ਲੂਕਾ 4

4
ਪ੍ਰਭੂ ਯਿਸੂ ਦਾ ਪਰਤਾਇਆ ਜਾਣਾ
(ਮੱਤੀ 4:1-11, ਮਰਕੁਸ 1:12-13)
1ਯਿਸੂ ਪਵਿੱਤਰ ਆਤਮਾ ਨਾਲ ਭਰਪੂਰ ਹੋ ਕੇ ਯਰਦਨ ਨਦੀ ਤੋਂ ਵਾਪਸ ਆਏ । ਤਦ ਆਤਮਾ ਦੀ ਅਗਵਾਈ ਨਾਲ ਉਹ ਉਜਾੜ ਥਾਂ ਵਿੱਚ ਚਲੇ ਗਏ 2ਜਿੱਥੇ ਸ਼ੈਤਾਨ ਨੇ ਉਹਨਾਂ ਨੂੰ ਚਾਲੀ ਦਿਨ ਤੱਕ ਪਰਤਾਇਆ । ਉਹਨਾਂ ਦਿਨਾਂ ਵਿੱਚ ਯਿਸੂ ਨੇ ਕੁਝ ਨਾ ਖਾਧਾ । ਇਸ ਲਈ ਚਾਲੀ ਦਿਨਾਂ ਦੇ ਬਾਅਦ ਉਹਨਾਂ ਨੂੰ ਭੁੱਖ ਲੱਗੀ ।
3ਸ਼ੈਤਾਨ ਨੇ ਯਿਸੂ ਨੂੰ ਕਿਹਾ, “ਜੇਕਰ ਤੂੰ ਪਰਮੇਸ਼ਰ ਦਾ ਪੁੱਤਰ ਹੈਂ ਤਾਂ ਇਸ ਪੱਥਰ ਨੂੰ ਕਹਿ ਕਿ ਇਹ ਰੋਟੀ ਬਣ ਜਾਵੇ ।” 4#ਵਿਵ 8:3ਯਿਸੂ ਨੇ ਉੱਤਰ ਦਿੱਤਾ, “ਪਵਿੱਤਰ-ਗ੍ਰੰਥ ਵਿੱਚ ਇਹ ਲਿਖਿਆ ਹੋਇਆ ਹੈ,
‘ਮਨੁੱਖ ਕੇਵਲ ਰੋਟੀ ਨਾਲ ਹੀ ਜਿਊਂਦਾ ਨਹੀਂ ਰਹੇਗਾ ।’”
5ਫਿਰ ਸ਼ੈਤਾਨ ਯਿਸੂ ਨੂੰ ਇੱਕ ਉੱਚੇ ਥਾਂ ਉੱਤੇ ਲੈ ਗਿਆ । ਉਸ ਨੇ ਯਿਸੂ ਨੂੰ ਪਲ ਵਿੱਚ ਹੀ ਧਰਤੀ ਦੇ ਸਾਰੇ ਰਾਜ ਦਿਖਾਏ 6ਅਤੇ ਕਿਹਾ, “ਮੈਂ ਤੈਨੂੰ ਇਹਨਾਂ ਸਾਰਿਆਂ ਦਾ ਅਧਿਕਾਰ ਅਤੇ ਉਹਨਾਂ ਦੀ ਸ਼ਾਨ ਦੇ ਸਕਦਾ ਹਾਂ ਕਿਉਂਕਿ ਮੈਨੂੰ ਇਹਨਾਂ ਸਾਰਿਆਂ ਉੱਤੇ ਅਧਿਕਾਰ ਦਿੱਤਾ ਗਿਆ ਹੈ ਅਤੇ ਮੈਂ ਜਿਸ ਨੂੰ ਚਾਹਾਂ ਦਿੰਦਾ ਹਾਂ । 7ਇਸ ਲਈ ਜੇਕਰ ਤੂੰ ਮੇਰੇ ਅੱਗੇ ਮੱਥਾ ਟੇਕੇਂ ਤਾਂ ਇਹ ਸਭ ਕੁਝ ਤੇਰਾ ਹੋ ਸਕਦਾ ਹੈ ।” 8#ਵਿਵ 6:13ਯਿਸੂ ਨੇ ਉੱਤਰ ਦਿੱਤਾ, “ਪਵਿੱਤਰ-ਗ੍ਰੰਥ ਵਿੱਚ ਇਸ ਤਰ੍ਹਾਂ ਲਿਖਿਆ ਹੋਇਆ ਹੈ,
‘ਤੂੰ ਆਪਣੇ ਪ੍ਰਭੂ ਪਰਮੇਸ਼ਰ ਨੂੰ ਹੀ ਮੱਥਾ ਟੇਕ,
ਅਤੇ ਕੇਵਲ ਉਹਨਾਂ ਦੀ ਹੀ ਸੇਵਾ ਕਰ ।’”
9ਫਿਰ ਸ਼ੈਤਾਨ ਯਿਸੂ ਨੂੰ ਯਰੂਸ਼ਲਮ ਸ਼ਹਿਰ ਵਿੱਚ ਲੈ ਗਿਆ । ਉਸ ਨੇ ਯਿਸੂ ਨੂੰ ਹੈਕਲ ਦੇ ਸਭ ਤੋਂ ਉੱਚੇ ਮੁਨਾਰੇ ਉੱਤੇ ਖੜ੍ਹਾ ਕਰ ਦਿੱਤਾ । ਫਿਰ ਸ਼ੈਤਾਨ ਨੇ ਕਿਹਾ, “ਜੇਕਰ ਤੂੰ ਪਰਮੇਸ਼ਰ ਦਾ ਪੁੱਤਰ ਹੈਂ ਤਾਂ ਆਪਣੇ ਆਪ ਨੂੰ ਇੱਥੋਂ ਹੇਠਾਂ ਸੁੱਟ ਦੇ । 10#ਭਜਨ 91:11-12ਕਿਉਂਕਿ ਪਵਿੱਤਰ-ਗ੍ਰੰਥ ਵਿੱਚ ਲਿਖਿਆ ਹੈ, ‘ਪਰਮੇਸ਼ਰ ਆਪਣੇ ਸਵਰਗਦੂਤਾਂ ਨੂੰ ਤੇਰੇ ਲਈ ਇਹ ਹੁਕਮ ਦੇਵੇਗਾ ਕਿ ਉਹ ਤੇਰੀ ਸੁਰੱਖਿਆ ਕਰਨ ।’ 11ਨਾਲ ਹੀ ਇਹ ਵੀ ਲਿਖਿਆ ਹੈ, ‘ਉਹ ਤੈਨੂੰ ਆਪਣੇ ਹੱਥਾਂ ਉੱਤੇ ਚੁੱਕ ਲੈਣਗੇ ਕਿ ਕਿਤੇ ਤੇਰੇ ਪੈਰਾਂ ਨੂੰ ਸੱਟ ਨਾ ਲੱਗੇ ।’” 12#ਵਿਵ 6:16ਯਿਸੂ ਨੇ ਉੱਤਰ ਦਿੱਤਾ, “ਪਵਿੱਤਰ-ਗ੍ਰੰਥ ਵਿੱਚ ਇਹ ਵੀ ਲਿਖਿਆ ਹੋਇਆ ਹੈ,
‘ਤੂੰ ਆਪਣੇ ਪ੍ਰਭੂ ਪਰਮੇਸ਼ਰ ਨੂੰ ਨਾ ਪਰਖ ।’”
13ਫਿਰ ਜਦੋਂ ਸ਼ੈਤਾਨ ਨੇ ਪੂਰੀ ਤਰ੍ਹਾਂ ਯਿਸੂ ਨੂੰ ਪਰਤਾ ਲਿਆ ਤਾਂ ਉਹ ਕੁਝ ਸਮੇਂ ਦੇ ਲਈ ਉਹਨਾਂ ਕੋਲੋਂ ਚਲਾ ਗਿਆ ।
ਗਲੀਲ ਦੇ ਇਲਾਕੇ ਵਿੱਚ ਪ੍ਰਭੂ ਯਿਸੂ ਦੀ ਸੇਵਾ ਦਾ ਆਰੰਭ
(ਮੱਤੀ 4:12-17, ਮਰਕੁਸ 1:14-15)
14ਫਿਰ ਯਿਸੂ ਗਲੀਲ ਵਿੱਚ ਵਾਪਸ ਆਏ । ਉਹ ਪਵਿੱਤਰ ਆਤਮਾ ਦੀ ਸਮਰੱਥਾ ਨਾਲ ਭਰਪੂਰ ਸਨ । ਉਹਨਾਂ ਦੀ ਚਰਚਾ ਆਲੇ-ਦੁਆਲੇ ਦੇ ਸਾਰੇ ਇਲਾਕੇ ਵਿੱਚ ਹੋਣ ਲੱਗੀ । 15ਉਹ ਯਹੂਦੀਆਂ ਦੇ ਪ੍ਰਾਰਥਨਾ ਘਰਾਂ ਵਿੱਚ ਸਿੱਖਿਆ ਦਿੰਦੇ ਸਨ ਅਤੇ ਸਾਰੇ ਉਹਨਾਂ ਦੀ ਵਡਿਆਈ ਕਰਦੇ ਸਨ ।
ਪ੍ਰਭੂ ਯਿਸੂ ਦਾ ਨਾਸਰਤ ਵਿੱਚ ਰੱਦੇ ਜਾਣਾ
(ਮੱਤੀ 13:53-58, ਮਰਕੁਸ 6:1-6)
16ਯਿਸੂ ਨਾਸਰਤ ਵਿੱਚ ਆਏ ਜਿੱਥੇ ਉਹਨਾਂ ਦਾ ਪਾਲਣ-ਪੋਸ਼ਣ ਹੋਇਆ ਸੀ । ਸਬਤ ਦੇ ਦਿਨ ਉਹ ਆਪਣੀ ਰੀਤ ਦੇ ਅਨੁਸਾਰ ਪ੍ਰਾਰਥਨਾ ਘਰ ਵਿੱਚ ਗਏ ਅਤੇ ਪਵਿੱਤਰ-ਗ੍ਰੰਥ ਪੜ੍ਹਨ ਦੇ ਲਈ ਖੜ੍ਹੇ ਹੋਏ । 17ਯਿਸੂ ਨੂੰ ਯਸਾਯਾਹ ਨਬੀ ਦਾ ਸਕ੍ਰੋਲ ਦਿੱਤਾ ਗਿਆ । ਉਹਨਾਂ ਨੇ ਸਕ੍ਰੋਲ ਖੋਲ੍ਹ ਕੇ ਉਹ ਪ੍ਰਸੰਗ ਕੱਢਿਆ ਜਿੱਥੇ ਇਹ ਲਿਖਿਆ ਹੋਇਆ ਸੀ,
18 # ਯਸਾ 61:1-2 “ਪ੍ਰਭੂ ਦਾ ਆਤਮਾ ਮੇਰੇ ਉੱਤੇ ਹੈ,
ਉਹਨਾਂ ਨੇ ਮੈਨੂੰ ਮਸਹ ਕੀਤਾ ਹੈ ਕਿ
ਮੈਂ ਗ਼ਰੀਬਾਂ ਨੂੰ ਸ਼ੁਭ ਸਮਾਚਾਰ ਸੁਣਾਵਾਂ,
ਉਹਨਾਂ ਨੇ ਮੈਨੂੰ ਭੇਜਿਆ ਹੈ ਕਿ ਮੈਂ ਬੰਦੀਆਂ ਨੂੰ ਮੁਕਤੀ ਦਾ
ਅਤੇ ਅੰਨ੍ਹਿਆਂ ਨੂੰ ਦ੍ਰਿਸ਼ਟੀ ਦਾ ਸੰਦੇਸ਼ ਸੁਣਾਵਾਂ,
ਅਤੇ ਪੀੜਤਾਂ ਨੂੰ ਸੁਤੰਤਰ ਕਰਾਂ,
19ਅਤੇ ਉਸ ਸਮੇਂ ਦਾ ਪ੍ਰਚਾਰ ਕਰਾਂ
ਜਦੋਂ ਪ੍ਰਭੂ ਆਪਣੇ ਲੋਕਾਂ ਨੂੰ ਛੁਟਕਾਰਾ ਦੇਣਗੇ ।”
20ਫਿਰ ਯਿਸੂ ਨੇ ਸਕ੍ਰੋਲ ਲਪੇਟ ਕੇ ਸੇਵਕ ਨੂੰ ਦੇ ਦਿੱਤਾ ਅਤੇ ਆਪਣੀ ਥਾਂ ਉੱਤੇ ਬੈਠ ਗਏ । ਪ੍ਰਾਰਥਨਾ ਘਰ ਵਿੱਚ ਬੈਠੇ ਸਾਰੇ ਲੋਕ ਬੜੇ ਧਿਆਨ ਨਾਲ ਉਹਨਾਂ ਵੱਲ ਦੇਖ ਰਹੇ ਸਨ । 21ਯਿਸੂ ਨੇ ਉਹਨਾਂ ਲੋਕਾਂ ਨੂੰ ਕਿਹਾ, “ਅੱਜ ਪਵਿੱਤਰ-ਗ੍ਰੰਥ ਦੀ ਇਹ ਲਿਖਤ ਤੁਹਾਡੇ ਸਾਹਮਣੇ ਪੂਰੀ ਹੋਈ ਹੈ ।” 22ਸਾਰੇ ਲੋਕਾਂ ਨੇ ਯਿਸੂ ਦੀ ਤਾਰੀਫ਼ ਕੀਤੀ ਅਤੇ ਉਹਨਾਂ ਦੇ ਮੂੰਹ ਵਿੱਚੋਂ ਨਿੱਕਲੇ ਕਿਰਪਾ ਦੇ ਵਚਨਾਂ ਨੂੰ ਸੁਣ ਕੇ ਹੈਰਾਨ ਹੋ ਕੇ ਕਹਿਣ ਲੱਗੇ, “ਕੀ ਇਹ ਯੂਸਫ਼ ਦਾ ਪੁੱਤਰ ਨਹੀਂ ਹੈ ?” 23ਯਿਸੂ ਨੇ ਉਹਨਾਂ ਨੂੰ ਕਿਹਾ, “ਤੁਸੀਂ ਜ਼ਰੂਰ ਮੈਨੂੰ ਇਹ ਕਹਾਵਤ ਸੁਣਾਓਗੇ, ‘ਵੈਦ, ਆਪਣਾ ਇਲਾਜ ਕਰ ।’ ਜੋ ਕੁਝ ਅਸੀਂ ਸੁਣਿਆ ਹੈ ਕਿ ਤੂੰ ਕਫ਼ਰਨਾਹੂਮ ਵਿੱਚ ਕੀਤਾ ਹੈ, ਇੱਥੇ ਆਪਣੇ ਸ਼ਹਿਰ ਵਿੱਚ ਵੀ ਕਰ ।” 24#ਯੂਹ 4:44ਯਿਸੂ ਨੇ ਇਹ ਵੀ ਕਿਹਾ, “ਨਬੀ ਦਾ ਉਸ ਦੇ ਆਪਣੇ ਸ਼ਹਿਰ ਵਿੱਚ ਸੁਆਗਤ ਨਹੀਂ ਹੁੰਦਾ । 25#1 ਰਾਜਾ 17:1ਇਹ ਸੱਚ ਹੈ ਕਿ ਏਲੀਯਾਹ ਨਬੀ ਦੇ ਸਮੇਂ ਵਿੱਚ ਇਸਰਾਏਲ ਦੇਸ਼ ਵਿੱਚ ਬਹੁਤ ਵਿਧਵਾਵਾਂ ਸਨ ਜਦੋਂ ਕਿ ਸਾਢੇ ਤਿੰਨ ਸਾਲ ਤੱਕ ਮੀਂਹ ਨਹੀਂ ਵਰ੍ਹਿਆ ਅਤੇ ਸਾਰੇ ਦੇਸ਼ ਵਿੱਚ ਇੱਕ ਵੱਡਾ ਕਾਲ ਪੈ ਗਿਆ ਸੀ । 26#1 ਰਾਜਾ 17:8-16ਫਿਰ ਵੀ ਏਲੀਯਾਹ ਨਬੀ ਉਹਨਾਂ ਵਿਧਵਾਵਾਂ ਕੋਲ ਨਹੀਂ ਭੇਜਿਆ ਗਿਆ ਸੀ । ਉਹ ਸੈਦਾ ਦੇਸ਼ ਦੇ ਸਾਰਪਥ ਸ਼ਹਿਰ ਦੀ ਰਹਿਣ ਵਾਲੀ ਵਿਧਵਾ ਕੋਲ ਭੇਜਿਆ ਗਿਆ ਸੀ । 27#2 ਰਾਜਾ 5:1-14ਅਤੇ ਅਲੀਸ਼ਾ ਨਬੀ ਦੇ ਸਮੇਂ ਇਸਰਾਏਲ ਵਿੱਚ ਬਹੁਤ ਕੋੜ੍ਹੀ ਸਨ ਪਰ ਸੀਰੀਯਾ ਦੇਸ਼ ਦੇ ਰਹਿਣ ਵਾਲੇ ਨਾਮਾਨ ਕੋੜ੍ਹੀ ਤੋਂ ਸਿਵਾਏ ਹੋਰ ਕੋਈ ਸ਼ੁੱਧ ਨਾ ਕੀਤਾ ਗਿਆ ।” 28ਜਿੰਨੇ ਲੋਕ ਉਸ ਵੇਲੇ ਪ੍ਰਾਰਥਨਾ ਘਰ ਵਿੱਚ ਸਨ, ਉਹ ਸਾਰੇ ਯਿਸੂ ਦੀਆਂ ਗੱਲਾਂ ਸੁਣ ਕੇ ਗੁੱਸੇ ਨਾਲ ਭਰ ਗਏ । 29ਉਹ ਉੱਠੇ ਅਤੇ ਯਿਸੂ ਨੂੰ ਖਿੱਚ ਕੇ ਸ਼ਹਿਰ ਤੋਂ ਬਾਹਰ ਉਸ ਪਹਾੜ ਦੀ ਚੋਟੀ ਉੱਤੇ ਲੈ ਗਏ ਜਿਸ ਉੱਤੇ ਉਹਨਾਂ ਦਾ ਸ਼ਹਿਰ ਵਸਿਆ ਹੋਇਆ ਸੀ ਕਿ ਉਹ ਯਿਸੂ ਨੂੰ ਹੇਠਾਂ ਸੁੱਟਣ । 30ਪਰ ਯਿਸੂ ਭੀੜ ਵਿੱਚੋਂ ਨਿੱਕਲ ਕੇ ਉੱਥੋਂ ਚਲੇ ਗਏ ।
ਅਸ਼ੁੱਧ ਆਤਮਾ ਵਾਲਾ ਆਦਮੀ
(ਮਰਕੁਸ 1:21-28)
31ਯਿਸੂ ਗਲੀਲ ਦੇ ਸ਼ਹਿਰ ਕਫ਼ਰਨਾਹੂਮ ਵਿੱਚ ਆਏ । ਉੁੱਥੇ ਉਹ ਸਬਤ ਦੇ ਦਿਨ ਪ੍ਰਾਰਥਨਾ ਘਰ ਵਿੱਚ ਜਾ ਕੇ ਲੋਕਾਂ ਨੂੰ ਸਿੱਖਿਆ ਦੇਣ ਲੱਗੇ । 32#ਮੱਤੀ 7:28-29ਲੋਕ ਉਹਨਾਂ ਦੀ ਸਿੱਖਿਆ ਸੁਣ ਕੇ ਹੈਰਾਨ ਰਹਿ ਗਏ ਕਿਉਂਕਿ ਉਹ ਪੂਰੇ ਅਧਿਕਾਰ ਨਾਲ ਬੋਲਦੇ ਸਨ ।
33 ਪ੍ਰਾਰਥਨਾ ਘਰ ਵਿੱਚ ਇੱਕ ਆਦਮੀ ਸੀ ਜਿਸ ਵਿੱਚ ਅਸ਼ੁੱਧ ਆਤਮਾ ਸੀ ਉਹ ਉੱਚੀ ਆਵਾਜ਼ ਨਾਲ ਚੀਕਿਆ, 34“ਹੇ ਯਿਸੂ ਨਾਸਰੀ, ਤੁਹਾਡਾ ਸਾਡੇ ਨਾਲ ਕੀ ਵਾਸਤਾ ? ਕੀ ਤੁਸੀਂ ਸਾਨੂੰ ਨਾਸ਼ ਕਰਨ ਆਏ ਹੋ ? ਮੈਂ ਜਾਣਦਾ ਹਾਂ ਕਿ ਤੁਸੀਂ ਕੌਣ ਹੋ, ਪਰਮੇਸ਼ਰ ਦੇ ਪਵਿੱਤਰ ਪੁਰਖ !” 35ਪਰ ਯਿਸੂ ਨੇ ਉਸ ਨੂੰ ਝਿੜਕਦੇ ਹੋਏ ਕਿਹਾ, “ਚੁੱਪ ਹੋ ਜਾ ਅਤੇ ਉਸ ਵਿੱਚੋਂ ਨਿੱਕਲ ਜਾ !” ਅਸ਼ੁੱਧ ਆਤਮਾ ਨੇ ਉਸ ਆਦਮੀ ਨੂੰ ਸਾਰਿਆਂ ਦੇ ਸਾਹਮਣੇ ਜ਼ਮੀਨ ਉੱਤੇ ਸੁੱਟ ਦਿੱਤਾ ਅਤੇ ਉਸ ਦਾ ਨੁਕਸਾਨ ਕੀਤੇ ਬਿਨਾਂ ਉਸ ਵਿੱਚੋਂ ਨਿੱਕਲ ਗਈ । 36ਸਾਰੇ ਲੋਕ ਹੈਰਾਨ ਰਹਿ ਗਏ । ਉਹ ਇੱਕ ਦੂਜੇ ਨੂੰ ਕਹਿਣ ਲੱਗੇ, “ਇਹ ਕਿਸ ਤਰ੍ਹਾਂ ਦਾ ਵਚਨ ਹੈ ? ਉਹ ਅਧਿਕਾਰ ਅਤੇ ਸਮਰੱਥਾ ਨਾਲ ਅਸ਼ੁੱਧ ਆਤਮਾਵਾਂ ਨੂੰ ਹੁਕਮ ਦਿੰਦੇ ਹਨ ਅਤੇ ਉਹ ਨਿੱਕਲ ਜਾਂਦੀਆਂ ਹਨ !” 37ਇਸ ਤਰ੍ਹਾਂ ਯਿਸੂ ਦੀ ਪ੍ਰਸਿੱਧੀ ਆਲੇ-ਦੁਆਲੇ ਦੇ ਸਾਰੇ ਇਲਾਕੇ ਵਿੱਚ ਫੈਲ ਗਈ ।
ਪ੍ਰਭੂ ਯਿਸੂ ਪਤਰਸ ਦੀ ਸੱਸ ਅਤੇ ਹੋਰ ਬਹੁਤ ਬਿਮਾਰਾਂ ਨੂੰ ਚੰਗਾ ਕਰਦੇ ਹਨ
(ਮੱਤੀ 8:14-17, ਮਰਕੁਸ 1:29-34)
38 ਪ੍ਰਾਰਥਨਾ ਘਰ ਵਿੱਚੋਂ ਉੱਠ ਕੇ ਯਿਸੂ ਸ਼ਮਊਨ ਦੇ ਘਰ ਗਏ । ਉੱਥੇ ਸ਼ਮਊਨ ਦੀ ਸੱਸ ਨੂੰ ਬਹੁਤ ਤੇਜ਼ ਬੁਖ਼ਾਰ ਚੜ੍ਹਿਆ ਹੋਇਆ ਸੀ । ਲੋਕਾਂ ਨੇ ਉਸ ਦੇ ਲਈ ਯਿਸੂ ਨੂੰ ਬੇਨਤੀ ਕੀਤੀ । 39ਯਿਸੂ ਨੇ ਉਸ ਦੇ ਕੋਲ ਖੜ੍ਹੇ ਹੋ ਕੇ ਬੁਖ਼ਾਰ ਨੂੰ ਝਿੜਕਿਆ ਅਤੇ ਬੁਖ਼ਾਰ ਉਤਰ ਗਿਆ । ਉਹ ਉਸੇ ਸਮੇਂ ਉੱਠ ਕੇ ਉਹਨਾਂ ਦੀ ਸੇਵਾ ਕਰਨ ਲੱਗੀ ।
40ਜਦੋਂ ਸ਼ਾਮ ਹੋ ਗਈ ਤਾਂ ਲੋਕ ਕਈ ਪ੍ਰਕਾਰ ਦੇ ਬਿਮਾਰਾਂ ਨੂੰ ਯਿਸੂ ਦੇ ਕੋਲ ਲਿਆਏ । ਯਿਸੂ ਨੇ ਹਰ ਬਿਮਾਰ ਉੱਤੇ ਹੱਥ ਰੱਖ ਕੇ ਉਹਨਾਂ ਨੂੰ ਚੰਗਾ ਕੀਤਾ । 41ਬਹੁਤ ਸਾਰੀਆਂ ਅਸ਼ੁੱਧ ਆਤਮਾਵਾਂ ਚੀਕਾਂ ਮਾਰਦੀਆਂ ਅਤੇ ਇਹ ਕਹਿੰਦੀਆਂ ਹੋਈਆਂ ਨਿੱਕਲ ਗਈਆਂ, “ਤੁਸੀਂ ਪਰਮੇਸ਼ਰ ਦੇ ਪੁੱਤਰ ਹੋ !” ਪਰ ਯਿਸੂ ਨੇ ਉਹਨਾਂ ਨੂੰ ਝਿੜਕਿਆ ਅਤੇ ਹੋਰ ਕੁਝ ਨਾ ਕਹਿਣ ਦਿੱਤਾ ਕਿਉਂਕਿ ਉਹ ਜਾਣਦੀਆਂ ਸਨ ਕਿ ਯਿਸੂ ਹੀ ਮਸੀਹ ਸਨ ।
ਯਿਸੂ ਪ੍ਰਾਰਥਨਾ ਘਰਾਂ ਵਿੱਚ ਪ੍ਰਚਾਰ ਕਰਦੇ ਹਨ
(ਮਰਕੁਸ 1:35-39)
42ਜਦੋਂ ਦਿਨ ਚੜ੍ਹਿਆ ਤਾਂ ਯਿਸੂ ਇਕਾਂਤ ਥਾਂ ਵਿੱਚ ਚਲੇ ਗਏ । ਲੋਕ ਉਹਨਾਂ ਨੂੰ ਲੱਭਦੇ ਹੋਏ ਉਹਨਾਂ ਦੇ ਕੋਲ ਆਏ । ਉਹ ਕੋਸ਼ਿਸ਼ ਕਰਨ ਲੱਗੇ ਕਿ ਯਿਸੂ ਉਹਨਾਂ ਨੂੰ ਛੱਡ ਕੇ ਨਾ ਜਾਣ । 43ਪਰ ਯਿਸੂ ਨੇ ਉਹਨਾਂ ਨੂੰ ਕਿਹਾ, “ਮੇਰੇ ਲਈ ਦੂਜੇ ਸ਼ਹਿਰਾਂ ਵਿੱਚ ਵੀ ਪਰਮੇਸ਼ਰ ਦੇ ਸ਼ੁਭ ਸਮਾਚਾਰ ਦਾ ਸੰਦੇਸ਼ ਦੇਣਾ ਜ਼ਰੂਰੀ ਹੈ ਕਿਉਂਕਿ ਇਸੇ ਲਈ ਪਰਮੇਸ਼ਰ ਨੇ ਮੈਨੂੰ ਭੇਜਿਆ ਹੈ ।” 44ਇਸ ਲਈ ਯਿਸੂ ਯਹੂਦਿਯਾ ਦੇਸ਼ ਦੇ ਪ੍ਰਾਰਥਨਾ ਘਰਾਂ ਵਿੱਚ ਸ਼ੁਭ ਸਮਾਚਾਰ ਸੁਣਾਉਂਦੇ ਰਹੇ ।

目前選定:

ਲੂਕਾ 4: CL-NA

醒目顯示

分享

複製

None

想在你所有裝置上儲存你的醒目顯示?註冊帳戶或登入