ਰਸੂਲ 9

9
ਸੌਲੁਸ ਦੁਆਰਾ ਵਿਸ਼ਵਾਸ ਕਰਨਾ
1ਸੌਲੁਸ ਅਜੇ ਵੀ ਪ੍ਰਭੂ ਦੇ ਚੇਲਿਆਂ ਨੂੰ ਧਮਕਾਉਂਦਾ ਅਤੇ ਉਨ੍ਹਾਂ ਦੀ ਹੱਤਿਆ ਕਰਨ ਦੀ ਧੁਨ ਵਿੱਚ ਸੀ। ਉਹ ਮਹਾਂਯਾਜਕ ਕੋਲ ਗਿਆ 2ਉਸ ਕੋਲੋਂ ਦੰਮਿਸਕ ਦੇ ਸਭਾ-ਘਰਾਂ ਲਈ ਚਿੱਠੀਆਂ ਮੰਗੀਆਂ ਕਿ ਇਸ ਪੰਥ ਦੇ ਜੋ ਵੀ ਉਸ ਨੂੰ ਮਿਲਣ, ਭਾਵੇਂ ਆਦਮੀ ਜਾਂ ਔਰਤਾਂ, ਉਨ੍ਹਾਂ ਨੂੰ ਬੰਨ੍ਹ ਕੇ ਯਰੂਸ਼ਲਮ ਲਿਆਵੇ। 3ਜਦੋਂ ਉਹ ਜਾ ਰਿਹਾ ਸੀ ਤਾਂ ਇਸ ਤਰ੍ਹਾਂ ਹੋਇਆ ਕਿ ਉਹ ਦੰਮਿਸਕ ਦੇ ਨੇੜੇ ਪਹੁੰਚਿਆ ਅਤੇ ਅਚਾਨਕ ਉਸ ਦੇ ਦੁਆਲੇ ਅਕਾਸ਼ ਤੋਂ ਇੱਕ ਚਾਨਣ ਚਮਕਿਆ 4ਅਤੇ ਉਹ ਜ਼ਮੀਨ 'ਤੇ ਡਿੱਗ ਪਿਆ ਅਤੇ ਉਸ ਨੂੰ ਇੱਕ ਅਵਾਜ਼ ਇਹ ਕਹਿੰਦੀ ਸੁਣਾਈ ਦਿੱਤੀ,“ਹੇ ਸੌਲੁਸ, ਹੇ ਸੌਲੁਸ! ਤੂੰ ਮੈਨੂੰ ਕਿਉਂ ਸਤਾਉਂਦਾ ਹੈਂ?” 5ਉਸ ਨੇ ਕਿਹਾ, “ਪ੍ਰਭੂ ਜੀ, ਤੂੰ ਕੌਣ ਹੈਂ?” ਉਸ ਨੇ ਕਿਹਾ,“ਮੈਂ ਯਿਸੂ ਹਾਂ ਜਿਸ ਨੂੰ ਤੂੰ ਸਤਾਉਂਦਾ ਹੈਂ। 6ਪਰ ਹੁਣ ਉੱਠ ਅਤੇ ਨਗਰ ਵਿੱਚ ਜਾ ਅਤੇ ਜੋ ਕੁਝ ਤੂੰ ਕਰਨਾ ਹੈ ਤੈਨੂੰ ਦੱਸਿਆ ਜਾਵੇਗਾ।” 7ਜਿਹੜੇ ਵਿਅਕਤੀ ਉਸ ਦੇ ਨਾਲ ਯਾਤਰਾ ਕਰ ਰਹੇ ਸਨ ਉਹ ਗੁੰਮ-ਸੁੰਮ ਖੜ੍ਹੇ ਰਹੇ, ਕਿਉਂਕਿ ਉਨ੍ਹਾਂ ਅਵਾਜ਼ ਤਾਂ ਸੁਣੀ ਪਰ ਕਿਸੇ ਨੂੰ ਵੇਖਿਆ ਨਾ। 8ਸੌਲੁਸ ਜ਼ਮੀਨ ਤੋਂ ਉੱਠਿਆ, ਪਰ ਜਦੋਂ ਉਸ ਨੇ ਆਪਣੀਆਂ ਅੱਖਾਂ ਖੋਲ੍ਹੀਆਂ ਤਾਂ ਉਸ ਨੂੰ ਕੁਝ ਨਾ ਦਿਸਿਆ ਅਤੇ ਉਹ ਉਸ ਦਾ ਹੱਥ ਫੜ ਕੇ ਉਸ ਨੂੰ ਦੰਮਿਸਕ ਵਿੱਚ ਲਿਆਏ। 9ਉਹ ਤਿੰਨਾਂ ਦਿਨਾਂ ਤੱਕ ਵੇਖ ਨਾ ਸਕਿਆ ਅਤੇ ਨਾ ਉਸ ਨੇ ਕੁਝ ਖਾਧਾ ਅਤੇ ਨਾ ਪੀਤਾ।
ਸੌਲੁਸ ਦਾ ਬਪਤਿਸਮਾ
10ਦੰਮਿਸਕ ਵਿੱਚ ਹਨਾਨਿਯਾਹ ਨਾਮ ਇੱਕ ਚੇਲਾ ਸੀ ਅਤੇ ਪ੍ਰਭੂ ਨੇ ਦਰਸ਼ਨ ਵਿੱਚ ਉਸ ਨੂੰ ਕਿਹਾ, “ਹੇ ਹਨਾਨਿਯਾਹ!” ਉਸ ਨੇ ਕਿਹਾ, “ਪ੍ਰਭੂ ਜੀ, ਵੇਖ ਮੈਂ ਹਾਜ਼ਰ ਹਾਂ।” 11ਤਦ ਪ੍ਰਭੂ ਨੇ ਉਸ ਨੂੰ ਕਿਹਾ,“ਉੱਠ ਅਤੇ ਉਸ ਗਲੀ ਵਿੱਚ ਜਾ ਜਿਹੜੀ ਯੁਥੁਸ#9:11 ਅਰਥਾਤ ਸਿੱਧੀਕਹਾਉਂਦੀ ਹੈ ਅਤੇ ਯਹੂਦਾ ਦੇ ਘਰ ਤਰਸੁਸ ਵਾਸੀ ਸੌਲੁਸ ਨਾਮਕ ਵਿਅਕਤੀ ਬਾਰੇ ਪੁੱਛ; ਕਿਉਂਕਿ ਵੇਖ, ਉਹ ਪ੍ਰਾਰਥਨਾ ਕਰ ਰਿਹਾ ਹੈ। 12ਉਸ ਨੇ ਦਰਸ਼ਨ ਵਿੱਚ ਹਨਾਨਿਯਾਹ ਨਾਮਕ ਇੱਕ ਵਿਅਕਤੀ ਨੂੰ ਅੰਦਰ ਆਉਂਦੇ ਅਤੇ ਉਸ ਉੱਤੇ ਹੱਥ ਰੱਖਦੇ ਵੇਖਿਆ ਹੈ ਤਾਂਕਿ ਉਹ ਫੇਰ ਤੋਂ ਵੇਖ ਸਕੇ।” 13ਪਰ ਹਨਾਨਿਯਾਹ ਨੇ ਉੱਤਰ ਦਿੱਤਾ, “ਹੇ ਪ੍ਰਭੂ, ਮੈਂ ਬਹੁਤਿਆਂ ਕੋਲੋਂ ਇਸ ਵਿਅਕਤੀ ਬਾਰੇ ਸੁਣਿਆ ਹੈ ਕਿ ਇਸ ਨੇ ਯਰੂਸ਼ਲਮ ਵਿੱਚ ਤੇਰੇ ਸੰਤਾਂ#9:13 ਅਰਥਾਤ ਪਵਿੱਤਰ ਲੋਕਾਂ ਨਾਲ ਕਿੰਨਾ ਬੁਰਾ ਕੀਤਾ ਹੈ; 14ਅਤੇ ਉਸ ਨੂੰ ਪ੍ਰਧਾਨ ਯਾਜਕਾਂ ਵੱਲੋਂ ਇੱਥੇ ਵੀ ਇਹ ਅਧਿਕਾਰ ਮਿਲਿਆ ਹੈ ਕਿ ਸਭਨਾਂ ਨੂੰ ਜਿਹੜੇ ਤੇਰਾ ਨਾਮ ਲੈਂਦੇ ਹਨ, ਬੰਨ੍ਹ ਲਵੇ।” 15ਪਰ ਪ੍ਰਭੂ ਨੇ ਉਸ ਨੂੰ ਕਿਹਾ,“ਜਾ, ਕਿਉਂਕਿ ਉਹ ਮੇਰੇ ਲਈ ਚੁਣਿਆ ਹੋਇਆ ਪਾਤਰ ਹੈ ਕਿ ਮੇਰੇ ਨਾਮ ਨੂੰ ਪਰਾਈਆਂ ਕੌਮਾਂ, ਰਾਜਿਆਂ ਅਤੇ ਇਸਰਾਏਲ ਦੀ ਸੰਤਾਨ ਦੇ ਅੱਗੇ ਲੈ ਕੇ ਜਾਵੇ। 16ਕਿਉਂਕਿ ਮੈਂ ਉਸ ਨੂੰ ਵਿਖਾਵਾਂਗਾ ਕਿ ਮੇਰੇ ਨਾਮ ਦੀ ਖਾਤਰ ਉਸ ਨੂੰ ਕਿੰਨਾ ਦੁੱਖ ਝੱਲਣਾ ਪਵੇਗਾ।” 17ਤਦ ਹਨਾਨਿਯਾਹ ਨੇ ਜਾ ਕੇ ਉਸ ਘਰ ਵਿੱਚ ਪ੍ਰਵੇਸ਼ ਕੀਤਾ ਅਤੇ ਉਸ ਉੱਤੇ ਹੱਥ ਰੱਖ ਕੇ ਕਿਹਾ, “ਭਾਈ ਸੌਲੁਸ, ਮੈਨੂੰ ਪ੍ਰਭੂ ਅਰਥਾਤ ਯਿਸੂ ਨੇ ਭੇਜਿਆ ਹੈ ਜਿਸ ਨੇ ਉਸ ਰਾਹ ਵਿੱਚ ਜਿੱਧਰੋਂ ਤੂੰ ਆਇਆ ਸੀ, ਤੈਨੂੰ ਦਰਸ਼ਨ ਦਿੱਤਾ ਤਾਂਕਿ ਤੂੰ ਫੇਰ ਤੋਂ ਵੇਖ ਸਕੇਂ ਅਤੇ ਪਵਿੱਤਰ ਆਤਮਾ ਨਾਲ ਭਰ ਜਾਵੇਂ।” 18ਤੁਰੰਤ ਉਸ ਦੀਆਂ ਅੱਖਾਂ ਤੋਂ ਛਿਲਕੇ ਜਿਹੇ ਡਿੱਗੇ ਅਤੇ ਉਹ ਫੇਰ ਤੋਂ ਵੇਖਣ ਲੱਗਾ। ਤਦ ਉਸ ਨੇ ਉੱਠ ਕੇ ਬਪਤਿਸਮਾ ਲਿਆ 19ਅਤੇ ਭੋਜਨ ਖਾ ਕੇ ਬਲ ਪ੍ਰਾਪਤ ਕੀਤਾ।
ਸੌਲੁਸ ਦੁਆਰਾ ਯਿਸੂ ਦਾ ਪ੍ਰਚਾਰ
ਫਿਰ ਉਹ ਕੁਝ ਦਿਨ ਦੰਮਿਸਕ ਵਿੱਚ ਚੇਲਿਆਂ ਦੇ ਨਾਲ ਰਿਹਾ 20ਅਤੇ ਛੇਤੀ ਹੀ ਸਭਾ-ਘਰਾਂ ਵਿੱਚ ਯਿਸੂ ਦਾ ਪ੍ਰਚਾਰ ਕਰਨ ਲੱਗਾ ਕਿ ਉਹ ਪਰਮੇਸ਼ਰ ਦਾ ਪੁੱਤਰ ਹੈ। 21ਸਭ ਸੁਣਨ ਵਾਲੇ ਹੈਰਾਨ ਹੋ ਕੇ ਕਹਿੰਦੇ ਸਨ, “ਕੀ ਇਹ ਉਹੋ ਨਹੀਂ ਜਿਹੜਾ ਯਰੂਸ਼ਲਮ ਵਿੱਚ ਇਸ ਨਾਮ ਦੇ ਲੈਣ ਵਾਲਿਆਂ ਦਾ ਨਾਸ ਕਰਦਾ ਸੀ ਅਤੇ ਇੱਥੇ ਇਸੇ ਲਈ ਆਇਆ ਸੀ ਕਿ ਉਨ੍ਹਾਂ ਨੂੰ ਬੰਨ੍ਹ ਕੇ ਪ੍ਰਧਾਨ ਯਾਜਕਾਂ ਕੋਲ ਲੈ ਜਾਵੇ?” 22ਪਰ ਸੌਲੁਸ ਹੋਰ ਵੀ ਬਲ ਪਾਉਂਦਾ ਗਿਆ ਅਤੇ ਇਹ ਸਾਬਤ ਕਰਦਾ ਹੋਇਆ ਕਿ ਯਿਸੂ ਹੀ ਮਸੀਹ ਹੈ, ਦੰਮਿਸਕ ਵਿੱਚ ਰਹਿਣ ਵਾਲੇ ਯਹੂਦੀਆਂ ਦਾ ਮੂੰਹ ਬੰਦ ਕਰਦਾ ਰਿਹਾ। 23ਜਦੋਂ ਬਹੁਤ ਦਿਨ ਬੀਤ ਗਏ ਤਾਂ ਯਹੂਦੀਆਂ ਨੇ ਉਸ ਨੂੰ ਮਾਰ ਸੁੱਟਣ ਦੀ ਵਿਉਂਤ ਬਣਾਈ, 24ਪਰ ਸੌਲੁਸ ਨੂੰ ਉਨ੍ਹਾਂ ਦੀ ਸਾਜ਼ਸ਼ ਦਾ ਪਤਾ ਲੱਗ ਗਿਆ। ਉਹ ਉਸ ਨੂੰ ਮਾਰ ਸੁੱਟਣ ਲਈ ਰਾਤ-ਦਿਨ ਫਾਟਕਾਂ ਦੀ ਵੀ ਨਿਗਰਾਨੀ ਕਰ ਰਹੇ ਸਨ। 25ਤਦ ਚੇਲਿਆਂ ਨੇ ਰਾਤ ਦੇ ਸਮੇਂ ਉਸ ਨੂੰ ਲਿਜਾ ਕੇ ਇੱਕ ਟੋਕਰੇ ਵਿੱਚ ਬਿਠਾਇਆ ਅਤੇ ਸਫੀਲ#9:25 ਕਿਸੇ ਕਿਲ੍ਹੇ ਜਾਂ ਨਗਰ ਦੁਆਲੇ ਸੁਰੱਖਿਆ ਲਈ ਬਣਾਈ ਗਈ ਉੱਚੀ ਅਤੇ ਮਜ਼ਬੂਤ ਕੰਧ ਰਾਹੀਂ ਹੇਠਾਂ ਉਤਾਰ ਦਿੱਤਾ।
ਯਰੂਸ਼ਲਮ ਵਿੱਚ ਸੌਲੁਸ
26ਉਹ ਯਰੂਸ਼ਲਮ ਵਿੱਚ ਆ ਕੇ ਚੇਲਿਆਂ ਵਿੱਚ ਰਲਣ ਦੀ ਕੋਸ਼ਿਸ਼ ਕਰਨ ਲੱਗਾ, ਪਰ ਸਭ ਉਸ ਤੋਂ ਡਰਦੇ ਸਨ ਕਿਉਂਕਿ ਉਨ੍ਹਾਂ ਨੂੰ ਵਿਸ਼ਵਾਸ ਨਹੀਂ ਹੁੰਦਾ ਸੀ ਕਿ ਉਹ ਵੀ ਚੇਲਾ ਹੈ। 27ਤਦ ਬਰਨਬਾਸ ਉਸ ਨੂੰ ਲੈ ਕੇ ਰਸੂਲਾਂ ਕੋਲ ਆਇਆ ਅਤੇ ਉਨ੍ਹਾਂ ਨੂੰ ਦੱਸਿਆ ਕਿ ਕਿਵੇਂ ਉਸ ਨੇ ਰਾਹ ਵਿੱਚ ਪ੍ਰਭੂ ਨੂੰ ਵੇਖਿਆ ਅਤੇ ਪ੍ਰਭੂ ਨੇ ਉਸ ਨਾਲ ਗੱਲ ਕੀਤੀ ਅਤੇ ਕਿਵੇਂ ਉਸ ਨੇ ਦੰਮਿਸਕ ਵਿੱਚ ਦਲੇਰੀ ਨਾਲ ਯਿਸੂ ਦੇ ਨਾਮ ਦਾ ਪ੍ਰਚਾਰ ਕੀਤਾ। 28ਸੋ ਉਹ ਉਨ੍ਹਾਂ ਦੇ ਨਾਲ ਯਰੂਸ਼ਲਮ ਵਿੱਚ ਆਉਂਦਾ-ਜਾਂਦਾ ਅਤੇ ਦਲੇਰੀ ਨਾਲ ਪ੍ਰਭੂ ਦੇ ਨਾਮ ਦਾ ਪ੍ਰਚਾਰ ਕਰਦਾ ਰਿਹਾ। 29ਉਹ ਯੂਨਾਨੀ-ਯਹੂਦੀਆਂ ਨਾਲ ਚਰਚਾ ਅਤੇ ਵਾਦ-ਵਿਵਾਦ ਕਰਦਾ ਸੀ, ਪਰ ਉਹ ਉਸ ਨੂੰ ਮਾਰ ਸੁੱਟਣ ਦੀ ਕੋਸ਼ਿਸ਼ ਵਿੱਚ ਸਨ। 30ਜਦੋਂ ਭਾਈਆਂ ਨੂੰ ਇਹ ਪਤਾ ਲੱਗਾ ਤਾਂ ਉਹ ਉਸ ਨੂੰ ਕੈਸਰਿਯਾ ਲੈ ਗਏ ਅਤੇ ਉੱਥੋਂ ਤਰਸੁਸ ਨੂੰ ਭੇਜ ਦਿੱਤਾ। 31ਸੋ ਇਸ ਤਰ੍ਹਾਂ ਸਾਰੇ ਯਹੂਦਿਯਾ, ਗਲੀਲ ਅਤੇ ਸਾਮਰਿਯਾ ਵਿੱਚ ਕਲੀਸਿਯਾ ਨੇ ਸ਼ਾਂਤੀ ਪਾਈ ਅਤੇ ਉੱਸਰਦੀ ਗਈ ਅਤੇ ਪ੍ਰਭੂ ਦੇ ਡਰ ਅਤੇ ਪਵਿੱਤਰ ਆਤਮਾ ਦੀ ਤਸੱਲੀ ਵਿੱਚ ਉੱਨਤੀ ਕਰਦੀ ਗਈ।
ਐਨਿਯਾਸ ਦਾ ਚੰਗਾ ਹੋਣਾ
32ਫਿਰ ਇਸ ਤਰ੍ਹਾਂ ਹੋਇਆ ਕਿ ਪਤਰਸ ਜਗ੍ਹਾ-ਜਗ੍ਹਾ ਹੁੰਦਾ ਹੋਇਆ ਲੁੱਦਾ ਵਿੱਚ ਰਹਿਣ ਵਾਲੇ ਸੰਤਾਂ ਕੋਲ ਵੀ ਆਇਆ। 33ਉੱਥੇ ਐਨਿਯਾਸ ਨਾਮਕ ਇੱਕ ਵਿਅਕਤੀ ਉਸ ਨੂੰ ਮਿਲਿਆ ਜਿਹੜਾ ਅਧਰੰਗੀ ਸੀ ਅਤੇ ਅੱਠਾਂ ਸਾਲਾਂ ਤੋਂ ਮੰਜੀ 'ਤੇ ਪਿਆ ਸੀ। 34ਪਤਰਸ ਨੇ ਉਸ ਨੂੰ ਕਿਹਾ, “ਐਨਿਯਾਸ, ਯਿਸੂ ਮਸੀਹ ਤੈਨੂੰ ਚੰਗਾ ਕਰਦਾ ਹੈ। ਉੱਠ ਅਤੇ ਆਪਣਾ ਬਿਸਤਰਾ ਠੀਕ ਕਰ!” ਤਦ ਉਹ ਤੁਰੰਤ ਉੱਠ ਖੜ੍ਹਾ ਹੋਇਆ। 35ਲੁੱਦਾ ਅਤੇ ਸ਼ਰੋਨ ਦੇ ਸਭ ਰਹਿਣ ਵਾਲੇ ਉਸ ਨੂੰ ਵੇਖ ਕੇ ਪ੍ਰਭੂ ਦੀ ਵੱਲ ਫਿਰੇ।
ਦੋਰਕਸ ਦਾ ਜਿਵਾਇਆ ਜਾਣਾ
36ਯਾੱਪਾ ਵਿੱਚ ਤਬਿਥਾ ਅਰਥਾਤ ਦੋਰਕਸ#9:36 ਅਰਥਾਤ ਹਰਨੀ ਨਾਮਕ ਇੱਕ ਚੇਲੀ ਸੀ; ਉਹ ਲਗਾਤਾਰ ਭਲੇ ਕੰਮਾਂ ਅਤੇ ਦਾਨ ਦੇਣ ਵਿੱਚ ਲੱਗੀ ਰਹਿੰਦੀ ਸੀ। 37ਫਿਰ ਇਸ ਤਰ੍ਹਾਂ ਹੋਇਆ ਕਿ ਉਨ੍ਹਾਂ ਦਿਨਾਂ ਵਿੱਚ ਉਹ ਬਿਮਾਰ ਹੋ ਕੇ ਮਰ ਗਈ ਅਤੇ ਉਨ੍ਹਾਂ ਉਸ ਨੂੰ ਨੁਹਾ ਕੇ ਚੁਬਾਰੇ ਵਿੱਚ ਰੱਖ ਦਿੱਤਾ। 38ਲੁੱਦਾ ਯਾੱਪਾ ਦੇ ਨੇੜੇ ਸੀ ਅਤੇ ਇਸ ਲਈ ਜਦੋਂ ਚੇਲਿਆਂ ਨੇ ਸੁਣਿਆ ਕਿ ਪਤਰਸ ਉੱਥੇ ਹੈ ਤਾਂ ਦੋ ਵਿਅਕਤੀਆਂ ਨੂੰ ਇਹ ਬੇਨਤੀ ਕਰਨ ਲਈ ਉਸ ਕੋਲ ਭੇਜਿਆ ਕਿ ਸਾਡੇ ਕੋਲ ਆਉਣ ਵਿੱਚ ਦੇਰ ਨਾ ਕਰ। 39ਤਦ ਪਤਰਸ ਉੱਠ ਕੇ ਉਨ੍ਹਾਂ ਦੇ ਨਾਲ ਚੱਲ ਪਿਆ ਅਤੇ ਜਦੋਂ ਉੱਥੇ ਪਹੁੰਚਿਆ ਤਾਂ ਉਹ ਉਸ ਨੂੰ ਚੁਬਾਰੇ ਵਿੱਚ ਲੈ ਗਏ ਅਤੇ ਸਭ ਵਿਧਵਾਵਾਂ ਰੋਂਦੀਆਂ ਹੋਈਆਂ ਉਸ ਦੇ ਕੋਲ ਖੜ੍ਹੀਆਂ ਉਸ ਨੂੰ ਉਹ ਕੁੜਤੇ ਅਤੇ ਕੱਪੜੇ ਵਿਖਾਉਣ ਲੱਗੀਆਂ ਜਿਹੜੇ ਦੋਰਕਸ ਨੇ ਉਨ੍ਹਾਂ ਦੇ ਨਾਲ ਹੁੰਦਿਆਂ ਬਣਾਏ ਸਨ। 40ਪਰ ਪਤਰਸ ਨੇ ਸਾਰਿਆਂ ਨੂੰ ਬਾਹਰ ਭੇਜ ਦਿੱਤਾ ਅਤੇ ਗੋਡੇ ਟੇਕ ਕੇ ਪ੍ਰਾਰਥਨਾ ਕੀਤੀ। ਫਿਰ ਉਸ ਨੇ ਲਾਸ਼ ਵੱਲ ਮੁੜ ਕੇ ਕਿਹਾ, “ਤਬਿਥਾ ਉੱਠ!” ਤਦ ਉਸ ਨੇ ਆਪਣੀਆਂ ਅੱਖਾਂ ਖੋਲ੍ਹੀਆਂ ਅਤੇ ਪਤਰਸ ਨੂੰ ਵੇਖ ਕੇ ਉੱਠ ਬੈਠੀ। 41ਪਤਰਸ ਨੇ ਉਸ ਦਾ ਹੱਥ ਫੜ ਕੇ ਉਸ ਨੂੰ ਉਠਾਇਆ ਅਤੇ ਸੰਤਾਂ ਅਤੇ ਵਿਧਵਾਵਾਂ ਨੂੰ ਸੱਦ ਕੇ ਉਸ ਨੂੰ ਜੀਉਂਦੀ ਸੌਂਪ ਦਿੱਤਾ। 42ਇਹ ਗੱਲ ਸਾਰੇ ਯਾੱਪਾ ਵਿੱਚ ਫੈਲ ਗਈ ਅਤੇ ਬਹੁਤਿਆਂ ਨੇ ਪ੍ਰਭੂ ਉੱਤੇ ਵਿਸ਼ਵਾਸ ਕੀਤਾ। 43ਪਤਰਸ ਬਹੁਤ ਦਿਨਾਂ ਤੱਕ ਯਾੱਪਾ ਵਿੱਚ ਸ਼ਮਊਨ ਨਾਮਕ ਇੱਕ ਖਟੀਕ#9:43 ਚਮੜੇ ਦਾ ਕੰਮ ਕਰਨ ਵਾਲਾ ਦੇ ਕੋਲ ਰਿਹਾ।

Pilihan Saat Ini:

ਰਸੂਲ 9: PSB

Sorotan

Berbagi

Salin

None

Ingin menyimpan sorotan di semua perangkat Anda? Daftar atau masuk

Video untuk ਰਸੂਲ 9