ਰਸੂਲ 11
11
ਪਰਾਈਆਂ ਕੌਮਾਂ ਦੀ ਮੁਕਤੀ ਦਾ ਸਪਸ਼ਟੀਕਰਨ
1ਫਿਰ ਰਸੂਲਾਂ ਅਤੇ ਭਾਈਆਂ ਨੇ ਜਿਹੜੇ ਯਹੂਦਿਯਾ ਵਿੱਚ ਸਨ ਸੁਣਿਆ ਕਿ ਪਰਾਈਆਂ ਕੌਮਾਂ ਨੇ ਵੀ ਪਰਮੇਸ਼ਰ ਦੇ ਵਚਨ ਨੂੰ ਸਵੀਕਾਰ ਕਰ ਲਿਆ ਹੈ। 2ਪਰ ਜਦੋਂ ਪਤਰਸ ਯਰੂਸ਼ਲਮ ਗਿਆ ਤਾਂ ਸੁੰਨਤੀ ਲੋਕ ਉਸ ਨਾਲ ਬਹਿਸਣ ਲੱਗੇ 3ਅਤੇ ਕਿਹਾ, “ਤੂੰ ਅਸੁੰਨਤੀ ਲੋਕਾਂ ਕੋਲ ਜਾ ਕੇ ਉਨ੍ਹਾਂ ਦੇ ਨਾਲ ਖਾਧਾ।” 4ਤਦ ਪਤਰਸ ਨੇ ਇਹ ਕਹਿੰਦੇ ਹੋਏ ਉਨ੍ਹਾਂ ਨੂੰ ਤਰਤੀਬਵਾਰ ਦੱਸਣਾ ਸ਼ੁਰੂ ਕੀਤਾ, 5“ਮੈਂ ਯਾੱਪਾ ਨਗਰ ਵਿੱਚ ਪ੍ਰਾਰਥਨਾ ਕਰ ਰਿਹਾ ਸੀ ਅਤੇ ਬੇਸੁਧੀ ਵਿੱਚ ਇੱਕ ਦਰਸ਼ਨ ਵੇਖਿਆ ਕਿ ਇੱਕ ਵੱਡੀ ਚਾਦਰ ਵਰਗੀ ਕੋਈ ਚੀਜ਼ ਚਾਰਾਂ ਕੋਨਿਆਂ ਤੋਂ ਲਟਕਦੀ ਹੋਈ ਅਕਾਸ਼ ਤੋਂ ਹੇਠਾਂ ਉੱਤਰ ਕੇ ਮੇਰੇ ਤੱਕ ਆਈ। 6ਜਦੋਂ ਮੈਂ ਗੌਹ ਨਾਲ ਉਸ ਵਿੱਚ ਵੇਖਿਆ ਤਾਂ ਮੈਨੂੰ ਧਰਤੀ ਦੇ ਪਸ਼ੂ ਅਤੇ ਜੰਗਲੀ ਜਾਨਵਰ ਅਤੇ ਰੀਂਗਣ ਵਾਲੇ ਜੀਵ ਅਤੇ ਅਕਾਸ਼ ਦੇ ਪੰਛੀ ਵਿਖਾਈ ਦਿੱਤੇ। 7ਫਿਰ ਮੈਂ ਇੱਕ ਅਵਾਜ਼ ਵੀ ਸੁਣੀ ਜੋ ਮੈਨੂੰ ਕਹਿੰਦੀ ਸੀ, ‘ਪਤਰਸ, ਉੱਠ; ਮਾਰ ਅਤੇ ਖਾ’। 8ਪਰ ਮੈਂ ਕਿਹਾ, ‘ਹੇ ਪ੍ਰਭੂ, ਬਿਲਕੁਲ ਨਹੀਂ! ਕਿਉਂਕਿ ਕੋਈ ਅਸ਼ੁੱਧ ਅਤੇ ਭ੍ਰਿਸ਼ਟ ਵਸਤੂ ਮੇਰੇ ਮੂੰਹ ਵਿੱਚ ਕਦੇ ਨਹੀਂ ਗਈ’। 9ਦੂਜੀ ਵਾਰ ਫਿਰ ਅਕਾਸ਼ ਤੋਂ ਅਵਾਜ਼ ਆਈ, ‘ਜੋ ਪਰਮੇਸ਼ਰ ਨੇ ਸ਼ੁੱਧ ਠਹਿਰਾਇਆ ਹੈ, ਤੂੰ ਉਸ ਨੂੰ ਅਸ਼ੁੱਧ ਨਾ ਕਹਿ’। 10ਤਿੰਨ ਵਾਰ ਇਸੇ ਤਰ੍ਹਾਂ ਹੋਇਆ ਅਤੇ ਸਭ ਕੁਝ ਫੇਰ ਅਕਾਸ਼ ਉੱਤੇ ਉਠਾ ਲਿਆ ਗਿਆ। 11ਅਤੇ ਵੇਖੋ, ਉਸੇ ਸਮੇਂ ਉਸ ਘਰ ਦੇ ਸਾਹਮਣੇ ਜਿੱਥੇ ਅਸੀਂ ਠਹਿਰੇ ਸੀ, ਤਿੰਨ ਵਿਅਕਤੀ ਖੜ੍ਹੇ ਸਨ ਜਿਹੜੇ ਕੈਸਰਿਯਾ ਤੋਂ ਮੇਰੇ ਕੋਲ ਭੇਜੇ ਗਏ ਸਨ। 12ਤਦ ਆਤਮਾ ਨੇ ਮੈਨੂੰ ਕਿਹਾ ਕਿ ਮੈਂ ਬੇਝਿਜਕ ਉਨ੍ਹਾਂ ਦੇ ਨਾਲ ਚਲਾ ਜਾਵਾਂ। ਮੇਰੇ ਨਾਲ ਇਹ ਛੇ ਭਾਈ#11:12 ਯਾੱਪਾ ਦੇ ਭਾਈ (ਰਸੂਲਾਂ 10:23) ਵੀ ਆਏ ਅਤੇ ਅਸੀਂ ਉਸ ਵਿਅਕਤੀ ਦੇ ਘਰ ਗਏ। 13ਉਸ ਨੇ ਸਾਨੂੰ ਦੱਸਿਆ ਕਿ ਕਿਵੇਂ ਉਸ ਨੇ ਆਪਣੇ ਘਰ ਵਿੱਚ ਇੱਕ ਸਵਰਗਦੂਤ ਨੂੰ ਖੜ੍ਹੇ ਵੇਖਿਆ ਜਿਸ ਨੇ ਉਸ ਨੂੰ ਕਿਹਾ, ‘ਕਿਸੇ ਨੂੰ ਯਾੱਪਾ ਭੇਜ ਅਤੇ ਸ਼ਮਊਨ ਨੂੰ ਜਿਹੜਾ ਪਤਰਸ ਕਹਾਉਂਦਾ ਹੈ, ਸੱਦ; 14ਉਹ ਤੈਨੂੰ ਉਹ ਗੱਲਾਂ ਦੱਸੇਗਾ ਜਿਨ੍ਹਾਂ ਦੁਆਰਾ ਤੂੰ ਅਤੇ ਤੇਰਾ ਸਾਰਾ ਘਰਾਣਾ ਬਚਾਇਆ ਜਾਵੇਗਾ’। 15ਜਦੋਂ ਮੈਂ ਬੋਲਣਾ ਸ਼ੁਰੂ ਕੀਤਾ ਤਾਂ ਪਵਿੱਤਰ ਆਤਮਾ ਉਸੇ ਤਰ੍ਹਾਂ ਉਨ੍ਹਾਂ ਉੱਤੇ ਉੱਤਰਿਆ ਜਿਸ ਤਰ੍ਹਾਂ ਸ਼ੁਰੂ ਵਿੱਚ ਸਾਡੇ 'ਤੇ ਉੱਤਰਿਆ ਸੀ। 16ਤਦ ਮੈਨੂੰ ਪ੍ਰਭੂ ਦੀ ਗੱਲ ਯਾਦ ਆਈ ਜੋ ਉਸ ਨੇ ਕਹੀ ਸੀ, ‘ਯੂਹੰਨਾ ਨੇ ਤਾਂ ਪਾਣੀ ਨਾਲ ਬਪਤਿਸਮਾ ਦਿੱਤਾ, ਪਰ ਤੁਹਾਨੂੰ ਪਵਿੱਤਰ ਆਤਮਾ ਨਾਲ ਬਪਤਿਸਮਾ ਦਿੱਤਾ ਜਾਵੇਗਾ’। 17ਇਸ ਲਈ ਜੇ ਪਰਮੇਸ਼ਰ ਨੇ ਉਨ੍ਹਾਂ ਨੂੰ ਵੀ ਉਹੋ ਵਰਦਾਨ ਦਿੱਤਾ ਜੋ ਸਾਨੂੰ ਮਿਲਿਆ ਜਦੋਂ ਅਸੀਂ ਪ੍ਰਭੂ ਯਿਸੂ ਮਸੀਹ ਉੱਤੇ ਵਿਸ਼ਵਾਸ ਕੀਤਾ, ਤਾਂ ਮੈਂ ਕੌਣ ਸੀ ਜੋ ਪਰਮੇਸ਼ਰ ਨੂੰ ਰੋਕ ਸਕਦਾ?” 18ਇਹ ਗੱਲਾਂ ਸੁਣ ਕੇ ਉਹ ਚੁੱਪ ਰਹੇ ਅਤੇ ਪਰਮੇਸ਼ਰ ਦੀ ਵਡਿਆਈ ਕਰਦੇ ਹੋਏ ਕਹਿਣ ਲੱਗੇ, “ਫਿਰ ਤਾਂ ਪਰਮੇਸ਼ਰ ਨੇ ਪਰਾਈਆਂ ਕੌਮਾਂ ਨੂੰ ਵੀ ਜੀਵਨ ਦੇ ਲਈ ਤੋਬਾ ਦਾ ਦਾਨ ਬਖਸ਼ਿਆ ਹੈ।”
ਅੰਤਾਕਿਯਾ ਦੀ ਕਲੀਸਿਯਾ
19ਤਦ ਜਿਹੜੇ ਲੋਕ ਇਸਤੀਫ਼ਾਨ ਨਾਲ ਹੋਏ ਅੱਤਿਆਚਾਰ ਦੇ ਕਾਰਨ ਖਿੰਡ ਗਏ ਸਨ, ਉਹ ਫੈਨੀਕੇ ਅਤੇ ਕੁਪਰੁਸ ਅਤੇ ਅੰਤਾਕਿਯਾ ਚਲੇ ਗਏ; ਪਰ ਉਹ ਯਹੂਦੀਆਂ ਤੋਂ ਇਲਾਵਾ ਕਿਸੇ ਹੋਰ ਨੂੰ ਵਚਨ ਨਹੀਂ ਸੁਣਾਉਂਦੇ ਸਨ। 20ਉਨ੍ਹਾਂ ਵਿੱਚੋਂ ਕੁਝ ਵਿਅਕਤੀ ਕੁਪਰੁਸ ਅਤੇ ਕੁਰੇਨੇ ਤੋਂ ਸਨ ਜਿਹੜੇ ਅੰਤਾਕਿਯਾ ਆ ਕੇ ਯੂਨਾਨੀਆਂ ਨੂੰ ਵੀ ਪ੍ਰਭੂ ਯਿਸੂ ਦੀ ਖੁਸ਼ਖ਼ਬਰੀ ਸੁਣਾਉਣ ਲੱਗੇ। 21ਪ੍ਰਭੂ ਦਾ ਹੱਥ ਉਨ੍ਹਾਂ ਦੇ ਨਾਲ ਸੀ ਅਤੇ ਵੱਡੀ ਗਿਣਤੀ ਵਿੱਚ ਲੋਕ ਵਿਸ਼ਵਾਸ ਕਰਕੇ ਪ੍ਰਭੂ ਦੀ ਵੱਲ ਮੁੜੇ। 22ਉਨ੍ਹਾਂ ਦੇ ਵਿਖੇ ਇਹ ਖ਼ਬਰ ਯਰੂਸ਼ਲਮ ਦੀ ਕਲੀਸਿਯਾ ਦੇ ਕੰਨਾਂ ਤੱਕ ਵੀ ਪਹੁੰਚੀ ਅਤੇ ਉਨ੍ਹਾਂ ਨੇ ਬਰਨਬਾਸ ਨੂੰ ਅੰਤਾਕਿਯਾ ਜਾਣ ਲਈ ਰਵਾਨਾ ਕੀਤਾ। 23ਜਦੋਂ ਉਹ ਉੱਥੇ ਪਹੁੰਚਿਆ ਤਾਂ ਪਰਮੇਸ਼ਰ ਦੀ ਕਿਰਪਾ ਨੂੰ ਵੇਖ ਕੇ ਪ੍ਰਸੰਨ ਹੋਇਆ ਅਤੇ ਸਭਨਾਂ ਨੂੰ ਉਤਸ਼ਾਹਿਤ ਕੀਤਾ ਕਿ ਉਹ ਦਿਲ ਤੋਂ ਪ੍ਰਭੂ ਨਾਲ ਜੁੜੇ ਰਹਿਣ, 24ਕਿਉਂਕਿ ਉਹ ਪਵਿੱਤਰ ਆਤਮਾ ਅਤੇ ਵਿਸ਼ਵਾਸ ਨਾਲ ਭਰਪੂਰ ਇੱਕ ਭਲਾ ਵਿਅਕਤੀ ਸੀ। ਸੋ ਬਹੁਤ ਸਾਰੇ ਲੋਕ ਪ੍ਰਭੂ ਨਾਲ ਜੁੜ ਗਏ। 25ਫਿਰ ਉਹ ਸੌਲੁਸ ਨੂੰ ਲੱਭਣ ਲਈ ਤਰਸੁਸ ਨੂੰ ਗਿਆ 26ਅਤੇ ਉਸ ਨੂੰ ਲੱਭ ਕੇ ਅੰਤਾਕਿਯਾ ਲੈ ਆਇਆ। ਤਦ ਉਹ ਪੂਰਾ ਇੱਕ ਸਾਲ ਕਲੀਸਿਯਾ ਦੇ ਨਾਲ ਇਕੱਠੇ ਹੁੰਦੇ ਤੇ ਬਹੁਤ ਸਾਰੇ ਲੋਕਾਂ ਨੂੰ ਉਪਦੇਸ਼ ਦਿੰਦੇ ਰਹੇ ਅਤੇ ਚੇਲੇ ਸਭ ਤੋਂ ਪਹਿਲਾਂ ਅੰਤਾਕਿਯਾ ਵਿੱਚ ਮਸੀਹੀ ਕਹਾਏ।
ਯਰੂਸ਼ਲਮ ਦੀ ਕਲੀਸਿਯਾ ਲਈ ਮਦਦ
27ਉਨ੍ਹਾਂ ਦਿਨਾਂ ਵਿੱਚ ਕੁਝ ਨਬੀ ਯਰੂਸ਼ਲਮ ਤੋਂ ਅੰਤਾਕਿਯਾ ਆਏ 28ਅਤੇ ਉਨ੍ਹਾਂ ਵਿੱਚੋਂ ਆਗਬੁਸ ਨਾਮਕ ਇੱਕ ਨਬੀ ਨੇ ਖੜ੍ਹੇ ਹੋ ਕੇ ਆਤਮਾ ਦੇ ਰਾਹੀਂ ਦੱਸਿਆ ਕਿ ਸਾਰੀ ਧਰਤੀ ਉੱਤੇ ਇੱਕ ਵੱਡਾ ਕਾਲ ਪੈਣ ਵਾਲਾ ਹੈ। ਇਹ ਕਲੌਦਿਯੁਸ ਦੇ ਸਮੇਂ ਵਿੱਚ ਪਿਆ। 29ਸੋ ਚੇਲਿਆਂ ਨੇ ਇਹ ਫੈਸਲਾ ਕੀਤਾ ਕਿ ਹਰੇਕ ਜਣਾ ਆਪਣੀ ਯੋਗਤਾ ਅਨੁਸਾਰ ਯਹੂਦਿਯਾ ਵਿੱਚ ਰਹਿਣ ਵਾਲੇ ਭਾਈਆਂ ਲਈ ਮਦਦ ਭੇਜੇ। 30ਤਦ ਉਨ੍ਹਾਂ ਇਸੇ ਤਰ੍ਹਾਂ ਕੀਤਾ ਅਤੇ ਬਰਨਬਾਸ ਅਤੇ ਸੌਲੁਸ ਦੇ ਹੱਥ ਬਜ਼ੁਰਗਾਂ#11:30 ਅਰਥਾਤ ਆਗੂਆਂ ਕੋਲ ਮਦਦ ਭੇਜੀ।
Pilihan Saat Ini:
ਰਸੂਲ 11: PSB
Sorotan
Berbagi
Salin

Ingin menyimpan sorotan di semua perangkat Anda? Daftar atau masuk
PUNJABI STANDARD BIBLE©
Copyright © 2023 by Global Bible Initiative