੋਂ ਪੁੱਛਿਆ, “ਹੇ ਰੱਬੀ, ਤੁਸੀਂ ਇੱਥੇ ਕਦੋਂ ਆਏ ?” 26ਯਿਸੂ ਨੇ ਉੱਤਰ ਦਿੱਤਾ, “ਮੈਂ ਤੁਹਾਨੂੰ ਸੱਚ ਸੱਚ ਕਹਿੰਦਾ ਹਾਂ ਕਿ ਤੁਸੀਂ ਮੈਨੂੰ ਇਸ ਲਈ ਨਹੀਂ ਲੱਭ ਰਹੇ ਹੋ ਕਿ ਤੁਸੀਂ ਚਮਤਕਾਰੀ ਚਿੰਨ੍ਹ ਦੇਖੇ ਹਨ ਸਗੋਂ ਇਸ ਲਈ ਕਿ ਤੁਹਾਨੂੰ ਖਾਣ ਦੇ ਲਈ ਰੋਟੀ ਮਿਲੀ ਅਤੇ ਤੁਸੀਂ ਪੇਟ ਭਰ ਕੇ ਖਾਧਾ । 27ਨਾਸ਼ਵਾਨ ਭੋਜਨ ਦੇ ਲਈ ਮਿਹਨਤ ਨਾ ਕਰੋ ਪਰ ਉਸ ਭੋਜਨ ਦੇ ਲਈ ਮਿਹਨਤ ਕਰੋ ਜਿਹੜਾ ਅਨੰਤ ਜੀਵਨ ਤੱਕ ਰਹਿੰਦਾ ਹੈ । ਉਹ ਭੋਜਨ ਮਨੁੱਖ ਦਾ ਪੁੱਤਰ ਤੁਹਾਨੂੰ ਦੇਵੇਗਾ ਕਿਉਂਕਿ ਉਸ ਉੱਤੇ ਪਿਤਾ ਪਰਮੇਸ਼ਰ ਨੇ ਆਪਣੀ ਮੋਹਰ ਲਾਈ ਹੈ ।” 28ਉਹਨਾਂ ਨੇ ਯਿਸੂ ਤੋਂ ਪੁੱਛਿਆ, “ਪਰਮੇਸ਼ਰ ਦੇ ਕੰਮ ਕਰਨ ਲਈ ਅਸੀਂ ਕੀ ਕਰੀਏ ?” 29ਯਿਸੂ ਨੇ ਉੱਤਰ ਦਿੱਤਾ, “ਪਰਮੇਸ਼ਰ ਦਾ ਕੰਮ ਇਹ ਹੈ ਕਿ ਜਿਸ ਨੂੰ ਉਹਨਾਂ ਨੇ ਭੇਜਿਆ ਹੈ, ਉਸ ਵਿੱਚ ਵਿਸ਼ਵਾਸ ਕਰੋ ।” 30ਉਹਨਾਂ ਨੇ ਯਿਸੂ ਨੂੰ ਕਿਹਾ, “ਤੁਸੀਂ ਕਿਹੜਾ ਚਮਤਕਾਰੀ ਚਿੰਨ੍ਹ ਦਿਖਾਓਗੇ ਜਿਸ ਨੂੰ ਦੇਖ ਕੇ ਅਸੀਂ ਤੁਹਾਡੇ ਵਿੱਚ ਵਿਸ਼ਵਾਸ ਕਰੀਏ ? ਤੁਸੀਂ ਕਿਹੜਾ ਕੰਮ ਕਰੋਗੇ ? 31#ਕੂਚ 16:4, 15, ਭਜਨ 78:24ਸਾਡੇ ਪੁਰਖਿਆਂ ਨੇ ਉਜਾੜ ਵਿੱਚ ਮੱਨਾ#6:31 ਮੱਨਾ : ਇਹ ਇੱਕ ਪ੍ਰਕਾਰ ਦਾ ਭੋਜਨ ਸੀ ਜਿਹੜਾ ਯਹੂਦੀ ਲੋਕਾਂ ਨੂੰ ਉਹਨਾਂ ਦੀ ਮਿਸਰ ਤੋਂ ਕਨਾਨ ਤੱਕ ਦੀ ਯਾਤਰਾ ਸਮੇਂ ਪਰਮੇਸ਼ਰ ਕੋਲੋਂ ਸਵਰਗ ਤੋਂ ਮਿਲਦਾ ਸੀ (ਕੂਚ 16:1-8) । ਖਾਧਾ ਸੀ, ਜਿਸ ਤਰ੍ਹਾਂ ਪਵਿੱਤਰ-ਗ੍ਰੰਥ ਵਿੱਚ ਲਿਖਿਆ ਹੋਇਆ ਹੈ, ‘ਪਰਮੇਸ਼ਰ ਨੇ ਉਹਨਾਂ ਨੂੰ ਖਾਣ ਲਈ ਸਵਰਗ ਵਿੱਚੋਂ ਰੋਟੀ ਦਿੱਤੀ ।’” 32ਯਿਸੂ ਨੇ ਉਹਨਾਂ ਨੂੰ ਉੱਤਰ ਦਿੱਤਾ, “ਮੈਂ ਤੁਹਾਨੂੰ ਸੱਚ ਸੱਚ ਕਹਿੰਦਾ ਹਾਂ ਕਿ ਜਿਹੜੀ ਰੋਟੀ ਤੁਹਾਨੂੰ ਮੂਸਾ ਨੇ ਦਿੱਤੀ ਸੀ, ਉਹ ਸਵਰਗੀ ਰੋਟੀ ਨਹੀਂ ਸੀ ਸਗੋਂ ਮੇਰੇ ਪਿਤਾ ਅਸਲੀ ਸਵਰਗੀ ਰੋਟੀ ਤੁਹਾਨੂੰ ਦਿੰਦੇ ਹਨ । 33ਪਰਮੇਸ਼ਰ ਦੀ ਰੋਟੀ ਉਹ ਹੈ ਜਿਹੜੀ ਸਵਰਗ ਤੋਂ ਉਤਰ ਕੇ ਸੰਸਾਰ ਨੂੰ ਜੀਵਨ ਦਿੰਦੀ ਹੈ ।” 34ਉਹਨਾਂ ਨੇ ਯਿਸੂ ਨੂੰ ਕਿਹਾ, “ਸ੍ਰੀਮਾਨ ਜੀ, ਇਹ ਰੋਟੀ ਸਾਨੂੰ ਰੋਜ਼ ਦਿਆ ਕਰੋ ।” 35ਯਿਸੂ ਨੇ ਉਹਨਾਂ ਨੂੰ ਕਿਹਾ, “ਜੀਵਨ ਦੀ ਰੋਟੀ ਮੈਂ ਹੀ ਹਾਂ । ਜਿਹੜਾ ਮੇਰੇ ਕੋਲ ਆਉਂਦਾ ਹੈ, ਉਹ ਕਦੀ ਭੁੱਖਾ ਨਾ ਹੋਵੇਗਾ । ਜਿਹੜਾ ਮੇਰੇ ਵਿੱਚ ਵਿਸ਼ਵਾਸ ਕਰਦਾ ਹੈ, ਉਹ ਕਦੀ ਪਿਆਸਾ ਨਾ ਹੋਵੇਗਾ ।
36“ਪਰ ਮੈਂ ਤੁਹਾਨੂੰ ਦੱਸ ਚੁੱਕਾ ਹਾਂ ਕਿ ਤੁਸੀਂ ਮੈਨੂੰ ਦੇਖ ਲਿਆ ਹੈ ਅਤੇ ਫਿਰ ਵੀ ਤੁਸੀਂ ਮੇਰੇ ਵਿੱਚ ਵਿਸ਼ਵਾਸ ਨਹੀਂ ਕਰਦੇ । 37ਉਹ ਹਰ ਕੋਈ ਜਿਸ ਨੂੰ ਮੇਰੇ ਪਿਤਾ ਮੈਨੂੰ ਦਿੰਦੇ ਹਨ, ਉਹ ਮੇਰੇ ਕੋਲ ਆਵੇਗਾ ਅਤੇ ਜਿਹੜਾ ਮੇਰੇ ਕੋਲ ਆਵੇਗਾ ਉਸ ਨੂੰ ਮੈਂ ਕਦੀ ਨਹੀਂ ਕੱਢਾਂਗਾ । 38ਕਿਉਂਕਿ ਮੈਂ ਆਪਣੀ ਨਹੀਂ ਸਗੋਂ ਆਪਣੇ ਭੇਜਣ ਵਾਲੇ ਦੀ ਇੱਛਾ ਨੂੰ ਪੂਰਾ ਕਰਨ ਦੇ ਲਈ ਆਇਆ ਹਾਂ । 39ਜਿਹਨਾਂ ਨੇ ਮੈਨੂੰ ਭੇਜਿਆ ਹੈ ਉਹਨਾਂ ਦੀ ਇੱਛਾ ਇਹ ਹੈ ਕਿ ਮੈਂ ਉਹਨਾਂ ਸਾਰਿਆਂ ਵਿੱਚੋਂ ਕਿਸੇ ਨੂੰ ਵੀ ਨਾ ਗੁਆਵਾਂ ਜਿਹਨਾਂ ਨੂੰ ਪਿਤਾ ਨੇ ਮੈਨੂੰ ਦਿੱਤਾ ਹੈ ਸਗੋਂ ਉਹਨਾਂ ਸਾਰਿਆਂ ਨੂੰ ਅੰਤਮ ਦਿਨ ਮੈਂ ਫਿਰ ਜਿਊਂਦਾ ਕਰਾਂ । 40ਮੇਰੇ ਪਿਤਾ ਦੀ ਇੱਛਾ ਇਹ ਹੈ ਕਿ ਹਰ ਕੋਈ ਜਿਹੜਾ ਪੁੱਤਰ ਨੂੰ ਦੇਖਦਾ ਹੈ ਅਤੇ ਉਸ ਵਿੱਚ ਵਿਸ਼ਵਾਸ ਕਰਦਾ ਹੈ ਅਨੰਤ ਜੀਵਨ ਪਾਵੇ ਅਤੇ ਅੰਤਮ ਦਿਨ ਮੈਂ ਉਸ ਨੂੰ ਫਿਰ ਜਿਊਂਦਾ ਕਰਾਂਗਾ ।”
41ਯਹੂਦੀ ਯਿਸੂ ਉੱਤੇ ਬੁੜਬੁੜਾਉਣ ਲੱਗ ਪਏ ਕਿਉਂਕਿ ਉਹਨਾਂ ਨੇ ਕਿਹਾ ਸੀ, “ਮੈਂ ਸਵਰਗ ਤੋਂ ਉਤਰੀ ਹੋਈ ਰੋਟੀ ਹਾਂ ।” 42ਉਹ ਆਪਸ ਵਿੱਚ ਕਹਿਣ ਲੱਗੇ, “ਕੀ ਇਹ ਯੂਸਫ਼ ਦਾ ਪੁੱਤਰ ਯਿਸੂ ਨਹੀਂ ਹੈ ? ਕੀ ਅਸੀਂ ਇਸ ਦੇ ਮਾਤਾ-ਪਿਤਾ ਨੂੰ ਨਹੀਂ ਜਾਣਦੇ ? ਫਿਰ ਹੁਣ ਇਹ ਕਿਸ ਤਰ੍ਹਾਂ ਕਹਿ ਰਿਹਾ ਹੈ ‘ਕਿ ਮੈਂ ਸਵਰਗ ਤੋਂ ਉਤਰਿਆ ਹਾਂ’ ?” 43ਯਿਸੂ ਨੇ ਉਹਨਾਂ ਨੂੰ ਕਿਹਾ, “ਆਪਸ ਵਿੱਚ ਨਾ ਬੁੜਬੁੜਾਓ । 44ਕੋਈ ਮੇਰੇ ਕੋਲ ਨਹੀਂ ਆ ਸਕਦਾ, ਜਦੋਂ ਤੱਕ ਕਿ ਪਿਤਾ ਜਿਹਨਾਂ ਨੇ ਮੈਨੂੰ ਭੇਜਿਆ ਹੈ, ਉਸ ਨੂੰ ਮੇਰੇ ਕੋਲ ਨਹੀਂ ਲਿਆਉਂਦੇ । ਮੈਂ ਉਸ ਨੂੰ ਅੰਤਮ ਦਿਨ ਜਿਊਂਦਾ ਕਰਾਂਗਾ । 45#ਯਸਾ 54:13ਨਬੀਆਂ ਦੀਆਂ ਪੁਸਤਕਾਂ ਵਿੱਚ ਵੀ ਲਿਖਿਆ ਹੈ, ‘ਪਰਮੇਸ਼ਰ ਉਹਨਾਂ ਸਾਰਿਆਂ ਨੂੰ ਸਿਖਾਉਣਗੇ ।’ ਉਹ ਸਾਰੇ ਜਿਹੜੇ ਪਿਤਾ ਦੀ ਸੁਣਦੇ ਅਤੇ ਉਹਨਾਂ ਕੋਲੋਂ ਸਿੱਖਦੇ ਹਨ, ਉਹ ਮੇਰੇ ਕੋਲ ਆਉਂਦੇ ਹਨ । 46ਇਸ ਦਾ ਅਰਥ ਇਹ ਨਹੀਂ ਕਿ ਕਿਸੇ ਨੇ ਪਿਤਾ ਨੂੰ ਦੇਖਿਆ ਹੈ । ਕੇਵਲ ਉਸ ਨੇ ਜਿਹੜਾ ਪਰਮੇਸ਼ਰ ਕੋਲੋਂ ਆਇਆ ਹੈ, ਪਿਤਾ ਨੂੰ ਦੇਖਿਆ ਹੈ । 47ਮੈਂ ਤੁਹਾਨੂੰ ਸੱਚ ਸੱਚ ਕਹਿੰਦਾ ਹਾਂ ਕਿ ਉਹ ਜਿਹੜਾ ਵਿਸ਼ਵਾਸ ਕਰਦਾ ਹੈ, ਅਨੰਤ ਜੀਵਨ ਉਸ ਦਾ ਹੈ । 48ਮੈਂ ਹੀ ਜੀਵਨ ਦੀ ਰੋਟੀ ਹਾਂ । 49ਤੁਹਾਡੇ ਪੁਰਖਿਆਂ ਨੇ ਉਜਾੜ ਵਿੱਚ ਮੱਨਾ#6:49 ਮੱਨਾ : ਇਹ ਇੱਕ ਪ੍ਰਕਾਰ ਦਾ ਭੋਜਨ ਸੀ ਜਿਹੜਾ ਯਹੂਦੀ ਲੋਕਾਂ ਨੂੰ ਉਹਨਾਂ ਦੀ ਮਿਸਰ ਤੋਂ ਕਨਾਨ ਤੱਕ ਦੀ ਯਾਤਰਾ ਸਮੇਂ ਪਰਮੇਸ਼ਰ ਕੋਲੋਂ ਸਵਰਗ ਤੋਂ ਮਿਲਦਾ ਸੀ (ਕੂਚ 16:1-8) । ਖਾਧਾ ਪਰ ਉਹ ਮਰ ਗਏ । 50ਪਰ ਇਹ ਉਹ ਰੋਟੀ ਹੈ ਜਿਹੜੀ ਸਵਰਗ ਤੋਂ ਉਤਰੀ ਹੈ । ਜਿਹੜਾ ਇਸ ਨੂੰ ਖਾਵੇਗਾ ਉਹ ਮਰੇਗਾ ਨਹੀਂ । 51ਮੈਂ ਹੀ ਜੀਵਨ ਦੀ ਰੋਟੀ ਹਾਂ ਜਿਹੜੀ ਸਵਰਗ ਤੋਂ ਉਤਰੀ ਹੈ । ਜਿਹੜਾ ਕੋਈ ਇਹ ਰੋਟੀ ਖਾਵੇਗਾ, ਉਹ ਅਨੰਤਕਾਲ ਤੱਕ ਜਿਊਂਦਾ ਰਹੇਗਾ ਅਤੇ ਜਿਹੜੀ ਰੋਟੀ ਮੈਂ ਉਸ ਨੂੰ ਦੇਵਾਂਗਾ ਉਹ ਮੇਰਾ ਆਪਣਾ ਸਰੀਰ ਹੈ ਜੋ ਮੈਂ ਸੰਸਾਰ ਨੂੰ ਜੀਵਨ ਦੇਣ ਦੇ ਲਈ ਦੇਵਾਂਗਾ ।”
52ਤਦ ਯਹੂਦੀ ਆਪਸ ਵਿੱਚ ਬਹਿਸ ਕਰਨ ਲੱਗੇ, “ਇਹ ਆਪਣਾ ਸਰੀਰ ਸਾਨੂੰ ਖਾਣ ਲਈ ਕਿਸ ਤਰ੍ਹਾਂ ਦੇ ਸਕਦਾ ਹੈ ?” 53ਪਰ ਯਿਸੂ ਨੇ ਉਹਨਾਂ ਨੂੰ ਕਿਹਾ, “ਮੈਂ ਤੁਹਾਨੂੰ ਸੱਚ ਸੱਚ ਕਹਿੰਦਾ ਹਾਂ, ਜਦੋਂ ਤੱਕ ਤੁਸੀਂ ਮਨੁੱਖ ਦੇ ਪੁੱਤਰ ਦਾ ਸਰੀਰ ਨਹੀਂ ਖਾਵੋਗੇ ਅਤੇ ਉਸ ਦਾ ਖ਼ੂਨ ਨਹੀਂ ਪੀਵੋਗੇ, ਤੁਹਾਡੇ ਕੋਲ ਜੀਵਨ ਨਹੀਂ ਹੈ । 54ਜਿਹੜਾ ਮੇਰਾ ਸਰੀਰ ਖਾਂਦਾ ਅਤੇ ਮੇਰਾ ਖ਼ੂਨ ਪੀਂਦਾ ਹੈ, ਅਨੰਤ ਜੀਵਨ ਉਸ ਦਾ ਹੀ ਹੈ । ਮੈਂ ਉਸ ਨੂੰ ਅੰਤਮ ਦਿਨ ਦੁਬਾਰਾ ਜਿਊਂਦਾ ਕਰਾਂਗਾ । 55ਮੇਰਾ ਸਰੀਰ ਅਸਲੀ ਭੋਜਨ ਹੈ ਅਤੇ ਮੇਰਾ ਖ਼ੂਨ ਅਸਲੀ ਪੀਣ ਵਾਲੀ ਚੀਜ਼ ਹੈ । 56ਉਹ ਜਿਹੜਾ ਮੇਰਾ ਸਰੀਰ ਖਾਂਦਾ ਅਤੇ ਮੇਰਾ ਖ਼ੂਨ ਪੀਂਦਾ ਹੈ, ਮੇਰੇ ਵਿੱਚ ਰਹਿੰਦਾ ਹੈ ਅਤੇ ਮੈਂ ਉਸ ਵਿੱਚ । 57ਜਿਸ ਤਰ੍ਹਾਂ ਜਿਊਂਦੇ ਪਿਤਾ ਨੇ ਮੈਨੂੰ ਭੇਜਿਆ ਹੈ ਅਤੇ ਮੈਂ ਉਹਨਾਂ ਦੇ ਕਾਰਨ ਜਿਊਂਦਾ ਹਾਂ, ਉਸੇ ਤਰ੍ਹਾਂ ਉਹ ਜਿਹੜਾ ਮੈਨੂੰ ਖਾਂਦਾ ਹੈ, ਮੇਰੇ ਕਾਰਨ ਜਿਊਂਦਾ ਰਹੇਗਾ । 58ਇਹ ਉਹ ਰੋਟੀ ਹੈ ਜਿਹੜੀ ਸਵਰਗ ਤੋਂ ਉਤਰੀ ਹੈ । ਇਹ ਉਸ ਤਰ੍ਹਾਂ ਦੀ ਨਹੀਂ ਹੈ ਜਿਹੜੀ ਤੁਹਾਡੇ ਪੁਰਖਿਆਂ ਨੇ ਖਾਧੀ ਸੀ ਅਤੇ ਉਹ ਮਰ ਗਏ ਸਨ । ਜਿਹੜਾ ਕੋਈ ਇਹ ਰੋਟੀ ਖਾਂਦਾ ਹੈ, ਉਹ ਅਨੰਤਕਾਲ ਤੱਕ ਜਿਊਂਦਾ ਰਹੇਗਾ ।” 59ਇਹ ਸਭ ਗੱਲਾਂ ਯਿਸੂ ਨੇ ਕਫ਼ਰਨਾਹੂਮ ਦੇ ਪ੍ਰਾਰਥਨਾ ਘਰ ਵਿੱਚ ਸਿੱਖਿਆ ਦਿੰਦੇ ਸਮੇਂ ਕਹੀਆਂ ।
ਅਨੰਤ ਜੀਵਨ ਦੇ ਸ਼ਬਦ ਅਤੇ ਪਤਰਸ ਦਾ ਇਕਰਾਰ
60ਯਿਸੂ ਦੇ ਬਹੁਤ ਸਾਰੇ ਚੇਲਿਆਂ ਨੇ ਇਹ ਸੁਣਿਆ ਅਤੇ ਉਹ ਕਹਿਣ ਲੱਗੇ, “ਇਹ ਬਹੁਤ ਹੀ ਕਠੋਰ ਸਿੱਖਿਆ ਹੈ । ਇਸ ਨੂੰ ਕੌਣ ਸਵੀਕਾਰ ਕਰ ਸਕਦਾ ਹੈ ?” 61ਯਿਸੂ ਆਪਣੇ ਆਪ ਇਹ ਜਾਣ ਗਏ ਕਿ ਮੇਰੇ ਚੇਲੇ ਮੇਰੇ ਬਾਰੇ ਬੁੜਬੁੜਾ ਰਹੇ ਹਨ ਅਤੇ ਉਹਨਾਂ ਨੂੰ ਕਿਹਾ, “ਕੀ ਤੁਹਾਨੂੰ ਇਸ ਤੋਂ ਠੋਕਰ ਲੱਗੀ ਹੈ ? 62ਫਿਰ ਜੇਕਰ ਤੁਸੀਂ ਮਨੁੱਖ ਦੇ ਪੁੱਤਰ ਨੂੰ ਉੱਪਰ ਜਾਂਦੇ ਦੇਖੋਗੇ, ਜਿੱਥੇ ਉਹ ਪਹਿਲਾਂ ਸੀ ਤਦ ਕੀ ਹੋਵੇਗਾ ? 63ਆਤਮਾ ਜੀਵਨ ਦਿੰਦਾ ਹੈ, ਸਰੀਰ ਨਹੀਂ । ਜਿਹੜੇ ਸ਼ਬਦ ਮੈਂ ਤੁਹਾਨੂੰ ਕਹੇ ਹਨ, ਉਹ ਆਤਮਾ ਅਤੇ ਜੀਵਨ ਹਨ । 64ਪਰ ਫਿਰ ਵੀ ਤੁਹਾਡੇ ਵਿੱਚੋਂ ਕੁਝ ਹਨ ਜਿਹੜੇ ਵਿਸ਼ਵਾਸ ਨਹੀਂ ਕਰਦੇ ।” (ਕਿਉਂਕਿ ਯਿਸੂ ਸ਼ੁਰੂ ਤੋਂ ਹੀ ਜਾਣਦੇ ਸਨ ਕਿ ਉਹ ਕੌਣ ਹਨ ਜਿਹੜੇ ਉਹਨਾਂ ਵਿੱਚ ਵਿਸ਼ਵਾਸ ਨਹੀਂ ਕਰਦੇ ਅਤੇ ਕੌਣ ਉਹਨਾਂ ਨੂੰ ਫੜਵਾਏਗਾ ।) 65ਫਿਰ ਯਿਸੂ ਨੇ ਕਿਹਾ, “ਇਸੇ ਲਈ ਮੈਂ ਤੁਹਾਨੂੰ ਕਿਹਾ ਸੀ, ਕੋਈ ਮੇਰੇ ਕੋਲ ਨਹੀਂ ਆ ਸਕਦਾ ਜਦੋਂ ਤੱਕ ਕਿ ਪਿਤਾ ਕੋਲੋਂ ਉਸ ਨੂੰ ਇਹ ਵਰਦਾਨ ਨਾ ਮਿਲੇ ।”
66ਇਸ ਦੇ ਬਾਅਦ ਯਿਸੂ ਦੇ ਬਹੁਤ ਸਾਰੇ ਚੇਲਿਆਂ ਨੇ ਉਹਨਾਂ ਦਾ ਸਾਥ ਛੱਡ ਦਿੱਤਾ ਅਤੇ ਉਹ ਫਿਰ ਉਹਨਾਂ ਦੇ ਨਾਲ ਨਾ ਗਏ । 67ਤਦ ਯਿਸੂ ਨੇ ਬਾਰ੍ਹਾਂ ਚੇਲਿਆਂ ਨੂੰ ਕਿਹਾ, “ਕੀ ਤੁਸੀਂ ਵੀ ਮੈਨੂੰ ਛੱਡ ਕੇ ਜਾਣਾ ਚਾਹੁੰਦੇ ਹੋ ?” 68#ਮੱਤੀ 16:16, ਮਰ 8:29, ਲੂਕਾ 9:20ਸ਼ਮਊਨ ਪਤਰਸ ਨੇ ਉਹਨਾਂ ਨੂੰ ਉੱਤਰ ਦਿੱਤਾ, “ਪ੍ਰਭੂ ਜੀ, ਅਸੀਂ ਕਿਸ ਦੇ ਕੋਲ ਜਾਈਏ ? ਅਨੰਤ ਜੀਵਨ ਦੇਣ ਵਾਲੇ ਸ਼ਬਦ ਤਾਂ ਤੁਹਾਡੇ ਹੀ ਕੋਲ ਹਨ । 69ਅਸੀਂ ਵਿਸ਼ਵਾਸ ਕਰ ਲਿਆ ਹੈ ਕਿ ਤੁਸੀਂ ਪਰਮੇਸ਼ਰ ਦੇ ਪਵਿੱਤਰ ਮਨੁੱਖ ਹੋ ।”#6:69 ਕੁਝ ਪ੍ਰਾਚੀਨ ਲਿਖਤਾਂ ਵਿੱਚ ਇਹ ਆਇਤ ਇਸ ਤਰ੍ਹਾਂ ਹੈ, “ਤੁਸੀਂ ਜਿਊਂਦੇ ਪਰਮੇਸ਼ਰ ਦੇ ਪੁੱਤਰ ਮਸੀਹ ਹੋ ।” 70ਯਿਸੂ ਨੇ ਉਹਨਾਂ ਨੂੰ ਉੱਤਰ ਦਿੱਤਾ, “ਕੀ ਮੈਂ ਤੁਹਾਨੂੰ ਬਾਰ੍ਹਾਂ ਨੂੰ ਨਹੀਂ ਚੁਣਿਆ ? ਫਿਰ ਵੀ ਤੁਹਾਡੇ ਵਿੱਚੋਂ ਇੱਕ ਸ਼ੈਤਾਨ ਹੈ ।” 71ਇਹ ਯਿਸੂ ਨੇ ਸ਼ਮਊਨ ਇਸਕਰਿਯੋਤੀ ਦੇ ਪੁੱਤਰ ਯਹੂਦਾ ਦੇ ਬਾਰੇ ਕਿਹਾ ਸੀ ਜਿਹੜਾ ਬਾਰ੍ਹਾਂ ਚੇਲਿਆਂ ਵਿੱਚੋਂ ਇੱਕ ਸੀ ਅਤੇ ਜਿਹੜਾ ਉਹਨਾਂ ਨੂੰ ਫੜਵਾਉਣ ਵਾਲਾ ਸੀ ।

Currently Selected:

ਯੂਹੰਨਾ 6: CL-NA

Qaqambisa

Share

Copy

None

Ufuna ukuba iimbalasane zakho zigcinwe kuzo zonke izixhobo zakho? Bhalisela okanye ngena