ਰਸੂਲ 10

10
ਕੁਰਨੇਲਿਯੁਸ ਦਾ ਦਰਸ਼ਨ
1ਕੈਸਰਿਯਾ ਵਿੱਚ ਕੁਰਨੇਲਿਯੁਸ ਨਾਮਕ ਇੱਕ ਮਨੁੱਖ ਸੀ ਜਿਹੜਾ ਇਤਾਲਿਯਾਨੀ ਨਾਮਕ ਸੈਨਾ ਦਲ ਦਾ ਸੂਬੇਦਾਰ ਸੀ। 2ਉਹ ਇੱਕ ਭਗਤ ਜਨ ਸੀ ਅਤੇ ਆਪਣੇ ਸਾਰੇ ਘਰਾਣੇ ਸਮੇਤ ਪਰਮੇਸ਼ਰ ਦਾ ਭੈ ਮੰਨਦਾ ਤੇ ਲੋਕਾਂ ਨੂੰ ਬਹੁਤ ਦਾਨ ਦਿੰਦਾ ਅਤੇ ਲਗਾਤਾਰ ਪਰਮੇਸ਼ਰ ਅੱਗੇ ਪ੍ਰਾਰਥਨਾ ਕਰਦਾ ਸੀ। 3ਦਿਨ ਦੇ ਲਗਭਗ ਤਿੰਨ ਵਜੇ ਉਸ ਨੇ ਦਰਸ਼ਨ ਵਿੱਚ ਸਪਸ਼ਟ ਵੇਖਿਆ ਕਿ ਪਰਮੇਸ਼ਰ ਦਾ ਇੱਕ ਦੂਤ ਉਸ ਕੋਲ ਆਇਆ ਅਤੇ ਉਸ ਨੂੰ ਕਿਹਾ, “ਹੇ ਕੁਰਨੇਲਿਯੁਸ।” 4ਉਸ ਨੇ ਗੌਹ ਨਾਲ ਉਸ ਵੱਲ ਵੇਖਿਆ ਅਤੇ ਡਰਦੇ ਹੋਏ ਕਿਹਾ, “ਪ੍ਰਭੂ ਜੀ, ਕੀ ਹੈ?” ਦੂਤ ਨੇ ਕਿਹਾ, “ਤੇਰੀਆਂ ਪ੍ਰਾਰਥਨਾਵਾਂ ਅਤੇ ਤੇਰੇ ਦਾਨ ਯਾਦਗਾਰੀ ਲਈ ਪਰਮੇਸ਼ਰ ਦੇ ਸਨਮੁੱਖ ਪਹੁੰਚੇ ਹਨ। 5ਹੁਣ ਕੁਝ ਵਿਅਕਤੀਆਂ ਨੂੰ ਯਾੱਪਾ ਭੇਜ ਅਤੇ ਸ਼ਮਊਨ ਨੂੰ ਜਿਹੜਾ ਪਤਰਸ ਕਹਾਉਂਦਾ ਹੈ, ਬੁਲਵਾ ਲੈ। 6ਉਹ ਕਿਸੇ ਸ਼ਮਊਨ ਖਟੀਕ ਦੇ ਕੋਲ ਠਹਿਰਿਆ ਹੈ ਜਿਸ ਦਾ ਘਰ ਸਮੁੰਦਰ ਦੇ ਕਿਨਾਰੇ ਹੈ।” 7ਜਦੋਂ ਉਹ ਦੂਤ ਜਿਹੜਾ ਉਸ ਨਾਲ ਗੱਲਾਂ ਕਰਦਾ ਸੀ, ਚਲਾ ਗਿਆ ਤਾਂ ਕੁਰਨੇਲਿਯੁਸ ਨੇ ਆਪਣੇ ਦੋ ਸੇਵਕਾਂ ਅਤੇ ਉਸ ਦੇ ਕੋਲ ਹਾਜ਼ਰ ਰਹਿਣ ਵਾਲੇ ਸਿਪਾਹੀਆਂ ਵਿੱਚੋਂ ਇੱਕ ਭਗਤ ਸਿਪਾਹੀ ਨੂੰ ਬੁਲਾਇਆ 8ਅਤੇ ਉਨ੍ਹਾਂ ਨੂੰ ਸਭ ਕੁਝ ਸਮਝਾ ਕੇ ਯਾੱਪਾ ਨੂੰ ਭੇਜਿਆ।
ਪਤਰਸ ਦਾ ਦਰਸ਼ਨ
9ਅਗਲੇ ਦਿਨ ਜਦੋਂ ਉਹ ਚੱਲਦੇ-ਚੱਲਦੇ ਨਗਰ ਦੇ ਨੇੜੇ ਪਹੁੰਚੇ ਤਾਂ ਲਗਭਗ ਦੁਪਹਿਰ ਦੇ ਸਮੇਂ ਪਤਰਸ ਪ੍ਰਾਰਥਨਾ ਕਰਨ ਲਈ ਛੱਤ ਉੱਤੇ ਗਿਆ। 10ਤਦ ਉਸ ਨੂੰ ਭੁੱਖ ਲੱਗੀ ਅਤੇ ਉਹ ਕੁਝ ਖਾਣਾ ਚਾਹੁੰਦਾ ਸੀ, ਪਰ ਜਦੋਂ ਉਹ ਭੋਜਨ ਤਿਆਰ ਕਰ ਰਹੇ ਸਨ ਤਾਂ ਉਹ ਬੇਸੁੱਧ ਹੋ ਗਿਆ 11ਫਿਰ ਉਸ ਨੇ ਵੇਖਿਆ ਕਿ ਅਕਾਸ਼ ਖੁੱਲ੍ਹ ਗਿਆ ਹੈ ਅਤੇ ਵੱਡੀ ਚਾਦਰ ਵਰਗੀ ਇੱਕ ਚੀਜ਼ ਚਾਰਾਂ ਕੋਨਿਆਂ ਤੋਂ ਲਟਕਦੀ ਹੋਈ ਹੇਠਾਂ ਧਰਤੀ 'ਤੇ ਉੱਤਰ ਰਹੀ ਹੈ। 12ਉਸ ਵਿੱਚ ਸਭ ਤਰ੍ਹਾਂ ਦੇ ਪਸ਼ੂ ਅਤੇ ਧਰਤੀ ਦੇ ਰੀਂਗਣ ਵਾਲੇ ਜੀਵ ਅਤੇ ਅਕਾਸ਼ ਦੇ ਪੰਛੀ ਸਨ। 13ਫਿਰ ਉਸ ਨੂੰ ਇੱਕ ਅਵਾਜ਼ ਆਈ,“ਪਤਰਸ, ਉੱਠ; ਮਾਰ ਅਤੇ ਖਾ।” 14ਪਰ ਪਤਰਸ ਨੇ ਕਿਹਾ, “ਹੇ ਪ੍ਰਭੂ, ਬਿਲਕੁਲ ਨਹੀਂ! ਕਿਉਂਕਿ ਮੈਂ ਕਦੇ ਕੋਈ ਅਸ਼ੁੱਧ ਅਤੇ ਭ੍ਰਿਸ਼ਟ ਚੀਜ਼ ਨਹੀਂ ਖਾਧੀ।” 15ਦੂਜੀ ਵਾਰ ਫੇਰ ਉਸ ਨੂੰ ਅਵਾਜ਼ ਆਈ,“ਜੋ ਪਰਮੇਸ਼ਰ ਨੇ ਸ਼ੁੱਧ ਠਹਿਰਾਇਆ ਹੈ, ਤੂੰ ਉਸ ਨੂੰ ਅਸ਼ੁੱਧ ਨਾ ਕਹਿ।” 16ਤਿੰਨ ਵਾਰ ਇਸੇ ਤਰ੍ਹਾਂ ਹੋਇਆ ਅਤੇ ਤੁਰੰਤ ਉਹ ਚੀਜ਼ ਅਕਾਸ਼ 'ਤੇ ਉਠਾ ਲਈ ਗਈ।
ਪਤਰਸ ਦਾ ਕੁਰਨੇਲਿਯੁਸ ਨੂੰ ਮਿਲਣਾ
17ਜਦੋਂ ਪਤਰਸ ਇਸ ਦੁਬਿਧਾ ਵਿੱਚ ਸੀ ਕਿ ਜਿਹੜਾ ਦਰਸ਼ਨ ਉਸ ਨੇ ਵੇਖਿਆ ਉਹ ਕੀ ਹੋ ਸਕਦਾ ਹੈ ਤਾਂ ਵੇਖੋ, ਉਹ ਵਿਅਕਤੀ ਜਿਨ੍ਹਾਂ ਨੂੰ ਕੁਰਨੇਲਿਯੁਸ ਨੇ ਭੇਜਿਆ ਸੀ, ਸ਼ਮਊਨ ਦਾ ਘਰ ਪੁੱਛਦੇ-ਪੁੱਛਦੇ ਦਰਵਾਜ਼ੇ 'ਤੇ ਆ ਖੜ੍ਹੇ ਹੋਏ। 18ਉਨ੍ਹਾਂ ਨੇ ਅਵਾਜ਼ ਮਾਰ ਕੇ ਪੁੱਛਿਆ, “ਸ਼ਮਊਨ ਜਿਹੜਾ ਪਤਰਸ ਕਹਾਉਂਦਾ ਹੈ, ਕੀ ਉਹ ਇੱਥੇ ਹੀ ਠਹਿਰਿਆ ਹੈ?” 19ਜਦੋਂ ਪਤਰਸ ਅਜੇ ਉਸ ਦਰਸ਼ਨ ਬਾਰੇ ਸੋਚ ਹੀ ਰਿਹਾ ਸੀ ਤਾਂ ਆਤਮਾ ਨੇ ਉਸ ਨੂੰ ਕਿਹਾ, “ਵੇਖ, ਤਿੰਨ ਵਿਅਕਤੀ ਤੈਨੂੰ ਲੱਭ ਰਹੇ ਹਨ। 20ਸੋ ਉੱਠ; ਹੇਠਾਂ ਉੱਤਰ ਅਤੇ ਬੇਝਿਜਕ ਉਨ੍ਹਾਂ ਦੇ ਨਾਲ ਚਲਾ ਜਾ, ਕਿਉਂਕਿ ਮੈਂ ਹੀ ਉਨ੍ਹਾਂ ਨੂੰ ਭੇਜਿਆ ਹੈ।” 21ਤਦ ਪਤਰਸ ਉੱਤਰ ਕੇ ਉਨ੍ਹਾਂ ਵਿਅਕਤੀਆਂ ਕੋਲ ਆਇਆ ਅਤੇ ਕਿਹਾ, “ਵੇਖੋ, ਮੈਂ ਹੀ ਹਾਂ ਜਿਸ ਨੂੰ ਤੁਸੀਂ ਲੱਭ ਰਹੇ ਹੋ। ਤੁਹਾਡੇ ਆਉਣ ਦਾ ਕੀ ਕਾਰਨ ਹੈ?” 22ਉਨ੍ਹਾਂ ਨੇ ਕਿਹਾ, “ਸੂਬੇਦਾਰ ਕੁਰਨੇਲਿਯੁਸ, ਜੋ ਕਿ ਇੱਕ ਧਰਮੀ ਅਤੇ ਪਰਮੇਸ਼ਰ ਦਾ ਭੈ ਮੰਨਣ ਵਾਲਾ ਵਿਅਕਤੀ ਹੈ ਅਤੇ ਯਹੂਦੀਆਂ ਦੀ ਸਾਰੀ ਕੌਮ ਵਿੱਚ ਨੇਕਨਾਮ ਹੈ, ਉਸ ਨੂੰ ਇੱਕ ਪਵਿੱਤਰ ਸਵਰਗਦੂਤ ਨੇ ਹੁਕਮ ਦਿੱਤਾ ਕਿ ਉਹ ਤੁਹਾਨੂੰ ਆਪਣੇ ਘਰ ਸੱਦ ਕੇ ਤੁਹਾਡੇ ਕੋਲੋਂ ਵਚਨ ਸੁਣੇ।” 23ਤਦ ਉਸ ਨੇ ਉਨ੍ਹਾਂ ਨੂੰ ਅੰਦਰ ਸੱਦ ਕੇ ਉਨ੍ਹਾਂ ਦੀ ਆਓ-ਭਗਤ ਕੀਤੀ।
ਫਿਰ ਅਗਲੇ ਦਿਨ ਉੱਠ ਕੇ ਉਹ ਉਨ੍ਹਾਂ ਦੇ ਨਾਲ ਗਿਆ ਅਤੇ ਯਾੱਪਾ ਦੇ ਭਾਈਆਂ ਵਿੱਚੋਂ ਵੀ ਕੁਝ ਉਸ ਦੇ ਨਾਲ ਗਏ। 24ਫਿਰ ਅਗਲੇ ਦਿਨ ਉਹ ਕੈਸਰਿਯਾ ਪਹੁੰਚੇ ਅਤੇ ਕੁਰਨੇਲਿਯੁਸ ਆਪਣੇ ਰਿਸ਼ਤੇਦਾਰਾਂ ਅਤੇ ਕਰੀਬੀ ਮਿੱਤਰਾਂ ਨੂੰ ਇਕੱਠੇ ਕਰਕੇ ਉਨ੍ਹਾਂ ਦੀ ਉਡੀਕ ਕਰ ਰਿਹਾ ਸੀ। 25ਜਦੋਂ ਪਤਰਸ ਅੰਦਰ ਆਇਆ ਤਾਂ ਕੁਰਨੇਲਿਯੁਸ ਉਸ ਨੂੰ ਮਿਲਿਆ ਅਤੇ ਉਸ ਦੇ ਪੈਰਾਂ 'ਤੇ ਡਿੱਗ ਕੇ ਉਸ ਨੂੰ ਮੱਥਾ ਟੇਕਿਆ। 26ਪਰ ਪਤਰਸ ਨੇ ਉਸ ਨੂੰ ਉਠਾ ਕੇ ਕਿਹਾ, “ਉੱਠ, ਖੜ੍ਹਾ ਹੋ! ਮੈਂ ਵੀ ਤਾਂ ਇੱਕ ਮਨੁੱਖ ਹੀ ਹਾਂ।” 27ਫਿਰ ਉਹ ਉਸ ਨਾਲ ਗੱਲਬਾਤ ਕਰਦੇ ਹੋਏ ਅੰਦਰ ਗਿਆ ਅਤੇ ਬਹੁਤ ਸਾਰੇ ਲੋਕਾਂ ਨੂੰ ਇਕੱਠੇ ਹੋਏ ਵੇਖਿਆ। 28ਤਦ ਪਤਰਸ ਨੇ ਉਨ੍ਹਾਂ ਨੂੰ ਕਿਹਾ, “ਤੁਸੀਂ ਜਾਣਦੇ ਹੋ ਕਿ ਇੱਕ ਯਹੂਦੀ ਵਿਅਕਤੀ ਨੂੰ ਕਿਸੇ ਗੈਰ-ਯਹੂਦੀ ਨਾਲ ਮਿਲਣ ਜਾਂ ਉਸ ਦੇ ਕੋਲ ਜਾਣ ਦੀ ਕਿੰਨੀ ਮਨਾਹੀ ਹੈ, ਪਰ ਪਰਮੇਸ਼ਰ ਨੇ ਮੈਨੂੰ ਵਿਖਾਇਆ ਕਿ ਮੈਂ ਕਿਸੇ ਮਨੁੱਖ ਨੂੰ ਅਪਵਿੱਤਰ ਜਾਂ ਅਸ਼ੁੱਧ ਨਾ ਕਹਾਂ। 29ਇਸ ਲਈ ਮੈਂ ਵੀ ਜਦੋਂ ਮੈਨੂੰ ਬੁਲਾਇਆ ਗਿਆ ਤਾਂ ਬਿਨਾਂ ਇਤਰਾਜ਼ ਕੀਤੇ ਆ ਗਿਆ। ਸੋ ਮੈਂ ਪੁੱਛਦਾ ਹਾਂ ਕਿ ਤੁਸੀਂ ਮੈਨੂੰ ਕਿਸ ਲਈ ਬੁਲਾਇਆ?” 30ਕੁਰਨੇਲਿਯੁਸ ਨੇ ਕਿਹਾ, “ਚਾਰ ਦਿਨ ਪਹਿਲਾਂ ਇਸੇ ਸਮੇਂ ਦੁਪਹਿਰ ਦੇ ਤਿੰਨ ਵਜੇ ਮੈਂ ਆਪਣੇ ਘਰ ਵਿੱਚ ਪ੍ਰਾਰਥਨਾ ਕਰ ਰਿਹਾ ਸੀ ਅਤੇ ਵੇਖੋ, ਚਮਕੀਲਾ ਵਸਤਰ ਪਹਿਨੀ ਇੱਕ ਵਿਅਕਤੀ ਮੇਰੇ ਸਾਹਮਣੇ ਆ ਖੜ੍ਹਾ ਹੋਇਆ 31ਅਤੇ ਉਸ ਨੇ ਕਿਹਾ, ‘ਕੁਰਨੇਲਿਯੁਸ, ਤੇਰੀ ਪ੍ਰਾਰਥਨਾ ਸੁਣੀ ਗਈ ਅਤੇ ਤੇਰੇ ਦਾਨ ਪਰਮੇਸ਼ਰ ਦੇ ਸਨਮੁੱਖ ਯਾਦ ਕੀਤੇ ਗਏ ਹਨ। 32ਇਸ ਲਈ ਕਿਸੇ ਨੂੰ ਯਾੱਪਾ ਭੇਜ ਅਤੇ ਸ਼ਮਊਨ ਨੂੰ ਜਿਹੜਾ ਪਤਰਸ ਕਹਾਉਂਦਾ ਹੈ, ਬੁਲਾ; ਉਹ ਸਮੁੰਦਰ ਦੇ ਕਿਨਾਰੇ ਸ਼ਮਊਨ ਖਟੀਕ ਦੇ ਘਰ ਠਹਿਰਿਆ ਹੋਇਆ ਹੈ’। 33ਸੋ ਮੈਂ ਤੁਰੰਤ ਤੇਰੇ ਕੋਲ ਆਦਮੀ ਭੇਜੇ ਅਤੇ ਤੂੰ ਇਹ ਚੰਗਾ ਕੀਤਾ ਜੋ ਆ ਗਿਆ। ਇਸ ਲਈ ਹੁਣ ਅਸੀਂ ਸਾਰੇ ਉਹ ਸਭ ਗੱਲਾਂ ਸੁਣਨ ਲਈ ਪਰਮੇਸ਼ਰ ਦੇ ਸਨਮੁੱਖ ਹਾਜ਼ਰ ਹਾਂ ਜਿਨ੍ਹਾਂ ਦੀ ਆਗਿਆ ਤੈਨੂੰ ਪ੍ਰਭੂ ਤੋਂ ਮਿਲੀ ਹੈ।”
ਪਤਰਸ ਦਾ ਉਪਦੇਸ਼
34ਤਦ ਪਤਰਸ ਨੇ ਆਪਣਾ ਮੂੰਹ ਖੋਲ੍ਹਿਆ ਅਤੇ ਕਿਹਾ, “ਮੈਂ ਸੱਚਮੁੱਚ ਜਾਣ ਗਿਆ ਹਾਂ ਕਿ ਪਰਮੇਸ਼ਰ ਕਿਸੇ ਦਾ ਪੱਖਪਾਤ ਨਹੀਂ ਕਰਦਾ, 35ਸਗੋਂ ਹਰੇਕ ਕੌਮ ਵਿੱਚੋਂ ਜਿਹੜਾ ਉਸ ਤੋਂ ਡਰਦਾ ਅਤੇ ਧਾਰਮਿਕਤਾ ਦੇ ਕੰਮ ਕਰਦਾ ਹੈ, ਉਹ ਉਸ ਨੂੰ ਪਰਵਾਨ ਹੈ। 36ਤੁਸੀਂ ਉਸ ਵਚਨ ਨੂੰ ਜਾਣਦੇ ਹੋ ਜਿਹੜਾ ਪਰਮੇਸ਼ਰ ਨੇ ਯਿਸੂ ਮਸੀਹ ਦੇ ਰਾਹੀਂ ਜੋ ਸਭ ਦਾ ਪ੍ਰਭੂ ਹੈ ਸ਼ਾਂਤੀ ਦੀ ਖੁਸ਼ਖ਼ਬਰੀ ਸੁਣਾਉਂਦੇ ਹੋਏ ਇਸਰਾਏਲ ਦੀ ਸੰਤਾਨ ਕੋਲ ਭੇਜਿਆ; 37ਉਹੀ ਵਚਨ ਜਿਹੜਾ ਯੂਹੰਨਾ ਦੇ ਬਪਤਿਸਮੇ ਤੋਂ ਬਾਅਦ ਜਿਸ ਦਾ ਉਸ ਨੇ ਪ੍ਰਚਾਰ ਕੀਤਾ, ਗਲੀਲ ਤੋਂ ਸ਼ੁਰੂ ਹੋ ਕੇ ਸਾਰੇ ਯਹੂਦਿਯਾ ਵਿੱਚ ਫੈਲ ਗਿਆ 38ਕਿ ਕਿਵੇਂ ਪਰਮੇਸ਼ਰ ਨੇ ਯਿਸੂ ਨਾਸਰੀ ਨੂੰ ਪਵਿੱਤਰ ਆਤਮਾ ਅਤੇ ਸਮਰੱਥਾ ਨਾਲ ਮਸਹ ਕੀਤਾ ਅਤੇ ਉਹ ਭਲਾਈ ਕਰਦਾ ਅਤੇ ਸ਼ੈਤਾਨ ਦੇ ਸਭ ਸਤਾਏ ਹੋਇਆਂ ਨੂੰ ਚੰਗਾ ਕਰਦਾ ਫਿਰਿਆ, ਕਿਉਂਕਿ ਪਰਮੇਸ਼ਰ ਉਸ ਦੇ ਨਾਲ ਸੀ। 39ਅਸੀਂ ਉਨ੍ਹਾਂ ਸਭ ਕੰਮਾਂ ਦੇ ਗਵਾਹ ਹਾਂ ਜਿਹੜੇ ਉਸ ਨੇ ਯਹੂਦਿਯਾ ਦੇ ਇਲਾਕੇ ਅਤੇ ਯਰੂਸ਼ਲਮ ਵਿੱਚ ਕੀਤੇ, ਪਰ ਉਨ੍ਹਾਂ ਉਸ ਨੂੰ ਕਾਠ#10:39 ਅਰਥਾਤ ਸਲੀਬ ਉੱਤੇ ਲਟਕਾ ਕੇ ਮਾਰ ਸੁੱਟਿਆ। 40ਉਸੇ ਨੂੰ ਪਰਮੇਸ਼ਰ ਨੇ ਤੀਜੇ ਦਿਨ ਜਿਵਾਇਆ ਅਤੇ ਪਰਗਟ ਹੋਣ ਦਿੱਤਾ, 41ਪਰ ਸਭਨਾਂ ਲੋਕਾਂ ਉੱਤੇ ਨਹੀਂ, ਸਗੋਂ ਉਨ੍ਹਾਂ ਗਵਾਹਾਂ ਉੱਤੇ ਜਿਨ੍ਹਾਂ ਨੂੰ ਪਰਮੇਸ਼ਰ ਨੇ ਅਗੇਤਾ ਚੁਣਿਆ ਅਰਥਾਤ ਸਾਡੇ ਉੱਤੇ ਜਿਨ੍ਹਾਂ ਉਸ ਦੇ ਮੁਰਦਿਆਂ ਵਿੱਚੋਂ ਜੀ ਉੱਠਣ ਤੋਂ ਬਾਅਦ ਉਸ ਨਾਲ ਖਾਧਾ-ਪੀਤਾ। 42ਉਸ ਨੇ ਸਾਨੂੰ ਇਹ ਆਗਿਆ ਦਿੱਤੀ ਕਿ ਅਸੀਂ ਸਭਨਾਂ ਲੋਕਾਂ ਨੂੰ ਪ੍ਰਚਾਰ ਕਰੀਏ ਅਤੇ ਇਹ ਗਵਾਹੀ ਦੇਈਏ ਕਿ ਇਹ ਉਹੋ ਹੈ ਜਿਸ ਨੂੰ ਪਰਮੇਸ਼ਰ ਨੇ ਜੀਉਂਦਿਆਂ ਅਤੇ ਮੁਰਦਿਆਂ ਦਾ ਨਿਆਂਕਾਰ ਠਹਿਰਾਇਆ। 43ਸਾਰੇ ਨਬੀ ਉਸ ਦੀ ਗਵਾਹੀ ਦਿੰਦੇ ਹਨ ਕਿ ਹਰੇਕ ਜਿਹੜਾ ਉਸ ਉੱਤੇ ਵਿਸ਼ਵਾਸ ਕਰੇਗਾ, ਉਸ ਦੇ ਨਾਮ ਦੁਆਰਾ ਪਾਪਾਂ ਦੀ ਮਾਫ਼ੀ ਪਾਵੇਗਾ।”
ਪਰਾਈਆਂ ਕੌਮਾਂ ਉੱਤੇ ਪਵਿੱਤਰ ਆਤਮਾ ਦਾ ਉੱਤਰਨਾ
44ਪਤਰਸ ਇਹ ਗੱਲਾਂ ਕਹਿ ਹੀ ਰਿਹਾ ਸੀ ਕਿ ਪਵਿੱਤਰ ਆਤਮਾ ਉਨ੍ਹਾਂ ਸਭਨਾਂ ਉੱਤੇ ਜਿਹੜੇ ਇਹ ਵਚਨ ਸੁਣ ਰਹੇ ਸਨ, ਉੱਤਰ ਆਇਆ। 45ਤਦ ਜਿੰਨੇ ਸੁੰਨਤ ਕੀਤੇ ਹੋਏ ਵਿਸ਼ਵਾਸੀ ਪਤਰਸ ਦੇ ਨਾਲ ਆਏ ਸਨ ਉਹ ਹੈਰਾਨ ਰਹਿ ਗਏ ਕਿ ਪਵਿੱਤਰ ਆਤਮਾ ਦਾ ਦਾਨ ਪਰਾਈਆਂ ਕੌਮਾਂ ਉੱਤੇ ਵੀ ਵਹਾਇਆ ਗਿਆ ਹੈ, 46ਕਿਉਂਕਿ ਉਹ ਉਨ੍ਹਾਂ ਨੂੰ ਗੈਰ-ਭਾਸ਼ਾਵਾਂ ਵਿੱਚ ਬੋਲਦੇ ਅਤੇ ਪਰਮੇਸ਼ਰ ਦੀ ਉਸਤਤ ਕਰਦੇ ਹੋਏ ਸੁਣ ਰਹੇ ਸਨ। ਤਦ ਪਤਰਸ ਨੇ ਕਿਹਾ, 47“ਕੀ ਕੋਈ ਪਾਣੀ ਨੂੰ ਰੋਕ ਸਕਦਾ ਹੈ ਕਿ ਇਹ ਜਿਨ੍ਹਾਂ ਨੇ ਸਾਡੇ ਵਾਂਗ ਹੀ ਪਵਿੱਤਰ ਆਤਮਾ ਪਾਇਆ ਹੈ, ਬਪਤਿਸਮਾ ਨਾ ਲੈਣ?” 48ਤਦ ਉਸ ਨੇ ਆਗਿਆ ਦਿੱਤੀ ਕਿ ਉਨ੍ਹਾਂ ਨੂੰ ਯਿਸੂ ਮਸੀਹ ਦੇ ਨਾਮ ਵਿੱਚ ਬਪਤਿਸਮਾ ਦਿੱਤਾ ਜਾਵੇ। ਫਿਰ ਉਨ੍ਹਾਂ ਨੇ ਉਸ ਨੂੰ ਕੁਝ ਦਿਨ ਹੋਰ ਉੱਥੇ ਰੁਕਣ ਲਈ ਬੇਨਤੀ ਕੀਤੀ।

Pilihan Saat Ini:

ਰਸੂਲ 10: PSB

Sorotan

Berbagi

Salin

None

Ingin menyimpan sorotan di semua perangkat Anda? Daftar atau masuk

Video untuk ਰਸੂਲ 10