ਰਸੂਲ 12

12
ਯਾਕੂਬ ਦੀ ਹੱਤਿਆ ਅਤੇ ਪਤਰਸ ਨੂੰ ਕੈਦਖ਼ਾਨੇ ਵਿੱਚ ਰੱਖਿਆ ਜਾਣਾ
1ਉਸੇ ਸਮੇਂ ਰਾਜਾ ਹੇਰੋਦੇਸ ਨੇ ਕਲੀਸਿਯਾ ਦੇ ਕੁਝ ਲੋਕਾਂ ਨੂੰ ਨੁਕਸਾਨ ਪਹੁੰਚਾਉਣ ਲਈ ਉਨ੍ਹਾਂ ਉੱਤੇ ਹੱਥ ਪਾਏ 2ਅਤੇ ਉਸ ਨੇ ਯੂਹੰਨਾ ਦੇ ਭਰਾ ਯਾਕੂਬ ਨੂੰ ਤਲਵਾਰ ਨਾਲ ਮਰਵਾ ਸੁੱਟਿਆ। 3ਜਦੋਂ ਉਸ ਨੇ ਵੇਖਿਆ ਕਿ ਯਹੂਦੀ ਇਸ ਤੋਂ ਖੁਸ਼ ਹੋਏ ਹਨ ਤਾਂ ਉਸ ਨੇ ਪਤਰਸ ਨੂੰ ਵੀ ਫੜਨ ਦਾ ਫੈਸਲਾ ਕੀਤਾ। ਇਹ ਅਖ਼ਮੀਰੀ ਰੋਟੀ ਦੇ ਦਿਨ ਸਨ। 4ਤਦ ਉਸ ਨੇ ਪਤਰਸ ਨੂੰ ਫੜ ਕੇ ਕੈਦਖ਼ਾਨੇ ਵਿੱਚ ਪਾ ਦਿੱਤਾ ਅਤੇ ਇਸ ਇੱਛਾ ਨਾਲ ਉਸ ਨੂੰ ਚਾਰ-ਚਾਰ ਸਿਪਾਹੀਆਂ ਦੇ ਚਾਰ ਪਹਿਰਿਆਂ ਵਿੱਚ ਰੱਖਿਆ ਤਾਂਕਿ ਪਸਾਹ ਤੋਂ ਬਾਅਦ ਉਸ ਨੂੰ ਲੋਕਾਂ ਦੇ ਸਾਹਮਣੇ ਲਿਆਵੇ। 5ਪਤਰਸ ਨੂੰ ਕੈਦਖ਼ਾਨੇ ਵਿੱਚ ਰੱਖਿਆ ਗਿਆ ਸੀ, ਪਰ ਕਲੀਸਿਯਾ ਉਸ ਦੇ ਲਈ ਮਨ ਲਾ ਕੇ ਪਰਮੇਸ਼ਰ ਅੱਗੇ ਪ੍ਰਾਰਥਨਾ ਕਰ ਰਹੀ ਸੀ।
ਪਤਰਸ ਦਾ ਕੈਦਖ਼ਾਨੇ ਵਿੱਚੋਂ ਬਾਹਰ ਆਉਣਾ
6ਜਦੋਂ ਹੇਰੋਦੇਸ ਉਸ ਨੂੰ ਬਾਹਰ ਲਿਆਉਣ ਵਾਲਾ ਸੀ ਤਾਂ ਉਸ ਰਾਤ ਪਤਰਸ ਜ਼ੰਜੀਰਾਂ ਨਾਲ ਬੱਝਾ ਦੋ ਸਿਪਾਹੀਆਂ ਦੇ ਵਿਚਕਾਰ ਸੁੱਤਾ ਹੋਇਆ ਸੀ ਅਤੇ ਦੋ ਪਹਿਰੇਦਾਰ ਕੈਦਖ਼ਾਨੇ ਦੇ ਦਰਵਾਜ਼ੇ 'ਤੇ ਪਹਿਰਾ ਦੇ ਰਹੇ ਸਨ। 7ਅਤੇ ਵੇਖੋ, ਪ੍ਰਭੂ ਦਾ ਇੱਕ ਦੂਤ ਆ ਖੜ੍ਹਾ ਹੋਇਆ ਅਤੇ ਉਸ ਕੋਠੜੀ ਵਿੱਚ ਚਾਨਣ ਚਮਕਿਆ। ਤਦ ਦੂਤ ਨੇ ਪਤਰਸ ਦੀ ਵੱਖੀ 'ਤੇ ਹੱਥ ਮਾਰ ਕੇ ਉਸ ਨੂੰ ਉਠਾਇਆ ਅਤੇ ਕਿਹਾ, “ਛੇਤੀ ਉੱਠ!” ਅਤੇ ਉਸ ਦੇ ਹੱਥਾਂ ਤੋਂ ਜ਼ੰਜੀਰਾਂ ਡਿੱਗ ਪਈਆਂ। 8ਦੂਤ ਨੇ ਉਸ ਨੂੰ ਕਿਹਾ, “ਲੱਕ ਬੰਨ੍ਹ ਅਤੇ ਆਪਣੀ ਜੁੱਤੀ ਪਾ।” ਉਸ ਨੇ ਉਸੇ ਤਰ੍ਹਾਂ ਕੀਤਾ। ਫਿਰ ਦੂਤ ਨੇ ਕਿਹਾ, “ਆਪਣਾ ਚੋਗਾ ਪਹਿਨ ਅਤੇ ਮੇਰੇ ਪਿੱਛੇ ਆ ਜਾ।” 9ਤਦ ਉਹ ਬਾਹਰ ਨਿੱਕਲ ਕੇ ਉਸ ਦੇ ਪਿੱਛੇ ਤੁਰ ਪਿਆ ਅਤੇ ਨਹੀਂ ਜਾਣਦਾ ਸੀ ਕਿ ਦੂਤ ਜੋ ਕਰ ਰਿਹਾ ਹੈ ਉਹ ਸੱਚ ਹੈ, ਸਗੋਂ ਉਹ ਸੋਚ ਰਿਹਾ ਸੀ ਕਿ ਮੈਂ ਕੋਈ ਦਰਸ਼ਨ ਵੇਖ ਰਿਹਾ ਹਾਂ। 10ਫਿਰ ਉਹ ਪਹਿਲੇ ਅਤੇ ਦੂਜੇ ਪਹਿਰੇ ਵਿੱਚੋਂ ਨਿੱਕਲ ਕੇ ਉਸ ਲੋਹੇ ਦੇ ਫਾਟਕ 'ਤੇ ਪਹੁੰਚੇ ਜਿਹੜਾ ਨਗਰ ਵੱਲ ਜਾਂਦਾ ਹੈ। ਉਹ ਫਾਟਕ ਆਪਣੇ ਆਪ ਉਨ੍ਹਾਂ ਦੇ ਲਈ ਖੁੱਲ੍ਹ ਗਿਆ ਅਤੇ ਉਹ ਬਾਹਰ ਨਿੱਕਲ ਕੇ ਇੱਕ ਗਲੀ ਵਿੱਚ ਅੱਗੇ ਵੱਧ ਗਏ। ਉਸੇ ਸਮੇਂ ਸਵਰਗਦੂਤ ਉਸ ਦੇ ਕੋਲੋਂ ਚਲਾ ਗਿਆ।
11ਤਦ ਪਤਰਸ ਨੇ ਸੁਰਤ ਵਿੱਚ ਆ ਕੇ ਕਿਹਾ, “ਹੁਣ ਮੈਂ ਸੱਚਮੁੱਚ ਜਾਣ ਗਿਆ ਹਾਂ ਕਿ ਪ੍ਰਭੂ ਨੇ ਆਪਣੇ ਦੂਤ ਨੂੰ ਭੇਜ ਕੇ ਮੈਨੂੰ ਹੇਰੋਦੇਸ ਦੇ ਹੱਥੋਂ ਅਤੇ ਯਹੂਦੀ ਲੋਕਾਂ ਦੀਆਂ ਸਭ ਬੁਰੀਆਂ ਆਸਾਂ ਤੋਂ ਛੁਡਾਇਆ ਹੈ।” 12ਜਦੋਂ ਉਸ ਨੂੰ ਇਹ ਅਹਿਸਾਸ ਹੋਇਆ ਤਾਂ ਉਹ ਯੂਹੰਨਾ ਦੀ ਮਾਤਾ ਮਰਿਯਮ ਦੇ ਘਰ ਆਇਆ, ਉਹ ਯੂਹੰਨਾ ਜਿਹੜਾ ਮਰਕੁਸ ਵੀ ਕਹਾਉਂਦਾ ਹੈ। ਉੱਥੇ ਬਹੁਤ ਸਾਰੇ ਲੋਕ ਇਕੱਠੇ ਹੋ ਕੇ ਪ੍ਰਾਰਥਨਾ ਕਰ ਰਹੇ ਸਨ। 13ਜਦੋਂ ਉਸ ਨੇ ਦਰਵਾਜ਼ਾ ਖੜਕਾਇਆ ਤਾਂ ਰੋਦੇ ਨਾਮਕ ਇੱਕ ਦਾਸੀ ਵੇਖਣ ਲਈ ਆਈ 14ਅਤੇ ਪਤਰਸ ਦੀ ਅਵਾਜ਼ ਪਛਾਣ ਕੇ ਖੁਸ਼ੀ ਦੇ ਮਾਰੇ ਦਰਵਾਜ਼ਾ ਨਾ ਖੋਲ੍ਹਿਆ, ਸਗੋਂ ਦੌੜ ਕੇ ਅੰਦਰ ਗਈ ਅਤੇ ਦੱਸਿਆ ਕਿ ਪਤਰਸ ਦਰਵਾਜ਼ੇ 'ਤੇ ਖੜ੍ਹਾ ਹੈ। 15ਉਨ੍ਹਾਂ ਉਸ ਨੂੰ ਕਿਹਾ, “ਤੂੰ ਕਮਲੀ ਹੈਂ!” ਪਰ ਉਹ ਜ਼ੋਰ ਦਿੰਦੀ ਰਹੀ ਕਿ ਇਹ ਸੱਚ ਹੈ। ਤਦ ਉਨ੍ਹਾਂ ਨੇ ਕਿਹਾ ਕਿ ਇਹ ਉਸ ਦਾ ਦੂਤ ਹੋਵੇਗਾ। 16ਪਰ ਪਤਰਸ ਦਰਵਾਜ਼ਾ ਖੜਕਾਉਂਦਾ ਰਿਹਾ ਅਤੇ ਜਦੋਂ ਉਨ੍ਹਾਂ ਨੇ ਦਰਵਾਜ਼ਾ ਖੋਲ੍ਹਿਆ ਤਾਂ ਉਸ ਨੂੰ ਵੇਖ ਕੇ ਹੈਰਾਨ ਰਹਿ ਗਏ। 17ਉਸ ਨੇ ਉਨ੍ਹਾਂ ਨੂੰ ਹੱਥ ਨਾਲ ਇਸ਼ਾਰਾ ਕੀਤਾ ਕਿ ਚੁੱਪ ਰਹਿਣ ਅਤੇ ਦੱਸਿਆ ਕਿ ਕਿਵੇਂ ਪ੍ਰਭੂ ਨੇ ਉਸ ਨੂੰ ਕੈਦਖ਼ਾਨੇ ਵਿੱਚੋਂ ਬਾਹਰ ਕੱਢਿਆ। ਫਿਰ ਉਸ ਨੇ ਕਿਹਾ, “ਯਾਕੂਬ ਅਤੇ ਭਾਈਆਂ ਨੂੰ ਇਨ੍ਹਾਂ ਗੱਲਾਂ ਦੀ ਖ਼ਬਰ ਦਿਓ।” ਤਦ ਉਹ ਨਿੱਕਲ ਕੇ ਕਿਸੇ ਹੋਰ ਥਾਂ ਚਲਾ ਗਿਆ।
18ਜਦੋਂ ਦਿਨ ਚੜ੍ਹਿਆ ਤਾਂ ਸਿਪਾਹੀਆਂ ਵਿੱਚ ਵੱਡੀ ਖਲਬਲੀ ਮੱਚ ਗਈ ਕਿ ਪਤਰਸ ਦਾ ਕੀ ਹੋਇਆ? 19ਤਦ ਹੇਰੋਦੇਸ ਨੇ ਉਸ ਦੀ ਖੋਜ ਕਰਵਾਈ ਅਤੇ ਜਦੋਂ ਉਹ ਨਾ ਲੱਭਾ ਤਾਂ ਪਹਿਰੇਦਾਰਾਂ ਤੋਂ ਪੁੱਛ-ਗਿੱਛ ਕਰਕੇ ਉਨ੍ਹਾਂ ਨੂੰ ਮਾਰ ਦੇਣ ਦਾ ਹੁਕਮ ਦਿੱਤਾ। ਫਿਰ ਹੇਰੋਦੇਸ ਯਹੂਦਿਯਾ ਤੋਂ ਆ ਕੇ ਕੈਸਰਿਯਾ ਵਿੱਚ ਰਹਿਣ ਲੱਗਾ।
ਹੇਰੋਦੇਸ ਦੀ ਮੌਤ
20ਹੇਰੋਦੇਸ ਸੂਰ ਅਤੇ ਸੈਦਾ ਦੇ ਲੋਕਾਂ ਨਾਲ ਬਹੁਤ ਗੁੱਸੇ ਸੀ। ਸੋ ਉਹ ਇੱਕ ਮਨ ਹੋ ਕੇ ਉਸ ਦੇ ਕੋਲ ਆਏ ਅਤੇ ਬਲਾਸਤੁਸ ਨੂੰ ਜਿਹੜਾ ਰਾਜਭਵਨ ਦਾ ਪ੍ਰਬੰਧਕ ਸੀ, ਮਨਾ ਕੇ ਮੇਲ-ਮਿਲਾਪ ਲਈ ਬੇਨਤੀ ਕਰਨ ਲੱਗੇ, ਕਿਉਂਕਿ ਉਨ੍ਹਾਂ ਦੇ ਦੇਸ ਦਾ ਪਾਲਣ-ਪੋਸ਼ਣ ਰਾਜੇ ਦੇ ਦੇਸ ਤੋਂ ਹੁੰਦਾ ਸੀ। 21ਫਿਰ ਠਹਿਰਾਏ ਹੋਏ ਦਿਨ ਹੇਰੋਦੇਸ ਸ਼ਾਹੀ ਵਸਤਰ ਪਹਿਨ ਕੇ ਨਿਆਂ ਆਸਣ ਉੱਤੇ ਬੈਠਾ ਅਤੇ ਲੋਕਾਂ ਨੂੰ ਭਾਸ਼ਣ ਦੇਣ ਲੱਗਾ। 22ਲੋਕ ਉੱਚੀ-ਉੱਚੀ ਪੁਕਾਰ ਕੇ ਕਹਿਣ ਲੱਗੇ, “ਇਹ ਤਾਂ ਮਨੁੱਖ ਦੀ ਨਹੀਂ, ਦੇਵਤੇ ਦੀ ਅਵਾਜ਼ ਹੈ!” 23ਤਦ ਉਸੇ ਸਮੇਂ ਪ੍ਰਭੂ ਦੇ ਇੱਕ ਦੂਤ ਨੇ ਉਸ ਨੂੰ ਮਾਰਿਆ, ਕਿਉਂਕਿ ਉਸ ਨੇ ਪਰਮੇਸ਼ਰ ਨੂੰ ਵਡਿਆਈ ਨਹੀਂ ਦਿੱਤੀ ਅਤੇ ਉਹ ਕੀੜੇ ਪੈ ਕੇ ਮਰ ਗਿਆ। 24ਪਰ ਪਰਮੇਸ਼ਰ ਦਾ ਵਚਨ ਵਧਦਾ ਅਤੇ ਫੈਲਦਾ ਗਿਆ। 25ਬਰਨਬਾਸ ਅਤੇ ਸੌਲੁਸ ਸੇਵਾ ਦਾ ਕੰਮ ਪੂਰਾ ਕਰਕੇ ਅਤੇ ਯੂਹੰਨਾ ਨੂੰ ਜਿਹੜਾ ਮਰਕੁਸ ਕਹਾਉਂਦਾ ਹੈ ਨਾਲ ਲੈ ਕੇ ਯਰੂਸ਼ਲਮ ਨੂੰ ਮੁੜ ਗਏ।

Pilihan Saat Ini:

ਰਸੂਲ 12: PSB

Sorotan

Berbagi

Salin

None

Ingin menyimpan sorotan di semua perangkat Anda? Daftar atau masuk

Video untuk ਰਸੂਲ 12