ਲੂਕਾ 7
7
ਰੋਮੀ ਸੂਬੇਦਾਰ ਦੇ ਸੇਵਕ ਨੂੰ ਚੰਗਾ ਕਰਨਾ
(ਮੱਤੀ 8:5-13)
1ਇਹ ਸਾਰੀਆਂ ਗੱਲਾਂ ਲੋਕਾਂ ਨੂੰ ਕਹਿਣ ਦੇ ਬਾਅਦ ਯਿਸੂ ਕਫ਼ਰਨਾਹੂਮ ਸ਼ਹਿਰ ਵਿੱਚ ਆਏ । 2ਉੱਥੇ ਇੱਕ ਰੋਮੀ ਸੂਬੇਦਾਰ ਦਾ ਨੌਕਰ ਬਿਮਾਰੀ ਦੇ ਕਾਰਨ ਮਰਨ ਵਾਲਾ ਸੀ । ਸੂਬੇਦਾਰ ਆਪਣੇ ਨੌਕਰ ਨੂੰ ਬਹੁਤ ਪਿਆਰ ਕਰਦਾ ਸੀ । 3ਜਦੋਂ ਸੂਬੇਦਾਰ ਨੇ ਯਿਸੂ ਦੇ ਬਾਰੇ ਸੁਣਿਆ ਤਾਂ ਉਸ ਨੇ ਯਹੂਦੀਆਂ ਦੇ ਕੁਝ ਬਜ਼ੁਰਗ ਆਗੂਆਂ ਨੂੰ ਯਿਸੂ ਕੋਲ ਭੇਜਿਆ ਅਤੇ ਬੇਨਤੀ ਕੀਤੀ ਕਿ ਉਹ ਆ ਕੇ ਉਸ ਦੇ ਨੌਕਰ ਨੂੰ ਚੰਗਾ ਕਰਨ । 4ਬਜ਼ੁਰਗ ਆਗੂ ਯਿਸੂ ਕੋਲ ਆਏ ਅਤੇ ਬੜੀ ਨਿਮਰਤਾ ਨਾਲ ਉਹਨਾਂ ਅੱਗੇ ਬੇਨਤੀ ਕੀਤੀ ਅਤੇ ਕਿਹਾ, “ਇਹ ਮਨੁੱਖ ਤੁਹਾਡੀ ਕਿਰਪਾ ਦੇ ਯੋਗ ਹੈ 5ਕਿਉਂਕਿ ਉਹ ਸਾਡੀ ਯਹੂਦੀ ਕੌਮ ਨਾਲ ਪਿਆਰ ਕਰਦਾ ਹੈ । ਉਸ ਨੇ ਸਾਡੇ ਲਈ ਇੱਕ ਪ੍ਰਾਰਥਨਾ ਘਰ ਬਣਾਇਆ ਹੈ ।” 6ਇਸ ਲਈ ਯਿਸੂ ਉਹਨਾਂ ਦੇ ਨਾਲ ਗਏ । ਉਹ ਸੂਬੇਦਾਰ ਦੇ ਘਰ ਤੋਂ ਅਜੇ ਥੋੜ੍ਹੀ ਦੂਰ ਹੀ ਸਨ ਕਿ ਸੂਬੇਦਾਰ ਨੇ ਆਪਣੇ ਮਿੱਤਰਾਂ ਦੇ ਰਾਹੀਂ ਇਹ ਸੁਨੇਹਾ ਭੇਜਿਆ, “ਪ੍ਰਭੂ ਜੀ, ਤੁਸੀਂ ਕਸ਼ਟ ਨਾ ਕਰੋ । ਮੈਂ ਇਸ ਲਾਇਕ ਨਹੀਂ ਕਿ ਤੁਸੀਂ ਮੇਰੇ ਘਰ ਆਓ । 7ਇਸੇ ਲਈ ਮੈਂ ਆਪਣੇ ਆਪ ਨੂੰ ਇਸ ਯੋਗ ਨਹੀਂ ਸਮਝਿਆ ਕਿ ਮੈਂ ਆਪ ਤੁਹਾਡੇ ਕੋਲ ਆਵਾਂ । ਬੱਸ, ਤੁਸੀਂ ਇੱਕ ਸ਼ਬਦ ਹੀ ਕਹਿ ਦੇਵੋ ਤਾਂ ਮੇਰਾ ਨੌਕਰ ਚੰਗਾ ਹੋ ਜਾਵੇਗਾ । 8ਮੈਂ ਆਪ ਵੀ ਅਧਿਕਾਰੀਆਂ ਦੇ ਅਧੀਨ ਹਾਂ ਅਤੇ ਮੇਰੇ ਅਧਿਕਾਰ ਵਿੱਚ ਵੀ ਸਿਪਾਹੀ ਹਨ । ਜਿਸ ਸਿਪਾਹੀ ਨੂੰ ਮੈਂ ਹੁਕਮ ਦਿੰਦਾ ਹਾਂ, ‘ਜਾ’ ਤਾਂ ਉਹ ਜਾਂਦਾ ਹੈ ਅਤੇ ਜਿਸ ਨੂੰ ਕਹਿੰਦਾ ਹਾਂ, ‘ਆ’ ਤਾਂ ਉਹ ਆਉਂਦਾ ਹੈ । ਇਸੇ ਤਰ੍ਹਾਂ ਆਪਣੇ ਨੌਕਰ ਨੂੰ ਕਹਿੰਦਾ ਹਾਂ, ‘ਇਹ ਕਰ’ ਤਾਂ ਉਹ ਕਰਦਾ ਹੈ ।” 9ਜਦੋਂ ਯਿਸੂ ਨੇ ਇਹ ਸੁਣਿਆ ਤਾਂ ਉਹ ਆਪਣੇ ਪਿੱਛੇ ਆਉਣ ਵਾਲਿਆਂ ਵੱਲ ਮੁੜੇ ਅਤੇ ਕਿਹਾ, “ਇਸ ਤਰ੍ਹਾਂ ਦਾ ਵਿਸ਼ਵਾਸ ਮੈਂ ਇਸਰਾਏਲ ਕੌਮ ਵਿੱਚ ਵੀ ਨਹੀਂ ਦੇਖਿਆ !” 10ਸੂਬੇਦਾਰ ਦੇ ਭੇਜੇ ਹੋਏ ਲੋਕ ਜਦੋਂ ਘਰ ਵਾਪਸ ਆਏ ਤਾਂ ਉਹਨਾਂ ਨੇ ਨੌਕਰ ਨੂੰ ਚੰਗਾ ਹੋਇਆ ਦੇਖਿਆ ।
ਪ੍ਰਭੂ ਯਿਸੂ ਦਾ ਇੱਕ ਵਿਧਵਾ ਦੇ ਪੁੱਤਰ ਨੂੰ ਜਿਊਂਦਾ ਕਰਨਾ
11ਇਸ ਦੇ ਬਾਅਦ ਯਿਸੂ ਨਾਇਨ ਨਾਂ ਦੇ ਸ਼ਹਿਰ ਨੂੰ ਗਏ । ਉਹਨਾਂ ਦੇ ਨਾਲ ਉਹਨਾਂ ਦੇ ਚੇਲੇ ਅਤੇ ਬਹੁਤ ਸਾਰੇ ਲੋਕ ਵੀ ਸਨ । 12ਜਦੋਂ ਯਿਸੂ ਉਸ ਸ਼ਹਿਰ ਦੇ ਅੰਦਰ ਜਾਣ ਵਾਲੇ ਫਾਟਕ ਕੋਲ ਪਹੁੰਚੇ ਤਾਂ ਲੋਕ ਇੱਕ ਮੁਰਦਾ ਆਦਮੀ ਨੂੰ ਬਾਹਰ ਲੈ ਕੇ ਆ ਰਹੇ ਸਨ । ਉਹ ਆਪਣੀ ਮਾਂ ਦਾ ਇੱਕੋ ਇੱਕ ਪੁੱਤਰ ਸੀ ਜਿਹੜੀ ਵਿਧਵਾ ਸੀ । ਉਸ ਦੇ ਨਾਲ ਸ਼ਹਿਰ ਦੇ ਬਹੁਤ ਸਾਰੇ ਲੋਕ ਸਨ । 13ਜਦੋਂ ਪ੍ਰਭੂ ਯਿਸੂ ਨੇ ਉਸ ਵਿਧਵਾ ਨੂੰ ਦੇਖਿਆ ਤਾਂ ਉਹਨਾਂ ਦਾ ਦਿਲ ਦਇਆ ਨਾਲ ਭਰ ਗਿਆ । ਉਹਨਾਂ ਨੇ ਉਸ ਨੂੰ ਕਿਹਾ, “ਨਾ ਰੋ ।” 14ਫਿਰ ਉਹਨਾਂ ਨੇ ਅੱਗੇ ਜਾ ਕੇ ਅਰਥੀ ਨੂੰ ਛੂਹਿਆ ਅਤੇ ਅਰਥੀ ਦੇ ਚੁੱਕਣ ਵਾਲੇ ਰੁਕ ਗਏ । ਯਿਸੂ ਨੇ ਕਿਹਾ, “ਨੌਜਵਾਨ, ਮੈਂ ਕਹਿੰਦਾ ਹਾਂ, ਉੱਠ !” 15ਉਹ ਮੁਰਦਾ ਨੌਜਵਾਨ ਉੱਠ ਕੇ ਬੈਠ ਗਿਆ ਅਤੇ ਬੋਲਣ ਲੱਗ ਪਿਆ । ਯਿਸੂ ਨੇ ਉਸ ਨੂੰ ਉਸ ਦੀ ਮਾਂ ਨੂੰ ਸੌਂਪ ਦਿੱਤਾ । 16ਇਹ ਦੇਖ ਕੇ ਸਾਰੇ ਲੋਕਾਂ ਉੱਤੇ ਡਰ ਛਾ ਗਿਆ । ਉਹ ਪਰਮੇਸ਼ਰ ਦੀ ਵਡਿਆਈ ਕਰਦੇ ਹੋਏ ਕਹਿਣ ਲੱਗੇ, “ਸਾਡੇ ਵਿੱਚ ਇੱਕ ਮਹਾਨ ਨਬੀ ਪ੍ਰਗਟ ਹੋਏ ਹਨ । ਪਰਮੇਸ਼ਰ ਨੇ ਆਪਣੇ ਲੋਕਾਂ ਦੀ ਸੁੱਧ ਲਈ ਹੈ ।” 17ਇਸ ਘਟਨਾ ਨਾਲ ਯਿਸੂ ਦੀ ਚਰਚਾ ਸਾਰੇ ਯਹੂਦਿਯਾ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਫੈਲ ਗਈ ।
ਯੂਹੰਨਾ ਬਪਤਿਸਮਾ ਦੇਣ ਵਾਲੇ ਦਾ ਪ੍ਰਸ਼ਨ
(ਮੱਤੀ 11:2-19)
18ਯੂਹੰਨਾ ਬਪਤਿਸਮਾ ਦੇਣ ਵਾਲੇ ਦੇ ਚੇਲਿਆਂ ਨੇ ਪ੍ਰਭੂ ਯਿਸੂ ਦੇ ਬਾਰੇ ਇਹ ਸਾਰੀਆਂ ਗੱਲਾਂ ਯੂਹੰਨਾ ਨੂੰ ਦੱਸੀਆਂ । ਇਸ ਲਈ ਉਸ ਨੇ ਆਪਣੇ ਦੋ ਚੇਲਿਆਂ ਨੂੰ ਸੱਦਿਆ 19ਅਤੇ ਪ੍ਰਭੂ ਕੋਲ ਇਹ ਪੁੱਛਣ ਲਈ ਭੇਜਿਆ, “ਕੀ ਆਉਣ ਵਾਲੇ ਜਿਹਨਾਂ ਬਾਰੇ ਯੂਹੰਨਾ ਨੇ ਕਿਹਾ ਸੀ, ਤੁਸੀਂ ਹੀ ਹੋ ਜਾਂ ਅਸੀਂ ਕਿਸੇ ਹੋਰ ਦੀ ਉਡੀਕ ਕਰੀਏ ?” 20ਉਹ ਯਿਸੂ ਕੋਲ ਆਏ ਅਤੇ ਉਹਨਾਂ ਤੋਂ ਪੁੱਛਿਆ, “ਯੂਹੰਨਾ ਬਪਤਿਸਮਾ ਦੇਣ ਵਾਲੇ ਨੇ ਸਾਨੂੰ ਤੁਹਾਡੇ ਕੋਲ ਇਹ ਪੁੱਛਣ ਲਈ ਭੇਜਿਆ ਹੈ ਕਿ ਆਉਣ ਵਾਲੇ ਤੁਸੀਂ ਹੀ ਹੋ ਜਾਂ ਅਸੀਂ ਕਿਸੇ ਹੋਰ ਦੀ ਉਡੀਕ ਕਰੀਏ ?” 21ਉਸੇ ਸਮੇਂ ਯਿਸੂ ਨੇ ਬਹੁਤ ਸਾਰੇ ਰੋਗੀਆਂ ਅਤੇ ਕਮਜ਼ੋਰਾਂ ਨੂੰ ਚੰਗਾ ਕੀਤਾ ਅਤੇ ਬਹੁਤ ਸਾਰੀਆਂ ਅਸ਼ੁੱਧ ਆਤਮਾਵਾਂ ਨੂੰ ਕੱਢਿਆ । ਉਹਨਾਂ ਨੇ ਬਹੁਤ ਸਾਰੇ ਅੰਨ੍ਹਿਆਂ ਨੂੰ ਸੁਜਾਖੇ ਕੀਤਾ । 22#ਯਸਾ 35:5-6, 61:1ਫਿਰ ਯਿਸੂ ਨੇ ਯੂਹੰਨਾ ਦੇ ਚੇਲਿਆਂ ਨੂੰ ਕਿਹਾ, “ਜਾਓ ਅਤੇ ਜੋ ਕੁਝ ਤੁਸੀਂ ਦੇਖਿਆ ਅਤੇ ਸੁਣਿਆ ਹੈ, ਉਹ ਯੂਹੰਨਾ ਨੂੰ ਦੱਸੋ ਕਿ ਅੰਨ੍ਹੇ ਦੇਖਦੇ ਹਨ, ਲੰਗੜੇ ਚੱਲਦੇ ਹਨ, ਕੋੜ੍ਹੀ ਸ਼ੁੱਧ ਹੋ ਰਹੇ ਹਨ, ਬੋਲ਼ੇ ਸੁਣ ਰਹੇ ਹਨ, ਮੁਰਦੇ ਜਿਊਂਦੇ ਕੀਤੇ ਜਾਂਦੇ ਹਨ ਅਤੇ ਗ਼ਰੀਬਾਂ ਨੂੰ ਸ਼ੁਭ ਸਮਾਚਾਰ ਸੁਣਾਇਆ ਜਾ ਰਿਹਾ ਹੈ । 23ਧੰਨ ਹੈ ਉਹ ਜਿਹੜਾ ਮੇਰੇ ਉੱਤੇ ਸ਼ੱਕ ਨਹੀਂ ਕਰਦਾ ।”
24ਜਦੋਂ ਯੂਹੰਨਾ ਦੇ ਭੇਜੇ ਹੋਏ ਸੰਦੇਸ਼ਵਾਹਕ ਵਾਪਸ ਚਲੇ ਗਏ ਤਾਂ ਯਿਸੂ ਨੇ ਲੋਕਾਂ ਤੋਂ ਯੂਹੰਨਾ ਦੇ ਬਾਰੇ ਪੁੱਛਿਆ, “ਤੁਸੀਂ ਸੁੰਨਸਾਨ ਥਾਂ ਵਿੱਚ ਕੀ ਦੇਖਣ ਲਈ ਗਏ ਸੀ ? ਕੀ ਇੱਕ ਹਵਾ ਨਾਲ ਹਿੱਲਣ ਵਾਲੇ ਕਾਨੇ ਨੂੰ ? 25ਫਿਰ ਤੁਸੀਂ ਕੀ ਦੇਖਣ ਗਏ ਸੀ ? ਕੀ ਉਸ ਆਦਮੀ ਨੂੰ ਜਿਸ ਨੇ ਵਧੀਆ ਕੱਪੜੇ ਪਹਿਨੇ ਹੋਏ ਸਨ ? ਜਿਹੜੇ ਚਮਕੀਲੇ ਕੱਪੜੇ ਪਾਉਂਦੇ ਹਨ ਅਤੇ ਐਸ਼ ਕਰਦੇ ਹਨ, ਉਹ ਰਾਜ ਭਵਨਾਂ ਵਿੱਚ ਰਹਿੰਦੇ ਹਨ । 26ਤੁਸੀਂ ਕੀ ਦੇਖਣ ਗਏ ਸੀ ? ਕੀ ਇੱਕ ਨਬੀ ਨੂੰ ? ਹਾਂ, ਮੈਂ ਤੁਹਾਨੂੰ ਕਹਿੰਦਾ ਹਾਂ ਨਬੀ ਤੋਂ ਵੀ ਕਿਤੇ ਵੱਡੇ ਨੂੰ । 27#ਮਲਾ 3:1ਉਸ ਬਾਰੇ ਪਵਿੱਤਰ-ਗ੍ਰੰਥ ਵਿੱਚ ਲਿਖਿਆ ਹੈ,
‘ਦੇਖ ਮੈਂ ਤੇਰੇ ਅੱਗੇ ਆਪਣੇ ਦੂਤ ਨੂੰ ਭੇਜ ਰਿਹਾ ਹਾਂ ਜਿਹੜਾ ਤੇਰੇ ਅੱਗੇ ਤੇਰਾ ਰਾਹ ਤਿਆਰ ਕਰੇਗਾ ।’
28“ਮੈਂ ਤੁਹਾਨੂੰ ਦੱਸਦਾ ਹਾਂ ਕਿ ਔਰਤ ਦੀ ਕੁੱਖ ਵਿੱਚੋਂ ਪੈਦਾ ਹੋਣ ਵਾਲਿਆਂ ਵਿੱਚੋਂ ਯੂਹੰਨਾ ਨਾਲੋਂ ਕੋਈ ਵੀ ਵੱਡਾ ਨਹੀਂ ਹੈ । ਪਰ ਪਰਮੇਸ਼ਰ ਦੇ ਰਾਜ ਵਿੱਚ ਛੋਟੇ ਤੋਂ ਛੋਟਾ ਵੀ ਉਸ ਤੋਂ ਵੱਡਾ ਹੈ ।”
29 #
ਮੱਤੀ 21:32, ਲੂਕਾ 3:12 (ਆਮ ਲੋਕਾਂ ਅਤੇ ਟੈਕਸ ਲੈਣ ਵਾਲਿਆਂ ਨੇ ਯੂਹੰਨਾ ਦਾ ਉਪਦੇਸ਼ ਸੁਣਿਆ ਅਤੇ ਉਸ ਤੋਂ ਬਪਤਿਸਮਾ ਲਿਆ । ਇਸ ਤਰ੍ਹਾਂ ਉਹਨਾਂ ਨੇ ਪਰਮੇਸ਼ਰ ਦੇ ਉਦੇਸ਼ ਨੂੰ ਮੰਨਿਆ । 30ਪਰ ਫ਼ਰੀਸੀਆਂ ਅਤੇ ਵਿਵਸਥਾ ਦੇ ਸਿੱਖਿਅਕਾਂ ਨੇ ਪਰਮੇਸ਼ਰ ਦੇ ਇਸ ਉਦੇਸ਼ ਨੂੰ ਨਹੀਂ ਮੰਨਿਆ ਅਤੇ ਯੂਹੰਨਾ ਕੋਲੋਂ ਬਪਤਿਸਮਾ ਨਹੀਂ ਲਿਆ ।)
31“ਮੈਂ ਇਸ ਪੀੜ੍ਹੀ ਦੇ ਲੋਕਾਂ ਦੀ ਤੁਲਨਾ ਕਿਸ ਨਾਲ ਕਰਾਂ ? ਇਹ ਕਿਸ ਵਰਗੇ ਹਨ ? 32ਇਹ ਬਜ਼ਾਰ ਵਿੱਚ ਬੈਠੇ ਹੋਏ ਬੱਚਿਆਂ ਵਰਗੇ ਹਨ ਜਿਹੜੇ ਇੱਕ ਦੂਜੇ ਨੂੰ ਪੁਕਾਰ ਕੇ ਕਹਿੰਦੇ ਹਨ,
‘ਅਸੀਂ ਤੁਹਾਡੇ ਲਈ ਬੰਸਰੀ ਵਜਾਈ,
ਪਰ ਤੁਸੀਂ ਨਾ ਨੱਚੇ,
ਅਸੀਂ ਵੈਣ ਪਾਏ, ਪਰ ਤੁਸੀਂ ਨਾ ਰੋਏ ।’
33“ਯੂਹੰਨਾ ਬਪਤਿਸਮਾ ਦੇਣ ਵਾਲਾ ਤੁਹਾਡੇ ਕੋਲ ਆਇਆ, ਉਹ ਨਾ ਰੋਟੀ ਖਾਂਦਾ ਅਤੇ ਨਾ ਮੈਅ ਪੀਂਦਾ ਸੀ ਪਰ ਤੁਸੀਂ ਉਸ ਬਾਰੇ ਕਹਿੰਦੇ ਹੋ, ‘ਉਸ ਵਿੱਚ ਅਸ਼ੁੱਧ ਆਤਮਾ ਹੈ ।’ 34ਪਰ ਮਨੁੱਖ ਦਾ ਪੁੱਤਰ ਖਾਂਦਾ ਅਤੇ ਪੀਂਦਾ ਆਇਆ ਅਤੇ ਤੁਸੀਂ ਉਸ ਬਾਰੇ ਕਹਿੰਦੇ ਹੋ, ‘ਦੇਖੋ, ਉਹ ਖਾਊ ਅਤੇ ਪਿਆਕੜ ਹੈ । ਉਹ ਟੈਕਸ ਲੈਣ ਵਾਲਿਆਂ ਅਤੇ ਪਾਪੀਆਂ ਦਾ ਮਿੱਤਰ ਹੈ’ 35ਪਰ ਪਰਮੇਸ਼ਰ ਦਾ ਗਿਆਨ ਉਹਨਾਂ ਸਾਰੇ ਲੋਕਾਂ ਦੁਆਰਾ ਸੱਚਾ ਸਿੱਧ ਹੁੰਦਾ ਹੈ ਜਿਹੜੇ ਉਸ ਨੂੰ ਸਵੀਕਾਰ ਕਰਦੇ ਹਨ ।”
ਪ੍ਰਭੂ ਯਿਸੂ ਇੱਕ ਪਾਪੀ ਔਰਤ ਨੂੰ ਮਾਫ਼ ਕਰਦੇ ਹਨ
36ਇੱਕ ਫ਼ਰੀਸੀ ਨੇ ਪ੍ਰਭੂ ਯਿਸੂ ਨੂੰ ਆਪਣੇ ਘਰ ਭੋਜਨ ਦੇ ਲਈ ਸੱਦਾ ਦਿੱਤਾ । ਪ੍ਰਭੂ ਯਿਸੂ ਉਸ ਦੇ ਘਰ ਗਏ ਅਤੇ ਭੋਜਨ ਕਰਨ ਦੇ ਲਈ ਬੈਠੇ । 37#ਮੱਤੀ 26:7, ਮਰ 14:3, ਯੂਹ 12:3ਉਸ ਸ਼ਹਿਰ ਵਿੱਚ ਇੱਕ ਪਾਪੀ ਔਰਤ ਰਹਿੰਦੀ ਸੀ । ਜਦੋਂ ਉਸ ਨੂੰ ਪਤਾ ਲੱਗਾ ਕਿ ਯਿਸੂ ਉਸ ਫ਼ਰੀਸੀ ਦੇ ਘਰ ਭੋਜਨ ਕਰ ਰਹੇ ਹਨ ਤਾਂ ਉਹ ਸੰਗਮਰਮਰ ਦੀ ਅਤਰਦਾਨੀ ਵਿੱਚ ਅਤਰ ਲੈ ਕੇ ਆਈ । 38ਉਹ ਯਿਸੂ ਦੇ ਪਿੱਛੇ, ਪੈਰਾਂ ਦੇ ਕੋਲ ਖੜ੍ਹੀ ਹੋ ਕੇ ਰੋਣ ਲੱਗੀ । ਉਹ ਆਪਣੇ ਹੰਝੂਆਂ ਨਾਲ ਯਿਸੂ ਦੇ ਪੈਰ ਭਿਉਂ ਰਹੀ ਸੀ ਅਤੇ ਆਪਣੇ ਵਾਲਾਂ ਨਾਲ ਉਹਨਾਂ ਨੂੰ ਪੂੰਝ ਰਹੀ ਸੀ । ਉਹ ਯਿਸੂ ਦੇ ਪੈਰਾਂ ਨੂੰ ਵਾਰ ਵਾਰ ਚੁੰਮ ਰਹੀ ਸੀ ਅਤੇ ਪੈਰਾਂ ਉੱਤੇ ਅਤਰ ਲਾ ਰਹੀ ਸੀ । 39ਜਦੋਂ ਫ਼ਰੀਸੀ ਜਿਸ ਨੇ ਯਿਸੂ ਨੂੰ ਆਪਣੇ ਘਰ ਸੱਦਾ ਦਿੱਤਾ ਸੀ ਇਹ ਹੁੰਦਾ ਦੇਖਿਆ ਤਾਂ ਉਹ ਆਪਣੇ ਮਨ ਵਿੱਚ ਸੋਚਣ ਲੱਗਾ, “ਜੇਕਰ ਇਹ ਆਦਮੀ ਨਬੀ ਹੁੰਦਾ ਤਾਂ ਇਹ ਜਾਣ ਲੈਂਦਾ ਕਿ ਇਹ ਔਰਤ ਜਿਹੜੀ ਉਸ ਨੂੰ ਛੂਹ ਰਹੀ ਹੈ, ਉਹ ਪਾਪਣ ਹੈ ।” 40ਯਿਸੂ ਨੇ ਉਸ ਫ਼ਰੀਸੀ ਨੂੰ ਕਿਹਾ, “ਸ਼ਮਊਨ, ਮੈਂ ਤੈਨੂੰ ਕੁਝ ਕਹਿਣਾ ਚਾਹੁੰਦਾ ਹਾਂ ।” ਉਸ ਨੇ ਉੱਤਰ ਦਿੱਤਾ, “ਗੁਰੂ ਜੀ, ਕਹੋ ।” 41ਯਿਸੂ ਨੇ ਕਿਹਾ, “ਦੋ ਆਦਮੀ ਕਿਸੇ ਸ਼ਾਹੂਕਾਰ ਦੇ ਕਰਜ਼ਦਾਰ ਸਨ । ਇੱਕ ਪੰਜ ਸੌ ਰੁਪਏ#7:41 ਮੂਲ ਲਿਖਤ ਵਿੱਚ ਇੱਕ ਦੀਨਾਰ ਉਸ ਸਮੇਂ ਦਾ ਸਿੱਕਾ ਦਾ ਅਤੇ ਦੂਜਾ ਪੰਜਾਹ ਰੁਪਏ ਦਾ । 42ਜਦੋਂ ਉਹਨਾਂ ਦੋਨਾਂ ਦੇ ਕੋਲ ਕਰਜ਼ਾ ਚੁਕਾਉਣ ਲਈ ਕੁਝ ਨਹੀਂ ਸੀ ਤਾਂ ਸ਼ਾਹੂਕਾਰ ਨੇ ਦੋਨਾਂ ਨੂੰ ਮਾਫ਼ ਕਰ ਦਿੱਤਾ । ਇਸ ਲਈ ਉਹਨਾਂ ਦੋਨਾਂ ਵਿੱਚੋਂ ਸ਼ਾਹੂਕਾਰ ਨੂੰ ਕੌਣ ਜ਼ਿਆਦਾ ਪਿਆਰ ਕਰੇਗਾ ?” 43ਸ਼ਮਊਨ ਨੇ ਉੱਤਰ ਦਿੱਤਾ, “ਮੈਂ ਸਮਝਦਾ ਹਾਂ, ਉਹ ਆਦਮੀ ਸ਼ਾਹੂਕਾਰ ਨੂੰ ਜ਼ਿਆਦਾ ਪਿਆਰ ਕਰੇਗਾ ਜਿਸ ਦਾ ਜ਼ਿਆਦਾ ਮਾਫ਼ ਕੀਤਾ ਗਿਆ ।” ਯਿਸੂ ਨੇ ਕਿਹਾ, “ਤੂੰ ਠੀਕ ਉੱਤਰ ਦਿੱਤਾ ਹੈ ।” 44ਫਿਰ ਯਿਸੂ ਨੇ ਉਸ ਔਰਤ ਵੱਲ ਇਸ਼ਾਰਾ ਕਰਦੇ ਹੋਏ ਸ਼ਮਊਨ ਨੂੰ ਕਿਹਾ, “ਕੀ ਤੂੰ ਇਸ ਔਰਤ ਨੂੰ ਦੇਖ ਰਿਹਾ ਹੈਂ ? ਮੈਂ ਤੇਰੇ ਘਰ ਆਇਆ ਹਾਂ । ਤੂੰ ਮੇਰੇ ਪੈਰ ਧੋਣ ਲਈ ਪਾਣੀ ਤੱਕ ਨਾ ਦਿੱਤਾ ਪਰ ਇਸ ਔਰਤ ਨੇ ਆਪਣੇ ਹੰਝੂਆਂ ਨਾਲ ਮੇਰੇ ਪੈਰ ਭਿਉਂਏ ਅਤੇ ਆਪਣੇ ਸਿਰ ਦੇ ਵਾਲਾਂ ਨਾਲ ਪੂੰਝੇ । 45ਤੂੰ ਮੇਰੇ ਸੁਆਗਤ ਵਿੱਚ ਮੈਨੂੰ ਚੁੰਮਿਆ ਤੱਕ ਨਹੀਂ ਪਰ ਇਹ ਔਰਤ ਜਦੋਂ ਤੋਂ ਮੈਂ ਆਇਆਂ ਹਾਂ, ਮੇਰੇ ਪੈਰਾਂ ਨੂੰ ਚੁੰਮ ਰਹੀ ਹੈ । 46ਤੂੰ ਮੇਰੇ ਸਿਰ ਉੱਤੇ ਤੇਲ ਨਹੀਂ ਲਾਇਆ ਪਰ ਇਸ ਨੇ ਮੇਰੇ ਪੈਰਾਂ ਉੱਤੇ ਅਤਰ ਲਾਇਆ ਹੈ । 47ਮੈਂ ਤੈਨੂੰ ਦੱਸਦਾ ਹਾਂ ਕਿ ਇਸ ਦਾ ਬਹੁਤਾ ਪਿਆਰ ਇਹ ਹੀ ਸਿੱਧ ਕਰਦਾ ਹੈ ਕਿ ਇਸ ਦੇ ਬਹੁਤੇ ਪਾਪ ਮਾਫ਼ ਹੋ ਗਏ ਹਨ ਪਰ ਜਿਸ ਦੇ ਥੋੜ੍ਹੇ ਪਾਪ ਮਾਫ਼ ਹੋਏ ਹਨ, ਉਹ ਥੋੜ੍ਹਾ ਪਿਆਰ ਕਰਦਾ ਹੈ ।” 48ਯਿਸੂ ਨੇ ਉਸ ਔਰਤ ਨੂੰ ਕਿਹਾ, “ਤੇਰੇ ਪਾਪ ਮਾਫ਼ ਹੋ ਗਏ ਹਨ ।” 49ਜਿਹੜੇ ਯਿਸੂ ਦੇ ਨਾਲ ਭੋਜਨ ਕਰ ਰਹੇ ਸਨ, ਆਪਸ ਵਿੱਚ ਕਹਿਣ ਲੱਗੇ, “ਇਹ ਕੌਣ ਹੈ ਜਿਹੜਾ ਪਾਪ ਵੀ ਮਾਫ਼ ਕਰਦਾ ਹੈ ?” 50ਯਿਸੂ ਨੇ ਉਸ ਔਰਤ ਨੂੰ ਕਿਹਾ, “ਤੇਰੇ ਵਿਸ਼ਵਾਸ ਨੇ ਤੈਨੂੰ ਮੁਕਤ ਕੀਤਾ ਹੈ, ਸ਼ਾਂਤੀ ਨਾਲ ਜਾ ।”
Punjabi Common Language (North American Version):
Text © 2021 Canadian Bible Society and Bible Society of India