ਰਸੂਲ 13
13
ਬਰਨਬਾਸ ਅਤੇ ਸੌਲੁਸ ਦਾ ਭੇਜਿਆ ਜਾਣਾ
1ਅੰਤਾਕਿਯਾ ਦੀ ਕਲੀਸਿਯਾ ਵਿੱਚ ਨਬੀ ਅਤੇ ਸਿੱਖਿਅਕ ਸਨ ਅਰਥਾਤ ਬਰਨਬਾਸ ਅਤੇ ਸ਼ਿਮਓਨ ਜਿਹੜਾ ਨੀਗਰ ਕਹਾਉਂਦਾ ਸੀ ਅਤੇ ਲੂਕਿਯੁਸ ਕੁਰੇਨੀ ਅਤੇ ਮਨਏਨ ਜਿਸ ਦਾ ਪਾਲਣ-ਪੋਸ਼ਣ ਦੇਸ ਦੇ ਚੌਥਾਈ ਹਿੱਸੇ ਦੇ ਸ਼ਾਸਕ ਹੇਰੋਦੇਸ ਦੇ ਨਾਲ ਹੋਇਆ ਸੀ ਅਤੇ ਸੌਲੁਸ। 2ਜਦੋਂ ਉਹ ਵਰਤ ਰੱਖ ਕੇ ਪ੍ਰਭੂ ਦੀ ਅਰਾਧਨਾ ਕਰ ਰਹੇ ਸਨ ਤਾਂ ਪਵਿੱਤਰ ਆਤਮਾ ਨੇ ਕਿਹਾ, “ਬਰਨਬਾਸ ਅਤੇ ਸੌਲੁਸ ਨੂੰ ਮੇਰੇ ਵਾਸਤੇ ਉਸ ਕੰਮ ਲਈ ਵੱਖਰੇ ਕਰੋ ਜਿਸ ਦੇ ਲਈ ਮੈਂ ਉਨ੍ਹਾਂ ਨੂੰ ਬੁਲਾਇਆ ਹੈ।” 3ਤਦ ਉਨ੍ਹਾਂ ਨੇ ਵਰਤ ਰੱਖ ਕੇ ਪ੍ਰਾਰਥਨਾ ਕੀਤੀ ਅਤੇ ਉਨ੍ਹਾਂ ਉੱਤੇ ਹੱਥ ਰੱਖ ਕੇ ਉਨ੍ਹਾਂ ਨੂੰ ਵਿਦਾ ਕੀਤਾ।
ਪੌਲੁਸ ਦੀ ਪਹਿਲੀ ਪ੍ਰਚਾਰ ਯਾਤਰਾ
4ਸੋ ਪਵਿੱਤਰ ਆਤਮਾ ਵੱਲੋਂ ਭੇਜੇ ਹੋਏ ਉਹ ਸਿਲੂਕਿਯਾ ਗਏ ਅਤੇ ਉੱਥੋਂ ਜਹਾਜ਼ ਦੁਆਰਾ ਕੁਪਰੁਸ ਨੂੰ ਚਲੇ ਗਏ 5ਅਤੇ ਸਲਮੀਸ ਪਹੁੰਚ ਕੇ ਉਨ੍ਹਾਂ ਨੇ ਯਹੂਦੀਆਂ ਦੇ ਸਭਾ-ਘਰਾਂ ਵਿੱਚ ਪਰਮੇਸ਼ਰ ਦਾ ਵਚਨ ਸੁਣਾਇਆ; ਯੂਹੰਨਾ [ਮਰਕੁਸ] ਵੀ ਸਹਾਇਕ ਦੇ ਤੌਰ 'ਤੇ ਉਨ੍ਹਾਂ ਦੇ ਨਾਲ ਸੀ। 6ਜਦੋਂ ਉਹ ਪੂਰੇ ਟਾਪੂ ਵਿੱਚੋਂ ਦੀ ਲੰਘਦੇ ਹੋਏ ਪਾਫ਼ੁਸ ਤੱਕ ਪਹੁੰਚੇ ਤਾਂ ਉਨ੍ਹਾਂ ਨੂੰ ਬਰਯੇਸੂਸ ਨਾਮਕ ਇੱਕ ਯਹੂਦੀ ਮਨੁੱਖ ਮਿਲਿਆ ਜਿਹੜਾ ਜਾਦੂਗਰ ਅਤੇ ਝੂਠਾ ਨਬੀ ਸੀ। 7ਉਹ ਰਾਜਪਾਲ ਸਰਗੀਉਸ ਪੌਲੁਸ ਦੇ ਨਾਲ ਰਹਿੰਦਾ ਸੀ ਜੋ ਇੱਕ ਬੁੱਧਵਾਨ ਵਿਅਕਤੀ ਸੀ। ਰਾਜਪਾਲ ਨੇ ਬਰਨਬਾਸ ਅਤੇ ਸੌਲੁਸ ਨੂੰ ਕੋਲ ਬੁਲਾ ਕੇ ਪਰਮੇਸ਼ਰ ਦਾ ਵਚਨ ਸੁਣਨਾ ਚਾਹਿਆ। 8ਪਰ ਇਲਮਾਸ ਜਾਦੂਗਰ, ਕਿਉਂਕਿ ਉਸ ਦੇ ਨਾਮ ਦਾ ਇਹੋ ਅਰਥ ਹੈ; ਉਸ ਨੇ ਵਿਰੋਧ ਕੀਤਾ ਅਤੇ ਰਾਜਪਾਲ ਨੂੰ ਵਿਸ਼ਵਾਸ ਕਰਨ ਤੋਂ ਰੋਕਣਾ ਚਾਹਿਆ। 9ਤਦ ਸੌਲੁਸ ਨੇ ਜਿਹੜਾ ਪੌਲੁਸ ਵੀ ਕਹਾਉਂਦਾ ਹੈ, ਪਵਿੱਤਰ ਆਤਮਾ ਨਾਲ ਭਰਪੂਰ ਹੋ ਕੇ ਗੌਹ ਨਾਲ ਉਸ ਵੱਲ ਵੇਖਿਆ 10ਅਤੇ ਕਿਹਾ, “ਓਏ, ਸ਼ੈਤਾਨ ਦੇ ਪੁੱਤਰ! ਤੂੰ ਜਿਹੜਾ ਹਰ ਤਰ੍ਹਾਂ ਦੇ ਛਲ ਅਤੇ ਫਰੇਬ ਨਾਲ ਭਰਿਆ ਹੋਇਆ ਅਤੇ ਸਾਰੀ ਧਾਰਮਿਕਤਾ ਦਾ ਵੈਰੀ ਹੈਂ, ਕੀ ਤੂੰ ਪ੍ਰਭੂ ਦੇ ਸਿੱਧੇ ਰਾਹਾਂ ਨੂੰ ਟੇਢੇ ਕਰਨੋਂ ਨਹੀਂ ਹਟੇਂਗਾ? 11ਹੁਣ ਵੇਖ, ਪ੍ਰਭੂ ਦਾ ਹੱਥ ਤੇਰੇ ਉੱਤੇ ਆ ਪਿਆ ਹੈ ਅਤੇ ਤੂੰ ਅੰਨ੍ਹਾ ਹੋ ਜਾਵੇਂਗਾ ਤੇ ਕੁਝ ਚਿਰ ਲਈ ਸੂਰਜ ਨਾ ਵੇਖੇਂਗਾ।” ਉਸੇ ਸਮੇਂ ਉਸ ਉੱਤੇ ਧੁੰਦਲਾਪਣ ਅਤੇ ਹਨੇਰਾ ਛਾ ਗਿਆ ਅਤੇ ਉਹ ਇੱਧਰ-ਉੱਧਰ ਟੋਹਣ ਲੱਗਾ ਕਿ ਕੋਈ ਉਸ ਦਾ ਹੱਥ ਫੜ ਕੇ ਉਸ ਨੂੰ ਲੈ ਜਾਵੇ। 12ਜਦੋਂ ਰਾਜਪਾਲ ਨੇ ਇਹ ਜੋ ਹੋਇਆ ਸੀ, ਵੇਖਿਆ ਤਾਂ ਪ੍ਰਭੂ ਦੀ ਸਿੱਖਿਆ ਤੋਂ ਹੈਰਾਨ ਹੋ ਕੇ ਵਿਸ਼ਵਾਸ ਕੀਤਾ।
ਪਿਸਿਦਿਯਾ ਦੇ ਅੰਤਾਕਿਯਾ ਵਿੱਚ ਪੌਲੁਸ ਦਾ ਉਪਦੇਸ਼
13ਫਿਰ ਪੌਲੁਸ ਅਤੇ ਉਸ ਦੇ ਸਾਥੀ ਪਾਫ਼ੁਸ ਤੋਂ ਸਮੁੰਦਰ ਦੇ ਰਸਤੇ ਪਮਫ਼ੁਲਿਯਾ ਦੇ ਪਰਗਾ ਵਿੱਚ ਆਏ, ਪਰ ਯੂਹੰਨਾ [ਮਰਕੁਸ] ਉਨ੍ਹਾਂ ਨੂੰ ਛੱਡ ਕੇ ਯਰੂਸ਼ਲਮ ਨੂੰ ਮੁੜ ਗਿਆ। 14ਫਿਰ ਉਹ ਪਰਗਾ ਤੋਂ ਲੰਘ ਕੇ ਪਿਸਿਦਿਯਾ ਦੇ ਅੰਤਾਕਿਯਾ ਵਿੱਚ ਆਏ ਅਤੇ ਸਬਤ ਦੇ ਦਿਨ ਸਭਾ-ਘਰ ਵਿੱਚ ਜਾ ਕੇ ਬੈਠ ਗਏ। 15ਬਿਵਸਥਾ ਅਤੇ ਨਬੀਆਂ ਦੀਆਂ ਪੁਸਤਕਾਂ ਪੜ੍ਹੇ ਜਾਣ ਤੋਂ ਬਾਅਦ ਸਭਾ-ਘਰ ਦੇ ਆਗੂਆਂ ਨੇ ਉਨ੍ਹਾਂ ਕੋਲ ਇਹ ਕਹਿ ਕੇ ਸੁਨੇਹਾ ਭੇਜਿਆ, “ਹੇ ਭਾਈਓ, ਜੇ ਤੁਹਾਡੇ ਕੋਲ ਲੋਕਾਂ ਨੂੰ ਉਤਸ਼ਾਹਿਤ ਕਰਨ ਲਈ ਕੋਈ ਵਚਨ ਹੈ ਤਾਂ ਸੁਣਾਓ।” 16ਤਦ ਪੌਲੁਸ ਉੱਠਿਆ ਅਤੇ ਹੱਥ ਨਾਲ ਇਸ਼ਾਰਾ ਕਰਕੇ ਕਿਹਾ, “ਹੇ ਇਸਰਾਏਲੀਓ ਅਤੇ ਪਰਮੇਸ਼ਰ ਦਾ ਡਰ ਰੱਖਣ ਵਾਲਿਓ, ਸੁਣੋ। 17ਇਸ ਇਸਰਾਏਲੀ ਕੌਮ ਦੇ ਪਰਮੇਸ਼ਰ ਨੇ ਸਾਡੇ ਪੁਰਖਿਆਂ ਨੂੰ ਚੁਣਿਆ ਅਤੇ ਮਿਸਰ ਦੇਸ ਵਿੱਚ ਪਰਵਾਸ ਦੇ ਸਮੇਂ ਇਸ ਕੌਮ ਨੂੰ ਵਧਾਇਆ ਅਤੇ ਆਪਣੇ ਸ਼ਕਤੀਸ਼ਾਲੀ ਹੱਥ ਨਾਲ ਉਨ੍ਹਾਂ ਨੂੰ ਉੱਥੋਂ ਬਾਹਰ ਕੱਢ ਲਿਆਇਆ। 18ਇਸ ਤੋਂ ਬਾਅਦ ਚਾਲ੍ਹੀਆਂ ਸਾਲਾਂ ਤੱਕ ਉਜਾੜ ਵਿੱਚ ਉਹ ਉਨ੍ਹਾਂ ਨੂੰ ਸਹਿੰਦਾ ਰਿਹਾ 19ਅਤੇ ਫਿਰ ਕਨਾਨ ਦੇਸ ਵਿੱਚ ਸੱਤ ਕੌਮਾਂ ਦਾ ਨਾਸ ਕਰਕੇ ਉਨ੍ਹਾਂ ਦਾ ਦੇਸ ਇਨ੍ਹਾਂ ਨੂੰ ਮਿਰਾਸ ਦੇ ਰੂਪ ਵਿੱਚ ਦਿੱਤਾ। 20ਇਸ ਵਿੱਚ ਲਗਭਗ ਸਾਢੇ ਚਾਰ ਸੌ ਸਾਲ ਲੱਗੇ। ਇਨ੍ਹਾਂ ਗੱਲਾਂ ਤੋਂ ਬਾਅਦ ਉਸ ਨੇ ਸਮੂਏਲ ਨਬੀ ਤੱਕ ਨਿਆਂਕਾਰ ਦਿੱਤੇ। 21ਫਿਰ ਉਨ੍ਹਾਂ ਨੇ ਰਾਜੇ ਦੀ ਮੰਗ ਕੀਤੀ ਅਤੇ ਪਰਮੇਸ਼ਰ ਨੇ ਬਿਨਯਾਮੀਨ ਦੇ ਗੋਤ ਵਿੱਚੋਂ ਇੱਕ ਮਨੁੱਖ, ਕੀਸ਼ ਦਾ ਪੁੱਤਰ ਸ਼ਾਊਲ ਚਾਲ੍ਹੀਆਂ ਸਾਲਾਂ ਲਈ ਉਨ੍ਹਾਂ ਨੂੰ ਦੇ ਦਿੱਤਾ। 22ਫਿਰ ਉਸ ਨੂੰ ਹਟਾ ਕੇ ਦਾਊਦ ਨੂੰ ਉਨ੍ਹਾਂ ਲਈ ਰਾਜਾ ਖੜ੍ਹਾ ਕੀਤਾ ਜਿਸ ਦੇ ਵਿਖੇ ਉਸ ਨੇ ਗਵਾਹੀ ਦੇ ਕੇ ਕਿਹਾ, ‘ਮੈਂ ਯੱਸੀ ਦੇ ਪੁੱਤਰ ਦਾਊਦ ਨੂੰ ਆਪਣੇਮਨਭਾਉਂਦਾ ਵਿਅਕਤੀ ਪਾਇਆ ਹੈ ਜੋ ਮੇਰੀ ਸਾਰੀ ਇੱਛਾ ਨੂੰ ਪੂਰਾ ਕਰੇਗਾ’। 23ਉਸੇ ਦੇ ਵੰਸ਼ ਵਿੱਚੋਂ ਪਰਮੇਸ਼ਰ ਨੇ ਵਾਇਦੇ ਦੇ ਅਨੁਸਾਰ ਇਸਰਾਏਲ ਦੇ ਕੋਲ ਇੱਕ ਮੁਕਤੀਦਾਤਾ ਅਰਥਾਤ ਯਿਸੂ ਨੂੰ ਭੇਜਿਆ 24ਜਿਸ ਦੇ ਆਉਣ ਤੋਂ ਪਹਿਲਾਂ ਯੂਹੰਨਾ ਨੇ ਇਸਰਾਏਲ ਦੇ ਸਭ ਲੋਕਾਂ ਵਿੱਚ ਤੋਬਾ ਦੇ ਬਪਤਿਸਮੇ ਦਾ ਪ੍ਰਚਾਰ ਕੀਤਾ। 25ਜਦੋਂ ਯੂਹੰਨਾ ਆਪਣੀ ਦੌੜ ਪੂਰੀ ਕਰਨ ਨੂੰ ਸੀ ਤਾਂ ਉਸ ਨੇ ਕਿਹਾ, ‘ਤੁਸੀਂ ਮੈਨੂੰ ਕੀ ਸਮਝਦੇ ਹੋ? ਮੈਂ ਉਹ ਨਹੀਂ ਹਾਂ! ਪਰ ਵੇਖੋ, ਉਹ ਮੇਰੇ ਤੋਂ ਬਾਅਦ ਆਉਂਦਾ ਹੈ ਜਿਸ ਦੇ ਪੈਰਾਂ ਦੀ ਜੁੱਤੀ ਵੀ ਮੈਂ ਉਤਾਰਨ ਦੇ ਯੋਗ ਨਹੀਂ ਹਾਂ’।
26“ਹੇ ਭਾਈਓ, ਅਬਰਾਹਾਮ ਦੇ ਵੰਸ਼ ਦੇ ਲੋਕੋ ਅਤੇ ਤੁਸੀਂ ਜਿਹੜੇ ਪਰਮੇਸ਼ਰ ਦਾ ਡਰ ਰੱਖਦੇ ਹੋ, ਇਸ ਮੁਕਤੀ ਦਾ ਵਚਨ ਸਾਡੇ ਕੋਲ ਭੇਜਿਆ ਗਿਆ ਹੈ, 27ਕਿਉਂਕਿ ਯਰੂਸ਼ਲਮ ਦੇ ਰਹਿਣ ਵਾਲਿਆਂ ਅਤੇ ਉਨ੍ਹਾਂ ਦੇ ਪ੍ਰਧਾਨਾਂ ਨੇ ਨਾ ਉਸ ਨੂੰ#13:27 ਅਰਥਾਤ ਯਿਸੂ ਨੂੰ ਅਤੇ ਨਾ ਹੀ ਨਬੀਆਂ ਦੀਆਂ ਗੱਲਾਂ ਨੂੰ ਜਾਣਿਆ ਜਿਹੜੀਆਂ ਹਰ ਸਬਤ ਦੇ ਦਿਨ ਪੜ੍ਹੀਆਂ ਜਾਂਦੀਆਂ ਹਨ, ਇਸ ਲਈ ਉਸ ਨੂੰ ਦੋਸ਼ੀ ਠਹਿਰਾ ਕੇ ਉਨ੍ਹਾਂ ਗੱਲਾਂ ਨੂੰ ਪੂਰਾ ਕੀਤਾ। 28ਮੌਤ ਦਾ ਕੋਈ ਕਾਰਨ ਨਾ ਮਿਲਣ 'ਤੇ ਵੀ ਉਨ੍ਹਾਂ ਨੇ ਪਿਲਾਤੁਸ ਤੋਂ ਮੰਗ ਕੀਤੀ ਕਿ ਉਸ ਨੂੰ ਮਾਰ ਦਿੱਤਾ ਜਾਵੇ। 29ਜਦੋਂ ਉਹ ਉਸ ਦੇ ਵਿਖੇ ਲਿਖੀਆਂ ਸਭ ਗੱਲਾਂ ਨੂੰ ਪੂਰਾ ਕਰ ਚੁੱਕੇ ਤਾਂ ਉਸ ਨੂੰ ਕਾਠ#13:29 ਅਰਥਾਤ ਸਲੀਬ ਤੋਂ ਉਤਾਰ ਕੇ ਕਬਰ ਵਿੱਚ ਰੱਖਿਆ, 30ਪਰ ਪਰਮੇਸ਼ਰ ਨੇ ਉਸ ਨੂੰ ਮੁਰਦਿਆਂ ਵਿੱਚੋਂ ਜਿਵਾਇਆ 31ਅਤੇ ਉਹ ਬਹੁਤ ਦਿਨਾਂ ਤੱਕ ਉਨ੍ਹਾਂ ਨੂੰ ਜਿਹੜੇ ਗਲੀਲ ਤੋਂ ਯਰੂਸ਼ਲਮ ਨੂੰ ਉਸ ਦੇ ਨਾਲ ਆਏ ਸਨ, ਵਿਖਾਈ ਦਿੰਦਾ ਰਿਹਾ। ਉਹੀ ਹੁਣ ਲੋਕਾਂ ਦੇ ਸਾਹਮਣੇ ਉਸ ਦੇ ਗਵਾਹ ਹਨ।
32“ਅਸੀਂ ਤੁਹਾਨੂੰ ਉਸ ਵਾਇਦੇ ਦੀ ਖੁਸ਼ਖ਼ਬਰੀ ਸੁਣਾਉਂਦੇ ਹਾਂ ਜਿਹੜਾ ਸਾਡੇ ਪੁਰਖਿਆਂ ਨਾਲ ਕੀਤਾ ਗਿਆ ਸੀ। 33ਪਰਮੇਸ਼ਰ ਨੇ ਯਿਸੂ ਨੂੰ ਜੀਉਂਦਾ ਕਰਕੇ ਸਾਡੇ ਪੁਰਖਿਆਂ ਦੀ ਸੰਤਾਨ ਅਰਥਾਤ ਸਾਡੇ ਲਈ ਉਸ ਵਾਇਦੇ ਨੂੰ ਪੂਰਾ ਕੀਤਾ, ਜਿਵੇਂ ਕਿ ਦੂਜੇ ਜ਼ਬੂਰ ਵਿੱਚ ਲਿਖਿਆ ਵੀ ਹੈ:
ਤੂੰ ਮੇਰਾ ਪੁੱਤਰ ਹੈਂ;
ਅੱਜ ਤੂੰ ਮੇਰੇ ਤੋਂ ਜਨਮਿਆ ਹੈਂ। #
ਜ਼ਬੂਰ 2:7
34“ਪਰਮੇਸ਼ਰ ਨੇ ਉਸ ਨੂੰ ਮੁਰਦਿਆਂ ਵਿੱਚੋਂ ਜੀਉਂਦਾ ਉਠਾਇਆ ਤਾਂਕਿ ਉਹ ਕਦੇ ਸੜਨ ਨਾ ਵੇਖੇ। ਇਸੇ ਕਰਕੇ ਉਹ ਕਹਿੰਦਾ ਹੈ, ‘ਮੈਂ ਤੁਹਾਨੂੰ ਦਾਊਦ ਵਾਲੀਆਂ ਪਵਿੱਤਰ ਅਤੇ ਅਟੱਲ ਬਰਕਤਾਂ ਦਿਆਂਗਾ’।#ਯਸਾਯਾਹ 55:3 35ਫਿਰ ਉਹ ਇੱਕ ਹੋਰ ਜ਼ਬੂਰ ਵਿੱਚ ਕਹਿੰਦਾ ਹੈ, ‘ਤੂੰ ਆਪਣੇ ਪਵਿੱਤਰ ਜਨ ਦੀ ਦੇਹ ਨੂੰ ਸੜਨ ਨਾ ਵੇਖਣ ਦੇਵੇਂਗਾ’।#ਜ਼ਬੂਰ 16:10 36ਕਿਉਂਕਿ ਦਾਊਦ ਤਾਂ ਪਰਮੇਸ਼ਰ ਦੀ ਇੱਛਾ ਦੇ ਅਨੁਸਾਰ ਆਪਣੀ ਪੀੜ੍ਹੀ ਦੀ ਸੇਵਾ ਕਰਕੇ ਸੌਂ ਗਿਆ ਅਤੇ ਆਪਣੇ ਪੁਰਖਿਆਂ ਵਿੱਚ ਜਾ ਮਿਲਿਆ ਤੇ ਉਸ ਨੇ ਸੜਨ ਵੇਖੀ, 37ਪਰ ਜਿਸ ਨੂੰ ਪਰਮੇਸ਼ਰ ਨੇ ਜਿਵਾਇਆ ਉਸ ਨੇ ਸੜਨ ਨਾ ਵੇਖੀ। 38ਇਸ ਲਈ ਹੇ ਭਾਈਓ, ਤੁਸੀਂ ਇਹ ਜਾਣ ਲਵੋ ਕਿ ਉਸੇ ਦੇ ਰਾਹੀਂ ਤੁਹਾਨੂੰ ਪਾਪਾਂ ਦੀ ਮਾਫ਼ੀ ਦਾ ਪ੍ਰਚਾਰ ਕੀਤਾ ਜਾਂਦਾ ਹੈ ਅਤੇ ਜਿਨ੍ਹਾਂ ਗੱਲਾਂ ਵਿੱਚ ਤੁਸੀਂ ਮੂਸਾ ਦੀ ਬਿਵਸਥਾ ਦੇ ਦੁਆਰਾ ਧਰਮੀ ਨਾ ਠਹਿਰ ਸਕੇ, 39ਉਨ੍ਹਾਂ ਗੱਲਾਂ ਵਿੱਚ ਹਰੇਕ ਵਿਸ਼ਵਾਸ ਕਰਨ ਵਾਲਾ ਉਸੇ ਦੇ ਦੁਆਰਾ ਧਰਮੀ ਠਹਿਰਾਇਆ ਜਾਂਦਾ ਹੈ। 40ਇਸ ਲਈ ਸਾਵਧਾਨ ਰਹੋ; ਕਿਤੇ ਨਬੀਆਂ ਦਾ ਕਿਹਾ ਗਿਆ ਤੁਹਾਡੇ ਉੱਤੇ ਨਾ ਆ ਪਵੇ। 41ਵੇਖੋ ਹੇ ਨਿੰਦਕੋ, ਅਚਰਜ ਹੋਵੋ ਅਤੇ ਨਾਸ ਹੋ ਜਾਓ! ਕਿਉਂਕਿ ਮੈਂ ਤੁਹਾਡੇ ਦਿਨਾਂ ਵਿੱਚ ਇੱਕ ਕੰਮ ਕਰਨ ਵਾਲਾ ਹਾਂ, ਅਜਿਹਾ ਕੰਮ ਕਿ ਜੇ ਕੋਈ ਤੁਹਾਨੂੰ ਦੱਸੇ, ਤਾਂ ਵੀ ਤੁਸੀਂ ਕਦੇ ਵਿਸ਼ਵਾਸ ਨਹੀਂ ਕਰੋਗੇ।”#ਹਬੱਕੂਕ 1:5
ਅੰਤਾਕਿਯਾ ਵਿੱਚ ਪੌਲੁਸ ਅਤੇ ਬਰਨਬਾਸ
42ਜਦੋਂ ਪੌਲੁਸ ਅਤੇ ਬਰਨਬਾਸ ਬਾਹਰ ਨਿੱਕਲ ਰਹੇ ਸਨ ਤਾਂ ਲੋਕ ਉਨ੍ਹਾਂ ਨੂੰ ਬੇਨਤੀ ਕਰਨ ਲੱਗੇ ਕਿ ਅਗਲੇ ਸਬਤ ਦੇ ਦਿਨ ਵੀ ਸਾਨੂੰ ਇਹ ਗੱਲਾਂ ਸੁਣਾਈਆਂ ਜਾਣ। 43ਸਭਾ ਸਮਾਪਤ ਹੋਣ ਤੋਂ ਬਾਅਦ ਬਹੁਤ ਸਾਰੇ ਯਹੂਦੀ ਅਤੇ ਯਹੂਦੀ ਪੰਥ ਨੂੰ ਗ੍ਰਹਿਣ ਕਰਨ ਵਾਲੇ ਭਗਤ, ਪੌਲੁਸ ਅਤੇ ਬਰਨਬਾਸ ਦੇ ਪਿੱਛੇ ਹੋ ਤੁਰੇ ਅਤੇ ਪੌਲੁਸ ਅਤੇ ਬਰਨਬਾਸ ਨੇ ਉਨ੍ਹਾਂ ਨੂੰ ਸਮਝਾਇਆ ਕਿ ਪਰਮੇਸ਼ਰ ਦੀ ਕਿਰਪਾ ਵਿੱਚ ਬਣੇ ਰਹੋ।
44ਅਗਲੇ ਸਬਤ ਦੇ ਦਿਨ ਪ੍ਰਭੂ ਦਾ ਵਚਨ ਸੁਣਨ ਲਈ ਲਗਭਗ ਸਾਰਾ ਨਗਰ ਇਕੱਠਾ ਹੋ ਗਿਆ। 45ਪਰ ਭੀੜ ਨੂੰ ਵੇਖ ਕੇ ਯਹੂਦੀ ਈਰਖਾ ਨਾਲ ਭਰ ਗਏ ਅਤੇ ਨਿੰਦਾ ਕਰਦੇ ਹੋਏ ਪੌਲੁਸ ਦੀਆਂ ਗੱਲਾਂ ਦਾ ਵਿਰੋਧ ਕਰਨ ਲੱਗੇ। 46ਤਦ ਪੌਲੁਸ ਅਤੇ ਬਰਨਬਾਸ ਨੇ ਦਲੇਰੀ ਨਾਲ ਕਿਹਾ, “ਇਹ ਜ਼ਰੂਰੀ ਸੀ ਕਿ ਪਰਮੇਸ਼ਰ ਦਾ ਵਚਨ ਪਹਿਲਾਂ ਤੁਹਾਨੂੰ ਸੁਣਾਇਆ ਜਾਂਦਾ, ਪਰ ਕਿਉਂਕਿ ਤੁਸੀਂ ਇਸ ਨੂੰ ਰੱਦ ਕਰਦੇ ਹੋ ਅਤੇ ਆਪਣੇ ਆਪ ਨੂੰ ਸਦੀਪਕ ਜੀਵਨ ਦੇ ਯੋਗ ਨਹੀਂ ਠਹਿਰਾਉਂਦੇ; ਇਸ ਕਰਕੇ ਵੇਖੋ, ਅਸੀਂ ਪਰਾਈਆਂ ਕੌਮਾਂ ਵੱਲ ਮੁੜ ਰਹੇ ਹਾਂ, 47ਕਿਉਂਕਿ ਪ੍ਰਭੂ ਨੇ ਸਾਨੂੰ ਇਹ ਹੁਕਮ ਦਿੱਤਾ ਹੈ,
ਮੈਂ ਤੈਨੂੰ ਪਰਾਈਆਂ ਕੌਮਾਂ ਦੇ ਲਈ ਚਾਨਣ ਠਹਿਰਾਇਆ ਹੈ
ਕਿ ਤੂੰ ਧਰਤੀ ਦੇ ਕੰਢੇ ਤੱਕ ਮੁਕਤੀ ਦਾ ਵਸੀਲਾ ਹੋਵੇਂ।”
48ਇਹ ਸੁਣ ਕੇ ਪਰਾਈਆਂ ਕੌਮਾਂ ਦੇ ਲੋਕ ਅਨੰਦ ਹੋਏ ਅਤੇ ਪ੍ਰਭੂ ਦੇ ਵਚਨ ਦੀ ਪ੍ਰਸ਼ੰਸਾ ਕਰਨ ਲੱਗੇ ਅਤੇ ਜਿੰਨੇ ਸਦੀਪਕ ਜੀਵਨ ਲਈ ਠਹਿਰਾਏ ਗਏ ਸਨ, ਉਨ੍ਹਾਂ ਨੇ ਵਿਸ਼ਵਾਸ ਕੀਤਾ 49ਅਤੇ ਪ੍ਰਭੂ ਦਾ ਵਚਨ ਸਾਰੇ ਇਲਾਕੇ ਵਿੱਚ ਫੈਲਦਾ ਗਿਆ। 50ਪਰ ਯਹੂਦੀਆਂ ਨੇ ਪਤਵੰਤੀਆਂ ਭਗਤ ਔਰਤਾਂ ਨੂੰ ਅਤੇ ਨਗਰ ਦੇ ਪ੍ਰਮੁੱਖ ਵਿਅਕਤੀਆਂ ਨੂੰ ਉਕਸਾਇਆ ਅਤੇ ਪੌਲੁਸ ਅਤੇ ਬਰਨਬਾਸ ਦੇ ਵਿਰੁੱਧ ਦੰਗਾ ਕਰਵਾ ਕੇ ਉਨ੍ਹਾਂ ਨੂੰ ਆਪਣੀਆਂ ਹੱਦਾਂ ਵਿੱਚੋਂ ਬਾਹਰ ਕੱਢ ਦਿੱਤਾ। 51ਤਦ ਉਹ ਉਨ੍ਹਾਂ ਦੇ ਵਿਰੁੱਧ ਆਪਣੇ ਪੈਰਾਂ ਦੀ ਧੂੜ ਝਾੜ ਕੇ ਇਕੋਨਿਯੁਮ ਨੂੰ ਆ ਗਏ; 52ਅਤੇ ਚੇਲੇ ਅਨੰਦ ਅਤੇ ਪਵਿੱਤਰ ਆਤਮਾ ਨਾਲ ਭਰਪੂਰ ਹੁੰਦੇ ਗਏ।
Pilihan Saat Ini:
ਰਸੂਲ 13: PSB
Sorotan
Berbagi
Salin

Ingin menyimpan sorotan di semua perangkat Anda? Daftar atau masuk
PUNJABI STANDARD BIBLE©
Copyright © 2023 by Global Bible Initiative