ਲੂਕਾ 8
8
ਪ੍ਰਭੂ ਯਿਸੂ ਦੀ ਸੇਵਾ ਕਰਨ ਵਾਲੀਆਂ ਔਰਤਾਂ
1ਇਸ ਦੇ ਬਾਅਦ ਯਿਸੂ ਪਿੰਡ ਪਿੰਡ ਅਤੇ ਸ਼ਹਿਰ ਸ਼ਹਿਰ ਜਾ ਕੇ ਪਰਮੇਸ਼ਰ ਦੇ ਰਾਜ ਦਾ ਸ਼ੁਭ ਸਮਾਚਾਰ ਲੋਕਾਂ ਨੂੰ ਸੁਣਾਉਂਦੇ ਸਨ । ਉਹਨਾਂ ਦੇ ਨਾਲ ਬਾਰ੍ਹਾਂ ਚੇਲੇ ਸਨ 2#ਮੱਤੀ 27:55-56, ਮਰ 15:40-41, ਲੂਕਾ 23:49ਅਤੇ ਕੁਝ ਔਰਤਾਂ ਵੀ ਉਹਨਾਂ ਦੇ ਨਾਲ ਸਨ ਜਿਹਨਾਂ ਵਿੱਚੋਂ ਯਿਸੂ ਨੇ ਅਸ਼ੁੱਧ ਆਤਮਾਵਾਂ ਕੱਢੀਆਂ ਸਨ ਅਤੇ ਬਿਮਾਰੀਆਂ ਤੋਂ ਚੰਗਾ ਕੀਤਾ ਸੀ । ਉਹਨਾਂ ਔਰਤਾਂ ਦੇ ਨਾਂ ਇਹ ਸਨ, ਮਰਿਯਮ (ਜਿਸ ਨੂੰ ਮਗਦਲੀਨੀ ਕਹਿੰਦੇ ਸਨ, ਉਸ ਵਿੱਚੋਂ ਯਿਸੂ ਨੇ ਸੱਤ ਅਸ਼ੁੱਧ ਆਤਮਾਵਾਂ ਕੱਢੀਆਂ ਸਨ), 3ਰਾਜਾ ਹੇਰੋਦੇਸ ਦੇ ਪ੍ਰਬੰਧਕ ਖੂਜ਼ਾਹ ਦੀ ਪਤਨੀ ਯੋਆਨਾ, ਸੁਸੰਨਾ ਅਤੇ ਕਈ ਹੋਰ ਔਰਤਾਂ । ਇਹ ਸਭ ਆਪਣੇ ਧਨ ਨਾਲ ਯਿਸੂ ਅਤੇ ਉਹਨਾਂ ਦੇ ਚੇਲਿਆਂ ਦੀ ਸੇਵਾ ਕਰਦੀਆਂ ਸਨ ।
ਬੀਜ ਬੀਜਣ ਵਾਲੇ ਦਾ ਦ੍ਰਿਸ਼ਟਾਂਤ
(ਮੱਤੀ 13:1-9, ਮਰਕੁਸ 4:1-9)
4ਜਦੋਂ ਇੱਕ ਵੱਡੀ ਭੀੜ ਇਕੱਠੀ ਹੋਈ ਅਤੇ ਕਈ ਸ਼ਹਿਰਾਂ ਤੋਂ ਲੋਕ ਉਹਨਾਂ ਕੋਲ ਆਉਣ ਲੱਗੇ ਤਾਂ ਯਿਸੂ ਨੇ ਉਹਨਾਂ ਲੋਕਾਂ ਨੂੰ ਇਹ ਦ੍ਰਿਸ਼ਟਾਂਤ ਸੁਣਾਇਆ,
5“ਇੱਕ ਕਿਸਾਨ ਬੀਜ ਬੀਜਣ ਦੇ ਲਈ ਆਪਣੇ ਖੇਤ ਵਿੱਚ ਗਿਆ । ਜਦੋਂ ਉਹ ਛੱਟਾ ਦੇ ਰਿਹਾ ਸੀ ਤਾਂ ਕੁਝ ਬੀਜ ਖੇਤ ਦੇ ਨਾਲ ਜਾਂਦੇ ਰਾਹ ਵਿੱਚ ਡਿੱਗੇ ਅਤੇ ਮਿੱਧੇ ਗਏ ਅਤੇ ਅਕਾਸ਼ ਦੇ ਪੰਛੀਆਂ ਨੇ ਉਹਨਾਂ ਨੂੰ ਚੁਗ ਲਿਆ । 6ਕੁਝ ਬੀਜ ਪਥਰੀਲੀ ਜ਼ਮੀਨ ਵਿੱਚ ਡਿੱਗੇ, ਜਿਹੜੇ ਉੱਗੇ ਤਾਂ ਸਹੀ ਪਰ ਜ਼ਮੀਨ ਵਿੱਚ ਨਮੀ ਨਾ ਹੋਣ ਕਾਰਨ ਸੁੱਕ ਗਏ । 7ਕੁਝ ਬੀਜ ਕੰਡਿਆਲੀ ਝਾੜੀਆਂ ਵਿੱਚ ਪਏ, ਜਿਹੜੇ ਉੱਗੇ ਪਰ ਝਾੜੀਆਂ ਵੀ ਉਹਨਾਂ ਨਾਲ ਵਧੀਆਂ ਅਤੇ ਝਾੜੀਆਂ ਨੇ ਕਰੂੰਬਲਾਂ ਨੂੰ ਦਬਾ ਦਿੱਤਾ । 8ਪਰ ਕੁਝ ਬੀਜ ਚੰਗੀ ਵਾਹੀ ਹੋਈ ਉਪਜਾਊ ਜ਼ਮੀਨ ਵਿੱਚ ਪਏ ਜਿਹੜੇ ਉੱਗੇ, ਵਧੇ ਅਤੇ ਸੌ ਗੁਣਾਂ ਫਲੇ ।” ਇਹ ਦ੍ਰਿਸ਼ਟਾਂਤ ਸੁਣਾਉਣ ਦੇ ਬਾਅਦ ਯਿਸੂ ਨੇ ਉੱਚੀ ਆਵਾਜ਼ ਨਾਲ ਕਿਹਾ, “ਜਿਸ ਦੇ ਕੋਲ ਕੰਨ ਹਨ, ਉਹ ਸੁਣੇ !”
ਬੀਜ ਬੀਜਣ ਵਾਲੇ ਦੇ ਦ੍ਰਿਸ਼ਟਾਂਤ ਦੀ ਵਿਆਖਿਆ
(ਮੱਤੀ 13:10-17, ਮਰਕੁਸ 4:10-12)
9ਯਿਸੂ ਦੇ ਚੇਲਿਆਂ ਨੇ ਉਹਨਾਂ ਕੋਲੋਂ ਇਸ ਦ੍ਰਿਸ਼ਟਾਂਤ ਦਾ ਅਰਥ ਪੁੱਛਿਆ । 10#ਯਸਾ 6:9-10ਯਿਸੂ ਨੇ ਉਹਨਾਂ ਨੂੰ ਕਿਹਾ, “ਤੁਹਾਨੂੰ ਪਰਮੇਸ਼ਰ ਦੇ ਰਾਜ ਦੇ ਭੇਤਾਂ ਦੀ ਸਮਝ ਦਿੱਤੀ ਗਈ ਹੈ ਪਰ ਆਮ ਲੋਕਾਂ ਨੂੰ ਇਹ ਸਭ ਕੁਝ ਦ੍ਰਿਸ਼ਟਾਂਤਾਂ ਦੇ ਰਾਹੀਂ ਦੱਸਿਆ ਜਾਂਦਾ ਹੈ ਤਾਂ ਜੋ ਉਹ ਦੇਖਦੇ ਹੋਏ ਵੀ ਨਾ ਦੇਖਣ ਅਤੇ ਸਮਝਦੇ ਹੋਏ ਵੀ ਨਾ ਸਮਝਣ ।
11“ਇਸ ਦ੍ਰਿਸ਼ਟਾਂਤ ਦਾ ਅਰਥ ਇਹ ਹੈ, ਬੀਜ ਪਰਮੇਸ਼ਰ ਦਾ ਵਚਨ ਹੈ । 12ਕੁਝ ਲੋਕ ਪਰਮੇਸ਼ਰ ਦਾ ਵਚਨ ਸੁਣਦੇ ਹਨ ਪਰ ਸ਼ੈਤਾਨ ਆ ਕੇ ਉਹਨਾਂ ਦੇ ਦਿਲਾਂ ਵਿੱਚੋਂ ਵਚਨ ਕੱਢ ਲੈਂਦਾ ਹੈ । ਫਿਰ ਉਹ ਲੋਕ ਵਿਸ਼ਵਾਸ ਨਹੀਂ ਲਿਆਉਂਦੇ ਅਤੇ ਮੁਕਤੀ ਤੋਂ ਦੂਰ ਰਹਿ ਜਾਂਦੇ ਹਨ । ਅਜਿਹੇ ਲੋਕ ਰਾਹ ਵਿੱਚ ਡਿੱਗੇ ਬੀਜ ਵਰਗੇ ਹਨ । 13ਕੁਝ ਲੋਕ ਬੜੀ ਖ਼ੁਸ਼ੀ ਨਾਲ ਵਚਨ ਨੂੰ ਸੁਣਦੇ ਅਤੇ ਉਸ ਨੂੰ ਮੰਨ ਵੀ ਲੈਂਦੇ ਹਨ । ਪਰ ਜਦੋਂ ਉਹਨਾਂ ਉੱਤੇ ਵਚਨ ਦੇ ਕਾਰਨ ਪਰਤਾਵੇ ਆਉਂਦੇ ਹਨ ਤਾਂ ਉਹ ਆਪਣੇ ਵਿਸ਼ਵਾਸ ਤੋਂ ਡਿੱਗ ਪੈਂਦੇ ਹਨ । ਅਜਿਹੇ ਲੋਕ ਪਥਰੀਲੀ ਜ਼ਮੀਨ ਵਿੱਚ ਡਿੱਗੇ ਬੀਜ ਵਰਗੇ ਹਨ ਜਿਹੜੇ ਜੜ੍ਹ ਨਹੀਂ ਫੜਦੇ । 14ਕੁਝ ਲੋਕ ਪਰਮੇਸ਼ਰ ਦੇ ਵਚਨ ਨੂੰ ਸੁਣਦੇ ਹਨ ਪਰ ਅੱਗੇ ਜਾ ਕੇ ਇਸ ਸੰਸਾਰ ਦੀਆਂ ਚਿੰਤਾਵਾਂ, ਭੋਗ ਵਿਲਾਸ ਅਤੇ ਸੰਸਾਰਕ ਮੋਹ ਪਰਮੇਸ਼ਰ ਦੇ ਵਚਨ ਦਾ ਅਸਰ ਸਮਾਪਤ ਕਰ ਦਿੰਦੇ ਹਨ । ਅਜਿਹੇ ਲੋਕ ਕੰਡਿਆਲੀ ਝਾੜੀਆਂ ਵਿੱਚ ਡਿੱਗੇ ਬੀਜ ਵਰਗੇ ਹਨ ਜਿਹਨਾਂ ਦਾ ਫਲ ਪੱਕਦਾ ਨਹੀਂ । 15ਜਿਹੜੇ ਬੀਜ ਚੰਗੀ ਉਪਜਾਊ ਜ਼ਮੀਨ ਵਿੱਚ ਡਿੱਗੇ ਇਹ ਉਹਨਾਂ ਲੋਕਾਂ ਵਰਗੇ ਹਨ ਜਿਹੜੇ ਵਚਨ ਸੁਣ ਕੇ ਉਸ ਨੂੰ ਚੰਗੀ ਤਰ੍ਹਾਂ ਸਵੀਕਾਰ ਕਰਦੇ ਅਤੇ ਧੀਰਜ ਨਾਲ ਬਹੁਤ ਫਲ ਪੈਦਾ ਕਰਦੇ ਹਨ ।”
ਦੀਵੇ ਤੋਂ ਸਿੱਖਿਆ
(ਮਰਕੁਸ 4:21-25)
16 #
ਮੱਤੀ 5:15, ਲੂਕਾ 11:33 “ਕੋਈ ਮਨੁੱਖ ਦੀਵਾ ਬਾਲ ਕੇ ਉਸ ਨੂੰ ਕਿਸੇ ਭਾਂਡੇ ਜਾਂ ਮੰਜੇ ਹੇਠਾਂ ਨਹੀਂ ਰੱਖਦਾ ਸਗੋਂ ਸ਼ਮਾਦਾਨ ਉੱਤੇ ਰੱਖਦਾ ਹੈ ਤਾਂ ਜੋ ਅੰਦਰ ਆਉਣ ਵਾਲਿਆਂ ਨੂੰ ਚਾਨਣ ਮਿਲੇ । 17#ਮੱਤੀ 10:26, ਲੂਕਾ 12:2ਜਿਹੜੀਆਂ ਚੀਜ਼ਾਂ ਲੁਕੀਆਂ ਹਨ, ਉਹ ਪ੍ਰਗਟ ਕੀਤੀਆਂ ਜਾਣਗੀਆਂ । ਜਿਹੜੀਆਂ ਗੱਲਾਂ ਗੁਪਤ ਹਨ, ਉਹ ਚਾਨਣ ਵਿੱਚ ਲਿਆਂਦੀਆਂ ਜਾਣਗੀਆਂ ।
18 #
ਮੱਤੀ 25:29, ਲੂਕਾ 19:26 “ਸੁਚੇਤ ਰਹੋ ਕਿ ਤੁਸੀਂ ਕਿਸ ਤਰ੍ਹਾਂ ਸੁਣਦੇ ਹੋ ਕਿਉਂਕਿ ਜਿਸ ਦੇ ਕੋਲ ਹੈ, ਉਸ ਨੂੰ ਦਿੱਤਾ ਜਾਵੇਗਾ । ਜਿਸ ਦੇ ਕੋਲ ਨਹੀਂ ਹੈ, ਉਸ ਕੋਲੋਂ ਉਹ ਵੀ ਲੈ ਲਿਆ ਜਾਵੇਗਾ, ਜਿਸ ਨੂੰ ਉਹ ਆਪਣਾ ਸਮਝਦਾ ਹੈ ।”
ਸੱਚਾ ਨਾਤਾ
(ਮੱਤੀ 12:46-50, ਮਰਕੁਸ 3:31-35)
19ਇੱਕ ਦਿਨ ਯਿਸੂ ਦੀ ਮਾਂ ਅਤੇ ਭਰਾ ਉਹਨਾਂ ਨੂੰ ਮਿਲਣ ਲਈ ਆਏ । ਪਰ ਭੀੜ ਦੇ ਕਾਰਨ ਉਹਨਾਂ ਨੂੰ ਮਿਲ ਨਾ ਸਕੇ । 20ਕਿਸੇ ਨੇ ਯਿਸੂ ਨੂੰ ਜਾ ਕੇ ਦੱਸਿਆ, “ਤੁਹਾਡੀ ਮਾਂ ਅਤੇ ਭਰਾ ਤੁਹਾਨੂੰ ਮਿਲਣਾ ਚਾਹੁੰਦੇ ਹਨ ਅਤੇ ਉਹ ਬਾਹਰ ਖੜ੍ਹੇ ਹਨ ।” 21ਯਿਸੂ ਨੇ ਲੋਕਾਂ ਨੂੰ ਕਿਹਾ, “ਮੇਰੀ ਮਾਂ ਅਤੇ ਭਰਾ ਉਹ ਹਨ ਜਿਹੜੇ ਪਰਮੇਸ਼ਰ ਦਾ ਵਚਨ ਸੁਣਦੇ ਅਤੇ ਉਸ ਦੇ ਅਨੁਸਾਰ ਚੱਲਦੇ ਹਨ ।”
ਹਨੇਰੀ ਨੂੰ ਸ਼ਾਂਤ ਕਰਨਾ
(ਮੱਤੀ 8:23-27, ਮਰਕੁਸ 4:35-41)
22ਇੱਕ ਦਿਨ ਯਿਸੂ ਅਤੇ ਉਹਨਾਂ ਦੇ ਚੇਲੇ ਇੱਕ ਕਿਸ਼ਤੀ ਵਿੱਚ ਚੜ੍ਹੇ ਅਤੇ ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ, “ਆਓ, ਅਸੀਂ ਝੀਲ ਦੇ ਉਸ ਪਾਰ ਚੱਲੀਏ ।” ਉਹਨਾਂ ਨੇ ਕਿਸ਼ਤੀ ਖੋਲ੍ਹ ਦਿੱਤੀ । 23ਜਦੋਂ ਉਹ ਕਿਸ਼ਤੀ ਵਿੱਚ ਜਾ ਰਹੇ ਸਨ ਤਾਂ ਯਿਸੂ ਸੌਂ ਗਏ । ਅਚਾਨਕ ਤੇਜ਼ ਹਨੇਰੀ ਚੱਲ ਪਈ ਅਤੇ ਝੀਲ ਵਿੱਚ ਤੂਫ਼ਾਨ ਆ ਗਿਆ । ਕਿਸ਼ਤੀ ਪਾਣੀ ਨਾਲ ਭਰਨੀ ਸ਼ੁਰੂ ਹੋ ਗਈ । 24ਚੇਲੇ ਯਿਸੂ ਕੋਲ ਆਏ ਅਤੇ ਉਹਨਾਂ ਨੂੰ ਜਗਾਇਆ ਅਤੇ ਕਿਹਾ, “ਮਾਲਕ, ਮਾਲਕ ! ਅਸੀਂ ਤਾਂ ਮਰ ਰਹੇ ਹਾਂ ।” ਯਿਸੂ ਉੱਠੇ ਅਤੇ ਹਨੇਰੀ ਅਤੇ ਤੂਫ਼ਾਨ ਨੂੰ ਝਿੜਕਿਆ । ਹਨੇਰੀ ਥੰਮ੍ਹ ਗਈ ਅਤੇ ਝੀਲ ਵਿੱਚ ਪਹਿਲੇ ਵਰਗਾ ਸ਼ਾਂਤ ਵਾਤਾਵਰਨ ਹੋ ਗਿਆ । 25ਉਹਨਾਂ ਨੇ ਚੇਲਿਆਂ ਤੋਂ ਪੁੱਛਿਆ, “ਤੁਹਾਡਾ ਵਿਸ਼ਵਾਸ ਕਿੱਥੇ ਹੈ ?” ਪਰ ਉਹ ਬਹੁਤ ਡਰੇ ਹੋਏ ਸਨ । ਉਹ ਹੈਰਾਨ ਵੀ ਸਨ ਅਤੇ ਇੱਕ ਦੂਜੇ ਤੋਂ ਪੁੱਛਣ ਲੱਗੇ, “ਇਹ ਕੌਣ ਹਨ ? ਇਹ ਤਾਂ ਹਨੇਰੀ ਅਤੇ ਪਾਣੀ ਨੂੰ ਹੁਕਮ ਦਿੰਦੇ ਹਨ ਅਤੇ ਉਹ ਵੀ ਇਹਨਾਂ ਦਾ ਹੁਕਮ ਮੰਨਦੇ ਹਨ ।”
ਅਸ਼ੁੱਧ ਆਤਮਾਵਾਂ ਵਾਲੇ ਮਨੁੱਖ ਨੂੰ ਚੰਗਾ ਕਰਨਾ
(ਮੱਤੀ 8:28-34, ਮਰਕੁਸ 5:1-20)
26ਫਿਰ ਉਹ ਗਿਰਾਸੇਨ ਦੇ ਇਲਾਕੇ ਵੱਲ ਗਏ ਜਿਹੜਾ ਗਲੀਲ ਦੀ ਝੀਲ ਦੇ ਦੂਜੇ ਕੰਢੇ ਉੱਤੇ ਹੈ । 27ਜਿਵੇਂ ਹੀ ਯਿਸੂ ਕਿਸ਼ਤੀ ਵਿੱਚੋਂ ਬਾਹਰ ਆਏ, ਉਹਨਾਂ ਨੂੰ ਉਸ ਸ਼ਹਿਰ ਦਾ ਇੱਕ ਆਦਮੀ ਮਿਲਿਆ ਜਿਸ ਵਿੱਚ ਅਸ਼ੁੱਧ ਆਤਮਾਵਾਂ ਸਨ । ਉਹ ਬਹੁਤ ਸਮੇਂ ਤੋਂ ਕੱਪੜੇ ਨਹੀਂ ਪਾਉਂਦਾ ਸੀ । ਉਹ ਘਰ ਵਿੱਚ ਰਹਿਣ ਦੀ ਬਜਾਏ ਕਬਰਾਂ ਵਿੱਚ ਰਹਿੰਦਾ ਸੀ । 28ਉਹ ਯਿਸੂ ਨੂੰ ਦੇਖ ਦੇ ਹੀ ਚੀਕ ਉੱਠਿਆ ਅਤੇ ਉਹਨਾਂ ਦੇ ਸਾਹਮਣੇ ਡਿੱਗ ਪਿਆ । ਫਿਰ ਉਹ ਉੱਚੀ ਆਵਾਜ਼ ਨਾਲ ਬੋਲਿਆ, “ਹੇ ਯਿਸੂ, ਪਰਮ ਪ੍ਰਧਾਨ ਪਰਮੇਸ਼ਰ ਦੇ ਪੁੱਤਰ, ਤੁਹਾਨੂੰ ਮੇਰੇ ਨਾਲ ਕੀ ਕੰਮ ਹੈ ? ਮੈਂ ਬੇਨਤੀ ਕਰਦਾ ਹਾਂ ਕਿ ਮੈਨੂੰ ਦੁੱਖ ਨਾ ਦੇਵੋ !” 29ਯਿਸੂ ਨੇ ਉਸ ਅਸ਼ੁੱਧ ਆਤਮਾ ਨੂੰ ਇਹ ਹੁਕਮ ਦਿੱਤਾ ਸੀ ਕਿ ਉਹ ਇਸ ਆਦਮੀ ਵਿੱਚੋਂ ਨਿੱਕਲ ਜਾਵੇ ਕਿਉਂਕਿ ਉਹ ਬਾਰ ਬਾਰ ਉਸ ਵਿੱਚ ਆ ਜਾਂਦੀ ਸੀ । ਲੋਕ ਉਸ ਦੇ ਹੱਥਾਂ ਪੈਰਾਂ ਨੂੰ ਸੰਗਲਾਂ ਅਤੇ ਬੇੜੀਆਂ ਨਾਲ ਬੰਨ੍ਹ ਦਿੰਦੇ ਸਨ । ਉਸ ਦਾ ਪਹਿਰਾ ਰੱਖਦੇ ਸਨ ਪਰ ਉਹ ਆਦਮੀ ਬੰਧਨ ਤੋੜ ਦਿੰਦਾ ਸੀ ਅਤੇ ਅਸ਼ੁੱਧ ਆਤਮਾ ਉਸ ਨੂੰ ਸੁੰਨਸਾਨ ਥਾਵਾਂ ਵਿੱਚ ਲੈ ਜਾਂਦੀ ਸੀ । 30ਯਿਸੂ ਨੇ ਉਸ ਤੋਂ ਪੁੱਛਿਆ, “ਤੇਰਾ ਨਾਂ ਕੀ ਹੈ ?” ਉਸ ਨੇ ਉੱਤਰ ਦਿੱਤਾ, “ਲਸ਼ਕਰ,” ਕਿਉਂਕਿ ਉਸ ਆਦਮੀ ਵਿੱਚ ਬਹੁਤ ਸਾਰੀਆਂ ਅਸ਼ੁੱਧ ਆਤਮਾਵਾਂ ਸਨ । 31ਉਹਨਾਂ ਅਸ਼ੁੱਧ ਆਤਮਾਵਾਂ ਨੇ ਯਿਸੂ ਅੱਗੇ ਬੇਨਤੀ ਕੀਤੀ, “ਸਾਨੂੰ ਅਥਾਹ ਕੁੰਡ ਵਿੱਚ ਜਾਣ ਦਾ ਹੁਕਮ ਨਾ ਦਿਓ ।”
32ਉੱਥੇ ਨੇੜੇ ਹੀ ਪਹਾੜ ਉੱਤੇ ਸੂਰਾਂ ਦਾ ਇੱਕ ਬਹੁਤ ਵੱਡਾ ਇੱਜੜ ਚਰ ਰਿਹਾ ਸੀ । ਉਹਨਾਂ ਅਸ਼ੁੱਧ ਆਤਮਾਵਾਂ ਨੇ ਯਿਸੂ ਅੱਗੇ ਬੇਨਤੀ ਕੀਤੀ ਕਿ ਉਹਨਾਂ ਨੂੰ ਸੂਰਾਂ ਵਿੱਚ ਜਾਣ ਦੀ ਆਗਿਆ ਦਿਓ । ਯਿਸੂ ਨੇ ਉਹਨਾਂ ਨੂੰ ਆਗਿਆ ਦੇ ਦਿੱਤੀ । 33ਅਸ਼ੁੱਧ ਆਤਮਾਵਾਂ ਇਕਦਮ ਉਸ ਆਦਮੀ ਵਿੱਚੋਂ ਨਿੱਕਲ ਕੇ ਉਹਨਾਂ ਸੂਰਾਂ ਵਿੱਚ ਚਲੀਆਂ ਗਈਆਂ । ਸੂਰ ਪਹਾੜ ਦੀ ਢਲਾਨ ਤੋਂ ਝੀਲ ਵੱਲ ਦੌੜੇ ਅਤੇ ਉਸ ਵਿੱਚ ਡੁੱਬ ਕੇ ਮਰ ਗਏ ।
34ਜਦੋਂ ਚਰਵਾਹਿਆਂ ਨੇ ਇਹ ਦੇਖਿਆ ਤਾਂ ਉਹ ਉੱਥੋਂ ਦੌੜੇ ਅਤੇ ਸ਼ਹਿਰ ਅਤੇ ਪਿੰਡਾਂ ਵਿੱਚ ਜਾ ਕੇ ਇਹ ਸਮਾਚਾਰ ਸੁਣਾਇਆ । 35ਇਹ ਸੁਣ ਕੇ ਲੋਕ ਜੋ ਕੁਝ ਵਾਪਰਿਆ ਸੀ ਦੇਖਣ ਦੇ ਲਈ ਬਾਹਰ ਆਏ । ਜਦੋਂ ਉਹ ਯਿਸੂ ਕੋਲ ਪਹੁੰਚੇ, ਉਹਨਾਂ ਨੇ ਉਸ ਆਦਮੀ ਨੂੰ ਜਿਸ ਵਿੱਚ ਅਸ਼ੁੱਧ ਆਤਮਾਵਾਂ ਸਨ, ਕੱਪੜੇ ਪਹਿਨੇ ਅਤੇ ਹੋਸ਼ ਸੰਭਾਲੇ ਯਿਸੂ ਦੇ ਚਰਨਾਂ ਕੋਲ ਬੈਠੇ ਦੇਖਿਆ । ਇਹ ਦੇਖ ਕੇ ਉਹ ਬਹੁਤ ਡਰ ਗਏ । 36ਜਿਹਨਾਂ ਨੇ ਇਹ ਘਟਨਾ ਆਪਣੀ ਅੱਖੀਂ ਦੇਖੀ ਸੀ, ਉਹਨਾਂ ਨੇ ਵੀ ਲੋਕਾਂ ਨੂੰ ਦੱਸਿਆ ਕਿ ਇਹ ਅਸ਼ੁੱਧ ਆਤਮਾਵਾਂ ਵਾਲਾ ਆਦਮੀ ਕਿਸ ਤਰ੍ਹਾਂ ਚੰਗਾ ਹੋਇਆ ਹੈ । 37ਲੋਕ ਬਹੁਤ ਹੀ ਡਰ ਗਏ । ਇਸ ਲਈ ਗਿਰਾਸੇਨ ਦੇ ਇਲਾਕੇ ਦੇ ਸਾਰੇ ਲੋਕਾਂ ਨੇ ਯਿਸੂ ਅੱਗੇ ਬੇਨਤੀ ਕੀਤੀ ਕਿ ਉਹ ਉਹਨਾਂ ਦੇ ਇਲਾਕੇ ਵਿੱਚੋਂ ਚਲੇ ਜਾਣ । ਇਸ ਲਈ ਯਿਸੂ ਕਿਸ਼ਤੀ ਵਿੱਚ ਬੈਠ ਕੇ ਉੱਥੋਂ ਚਲੇ ਗਏ । 38ਜਿਸ ਆਦਮੀ ਵਿੱਚੋਂ ਅਸ਼ੁੱਧ ਆਤਮਾਵਾਂ ਨਿਕਲੀਆਂ ਸਨ, ਉਹ ਯਿਸੂ ਅੱਗੇ ਬੇਨਤੀ ਕਰਨ ਲੱਗਾ, “ਮੈਨੂੰ ਆਪਣੇ ਨਾਲ ਜਾਣ ਦਿਓ ।” ਪਰ ਯਿਸੂ ਨੇ ਉਸ ਨੂੰ ਮਨ੍ਹਾ ਕਰਦੇ ਹੋਏ ਕਿਹਾ, 39“ਆਪਣੇ ਘਰ ਨੂੰ ਵਾਪਸ ਚਲਾ ਜਾ ਅਤੇ ਜੋ ਕੰਮ ਪਰਮੇਸ਼ਰ ਨੇ ਤੇਰੇ ਲਈ ਕੀਤਾ ਹੈ, ਉਸ ਬਾਰੇ ਸਾਰਿਆਂ ਨੂੰ ਦੱਸ ।” ਉਹ ਚਲਾ ਗਿਆ ਅਤੇ ਆਪਣੇ ਸ਼ਹਿਰ ਵਿੱਚ, ਸਾਰੇ ਲੋਕਾਂ ਨੂੰ ਦੱਸਣ ਲੱਗਾ ਕਿ ਯਿਸੂ ਨੇ ਉਸ ਲਈ ਕੀ ਕੀਤਾ ਹੈ ।
ਜੈਰੁਸ ਦੀ ਬੇਟੀ ਅਤੇ ‘ਖ਼ੂਨ ਵਹਿਣ’ ਦੀ ਬਿਮਾਰ ਔਰਤ ਨੂੰ ਚੰਗਾ ਕਰਨਾ
(ਮੱਤੀ 9:18-26, ਮਰਕੁਸ 5:21-43)
40ਜਦੋਂ ਯਿਸੂ ਝੀਲ ਦੇ ਦੂਜੇ ਪਾਸੇ ਪਹੁੰਚੇ ਤਾਂ ਲੋਕਾਂ ਨੇ ਉਹਨਾਂ ਦਾ ਸੁਆਗਤ ਕੀਤਾ ਕਿਉਂਕਿ ਉਹ ਉਹਨਾਂ ਦੀ ਉਡੀਕ ਕਰ ਰਹੇ ਸਨ । 41ਜੈਰੁਸ ਨਾਂ ਦਾ ਇੱਕ ਆਦਮੀ ਉੱਥੇ ਆਇਆ । ਉਹ ਪ੍ਰਾਰਥਨਾ ਘਰ ਦਾ ਅਧਿਕਾਰੀ ਸੀ । ਉਹ ਯਿਸੂ ਦੇ ਚਰਨਾਂ ਵਿੱਚ ਡਿੱਗ ਕੇ ਬੇਨਤੀ ਕਰਨ ਲੱਗਾ ਕਿ ਉਹ ਉਸ ਦੇ ਘਰ ਚੱਲਣ 42ਕਿਉਂਕਿ ਉਸ ਦੀ ਇੱਕਲੌਤੀ ਬੇਟੀ ਜਿਹੜੀ ਲਗਭਗ ਬਾਰ੍ਹਾਂ ਸਾਲ ਦੀ ਸੀ ਉਹ ਮਰਨ ਵਾਲੀ ਸੀ ।
ਜਦੋਂ ਯਿਸੂ ਜੈਰੁਸ ਦੇ ਨਾਲ ਜਾ ਰਹੇ ਸਨ, ਭੀੜ ਉਹਨਾਂ ਨੂੰ ਚਾਰੇ ਪਾਸਿਓਂ ਦਬਾ ਰਹੀ ਸੀ । 43ਭੀੜ ਵਿੱਚ ਇੱਕ ਔਰਤ ਸੀ ਜਿਸ ਨੂੰ ਬਾਰ੍ਹਾਂ ਸਾਲਾਂ ਤੋਂ ‘ਖ਼ੂਨ ਵਹਿਣ ਦੀ ਬਿਮਾਰੀ ਸੀ । ਉਸ ਨੇ ਇਸ ਦਾ ਬਹੁਤ ਇਲਾਜ ਕਰਵਾਇਆ ਅਤੇ ਆਪਣਾ ਸਭ ਕੁਝ ਇਲਾਜ ਉੱਤੇ ਖ਼ਰਚ ਕਰ ਦਿੱਤਾ ਪਰ ਉਸ ਨੂੰ ਕੋਈ ਲਾਭ ਨਹੀਂ ਹੋਇਆ ਸੀ । 44ਉਹ ਭੀੜ ਵਿੱਚ ਯਿਸੂ ਦੇ ਪਿੱਛੋਂ ਦੀ ਹੋ ਕੇ ਆਈ ਅਤੇ ਉਸ ਨੇ ਯਿਸੂ ਦੇ ਚੋਗੇ ਦਾ ਪੱਲਾ ਛੂਹ ਲਿਆ । ਉਹ ਪੱਲਾ ਛੂਹਦਿਆਂ ਹੀ ਚੰਗੀ ਹੋ ਗਈ । 45ਯਿਸੂ ਨੇ ਲੋਕਾਂ ਤੋਂ ਪੁੱਛਿਆ, “ਮੈਨੂੰ ਕਿਸ ਨੇ ਛੂਹਿਆ ਹੈ ?” ਜਦੋਂ ਸਾਰਿਆਂ ਨੇ ਇਨਕਾਰ ਕੀਤਾ ਤਾਂ ਪਤਰਸ ਨੇ ਯਿਸੂ ਨੂੰ ਕਿਹਾ, “ਮਾਲਕ, ਤੁਸੀਂ ਭੀੜ ਨਾਲ ਘਿਰੇ ਹੋਏ ਹੋ । ਲੋਕ ਚਾਰੇ ਪਾਸਿਆਂ ਤੋਂ ਤੁਹਾਡੇ ਉੱਤੇ ਡਿੱਗਦੇ ਪਏ ਹਨ, ਫਿਰ ਵੀ ਤੁਸੀਂ ਪੁੱਛ ਰਹੇ ਹੋ, ‘ਮੈਨੂੰ ਕਿਸ ਨੇ ਛੂਹਿਆ ਹੈ ?’” 46ਪਰ ਯਿਸੂ ਨੇ ਕਿਹਾ, “ਕਿਸੇ ਨੇ ਮੈਨੂੰ ਜ਼ਰੂਰ ਛੂਹਿਆ ਹੈ ਕਿਉਂਕਿ ਮੇਰੇ ਵਿੱਚੋਂ ਸਮਰੱਥਾ ਨਿਕਲੀ ਹੈ ।” 47ਉਸ ਔਰਤ ਨੇ ਦੇਖਿਆ ਕਿ ਉਹ ਲੁਕ ਨਹੀਂ ਸਕਦੀ, ਇਸ ਲਈ ਉਹ ਕੰਬਦੀ ਹੋਈ ਅੱਗੇ ਆਈ ਅਤੇ ਯਿਸੂ ਦੇ ਚਰਨਾਂ ਵਿੱਚ ਡਿੱਗ ਪਈ । ਉਸ ਨੇ ਸਾਰੇ ਲੋਕਾਂ ਦੇ ਸਾਹਮਣੇ ਦੱਸਿਆ ਕਿ ਉਸ ਨੇ ਯਿਸੂ ਦਾ ਪੱਲਾ ਛੂਹਿਆ ਹੈ ਅਤੇ ਉਹ ਕਿਸ ਤਰ੍ਹਾਂ ਇਕਦਮ ਚੰਗੀ ਹੋ ਗਈ ਹੈ । 48ਯਿਸੂ ਨੇ ਉਸ ਔਰਤ ਨੂੰ ਕਿਹਾ, “ਬੇਟੀ, ਤੇਰੇ ਵਿਸ਼ਵਾਸ ਨੇ ਤੈਨੂੰ ਚੰਗਾ ਕੀਤਾ ਹੈ, ਸ਼ਾਂਤੀ ਨਾਲ ਜਾ ।”
49ਯਿਸੂ ਅਜੇ ਇਹ ਕਹਿ ਹੀ ਰਹੇ ਸਨ ਕਿ ਇੱਕ ਆਦਮੀ ਜੈਰੁਸ ਦੇ ਘਰੋਂ ਆਇਆ । ਉਸ ਨੇ ਜੈਰੁਸ ਨੂੰ ਕਿਹਾ, “ਤੁਹਾਡੀ ਬੇਟੀ ਮਰ ਗਈ ਹੈ । ਹੁਣ ਗੁਰੂ ਜੀ ਨੂੰ ਖੇਚਲ ਨਾ ਦਿਓ ।” 50ਯਿਸੂ ਨੇ ਵੀ ਇਹ ਸੁਣਿਆ ਪਰ ਉਹਨਾਂ ਨੇ ਜੈਰੁਸ ਨੂੰ ਕਿਹਾ, “ਨਾ ਡਰ, ਕੇਵਲ ਵਿਸ਼ਵਾਸ ਰੱਖ, ਤੇਰੀ ਬੇਟੀ ਚੰਗੀ ਹੋ ਜਾਵੇਗੀ ।”
51ਜਦੋਂ ਯਿਸੂ ਜੈਰੁਸ ਦੇ ਘਰ ਪਹੁੰਚੇ, ਉਹਨਾਂ ਨੇ ਲੋਕਾਂ ਨੂੰ ਘਰ ਦੇ ਬਾਹਰ ਹੀ ਰੋਕ ਦਿੱਤਾ । ਉਹ ਕੇਵਲ ਪਤਰਸ, ਯੂਹੰਨਾ, ਯਾਕੂਬ ਅਤੇ ਲੜਕੀ ਦੇ ਮਾਤਾ-ਪਿਤਾ ਨੂੰ ਆਪਣੇ ਨਾਲ ਅੰਦਰ ਲੈ ਗਏ । 52ਸਾਰੇ ਲੋਕ ਰੋ ਰਹੇ ਸਨ ਅਤੇ ਉਹ ਲੜਕੀ ਲਈ ਵੈਣ ਪਾ ਰਹੇ ਸਨ । ਯਿਸੂ ਨੇ ਉਹਨਾਂ ਨੂੰ ਕਿਹਾ, “ਨਾ ਰੋਵੋ, ਲੜਕੀ ਮਰੀ ਨਹੀਂ ਸਗੋਂ ਸੌਂ ਰਹੀ ਹੈ ।” 53ਲੋਕ ਜਾਣਦੇ ਸਨ ਕਿ ਲੜਕੀ ਮਰ ਚੁੱਕੀ ਹੈ ਇਸ ਲਈ ਉਹ ਯਿਸੂ ਨੂੰ ਮਖ਼ੌਲ ਕਰਨ ਲੱਗੇ । 54ਪਰ ਯਿਸੂ ਨੇ ਲੜਕੀ ਦਾ ਹੱਥ ਫੜ ਕੇ ਉਸ ਨੂੰ ਕਿਹਾ, “ਹੇ ਬੇਟੀ, ਉੱਠ !” 55ਲੜਕੀ ਦਾ ਆਤਮਾ ਉਸ ਵਿੱਚ ਮੁੜ ਆਇਆ ਅਤੇ ਉਹ ਉਸੇ ਸਮੇਂ ਉੱਠ ਕੇ ਬੈਠ ਗਈ । ਯਿਸੂ ਨੇ ਉਸ ਦੇ ਮਾਤਾ-ਪਿਤਾ ਨੂੰ ਹੁਕਮ ਦਿੱਤਾ ਕਿ ਉਸ ਨੂੰ ਕੁਝ ਖਾਣ ਲਈ ਦੇਣ । 56ਲੜਕੀ ਦੇ ਮਾਤਾ-ਪਿਤਾ ਹੈਰਾਨ ਰਹਿ ਗਏ । ਯਿਸੂ ਨੇ ਉਹਨਾਂ ਨੂੰ ਹੁਕਮ ਦਿੱਤਾ ਕਿ ਇਸ ਘਟਨਾ ਦੇ ਬਾਰੇ ਕਿਸੇ ਨੂੰ ਕੁਝ ਨਾ ਦੱਸਣਾ ।
Punjabi Common Language (North American Version):
Text © 2021 Canadian Bible Society and Bible Society of India