YouVersion 標誌
搜尋圖標

ਲੂਕਾ 5

5
ਪ੍ਰਭੂ ਯਿਸੂ ਆਪਣੇ ਪਹਿਲੇ ਚੇਲਿਆਂ ਨੂੰ ਬੁਲਾਉਂਦੇ ਹਨ
(ਮੱਤੀ 4:18-22, ਮਰਕੁਸ 1:16-20)
1 # ਮੱਤੀ 13:1-2, ਮਰ 3:9-10, 4:1 ਇੱਕ ਵਾਰ ਯਿਸੂ ਗੰਨੇਸਰਤ ਝੀਲ ਦੇ ਕੰਢੇ ਉੱਤੇ ਖੜ੍ਹੇ ਸਨ । ਬਹੁਤ ਸਾਰੇ ਲੋਕ ਪਰਮੇਸ਼ਰ ਦਾ ਵਚਨ ਸੁਣਨ ਲਈ ਉਹਨਾਂ ਕੋਲ ਇਕੱਠੇ ਹੋ ਗਏ । 2ਯਿਸੂ ਨੇ ਝੀਲ ਦੇ ਕੰਢੇ ਉੱਤੇ ਦੋ ਕਿਸ਼ਤੀਆਂ ਦੇਖੀਆਂ । ਮਛੇਰੇ ਉਹਨਾਂ ਵਿੱਚੋਂ ਨਿੱਕਲ ਕੇ ਆਪਣੇ ਜਾਲਾਂ ਨੂੰ ਧੋ ਰਹੇ ਸਨ । 3ਯਿਸੂ ਇੱਕ ਕਿਸ਼ਤੀ ਵਿੱਚ ਬੈਠ ਗਏ ਜਿਹੜੀ ਸ਼ਮਊਨ ਦੀ ਸੀ । ਉਹਨਾਂ ਨੇ ਸ਼ਮਊਨ ਨੂੰ ਕਿਹਾ, “ਕਿਸ਼ਤੀ ਨੂੰ ਕੰਢੇ ਤੋਂ ਹਟਾ ਕੇ ਪਾਣੀ ਵਿੱਚ ਲੈ ਚੱਲੋ ।” ਫਿਰ ਯਿਸੂ ਨੇ ਕਿਸ਼ਤੀ ਵਿੱਚ ਬੈਠ ਕੇ ਲੋਕਾਂ ਨੂੰ ਉਪਦੇਸ਼ ਦਿੱਤਾ ।
4ਜਦੋਂ ਯਿਸੂ ਉਪਦੇਸ਼ ਦੇ ਚੁੱਕੇ ਤਾਂ ਉਹਨਾਂ ਨੇ ਸ਼ਮਊਨ ਨੂੰ ਕਿਹਾ, “ਕਿਸ਼ਤੀ ਨੂੰ ਡੂੰਘੇ ਪਾਣੀ ਵਿੱਚ ਲੈ ਚੱਲੋ ਅਤੇ ਆਪਣੇ ਜਾਲ ਮੱਛੀਆਂ ਫੜਨ ਲਈ ਸੁੱਟੋ ।” 5#ਯੂਹ 21:3ਸ਼ਮਊਨ ਨੇ ਉੱਤਰ ਦਿੱਤਾ, “ਗੁਰੂ ਜੀ, ਅਸੀਂ ਰਾਤ ਭਰ ਮਿਹਨਤ ਕੀਤੀ ਹੈ ਪਰ ਕੋਈ ਮੱਛੀ ਹੱਥ ਨਹੀਂ ਆਈ ਪਰ ਫਿਰ ਵੀ ਤੁਹਾਡੇ ਕਹਿਣ ਤੇ ਮੈਂ ਜਾਲ ਪਾਵਾਂਗਾ ।” 6#ਯੂਹ 21:6ਇਸ ਤਰ੍ਹਾਂ ਜਾਲ ਸੁੱਟਣ ਦੇ ਬਾਅਦ ਬਹੁਤ ਸਾਰੀਆਂ ਮੱਛੀਆਂ ਫਸ ਗਈਆਂ, ਇੱਥੋਂ ਤੱਕ ਕਿ ਉਹਨਾਂ ਦੇ ਜਾਲ ਪਾਟਣ ਲੱਗੇ । 7ਉਹਨਾਂ ਨੇ ਆਪਣੇ ਸਾਥੀਆਂ ਨੂੰ ਜਿਹੜੇ ਦੂਜੀ ਕਿਸ਼ਤੀ ਵਿੱਚ ਸਨ, ਇਸ਼ਾਰੇ ਨਾਲ ਸੱਦਿਆ ਕਿ ਆ ਕੇ ਉਹਨਾਂ ਦੀ ਮਦਦ ਕਰਨ । ਉਹਨਾਂ ਦੇ ਸਾਥੀ ਮਦਦ ਦੇ ਲਈ ਆਏ । ਜਦੋਂ ਜਾਲ ਬਾਹਰ ਖਿੱਚੇ ਤਾਂ ਦੋਵੇਂ ਕਿਸ਼ਤੀਆਂ ਮੱਛੀਆਂ ਨਾਲ ਭਰ ਗਈਆਂ । ਇੱਥੋਂ ਤੱਕ ਕਿ ਮੱਛੀਆਂ ਦੇ ਭਾਰ ਨਾਲ ਕਿਸ਼ਤੀਆਂ ਡੁੱਬਣ ਲੱਗੀਆਂ । 8ਇਹ ਸਭ ਕੁਝ ਦੇਖ ਕੇ ਪਤਰਸ ਯਿਸੂ ਦੇ ਚਰਨਾਂ ਉੱਤੇ ਡਿੱਗ ਪਿਆ ਅਤੇ ਕਹਿਣ ਲੱਗਾ, “ਪ੍ਰਭੂ ਜੀ, ਮੇਰੇ ਕੋਲੋਂ ਚਲੇ ਜਾਓ, ਮੈਂ ਪਾਪੀ ਮਨੁੱਖ ਹਾਂ !” 9ਕਿਉਂਕਿ ਇੰਨੀਆਂ ਮੱਛੀਆਂ ਦੇ ਫੜੇ ਜਾਣ ਕਾਰਨ ਸ਼ਮਊਨ ਅਤੇ ਉਸ ਦੇ ਸਾਥੀ ਹੱਕੇ ਬੱਕੇ ਰਹਿ ਗਏ ਸਨ । 10ਇਹ ਹੀ ਹਾਲ ਜ਼ਬਦੀ ਦੇ ਪੁੱਤਰਾਂ ਯਾਕੂਬ ਅਤੇ ਯੂਹੰਨਾ ਦਾ ਵੀ ਹੋਇਆ ਜਿਹੜੇ ਸ਼ਮਊਨ ਦੇ ਹਿੱਸੇਦਾਰ ਸਨ । ਯਿਸੂ ਨੇ ਸ਼ਮਊਨ ਨੂੰ ਕਿਹਾ, “ਨਾ ਡਰ, ਤੂੰ ਮਨੁੱਖਾਂ ਨੂੰ ਫੜਨ ਵਾਲਾ ਹੋਵੇਂਗਾ ।” 11ਉਹ ਲੋਕ ਆਪਣੀਆਂ ਕਿਸ਼ਤੀਆਂ ਕੰਢੇ ਉੱਤੇ ਲਿਆਏ ਅਤੇ ਆਪਣਾ ਸਭ ਕੁਝ ਛੱਡ ਕੇ ਯਿਸੂ ਦੇ ਚੇਲੇ ਬਣ ਗਏ ।
ਪ੍ਰਭੂ ਯਿਸੂ ਇੱਕ ਕੋੜ੍ਹੀ ਨੂੰ ਚੰਗਾ ਕਰਦੇ ਹਨ
(ਮੱਤੀ 8:1-4, ਮਰਕੁਸ 1:40-45)
12ਇੱਕ ਵਾਰ ਯਿਸੂ ਇੱਕ ਸ਼ਹਿਰ ਵਿੱਚ ਸਨ ਜਿੱਥੇ ਇੱਕ ਕੋੜ੍ਹ ਨਾਲ ਭਰਿਆ ਹੋਇਆ ਆਦਮੀ ਰਹਿੰਦਾ ਸੀ । ਯਿਸੂ ਨੂੰ ਦੇਖ ਕੇ ਉਹ ਆਦਮੀ ਮੂੰਹ ਦੇ ਭਾਰ ਡਿੱਗ ਕੇ ਉਹਨਾਂ ਅੱਗੇ ਬੇਨਤੀ ਕਰਨ ਲੱਗਾ, “ਪ੍ਰਭੂ ਜੀ, ਜੇਕਰ ਤੁਸੀਂ ਚਾਹੋ ਤਾਂ ਮੈਨੂੰ ਚੰਗਾ ਕਰ ਸਕਦੇ ਹੋ ।” 13ਯਿਸੂ ਨੇ ਆਪਣਾ ਹੱਥ ਅੱਗੇ ਵਧਾ ਕੇ ਉਸ ਨੂੰ ਛੂਹਿਆ ਅਤੇ ਕਿਹਾ, “ਮੈਂ ਚਾਹੁੰਦਾ ਹਾਂ ਕਿ ਤੂੰ ਸ਼ੁੱਧ ਹੋ ਜਾ !” ਉਸ ਆਦਮੀ ਦਾ ਕੋੜ੍ਹ ਇਕਦਮ ਦੂਰ ਹੋ ਗਿਆ । 14#ਲੇਵੀ 14:1-32ਫਿਰ ਯਿਸੂ ਨੇ ਉਸ ਨੂੰ ਕਿਹਾ, “ਕਿਸੇ ਨੂੰ ਇਸ ਬਾਰੇ ਕੁਝ ਨਾ ਕਹਿਣਾ, ਪਰ ਜਾ, ਆਪਣੇ ਆਪ ਨੂੰ ਪੁਰੋਹਿਤ ਨੂੰ ਦਿਖਾ ਅਤੇ ਜੋ ਚੜ੍ਹਾਵਾ ਮੂਸਾ ਨੇ ਚੰਗਾ ਹੋਣ ਦੇ ਲਈ ਠਹਿਰਾਇਆ ਹੋਇਆ ਹੈ, ਜਾ ਕੇ ਚੜ੍ਹਾ ਤਾਂ ਜੋ ਸਾਰੇ ਲੋਕ ਜਾਨਣ ਕਿ ਤੂੰ ਹੁਣ ਚੰਗਾ ਹੋ ਗਿਆ ਹੈਂ ।” 15ਪਰ ਯਿਸੂ ਦੀ ਚਰਚਾ ਫੈਲਦੀ ਗਈ । ਬਹੁਤ ਵੱਡੀ ਗਿਣਤੀ ਵਿੱਚ ਲੋਕ ਉਹਨਾਂ ਦਾ ਉਪਦੇਸ਼ ਸੁਣਨ ਅਤੇ ਆਪਣੀਆਂ ਬਿਮਾਰੀਆਂ ਤੋਂ ਚੰਗੇ ਹੋਣ ਲਈ ਆਉਣ ਲੱਗੇ । 16ਪਰ ਯਿਸੂ ਅਕਸਰ ਇਕਾਂਤ ਥਾਂ ਵਿੱਚ ਪ੍ਰਾਰਥਨਾ ਕਰਨ ਜਾਂਦੇ ਸਨ ।
ਪ੍ਰਭੂ ਯਿਸੂ ਇੱਕ ਅਧਰੰਗੀ ਨੂੰ ਚੰਗਾ ਕਰਦੇ ਹਨ
(ਮੱਤੀ 9:1-8, ਮਰਕੁਸ 2:1-12)
17ਇੱਕ ਦਿਨ ਯਿਸੂ ਉਪਦੇਸ਼ ਦੇ ਰਹੇ ਸਨ ਅਤੇ ਪਰਮੇਸ਼ਰ ਦੀ ਬਿਮਾਰਾਂ ਨੂੰ ਚੰਗਾ ਕਰਨ ਵਾਲੀ ਸਮਰੱਥਾ ਉਹਨਾਂ ਵਿੱਚ ਸੀ । ਉਸ ਸਮੇਂ ਉਹਨਾਂ ਕੋਲ ਫ਼ਰੀਸੀ ਅਤੇ ਵਿਵਸਥਾ ਦੇ ਸਿੱਖਿਅਕ ਬੈਠੇ ਹੋਏ ਸਨ ਜਿਹੜੇ ਗਲੀਲ ਅਤੇ ਯਹੂਦਿਯਾ ਦੇ ਸ਼ਹਿਰਾਂ ਅਤੇ ਯਰੂਸ਼ਲਮ ਤੋਂ ਆਏ ਹੋਏ ਸਨ । 18ਕੁਝ ਲੋਕ ਇੱਕ ਬਿਮਾਰ ਆਦਮੀ ਨੂੰ ਮੰਜੀ ਉੱਤੇ ਚੁੱਕ ਕੇ ਉੱਥੇ ਲਿਆਏ । ਉਸ ਆਦਮੀ ਨੂੰ ਅਧਰੰਗ ਦਾ ਰੋਗ ਸੀ । ਉਹ ਉਸ ਨੂੰ ਘਰ ਦੇ ਅੰਦਰ ਲੈ ਜਾਣ ਅਤੇ ਯਿਸੂ ਦੇ ਸਾਹਮਣੇ ਰੱਖਣ ਦੀ ਕੋਸ਼ਿਸ਼ ਕਰ ਰਹੇ ਸਨ । 19ਜਦੋਂ ਉਹਨਾਂ ਨੂੰ ਭੀੜ ਦੇ ਕਾਰਨ ਘਰ ਦੇ ਅੰਦਰ ਜਾਣ ਦਾ ਰਾਹ ਨਾ ਮਿਲਿਆ ਤਾਂ ਉਹ ਘਰ ਦੇ ਉੱਤੇ ਚੜ੍ਹ ਗਏ ਅਤੇ ਛੱਤ ਨੂੰ ਉਧੇੜ ਕੇ ਮੰਜੀ ਸਣੇ ਉਸ ਬਿਮਾਰ ਨੂੰ ਅੰਦਰ ਯਿਸੂ ਦੇ ਸਾਹਮਣੇ ਉਤਾਰ ਦਿੱਤਾ । 20ਯਿਸੂ ਨੇ ਉਹਨਾਂ ਦਾ ਵਿਸ਼ਵਾਸ ਦੇਖ ਕੇ ਉਸ ਆਦਮੀ ਨੂੰ ਕਿਹਾ, “ਮਿੱਤਰ, ਤੇਰੇ ਪਾਪ ਮਾਫ਼ ਹੋਏ ।” 21ਇਹ ਸੁਣ ਕੇ ਫ਼ਰੀਸੀ ਅਤੇ ਵਿਵਸਥਾ ਦੇ ਸਿੱਖਿਅਕ ਆਪਣੇ ਦਿਲਾਂ ਵਿੱਚ ਇਸ ਤਰ੍ਹਾਂ ਸੋਚਣ ਲੱਗੇ, “ਇਹ ਕੌਣ ਹੈ ਜਿਹੜਾ ਪਰਮੇਸ਼ਰ ਦੀ ਨਿੰਦਾ ਕਰ ਰਿਹਾ ਹੈ ? ਸਿਵਾਏ ਇੱਕ ਪਰਮੇਸ਼ਰ ਤੋਂ ਹੋਰ ਕੋਈ ਪਾਪ ਮਾਫ਼ ਨਹੀਂ ਕਰ ਸਕਦਾ !” 22ਉਹਨਾਂ ਦੀਆਂ ਸੋਚਾਂ ਨੂੰ ਜਾਣਦੇ ਹੋਏ ਯਿਸੂ ਨੇ ਉਹਨਾਂ ਨੂੰ ਕਿਹਾ, “ਤੁਸੀਂ ਆਪਣੇ ਦਿਲਾਂ ਵਿੱਚ ਇਸ ਤਰ੍ਹਾਂ ਕਿਉਂ ਸੋਚ ਰਹੇ ਹੋ ? 23ਕੀ ਕਹਿਣਾ ਸੌਖਾ ਹੈ, ‘ਤੇਰੇ ਪਾਪ ਮਾਫ਼ ਹੋਏ’ ਜਾਂ ਇਹ ਕਹਿਣਾ, ‘ਉੱਠ ਅਤੇ ਚੱਲ ਫਿਰ ?’ 24ਪਰ ਇਸ ਤੋਂ ਤੁਸੀਂ ਜਾਣ ਜਾਓ ਕਿ ਮਨੁੱਖ ਦੇ ਪੁੱਤਰ ਨੂੰ ਇਸ ਧਰਤੀ ਉੱਤੇ ਪਾਪ ਮਾਫ਼ ਕਰਨ ਦਾ ਅਧਿਕਾਰ ਹੈ ।” ਫਿਰ ਯਿਸੂ ਨੇ ਅਧਰੰਗੀ ਨੂੰ ਕਿਹਾ, “ਮੈਂ ਤੈਨੂੰ ਕਹਿੰਦਾ ਹਾਂ, ਉੱਠ, ਆਪਣੀ ਮੰਜੀ ਚੁੱਕ ਅਤੇ ਆਪਣੇ ਘਰ ਨੂੰ ਜਾ ।” 25ਉਸੇ ਸਮੇਂ ਉਹ ਆਦਮੀ ਉਸ ਮੰਜੀ ਨੂੰ ਜਿਸ ਉੱਤੇ ਉਹ ਲੰਮਾ ਪਿਆ ਹੋਇਆ ਸੀ, ਚੁੱਕ ਕੇ ਪਰਮੇਸ਼ਰ ਦੀ ਵਡਿਆਈ ਕਰਦਾ ਹੋਇਆ ਆਪਣੇ ਘਰ ਨੂੰ ਚਲਾ ਗਿਆ । 26ਉੱਥੇ ਜਿੰਨੇ ਲੋਕ ਸਨ, ਸਾਰੇ ਹੈਰਾਨ ਰਹਿ ਗਏ ਅਤੇ ਪਰਮੇਸ਼ਰ ਦੀ ਵਡਿਆਈ ਕਰਨ ਲੱਗੇ । ਉਹ ਡਰ ਕੇ ਕਹਿਣ ਲੱਗੇ, “ਅੱਜ ਅਸੀਂ ਅਨੋਖੇ ਕੰਮ ਦੇਖੇ ਹਨ ।”
ਪ੍ਰਭੂ ਯਿਸੂ ਲੇਵੀ ਨੂੰ ਬੁਲਾਉਂਦੇ ਹਨ
(ਮੱਤੀ 9:9-13, ਮਰਕੁਸ 2:13-17)
27ਇਸ ਦੇ ਬਾਅਦ ਯਿਸੂ ਬਾਹਰ ਚਲੇ ਗਏ । ਉਹਨਾਂ ਨੇ ਰਾਹ ਵਿੱਚ ਲੇਵੀ ਨਾਂ ਦੇ ਇੱਕ ਟੈਕਸ ਲੈਣ ਵਾਲੇ ਨੂੰ ਦਫ਼ਤਰ ਵਿੱਚ ਬੈਠੇ ਹੋਏ ਦੇਖਿਆ ਅਤੇ ਉਸ ਨੂੰ ਕਿਹਾ, “ਮੇਰੇ ਪਿੱਛੇ ਚੱਲ ।” 28ਉਹ ਉੱਠਿਆ ਅਤੇ ਆਪਣਾ ਸਭ ਕੁਝ ਛੱਡ ਕੇ ਯਿਸੂ ਦਾ ਚੇਲਾ ਬਣ ਗਿਆ ।
29ਫਿਰ ਲੇਵੀ ਨੇ ਆਪਣੇ ਘਰ ਯਿਸੂ ਲਈ ਇੱਕ ਬਹੁਤ ਵੱਡਾ ਭੋਜ ਦਿੱਤਾ । ਉਸ ਸਮੇਂ ਬਹੁਤ ਸਾਰੇ ਟੈਕਸ ਲੈਣ ਵਾਲੇ ਅਤੇ ਦੂਜੇ ਲੋਕ ਯਿਸੂ ਦੇ ਨਾਲ ਭੋਜਨ ਕਰਨ ਲਈ ਬੈਠੇ । 30#ਲੂਕਾ 15:1-2ਤਦ ਫ਼ਰੀਸੀ ਅਤੇ ਉਹਨਾਂ ਦੇ ਦਲ ਦੇ ਵਿਵਸਥਾ ਦੇ ਸਿੱਖਿਅਕ ਬੁੜਬੁੜਾਉਣ ਲੱਗੇ ਅਤੇ ਯਿਸੂ ਦੇ ਚੇਲਿਆਂ ਨੂੰ ਕਹਿਣ ਲੱਗੇ, “ਤੁਸੀਂ ਟੈਕਸ ਲੈਣ ਵਾਲਿਆਂ ਅਤੇ ਪਾਪੀਆਂ ਦੇ ਨਾਲ ਬੈਠ ਕੇ ਕਿਉਂ ਖਾਂਦੇ ਪੀਂਦੇ ਹੋ ?” 31ਯਿਸੂ ਨੇ ਉਹਨਾਂ ਨੂੰ ਕਿਹਾ, “ਵੈਦ ਦੀ ਲੋੜ ਨਰੋਇਆਂ ਨੂੰ ਨਹੀਂ ਸਗੋਂ ਰੋਗੀਆਂ ਨੂੰ ਹੁੰਦੀ ਹੈ । 32ਮੈਂ ਨੇਕਾਂ ਨੂੰ ਨਹੀਂ ਸਗੋਂ ਪਾਪੀਆਂ ਨੂੰ ਸੱਦਣ ਆਇਆ ਹਾਂ ਕਿ ਉਹ ਤੋਬਾ ਕਰਨ ।”
ਵਰਤ ਸੰਬੰਧੀ ਪ੍ਰਸ਼ਨ
(ਮੱਤੀ 9:14-17, ਮਰਕੁਸ 2:18-22)
33ਕੁਝ ਲੋਕਾਂ ਨੇ ਯਿਸੂ ਨੂੰ ਕਿਹਾ, “ਯੂਹੰਨਾ ਦੇ ਚੇਲੇ ਅਕਸਰ ਵਰਤ ਰੱਖਦੇ ਹਨ ਅਤੇ ਇਸੇ ਤਰ੍ਹਾਂ ਫ਼ਰੀਸੀਆਂ ਦੇ ਵੀ ਪਰ ਤੁਹਾਡੇ ਚੇਲੇ ਹਮੇਸ਼ਾ ਖਾਂਦੇ ਪੀਂਦੇ ਹਨ ।” 34ਯਿਸੂ ਨੇ ਉਹਨਾਂ ਨੂੰ ਉੱਤਰ ਦਿੱਤਾ, “ਜਦੋਂ ਤੱਕ ਲਾੜਾ ਬਰਾਤੀਆਂ ਦੇ ਨਾਲ ਹੈ, ਕੀ ਉਹ ਭੋਜਨ ਕੀਤੇ ਬਗ਼ੈਰ ਰਹਿ ਸਕਦੇ ਹਨ ? ਨਹੀਂ, ਇਹ ਨਹੀਂ ਹੋ ਸਕਦਾ 35ਪਰ ਉਹ ਦਿਨ ਆਉਣਗੇ ਜਦੋਂ ਲਾੜਾ ਉਹਨਾਂ ਤੋਂ ਵੱਖਰਾ ਕੀਤਾ ਜਾਵੇਗਾ, ਤਦ ਉਹਨਾਂ ਦਿਨਾਂ ਵਿੱਚ ਉਹ ਵਰਤ ਰੱਖਣਗੇ ।”
36ਯਿਸੂ ਨੇ ਉਹਨਾਂ ਨੂੰ ਇਹ ਦ੍ਰਿਸ਼ਟਾਂਤ ਵੀ ਸੁਣਾਇਆ, “ਕੋਈ ਮਨੁੱਖ ਪੁਰਾਣੇ ਕੱਪੜੇ ਉੱਤੇ ਟਾਕੀ ਲਾਉਣ ਲਈ ਨਵੇਂ ਕੱਪੜੇ ਨੂੰ ਨਹੀਂ ਪਾੜਦਾ । ਇਸ ਤਰ੍ਹਾਂ ਕਰਨ ਨਾਲ ਨਵਾਂ ਕੱਪੜਾ ਤਾਂ ਪਾਟੇਗਾ ਹੀ ਪਰ ਇਸ ਦੇ ਨਾਲ ਹੀ ਨਵੇਂ ਕੱਪੜੇ ਦੀ ਟਾਕੀ ਪੁਰਾਣੇ ਨਾਲ ਮੇਲ ਨਹੀਂ ਖਾਵੇਗੀ । 37ਕੋਈ ਮਨੁੱਖ ਨਵੀਂ ਮੈਅ ਪੁਰਾਣੀਆਂ ਮਸ਼ਕਾਂ ਵਿੱਚ ਨਹੀਂ ਭਰਦਾ ਜੇਕਰ ਉਹ ਇਸ ਤਰ੍ਹਾਂ ਕਰੇ ਤਾਂ ਨਵੀਂ ਮੈਅ ਪੁਰਾਣੀਆਂ ਮਸ਼ਕਾਂ ਨੂੰ ਪਾੜ ਦੇਵੇਗੀ । ਮੈਅ ਵਗ ਜਾਵੇਗੀ ਅਤੇ ਮਸ਼ਕਾਂ ਵੀ ਨਾਸ਼ ਹੋ ਜਾਣਗੀਆਂ । 38ਇਸ ਲਈ ਨਵੀਂ ਮੈਅ ਨਵੀਆਂ ਮਸ਼ਕਾਂ ਵਿੱਚ ਹੀ ਭਰਨੀ ਚਾਹੀਦੀ ਹੈ । 39ਕੋਈ ਮਨੁੱਖ ਪੁਰਾਣੀ ਮੈਅ ਪੀਣ ਦੇ ਬਾਅਦ ਨਵੀਂ ਮੈਅ ਨਹੀਂ ਪੀਣੀ ਚਾਹੁੰਦਾ ਕਿਉਂਕਿ ਉਹ ਕਹਿੰਦਾ ਹੈ, ‘ਪੁਰਾਣੀ ਹੀ ਚੰਗੀ ਹੈ ।’”

目前選定:

ਲੂਕਾ 5: CL-NA

醒目顯示

分享

複製

None

想在你所有裝置上儲存你的醒目顯示?註冊帳戶或登入