ਯੂਹੰਨਾ 21

21
ਪ੍ਰਭੂ ਯਿਸੂ ਸੱਤ ਚੇਲਿਆਂ ਉੱਤੇ ਪ੍ਰਗਟ ਹੁੰਦੇ ਹਨ
1ਇਸ ਦੇ ਬਾਅਦ ਤਿਬਿਰਿਯਾਸ ਦੀ ਝੀਲ ਦੇ ਕੰਢੇ ਉੱਤੇ ਯਿਸੂ ਨੇ ਫਿਰ ਆਪਣੇ ਆਪ ਨੂੰ ਚੇਲਿਆਂ ਉੱਤੇ ਪ੍ਰਗਟ ਕੀਤਾ ਅਤੇ ਇਸ ਤਰ੍ਹਾਂ ਪ੍ਰਗਟ ਕੀਤਾ । 2ਸ਼ਮਊਨ ਪਤਰਸ, ਥੋਮਾ (ਜਿਹੜਾ ਦੀਦੁਮੁਸ ਅਖਵਾਉਂਦਾ ਸੀ), ਨਥਾਨਿਏਲ ਜਿਹੜਾ ਗਲੀਲ ਦੇ ਕਾਨਾ ਦਾ ਰਹਿਣ ਵਾਲਾ ਸੀ, ਜ਼ਬਦੀ ਦੇ ਦੋਵੇਂ ਪੁੱਤਰ ਅਤੇ ਹੋਰ ਦੋ ਚੇਲੇ ਉੱਥੇ ਸਨ । 3#ਲੂਕਾ 5:5ਸ਼ਮਊਨ ਪਤਰਸ ਨੇ ਉਹਨਾਂ ਨੂੰ ਕਿਹਾ, “ਮੈਂ ਮੱਛੀਆਂ ਫੜਨ ਜਾ ਰਿਹਾ ਹਾਂ ।” ਉਹਨਾਂ ਨੇ ਪਤਰਸ ਨੂੰ ਕਿਹਾ, “ਅਸੀਂ ਵੀ ਤੇਰੇ ਨਾਲ ਚੱਲਦੇ ਹਾਂ ।” ਉਹ ਕਿਸ਼ਤੀ ਵਿੱਚ ਚੜ੍ਹ ਗਏ ਪਰ ਉਸ ਰਾਤ ਉਹਨਾਂ ਨੇ ਕੁਝ ਨਾ ਫੜਿਆ । 4ਸਵੇਰ ਹੋ ਰਹੀ ਸੀ ਕਿ ਯਿਸੂ ਝੀਲ ਦੇ ਕੰਢੇ ਉੱਤੇ ਖੜ੍ਹੇ ਸਨ ਪਰ ਚੇਲਿਆਂ ਨੇ ਉਹਨਾਂ ਨੂੰ ਨਾ ਪਛਾਣਿਆ । 5ਯਿਸੂ ਨੇ ਉਹਨਾਂ ਨੂੰ ਕਿਹਾ, “ਮਿੱਤਰੋ, ਕੀ ਤੁਹਾਡੇ ਕੋਲ ਕੁਝ ਮੱਛੀਆਂ ਹਨ ?” ਉਹਨਾਂ ਨੇ ਉੱਤਰ ਦਿੱਤਾ, “ਨਹੀਂ ।” 6#ਲੂਕਾ 5:6ਯਿਸੂ ਨੇ ਚੇਲਿਆਂ ਨੂੰ ਕਿਹਾ, “ਕਿਸ਼ਤੀ ਦੇ ਸੱਜੇ ਪਾਸੇ ਜਾਲ ਸੁੱਟੋ ਤਾਂ ਤੁਸੀਂ ਕੁਝ ਫੜੋਗੇ ।” ਉਹਨਾਂ ਨੇ ਜਾਲ ਸੁੱਟਿਆ, ਤਾਂ ਉਸ ਵਿੱਚ ਬਹੁਤ ਸਾਰੀਆਂ ਮੱਛੀਆਂ ਫਸ ਗਈਆਂ ਇੱਥੋਂ ਤੱਕ ਕਿ ਉਹ ਜਾਲ ਖਿੱਚ ਨਾ ਸਕੇ । 7ਫਿਰ ਉਹ ਚੇਲਾ ਜਿਸ ਨੂੰ ਯਿਸੂ ਪਿਆਰ ਕਰਦੇ ਸਨ ਉਸ ਨੇ ਪਤਰਸ ਨੂੰ ਕਿਹਾ, “ਇਹ ਤਾਂ ਪ੍ਰਭੂ ਹਨ !” ਜਦੋਂ ਪਤਰਸ ਨੇ ਇਹ ਸੁਣਿਆ ਕਿ ਇਹ ਪ੍ਰਭੂ ਹਨ ਤਾਂ ਉਸ ਨੇ ਆਪਣਾ ਕੱਪੜਾ ਲੱਕ ਦੁਆਲੇ ਬੰਨ੍ਹਿਆ ਕਿਉਂਕਿ ਉਸ ਨੇ ਸਾਰੇ ਕੱਪੜੇ ਉਤਾਰੇ ਹੋਏ ਸਨ ਅਤੇ ਝੀਲ ਵਿੱਚ ਛਾਲ ਮਾਰ ਦਿੱਤੀ । 8ਪਰ ਦੂਜੇ ਚੇਲੇ ਕਿਸ਼ਤੀ ਵਿੱਚ ਹੀ ਰਹਿ ਕੇ ਮੱਛੀਆਂ ਨਾਲ ਭਰੇ ਹੋਏ ਜਾਲ ਨੂੰ ਖਿੱਚਦੇ ਰਹੇ ਕਿਉਂਕਿ ਉਹ ਕੰਢੇ ਤੋਂ ਬਹੁਤ ਦੂਰ ਨਹੀਂ ਸਨ, ਲਗਭਗ ਸੌ ਮੀਟਰ ਦੀ ਦੂਰੀ ਉੱਤੇ ਸਨ । 9ਜਦੋਂ ਉਹ ਕੰਢੇ ਉੱਤੇ ਪਹੁੰਚੇ ਤਾਂ ਉਹਨਾਂ ਨੇ ਕੋਲਿਆਂ ਦੀ ਅੱਗ ਉੱਤੇ ਮੱਛੀ ਰੱਖੀ ਹੋਈ ਅਤੇ ਨਾਲ ਰੋਟੀ ਰੱਖੀ ਦੇਖੀ । 10ਯਿਸੂ ਨੇ ਉਹਨਾਂ ਨੂੰ ਕਿਹਾ, “ਜਿਹੜੀਆਂ ਮੱਛੀਆਂ ਤੁਸੀਂ ਹੁਣੇ ਫੜੀਆਂ ਹਨ, ਉਹਨਾਂ ਵਿੱਚੋਂ ਕੁਝ ਲਿਆਓ ।” 11ਸ਼ਮਊਨ ਨੇ ਕਿਸ਼ਤੀ ਵਿੱਚ ਚੜ੍ਹ ਕੇ ਵੱਡੀਆਂ ਵੱਡੀਆਂ ਮੱਛੀਆਂ ਨਾਲ ਭਰਿਆ ਹੋਇਆ ਜਾਲ ਜਿਹਨਾਂ ਦੀ ਗਿਣਤੀ ਇੱਕ ਸੌ ਤਰਵੰਜਾ ਸੀ, ਕੰਢੇ ਉੱਤੇ ਖਿੱਚ ਕੇ ਲਿਆਂਦਾ । ਇੰਨੀਆਂ ਮੱਛੀਆਂ ਹੋਣ ਦੇ ਕਾਰਨ ਵੀ ਜਾਲ ਨਾ ਫਟਿਆ । 12ਯਿਸੂ ਨੇ ਚੇਲਿਆਂ ਨੂੰ ਕਿਹਾ, “ਆਓ, ਨਾਸ਼ਤਾ ਕਰੋ ।” ਚੇਲਿਆਂ ਵਿੱਚੋਂ ਕਿਸੇ ਨੂੰ ਇਹ ਹੌਸਲਾ ਨਾ ਹੋਇਆ ਕਿ ਯਿਸੂ ਤੋਂ ਪੁੱਛਣ, “ਤੁਸੀਂ ਕੌਣ ਹੋ ?” ਕਿਉਂਕਿ ਉਹ ਜਾਣਦੇ ਸਨ ਕਿ ਉਹ ਪ੍ਰਭੂ ਹਨ । 13ਇਸ ਲਈ ਯਿਸੂ ਅੱਗੇ ਵਧੇ ਅਤੇ ਰੋਟੀ ਲੈ ਕੇ ਉਹਨਾਂ ਨੂੰ ਦਿੱਤੀ ਅਤੇ ਇਸੇ ਤਰ੍ਹਾਂ ਮੱਛੀ ਵੀ । 14ਮੁਰਦਿਆਂ ਵਿੱਚੋਂ ਜੀਅ ਉੱਠਣ ਦੇ ਬਾਅਦ ਇਹ ਤੀਜੀ ਵਾਰ ਸੀ ਕਿ ਯਿਸੂ ਨੇ ਚੇਲਿਆਂ ਨੂੰ ਦਰਸ਼ਨ ਦਿੱਤੇ ।
ਪ੍ਰਭੂ ਯਿਸੂ ਅਤੇ ਪਤਰਸ
15ਜਦੋਂ ਉਹ ਭੋਜਨ ਕਰ ਚੁੱਕੇ ਤਾਂ ਯਿਸੂ ਨੇ ਸ਼ਮਊਨ ਪਤਰਸ ਨੂੰ ਕਿਹਾ, “ਸ਼ਮਊਨ, ਯੂਹੰਨਾ ਦੇ ਪੁੱਤਰ, ਕੀ ਤੂੰ ਮੈਨੂੰ ਇਹਨਾਂ ਨਾਲੋਂ ਵੱਧ ਪਿਆਰ ਕਰਦਾ ਹੈਂ ?” ਉਸ ਨੇ ਉੱਤਰ ਦਿੱਤਾ, “ਹਾਂ ਪ੍ਰਭੂ ਜੀ, ਤੁਸੀਂ ਜਾਣਦੇ ਹੋ ਕਿ ਮੈਂ ਤੁਹਾਡੇ ਨਾਲ ਪ੍ਰੀਤ ਰੱਖਦਾ ਹਾਂ ।” ਯਿਸੂ ਨੇ ਉਸ ਨੂੰ ਕਿਹਾ, “ਮੇਰੇ ਲੇਲਿਆਂ ਨੂੰ ਚਰਾ ।” 16ਉਹਨਾਂ ਨੇ ਦੂਜੀ ਵਾਰ ਪਤਰਸ ਤੋਂ ਪੁੱਛਿਆ, “ਸ਼ਮਊਨ, ਯੂਹੰਨਾ ਦੇ ਪੁੱਤਰ, ਕੀ ਤੂੰ ਮੇਰੇ ਨਾਲ ਪਿਆਰ ਕਰਦਾ ਹੈਂ ?” ਉਸ ਨੇ ਉੱਤਰ ਦਿੱਤਾ, “ਹਾਂ ਪ੍ਰਭੂ ਜੀ, ਤੁਸੀਂ ਜਾਣਦੇ ਹੋ ਕਿ ਮੈਂ ਤੁਹਾਡੇ ਨਾਲ ਪ੍ਰੀਤ ਰੱਖਦਾ ਹਾਂ ।” ਯਿਸੂ ਨੇ ਕਿਹਾ, “ਮੇਰੀਆਂ ਭੇਡਾਂ ਦੀ ਰਾਖੀ ਕਰ ।” 17ਉਹਨਾਂ ਨੇ ਤੀਜੀ ਵਾਰ ਪੁੱਛਿਆ, “ਸ਼ਮਊਨ, ਯੂਹੰਨਾ ਦੇ ਪੁੱਤਰ, ਕੀ ਤੂੰ ਮੇਰੇ ਨਾਲ ਪ੍ਰੀਤ ਰੱਖਦਾ ਹੈਂ ?” ਇਹ ਸੁਣ ਕੇ ਪਤਰਸ ਬਹੁਤ ਦੁਖੀ ਹੋਇਆ ਕਿ ਯਿਸੂ ਨੇ ਤੀਜੀ ਵਾਰ ਪੁੱਛਿਆ ਹੈ ਕਿ, “ਤੂੰ ਮੇਰੇ ਨਾਲ ਪ੍ਰੀਤ ਰੱਖਦਾ ਹੈਂ ?” ਇਸ ਲਈ ਪਤਰਸ ਨੇ ਕਿਹਾ, “ਪ੍ਰਭੂ ਜੀ, ਤੁਸੀਂ ਤਾਂ ਸਭ ਕੁਝ ਜਾਣਦੇ ਹੋ ਅਤੇ ਇਹ ਵੀ ਕਿ ਮੈਂ ਤੁਹਾਡੇ ਨਾਲ ਪ੍ਰੀਤ ਰੱਖਦਾ ਹਾਂ ।” ਯਿਸੂ ਨੇ ਉਸ ਨੂੰ ਕਿਹਾ, “ਮੇਰੀਆਂ ਭੇਡਾਂ ਚਰਾ । 18ਮੈਂ ਤੈਨੂੰ ਸੱਚ ਸੱਚ ਕਹਿੰਦਾ ਹਾਂ ਕਿ ਜਦੋਂ ਤੂੰ ਜਵਾਨ ਸੀ ਤਾਂ ਆਪਣੀ ਕਮਰ ਆਪ ਕਸ ਕੇ ਜਿੱਥੇ ਚਾਹੁੰਦਾ ਸੀ, ਜਾਂਦਾ ਸੀ ਪਰ ਜਦੋਂ ਤੂੰ ਬੁੱਢਾ ਹੋ ਜਾਵੇਂਗਾ ਤਾਂ ਤੂੰ ਆਪਣੇ ਹੱਥ ਅੱਗੇ ਕਰੇਂਗਾ ਅਤੇ ਦੂਜਾ ਤੈਨੂੰ ਬੰਨ੍ਹੇਗਾ ਅਤੇ ਜਿੱਥੇ ਤੂੰ ਨਹੀਂ ਚਾਹੇਂਗਾ, ਉਹ ਤੈਨੂੰ ਉੱਥੇ ਲੈ ਜਾਵੇਗਾ ।” 19ਯਿਸੂ ਨੇ ਇਹ ਕਹਿ ਕੇ ਦੱਸਿਆ ਕਿ ਪਤਰਸ ਕਿਸ ਤਰ੍ਹਾਂ ਦੀ ਮੌਤ ਦੇ ਦੁਆਰਾ ਪਰਮੇਸ਼ਰ ਦੀ ਵਡਿਆਈ ਕਰੇਗਾ । ਇਹ ਕਹਿਣ ਦੇ ਬਾਅਦ ਯਿਸੂ ਨੇ ਪਤਰਸ ਨੂੰ ਕਿਹਾ, “ਮੇਰੇ ਪਿੱਛੇ ਚੱਲ ।”
ਪ੍ਰਭੂ ਯਿਸੂ ਅਤੇ ਉਹਨਾਂ ਦਾ ਪਿਆਰਾ ਚੇਲਾ
20 # ਲੂਕਾ 13:25 ਪਤਰਸ ਨੇ ਪਿੱਛੇ ਮੁੜ ਕੇ ਉਸ ਚੇਲੇ ਨੂੰ ਪਿੱਛੇ ਆਉਂਦੇ ਦੇਖਿਆ ਜਿਸ ਨੂੰ ਯਿਸੂ ਪਿਆਰ ਕਰਦੇ ਸਨ । ਇਹ ਉਹ ਚੇਲਾ ਸੀ ਜਿਹੜਾ ਭੋਜਨ ਕਰਦੇ ਹੋਏ ਯਿਸੂ ਦੇ ਸੱਜੇ ਪਾਸੇ ਜੁੜ ਕੇ ਬੈਠਾ ਹੋਇਆ ਸੀ ਅਤੇ ਜਿਸ ਨੇ ਪੁੱਛਿਆ ਸੀ, “ਪ੍ਰਭੂ ਜੀ, ਉਹ ਕੌਣ ਹੈ ਜਿਹੜਾ ਤੁਹਾਨੂੰ ਫੜਵਾਏਗਾ ?” 21ਜਦੋਂ ਪਤਰਸ ਨੇ ਉਸ ਨੂੰ ਦੇਖਿਆ ਤਾਂ ਯਿਸੂ ਤੋਂ ਪੁੱਛਿਆ, “ਪ੍ਰਭੂ ਜੀ, ਇਸ ਦਾ ਕੀ ਹੋਵੇਗਾ ?” 22ਯਿਸੂ ਨੇ ਉਸ ਨੂੰ ਕਿਹਾ, “ਜੇਕਰ ਮੈਂ ਚਾਹਾਂ ਕਿ ਇਹ ਮੇਰੇ ਆਉਣ ਤੱਕ ਜਿਊਂਦਾ ਰਹੇ, ਇਸ ਤੋਂ ਤੈਨੂੰ ਕੀ ? ਤੂੰ ਮੇਰੇ ਪਿੱਛੇ ਚੱਲ ।” 23ਇਸ ਲਈ ਇਹ ਗੱਲ ਭਰਾਵਾਂ ਵਿੱਚ ਫੈਲ ਗਈ ਕਿ ਉਹ ਚੇਲਾ ਕਦੀ ਨਹੀਂ ਮਰੇਗਾ ਪਰ ਯਿਸੂ ਨੇ ਇਹ ਨਹੀਂ ਕਿਹਾ ਸੀ ਕਿ ਉਹ ਨਹੀਂ ਮਰੇਗਾ ਸਗੋਂ ਇਹ ਕਿ, “ਜੇਕਰ ਮੇਰੀ ਮਰਜ਼ੀ ਹੋਵੇ ਕਿ ਉਹ ਮੇਰੇ ਆਉਣ ਤੱਕ ਜਿਊਂਦਾ ਰਹੇ ਪਰ ਇਸ ਤੋਂ ਤੈਨੂੰ ਕੀ ?”
24ਇਹ ਉਹ ਹੀ ਚੇਲਾ ਹੈ, ਜਿਹੜਾ ਇਹ ਗਵਾਹੀ ਦੇ ਰਿਹਾ ਹੈ ਅਤੇ ਜਿਸ ਨੇ ਇਹ ਗੱਲਾਂ ਲਿਖੀਆਂ ਹਨ । ਅਸੀਂ ਜਾਣਦੇ ਹਾਂ ਕਿ ਉਸ ਦੀ ਗਵਾਹੀ ਸੱਚੀ ਹੈ ।
ਸਮਾਪਤੀ
25ਹੋਰ ਵੀ ਬਹੁਤ ਸਾਰੇ ਕੰਮ ਯਿਸੂ ਨੇ ਕੀਤੇ । ਜੇਕਰ ਸਾਰੇ ਇੱਕ ਇੱਕ ਕਰ ਕੇ ਲਿਖੇ ਜਾਂਦੇ ਤਾਂ ਮੈਂ ਸੋਚਦਾ ਹਾਂ ਕਿ ਜਿਹੜੀਆਂ ਪੁਸਤਕਾਂ ਲਿਖੀਆਂ ਜਾਂਦੀਆਂ, ਉਹ ਸਾਰੇ ਸੰਸਾਰ ਵਿੱਚ ਵੀ ਨਾ ਸਮਾਉਂਦੀਆਂ ।

醒目顯示

分享

複製

None

想在你所有裝置上儲存你的醒目顯示?註冊帳戶或登入