ਲੂਕਾ 6
6
ਸਬਤ ਬਾਰੇ ਪ੍ਰਸ਼ਨ
(ਮੱਤੀ 12:1-8, ਮਰਕੁਸ 2:23-28)
1 #
ਵਿਵ 23:25
ਇੱਕ ਸਬਤ ਦੇ ਦਿਨ ਯਿਸੂ ਅਤੇ ਉਹਨਾਂ ਦੇ ਚੇਲੇ ਖੇਤਾਂ ਵਿੱਚੋਂ ਦੀ ਜਾ ਰਹੇ ਸਨ । ਚੇਲੇ ਰਾਹ ਜਾਂਦੇ ਹੋਏ ਖੇਤਾਂ ਵਿੱਚੋਂ ਅਨਾਜ ਦੇ ਸਿੱਟੇ ਤੋੜ ਕੇ ਹੱਥਾਂ ਨਾਲ ਮਲ ਮਲ ਕੇ ਖਾ ਰਹੇ ਸਨ । 2ਕੁਝ ਫ਼ਰੀਸੀਆਂ ਨੇ ਉਹਨਾਂ ਨੂੰ ਕਿਹਾ, “ਤੁਸੀਂ ਇਹ ਕਿਉਂ ਕਰ ਰਹੇ ਹੋ ਜੋ ਸਬਤ ਦੇ ਦਿਨ ਕਰਨਾ ਮਨ੍ਹਾ ਹੈ ?” 3#1 ਸਮੂ 21:1-6ਯਿਸੂ ਨੇ ਫ਼ਰੀਸੀਆਂ ਨੂੰ ਉੱਤਰ ਦਿੱਤਾ, “ਕੀ ਤੁਸੀਂ ਪਵਿੱਤਰ-ਗ੍ਰੰਥ ਵਿੱਚ ਨਹੀਂ ਪੜ੍ਹਿਆ ਕਿ ਜਦੋਂ ਦਾਊਦ ਅਤੇ ਉਸ ਦੇ ਸਾਥੀਆਂ ਨੂੰ ਭੁੱਖ ਲੱਗੀ ਸੀ ਤਾਂ ਉਸ ਨੇ ਕੀ ਕੀਤਾ ? 4#ਲੇਵੀ 24:9ਉਹ ਪਰਮੇਸ਼ਰ ਦੇ ਘਰ ਵਿੱਚ ਗਿਆ ਅਤੇ ਚੜ੍ਹਾਵੇ ਦੀਆਂ ਰੋਟੀਆਂ ਖਾਧੀਆਂ ਅਤੇ ਆਪਣੇ ਸਾਥੀਆਂ ਨੂੰ ਵੀ ਦਿੱਤੀਆਂ ਜਿਹੜੀਆਂ ਕੇਵਲ ਪੁਰੋਹਿਤ ਹੀ ਖਾ ਸਕਦਾ ਹੈ, ਦੂਜਾ ਕੋਈ ਨਹੀਂ ।” 5ਯਿਸੂ ਨੇ ਫਿਰ ਕਿਹਾ, “ਮਨੁੱਖ ਦਾ ਪੁੱਤਰ ਤਾਂ ਸਬਤ ਦਾ ਮਾਲਕ ਹੈ ।”
ਸੁੱਕੇ ਹੱਥ ਵਾਲਾ ਆਦਮੀ
(ਮੱਤੀ 12:9-14, ਮਰਕੁਸ 3:1-6)
6ਇੱਕ ਹੋਰ ਸਬਤ ਦੇ ਦਿਨ ਯਿਸੂ ਪ੍ਰਾਰਥਨਾ ਘਰ ਵਿੱਚ ਗਏ ਅਤੇ ਉਪਦੇਸ਼ ਦੇਣ ਲੱਗੇ । ਉੱਥੇ ਇੱਕ ਆਦਮੀ ਸੀ ਜਿਸ ਦਾ ਸੱਜਾ ਹੱਥ ਸੁੱਕਾ ਹੋਇਆ ਸੀ । 7ਉੱਥੇ ਕੁਝ ਵਿਵਸਥਾ ਦੇ ਸਿੱਖਿਅਕ ਅਤੇ ਫ਼ਰੀਸੀ ਬੜੇ ਧਿਆਨ ਨਾਲ ਯਿਸੂ ਨੂੰ ਦੇਖ ਰਹੇ ਸਨ ਕਿ ਉਹ ਸਬਤ ਦੇ ਦਿਨ ਉਸ ਆਦਮੀ ਦਾ ਸੁੱਕਾ ਹੱਥ ਠੀਕ ਕਰਦੇ ਹਨ ਜਾਂ ਨਹੀਂ । ਉਹ ਇਸ ਮੌਕੇ ਦੀ ਤਾੜ ਵਿੱਚ ਸਨ ਕਿ ਯਿਸੂ ਇਹ ਕੰਮ ਸਬਤ ਦੇ ਦਿਨ ਕਰਨ ਅਤੇ ਉਹਨਾਂ ਨੂੰ ਯਿਸੂ ਉੱਤੇ ਦੋਸ਼ ਲਾਉਣ ਦਾ ਬਹਾਨਾ ਮਿਲੇ । 8ਪਰ ਯਿਸੂ ਉਹਨਾਂ ਦੇ ਦਿਲਾਂ ਦੇ ਵਿਚਾਰਾਂ ਨੂੰ ਜਾਣ ਗਏ । ਇਸ ਲਈ ਉਹਨਾਂ ਨੇ ਉਸ ਸੁੱਕੇ ਹੱਥ ਵਾਲੇ ਆਦਮੀ ਨੂੰ ਕਿਹਾ, “ਉੱਠ ਅਤੇ ਵਿਚਕਾਰ ਆ ਕੇ ਖੜ੍ਹਾ ਹੋ ਜਾ ।” ਉਹ ਉੱਠਿਆ ਅਤੇ ਆ ਕੇ ਖੜ੍ਹਾ ਹੋ ਗਿਆ । 9ਫਿਰ ਯਿਸੂ ਨੇ ਵਿਵਸਥਾ ਦੇ ਸਿੱਖਿਅਕਾਂ ਅਤੇ ਫ਼ਰੀਸੀਆਂ ਤੋਂ ਪੁੱਛਿਆ, “ਪਵਿੱਤਰ-ਗ੍ਰੰਥ ਵਿੱਚ ਕੀ ਲਿਖਿਆ ਹੈ ? ਸਬਤ ਦੇ ਦਿਨ ਭਲਾਈ ਕਰਨੀ ਯੋਗ ਹੈ ਜਾਂ ਬੁਰਾਈ ਕਰਨੀ, ਜਾਨ ਬਚਾਉਣੀ ਜਾਂ ਨਾਸ਼ ਕਰਨਾ ?” 10ਯਿਸੂ ਨੇ ਚਾਰੇ ਪਾਸੇ ਲੋਕਾਂ ਵੱਲ ਦੇਖਿਆ ਅਤੇ ਉਸ ਸੁੱਕੇ ਹੱਥ ਵਾਲੇ ਆਦਮੀ ਨੂੰ ਕਿਹਾ, “ਆਪਣਾ ਹੱਥ ਅੱਗੇ ਵਧਾ ।” ਉਸ ਆਦਮੀ ਨੇ ਆਪਣਾ ਹੱਥ ਅੱਗੇ ਵਧਾ ਦਿੱਤਾ ਅਤੇ ਉਸ ਦਾ ਹੱਥ ਉਸੇ ਸਮੇਂ ਠੀਕ ਹੋ ਗਿਆ । 11ਤਦ ਫ਼ਰੀਸੀ ਅਤੇ ਵਿਵਸਥਾ ਦੇ ਸਿੱਖਿਅਕ ਗੁੱਸੇ ਵਿੱਚ ਆ ਗਏ ਅਤੇ ਆਪਸ ਵਿੱਚ ਸਲਾਹ ਕਰਨ ਲੱਗੇ ਕਿ ਯਿਸੂ ਦੇ ਨਾਲ ਕੀ ਕੀਤਾ ਜਾਵੇ ।
ਬਾਰ੍ਹਾਂ ਚੇਲਿਆਂ ਦੀ ਚੋਣ
(ਮੱਤੀ 10:1-4, ਮਰਕੁਸ 3:13-19)
12ਇਸ ਦੇ ਬਾਅਦ ਯਿਸੂ ਇੱਕ ਦਿਨ ਪ੍ਰਾਰਥਨਾ ਕਰਨ ਦੇ ਲਈ ਪਹਾੜ ਉੱਤੇ ਗਏ । ਉਹ ਪੂਰੀ ਰਾਤ ਪਰਮੇਸ਼ਰ ਅੱਗੇ ਪ੍ਰਾਰਥਨਾ ਕਰਦੇ ਰਹੇ । 13ਜਦ ਸਵੇਰ ਹੋਈ ਯਿਸੂ ਨੇ ਆਪਣੇ ਚੇਲਿਆਂ ਨੂੰ ਆਪਣੇ ਕੋਲ ਸੱਦਿਆ ਅਤੇ ਉਹਨਾਂ ਵਿੱਚੋਂ ਬਾਰ੍ਹਾਂ ਚੇਲਿਆਂ ਨੂੰ ਚੁਣਿਆ, ਜਿਹਨਾਂ ਦਾ ਨਾਂ ਯਿਸੂ ਨੇ ‘ਰਸੂਲ’ ਰੱਖਿਆ । 14ਉਹਨਾਂ ਬਾਰ੍ਹਾਂ ਚੇਲਿਆਂ ਦੇ ਨਾਂ ਇਹ ਹਨ, ਸ਼ਮਊਨ (ਜਿਸ ਦਾ ਉਪਨਾਮ ਯਿਸੂ ਨੇ ਪਤਰਸ ਰੱਖਿਆ), ਸ਼ਮਊਨ ਦਾ ਭਰਾ ਅੰਦ੍ਰਿਯਾਸ, ਯਾਕੂਬ, ਯੂਹੰਨਾ, ਫ਼ਿਲਿੱਪੁਸ, ਬਰਥੁਲਮਈ, 15ਮੱਤੀ, ਥੋਮਾ, ਹਲਫ਼ਈ ਦਾ ਪੁੱਤਰ ਯਾਕੂਬ, ਸ਼ਮਊਨ (ਜਿਹੜਾ ਦੇਸ਼ ਭਗਤ ਅਖਵਾਉਂਦਾ ਸੀ), 16ਯਾਕੂਬ ਦਾ ਪੁੱਤਰ ਯਹੂਦਾਹ ਅਤੇ ਯਹੂਦਾ ਇਸਕਰਿਯੋਤੀ ਜਿਹੜਾ ਵਿਸ਼ਵਾਸਘਾਤੀ ਨਿਕਲਿਆ ।
ਸਿੱਖਿਆ ਅਤੇ ਸੇਵਾ ਦਾ ਕੰਮ
(ਮੱਤੀ 4:23-25)
17ਫਿਰ ਯਿਸੂ ਆਪਣੇ ਚੇਲਿਆਂ ਦੇ ਨਾਲ ਪਹਾੜ ਤੋਂ ਉਤਰ ਕੇ ਇੱਕ ਖੁੱਲ੍ਹੇ ਮੈਦਾਨ ਵਿੱਚ ਆਏ । ਉੱਥੇ ਉਹਨਾਂ ਕੋਲ ਬਹੁਤ ਸਾਰੇ ਲੋਕ ਇਕੱਠੇ ਹੋ ਗਏ । ਇਹ ਲੋਕ ਯਹੂਦਿਯਾ, ਯਰੂਸ਼ਲਮ ਅਤੇ ਸਮੁੰਦਰ ਦੇ ਕੰਢੇ ਦੇ ਇਲਾਕਿਆਂ ਸੂਰ ਅਤੇ ਸੈਦਾ ਤੋਂ ਆਏ ਸਨ । 18ਉਹ ਯਿਸੂ ਦੇ ਉਪਦੇਸ਼ ਸੁਣਨ ਅਤੇ ਆਪਣੀਆਂ ਬਿਮਾਰੀਆਂ ਤੋਂ ਚੰਗੇ ਹੋਣ ਲਈ ਆਏ ਸਨ । ਬਹੁਤ ਸਾਰੇ ਜਿਹੜੇ ਅਸ਼ੁੱਧ ਆਤਮਾਵਾਂ ਕਾਰਨ ਦੁਖੀ ਸਨ, ਯਿਸੂ ਕੋਲ ਆਏ ਅਤੇ ਚੰਗੇ ਹੋ ਗਏ । 19ਹਰ ਕੋਈ ਯਿਸੂ ਨੂੰ ਛੂਹਣ ਦੀ ਕੋਸ਼ਿਸ਼ ਕਰ ਰਿਹਾ ਸੀ ਕਿਉਂਕਿ ਯਿਸੂ ਵਿੱਚੋਂ ਸਮਰੱਥਾ ਨਿੱਕਲ ਰਹੀ ਸੀ ਜਿਸ ਨਾਲ ਲੋਕ ਚੰਗੇ ਹੋ ਰਹੇ ਸਨ ।
ਸੁੱਖ ਅਤੇ ਦੁੱਖ
(ਮੱਤੀ 5:1-12)
20ਯਿਸੂ ਨੇ ਆਪਣੇ ਚੇਲਿਆਂ ਵੱਲ ਦੇਖਿਆ ਅਤੇ ਕਿਹਾ,
“ਧੰਨ ਹੋ ਤੁਸੀਂ ਜਿਹੜੇ ਗ਼ਰੀਬ ਹੋ,
ਕਿਉਂਕਿ ਪਰਮੇਸ਼ਰ ਦਾ ਰਾਜ ਤੁਹਾਡਾ ਹੈ !
21ਧੰਨ ਹੋ ਤੁਸੀਂ ਜਿਹੜੇ ਇਸ ਸਮੇਂ ਭੁੱਖੇ ਹੋ,
ਕਿਉਂਕਿ ਤੁਸੀਂ ਰਜਾਏ ਜਾਓਗੇ !
ਧੰਨ ਹੋ ਤੁਸੀਂ ਜਿਹੜੇ ਇਸ ਸਮੇਂ ਰੋਂਦੇ ਹੋ
ਕਿਉਂਕਿ ਤੁਸੀਂ ਹੱਸੋਗੇ !
22 #
1 ਪਤ 4:14
ਧੰਨ ਹੋ ਤੁਸੀਂ ਜਿਹਨਾਂ ਨੂੰ ਮਨੁੱਖ ਦੇ ਪੁੱਤਰ ਦੇ ਕਾਰਨ ਨਫ਼ਰਤ ਕੀਤੀ ਜਾਂਦੀ ਹੈ,
ਸਮਾਜ ਵਿੱਚੋਂ ਕੱਢ ਦਿੱਤਾ ਜਾਂਦਾ ਹੈ,
ਜਿਹਨਾਂ ਦੀ ਬੇਇੱਜ਼ਤੀ ਕੀਤੀ ਜਾਂਦੀ ਹੈ,
ਅਤੇ ਬੁਰਾ ਸਮਝ ਕੇ ਕੱਢ ਦਿੱਤਾ ਜਾਂਦਾ ਹੈ !
23 #
2 ਇਤਿ 36:16, ਰਸੂਲਾਂ 7:52 ਜਦੋਂ ਤੁਹਾਡੇ ਨਾਲ ਇਸ ਤਰ੍ਹਾਂ ਹੋਵੇ ਤਾਂ ਤੁਸੀਂ ਅਨੰਦ ਮਨਾਓ
ਅਤੇ ਖ਼ੁਸ਼ੀ ਨਾਲ ਉੱਛਲੋ,
ਕਿਉਂਕਿ ਸਵਰਗ ਵਿੱਚ ਤੁਹਾਡੇ ਲਈ ਬਹੁਤ ਵੱਡਾ ਇਨਾਮ ਹੈ ।
ਕਿਉਂਕਿ ਉਹਨਾਂ ਦੇ ਪੁਰਖਿਆਂ ਨੇ ਨਬੀਆਂ ਨਾਲ ਵੀ ਇਸੇ ਤਰ੍ਹਾਂ ਕੀਤਾ ਸੀ ।
24ਪਰ ਧਨਵਾਨੋ, ਹਾਏ ਤੁਹਾਡੇ ਉੱਤੇ,
ਕਿਉਂਕਿ ਤੁਸੀਂ ਆਪਣਾ ਸੁੱਖ ਪ੍ਰਾਪਤ ਕਰ ਚੁੱਕੇ ਹੋ !
25ਹਾਏ ਤੁਹਾਡੇ ਉੱਤੇ, ਜਿਹੜੇ ਇਸ ਸਮੇਂ ਰੱਜੇ ਹੋਏ ਹੋ
ਕਿਉਂਕਿ ਤੁਸੀਂ ਭੁੱਖੇ ਹੋਵੋਗੇ !
ਹਾਏ ਤੁਹਾਡੇ ਉੱਤੇ, ਜਿਹੜੇ ਹੁਣ ਹੱਸਦੇ ਹੋ
ਕਿਉਂਕਿ ਤੁਸੀਂ ਰੋਵੋਗੇ ਅਤੇ ਸੋਗ ਕਰੋਗੇ !
26ਹਾਏ ਤੁਹਾਡੇ ਉੱਤੇ ਜਿਹਨਾਂ ਦੀ ਲੋਕ ਹੁਣ ਵਡਿਆਈ ਕਰਦੇ ਹਨ
ਕਿਉਂਕਿ ਉਹਨਾਂ ਲੋਕਾਂ ਦੇ ਪੁਰਖਿਆਂ ਨੇ ਝੂਠੇ ਨਬੀਆਂ ਨਾਲ ਇਸੇ ਤਰ੍ਹਾਂ ਕੀਤਾ ਸੀ ।”
ਵੈਰੀਆਂ ਨਾਲ ਪਿਆਰ
(ਮੱਤੀ 5:38-48, 7:12a)
27“ਪਰ ਜਿਹੜੇ ਸੁਣ ਰਹੇ ਹਨ, ਉਹਨਾਂ ਨੂੰ ਮੈਂ ਕਹਿੰਦਾ ਹਾਂ, ਆਪਣੇ ਵੈਰੀਆਂ ਨੂੰ ਪਿਆਰ ਕਰੋ ਅਤੇ ਜਿਹੜੇ ਤੁਹਾਡੇ ਨਾਲ ਬੁਰਾਈ ਕਰਦੇ ਹਨ ਉਹਨਾਂ ਨਾਲ ਭਲਾਈ ਕਰੋ । 28ਜਿਹੜੇ ਤੁਹਾਨੂੰ ਸਰਾਪ ਦਿੰਦੇ ਹਨ ਉਹਨਾਂ ਨੂੰ ਅਸੀਸ ਦੇਵੋ ਅਤੇ ਜਿਹੜੇ ਤੁਹਾਡੇ ਨਾਲ ਬੁਰਾ ਵਰਤਾਅ ਕਰਦੇ ਹਨ ਉਹਨਾਂ ਲਈ ਪ੍ਰਾਰਥਨਾ ਕਰੋ । 29ਜੇਕਰ ਕੋਈ ਤੁਹਾਡੀ ਇੱਕ ਗੱਲ੍ਹ ਉੱਤੇ ਚਪੇੜ ਮਾਰੇ ਤਾਂ ਦੂਜੀ ਵੀ ਉਸ ਵੱਲ ਕਰ ਦਿਓ । ਇਸੇ ਤਰ੍ਹਾਂ ਜੇਕਰ ਕੋਈ ਤੁਹਾਡੀ ਚਾਦਰ ਲੈ ਲਵੇ ਤਾਂ ਉਸ ਨੂੰ ਆਪਣਾ ਕੁੜਤਾ ਵੀ ਦੇ ਦੇਵੋ । 30ਜੇਕਰ ਕੋਈ ਤੁਹਾਡੇ ਤੋਂ ਮੰਗੇ ਤਾਂ ਉਸ ਨੂੰ ਜ਼ਰੂਰ ਦਿਓ ਅਤੇ ਜਿਸ ਨੂੰ ਕੁਝ ਦੇ ਦਿਓ, ਉਸ ਤੋਂ ਵਾਪਸ ਨਾ ਲਵੋ । 31#ਮੱਤੀ 7:12ਜਿਸ ਤਰ੍ਹਾਂ ਤੁਸੀਂ ਚਾਹੁੰਦੇ ਹੋ ਕਿ ਲੋਕ ਤੁਹਾਡੇ ਨਾਲ ਕਰਨ, ਉਸੇ ਤਰ੍ਹਾਂ ਤੁਸੀਂ ਵੀ ਉਹਨਾਂ ਨਾਲ ਕਰੋ ।
32“ਜੇਕਰ ਤੁਸੀਂ ਉਹਨਾਂ ਨਾਲ ਹੀ ਪਿਆਰ ਕਰਦੇ ਹੋ ਜਿਹੜੇ ਤੁਹਾਨੂੰ ਪਿਆਰ ਕਰਦੇ ਹਨ ਤਾਂ ਇਹ ਕਿਹੜੀ ਵੱਡੀ ਗੱਲ ਹੈ ? ਕਿਉਂਕਿ ਪਾਪੀ ਵੀ ਆਪਣੇ ਪਿਆਰ ਕਰਨ ਵਾਲਿਆਂ ਦੇ ਨਾਲ ਪਿਆਰ ਕਰਦੇ ਹਨ । 33ਜੇਕਰ ਤੁਸੀਂ ਤੁਹਾਡੇ ਨਾਲ ਭਲਾਈ ਕਰਨ ਵਾਲਿਆਂ ਨਾਲ ਹੀ ਭਲਾਈ ਕਰਦੇ ਹੋ ਤਾਂ ਇਹ ਕਿਹੜੀ ਵੱਡੀ ਗੱਲ ਹੈ ? ਇਸ ਤਰ੍ਹਾਂ ਪਾਪੀ ਵੀ ਕਰਦੇ ਹਨ । 34ਜੇਕਰ ਤੁਸੀਂ ਉਹਨਾਂ ਨੂੰ ਹੀ ਉਧਾਰ ਦਿੰਦੇ ਹੋ ਜਿਹਨਾਂ ਤੋਂ ਵਾਪਸ ਮਿਲਣ ਦੀ ਆਸ ਹੈ ਤਾਂ ਇਹ ਕਿਹੜੀ ਵੱਡੀ ਗੱਲ ਹੈ ? ਕਿਉਂਕਿ ਇਸ ਤਰ੍ਹਾਂ ਤਾਂ ਪਾਪੀ ਵੀ ਇੱਕ ਦੂਜੇ ਨੂੰ ਉਧਾਰ ਦਿੰਦੇ ਹਨ ਕਿ ਜੋ ਉਹਨਾਂ ਨੇ ਦਿੱਤਾ ਹੈ ਉਹ ਹੀ ਵਾਪਸ ਲੈਣ । 35ਸਗੋਂ ਤੁਸੀਂ ਆਪਣੇ ਵੈਰੀਆਂ ਨਾਲ ਪਿਆਰ ਕਰੋ ਅਤੇ ਉਹਨਾਂ ਨਾਲ ਭਲਾਈ ਕਰੋ । ਉਧਾਰ ਦੇਵੋ ਪਰ ਵਾਪਸ ਲੈਣ ਦੀ ਆਸ ਨਾਲ ਨਹੀਂ । ਤੁਹਾਨੂੰ ਇਸ ਦੇ ਬਦਲੇ ਬਹੁਤ ਇਨਾਮ ਮਿਲੇਗਾ ਅਤੇ ਤੁਸੀਂ ਪਰਮ ਪ੍ਰਧਾਨ ਪਰਮੇਸ਼ਰ ਦੀ ਸੰਤਾਨ ਹੋਵੋਗੇ, ਕਿਉਂਕਿ ਉਹ ਆਪ ਨਾਸ਼ੁਕਰਿਆਂ ਅਤੇ ਬੁਰਿਆਂ ਦੋਨਾਂ ਉੱਤੇ ਦਇਆ ਕਰਦੇ ਹਨ । 36ਇਸ ਲਈ ਜਿਸ ਤਰ੍ਹਾਂ ਤੁਹਾਡੇ ਪਿਤਾ ਦਿਆਲੂ ਹਨ ਤੁਸੀਂ ਵੀ ਦਿਆਲੂ ਬਣੋ ।”
ਦੂਜਿਆਂ ਉੱਤੇ ਦੋਸ਼ ਲਾਉਣਾ
(ਮੱਤੀ 7:1-5)
37“ਦੂਜਿਆਂ ਉੱਤੇ ਦੋਸ਼ ਨਾ ਲਾਓ ਤਾਂ ਪਰਮੇਸ਼ਰ ਵੀ ਤੁਹਾਡੇ ਉੱਤੇ ਦੋਸ਼ ਨਹੀਂ ਲਾਉਣਗੇ । ਦੂਜਿਆਂ ਦੀ ਨਿੰਦਾ ਨਾ ਕਰੋ ਤਾਂ ਤੁਹਾਡੀ ਵੀ ਨਿੰਦਾ ਨਹੀਂ ਕੀਤੀ ਜਾਵੇਗੀ । ਦੂਜਿਆਂ ਨੂੰ ਮਾਫ਼ ਕਰੋ ਤਾਂ ਤੁਹਾਨੂੰ ਵੀ ਮਾਫ਼ ਕੀਤਾ ਜਾਵੇਗਾ । 38ਦੂਜਿਆਂ ਨੂੰ ਦੇਵੋ ਤਾਂ ਪਰਮੇਸ਼ਰ ਵੀ ਤੁਹਾਨੂੰ ਦੇਣਗੇ । ਉਹ ਤੁਹਾਨੂੰ ਚੰਗੀ ਤਰ੍ਹਾਂ ਦੱਬ ਦੱਬ ਕੇ, ਹਿਲਾ ਹਿਲਾ ਕੇ ਅਤੇ ਬਾਹਰ ਡੁੱਲ੍ਹਦਾ ਹੋਇਆ ਤੁਹਾਡੀ ਝੋਲੀ ਵਿੱਚ ਪਾਉਣਗੇ ਕਿਉਂਕਿ ਜਿਸ ਮਾਪ ਨਾਲ ਤੁਸੀਂ ਦੂਜਿਆਂ ਲਈ ਮਾਪਦੇ ਹੋ ਉਸੇ ਨਾਲ ਪਰਮੇਸ਼ਰ ਤੁਹਾਡੇ ਲਈ ਮਾਪਣਗੇ ।”
39 #
ਮੱਤੀ 15:14
ਫਿਰ ਯਿਸੂ ਨੇ ਉਹਨਾਂ ਨੂੰ ਇੱਕ ਦ੍ਰਿਸ਼ਟਾਂਤ ਸੁਣਾਇਆ, “ਕੀ ਇੱਕ ਅੰਨ੍ਹਾਂ ਮਨੁੱਖ ਦੂਜੇ ਅੰਨ੍ਹੇ ਨੂੰ ਰਾਹ ਦਿਖਾ ਸਕਦਾ ਹੈ ? ਕੀ ਦੋਵੇਂ ਟੋਏ ਵਿੱਚ ਨਹੀਂ ਡਿੱਗ ਪੈਣਗੇ ? 40#ਮੱਤੀ 10:24-25, ਯੂਹ 13:16, 15:20ਚੇਲਾ ਗੁਰੂ ਨਾਲੋਂ ਵੱਡਾ ਨਹੀਂ ਹੁੰਦਾ ਪਰ ਸਿੱਖਿਆ ਲੈਣ ਦੇ ਬਾਅਦ ਉਹ ਗੁਰੂ ਵਰਗਾ ਹੋ ਜਾਂਦਾ ਹੈ ।
41“ਤੂੰ ਆਪਣੇ ਭਰਾ ਦੀ ਅੱਖ ਦੇ ਤੀਲੇ ਨੂੰ ਕਿਉਂ ਦੇਖਦਾ ਹੈਂ ? ਕੀ ਤੈਨੂੰ ਆਪਣੀ ਅੱਖ ਵਿਚਲਾ ਸ਼ਤੀਰ ਦਿਖਾਈ ਨਹੀਂ ਦਿੰਦਾ ? 42ਤੂੰ ਕਿਸ ਤਰ੍ਹਾਂ ਕਹਿ ਸਕਦਾ ਹੈਂ, ‘ਭਰਾ, ਲਿਆ ਮੈਂ ਤੇਰੀ ਅੱਖ ਵਿੱਚੋਂ ਤੀਲਾ ਕੱਢ ਦੇਵਾਂ,’ ਕੀ ਤੂੰ ਆਪਣੀ ਅੱਖ ਵਿਚਲਾ ਸ਼ਤੀਰ ਨਹੀਂ ਦੇਖਦਾ ? ਪਖੰਡੀ, ਪਹਿਲਾਂ ਆਪਣੀ ਅੱਖ ਵਿੱਚੋਂ ਸ਼ਤੀਰ ਕੱਢ ਤਾਂ ਤੂੰ ਚੰਗੀ ਤਰ੍ਹਾਂ ਦੇਖ ਕੇ ਆਪਣੇ ਭਰਾ ਦੀ ਅੱਖ ਵਿੱਚੋਂ ਤੀਲਾ ਕੱਢ ਸਕੇਂਗਾ ।”
ਫਲ ਤੋਂ ਰੁੱਖ ਦੀ ਪਛਾਣ
(ਮੱਤੀ 7:16-20, 12:33-35)
43“ਚੰਗੇ ਰੁੱਖ ਨੂੰ ਬੁਰਾ ਫਲ ਨਹੀਂ ਲੱਗਦਾ ਅਤੇ ਨਾ ਬੁਰੇ ਰੁੱਖ ਨੂੰ ਚੰਗਾ ਫਲ ਲੱਗਦਾ ਹੈ । 44#ਮੱਤੀ 12:33ਹਰ ਰੁੱਖ ਦੀ ਪਛਾਣ ਉਸ ਦੇ ਫਲ ਤੋਂ ਹੁੰਦੀ ਹੈ । ਲੋਕ ਕੰਡਿਆਲੀ ਝਾੜੀਆਂ ਤੋਂ ਅੰਜੀਰ ਨਹੀਂ ਤੋੜਦੇ ਅਤੇ ਨਾ ਹੀ ਕੰਡਿਆਂ ਵਾਲੀ ਬੇਰੀ ਤੋਂ ਅੰਗੂਰਾਂ ਦੇ ਗੁੱਛੇ । 45#ਮੱਤੀ 12:34ਚੰਗਾ ਮਨੁੱਖ ਆਪਣੇ ਦਿਲ ਦੇ ਚੰਗੇ ਖ਼ਜ਼ਾਨੇ ਵਿੱਚੋਂ ਚੰਗੀਆਂ ਚੀਜ਼ਾਂ ਕੱਢਦਾ ਹੈ । ਇਸੇ ਤਰ੍ਹਾਂ ਬੁਰਾ ਮਨੁੱਖ ਆਪਣੇ ਦਿਲ ਦੇ ਬੁਰੇ ਖ਼ਜ਼ਾਨੇ ਵਿੱਚੋਂ ਬੁਰੀਆਂ ਚੀਜ਼ਾਂ ਕੱਢਦਾ ਹੈ ਕਿਉਂਕਿ ਜੋ ਮਨੁੱਖ ਦੇ ਦਿਲ ਵਿੱਚ ਭਰਿਆ ਹੈ, ਉਹ ਹੀ ਉਹ ਆਪਣੇ ਮੂੰਹ ਨਾਲ ਕਹਿੰਦਾ ਹੈ ।”
ਦੋ ਤਰ੍ਹਾਂ ਦੇ ਘਰ ਬਣਾਉਣ ਵਾਲੇ ਮਨੁੱਖ
(ਮੱਤੀ 7:24-27)
46“ਜਦੋਂ ਕਿ ਤੁਸੀਂ ਮੇਰੇ ਹੁਕਮਾਂ ਨੂੰ ਨਹੀਂ ਮੰਨਦੇ ਤਾਂ ਮੈਨੂੰ ਫਿਰ, ‘ਪ੍ਰਭੂ, ਪ੍ਰਭੂ’ ਕਿਉਂ ਕਹਿੰਦੇ ਹੋ ? 47ਜਿਹੜਾ ਮੇਰੇ ਕੋਲ ਆਉਂਦਾ ਹੈ, ਮੇਰੀਆਂ ਗੱਲਾਂ ਸੁਣਦਾ ਹੈ ਅਤੇ ਉਹਨਾਂ ਦੀ ਪਾਲਣਾ ਕਰਦਾ ਹੈ, ਉਹ ਮਨੁੱਖ ਕਿਸ ਵਰਗਾ ਹੈ, ਮੈਂ ਤੁਹਾਨੂੰ ਸਮਝਾਉਂਦਾ ਹਾਂ, 48ਉਹ ਉਸ ਮਨੁੱਖ ਦੀ ਤਰ੍ਹਾਂ ਹੈ ਜਿਸ ਨੇ ਘਰ ਬਣਾਉਣ ਸਮੇਂ ਡੂੰਘੀ ਜ਼ਮੀਨ ਪੁੱਟ ਕੇ ਪੱਥਰ ਉੱਤੇ ਨੀਂਹ ਰੱਖੀ । ਇਸ ਲਈ ਜਦੋਂ ਹੜ੍ਹ ਆਇਆ ਅਤੇ ਪਾਣੀ ਦੀਆਂ ਜ਼ੋਰਦਾਰ ਲਹਿਰਾਂ ਉਸ ਘਰ ਨਾਲ ਟਕਰਾਈਆਂ ਤਾਂ ਉਸ ਦਾ ਕੁਝ ਨਾ ਵਿਗੜਿਆ ਕਿਉਂਕਿ ਉਸ ਦੀਆਂ ਨੀਹਾਂ ਪੱਕੀਆਂ ਅਤੇ ਡੂੰਘੀਆਂ ਸਨ । 49ਇਸ ਲਈ ਉਹ ਮਨੁੱਖ ਜਿਹੜਾ ਮੇਰੀਆਂ ਗੱਲਾਂ ਸੁਣਦਾ ਅਤੇ ਉਹਨਾਂ ਦੀ ਪਾਲਣਾ ਨਹੀਂ ਕਰਦਾ, ਉਹ ਉਸ ਮਨੁੱਖ ਵਰਗਾ ਹੈ ਜਿਸ ਨੇ ਜ਼ਮੀਨ ਉੱਤੇ ਬਿਨਾਂ ਨੀਂਹ ਪੁੱਟੇ ਘਰ ਬਣਾਇਆ । ਇਸ ਲਈ ਜਦੋਂ ਉਸ ਘਰ ਨਾਲ ਪਾਣੀ ਦੀਆਂ ਜ਼ੋਰਦਾਰ ਲਹਿਰਾਂ ਟਕਰਾਈਆਂ ਤਾਂ ਉਹ ਡਿੱਗ ਪਿਆ ਅਤੇ ਨਾਸ਼ ਹੋ ਗਿਆ !”
Punjabi Common Language (North American Version):
Text © 2021 Canadian Bible Society and Bible Society of India