ਯੂਹੰਨਾ 20

20
ਖ਼ਾਲੀ ਕਬਰ
(ਮੱਤੀ 28:1-8, ਮਰਕੁਸ 16:1-8, ਲੂਕਾ 24:1-12)
1ਐਤਵਾਰ#20:1 ਯਹੂਦੀਆਂ ਅਨੁਸਾਰ ਹਫ਼ਤੇ ਦਾ ਪਹਿਲਾ ਦਿਨ । ਦੇ ਦਿਨ ਤੜਕੇ ਜਦੋਂ ਅਜੇ ਹਨੇਰਾ ਸੀ ਮਰਿਯਮ ਮਗਦਲੀਨੀ ਕਬਰ ਉੱਤੇ ਗਈ ਅਤੇ ਦੇਖਿਆ ਕਿ ਕਬਰ ਦੇ ਮੂੰਹ ਦੇ ਉੱਤੋਂ ਪੱਥਰ ਹਟਿਆ ਹੋਇਆ ਹੈ । 2ਇਸ ਲਈ ਉਹ ਦੌੜਦੀ ਹੋਈ ਸ਼ਮਊਨ ਪਤਰਸ ਅਤੇ ਦੂਜੇ ਚੇਲੇ ਦੇ ਕੋਲ ਗਈ ਜਿਸ ਨੂੰ ਯਿਸੂ ਪਿਆਰ ਕਰਦੇ ਸਨ ਅਤੇ ਉਹਨਾਂ ਨੂੰ ਦੱਸਿਆ, “ਉਹ ਪ੍ਰਭੂ ਨੂੰ ਕਬਰ ਵਿੱਚੋਂ ਲੈ ਗਏ ਹਨ ਅਤੇ ਪਤਾ ਨਹੀਂ ਉਹਨਾਂ ਨੇ ਪ੍ਰਭੂ ਨੂੰ ਕਿੱਥੇ ਰੱਖਿਆ ਹੈ !” 3ਤਦ ਪਤਰਸ ਅਤੇ ਦੂਜਾ ਚੇਲਾ ਬਾਹਰ ਆਏ ਅਤੇ ਕਬਰ ਵੱਲ ਗਏ । 4ਉਹ ਦੋਵੇਂ ਦੌੜਦੇ ਹੋਏ ਜਾ ਰਹੇ ਸਨ ਪਰ ਦੂਜਾ ਚੇਲਾ ਪਤਰਸ ਤੋਂ ਅੱਗੇ ਲੰਘ ਗਿਆ ਅਤੇ ਕਬਰ ਉੱਤੇ ਪਹਿਲਾਂ ਪਹੁੰਚ ਗਿਆ । 5ਉਸ ਨੇ ਕਬਰ ਵਿੱਚ ਝੁਕ ਕੇ ਕਫ਼ਨ ਪਿਆ ਹੋਇਆ ਦੇਖਿਆ ਪਰ ਅੰਦਰ ਨਾ ਗਿਆ । 6ਉਸ ਦੇ ਪਿੱਛੋਂ ਸ਼ਮਊਨ ਪਤਰਸ ਵੀ ਆ ਪਹੁੰਚਿਆ ਅਤੇ ਉਹ ਸਿੱਧਾ ਕਬਰ ਦੇ ਅੰਦਰ ਚਲਾ ਗਿਆ । ਉਸ ਨੇ ਕਫ਼ਨ ਨੂੰ ਉੱਥੇ ਪਿਆ ਦੇਖਿਆ 7ਅਤੇ ਉਸ ਪਰਨੇ ਨੂੰ ਵੀ ਜਿਹੜਾ ਯਿਸੂ ਦੇ ਸਿਰ ਉੱਤੇ ਬੰਨ੍ਹਿਆ ਹੋਇਆ ਸੀ ਪਰ ਉਹ ਕਫ਼ਨ ਦੇ ਨਾਲ ਨਹੀਂ ਸੀ, ਉਹ ਉਸੇ ਤਰ੍ਹਾਂ ਲਪੇਟਿਆ ਹੋਇਆ ਵੱਖਰਾ ਸਿਰਹਾਣੇ ਵੱਲ ਪਿਆ ਹੋਇਆ ਸੀ । 8ਫਿਰ ਉਸੇ ਸਮੇਂ ਦੂਜਾ ਚੇਲਾ ਵੀ ਜਿਹੜਾ ਕਬਰ ਉੱਤੇ ਪਹਿਲਾਂ ਆਇਆ ਸੀ ਅੰਦਰ ਗਿਆ, ਉਸ ਨੇ ਦੇਖਿਆ ਅਤੇ ਵਿਸ਼ਵਾਸ ਕੀਤਾ । 9(ਕਿਉਂਕਿ ਉਹ ਉਸ ਸਮੇਂ ਤੱਕ ਪਵਿੱਤਰ-ਗ੍ਰੰਥ ਦੀ ਇਹ ਗੱਲ ਨਹੀਂ ਸਮਝੇ ਸਨ ਕਿ ਯਿਸੂ ਦਾ ਮੁਰਦਿਆਂ ਵਿੱਚੋਂ ਜੀਅ ਉੱਠਣਾ ਜ਼ਰੂਰੀ ਹੈ ।) 10ਫਿਰ ਉਹ ਦੋਵੇਂ ਚੇਲੇ ਘਰ ਨੂੰ ਵਾਪਸ ਚਲੇ ਗਏ ।
ਪ੍ਰਭੂ ਯਿਸੂ ਦਾ ਮਰਿਯਮ ਮਗਦਲੀਨੀ ਨੂੰ ਦਰਸ਼ਨ ਦੇਣਾ
(ਮੱਤੀ 28:9-10, ਮਰਕੁਸ 16:9-11)
11ਪਰ ਮਰਿਯਮ ਉੱਥੇ ਖੜ੍ਹੀ ਰੋਂਦੀ ਰਹੀ । ਰੋਂਦੇ ਰੋਂਦੇ ਉਸ ਨੇ ਝੁੱਕ ਕੇ ਕਬਰ ਵਿੱਚ ਦੇਖਿਆ 12ਅਤੇ ਦੋ ਸਵਰਗਦੂਤਾਂ ਨੂੰ ਚਿੱਟੇ ਵਸਤਰਾਂ ਵਿੱਚ ਜਿੱਥੇ ਯਿਸੂ ਦੀ ਲਾਸ਼ ਸੀ, ਬੈਠੇ ਹੋਏ ਦੇਖਿਆ, ਇੱਕ ਨੂੰ ਸਿਰ ਵਾਲੇ ਪਾਸੇ ਅਤੇ ਦੂਜੇ ਨੂੰ ਪੈਰਾਂ ਵੱਲ । 13ਸਵਰਗਦੂਤਾਂ ਨੇ ਮਰਿਯਮ ਨੂੰ ਕਿਹਾ, “ਬੀਬੀ, ਤੂੰ ਕਿਉਂ ਰੋਂਦੀ ਹੈਂ ?” ਉਸ ਨੇ ਉਹਨਾਂ ਨੂੰ ਉੱਤਰ ਦਿੱਤਾ, “ਉਹ ਮੇਰੇ ਪ੍ਰਭੂ ਨੂੰ ਲੈ ਗਏ ਹਨ ਅਤੇ ਮੈਨੂੰ ਪਤਾ ਨਹੀਂ ਉਹਨਾਂ ਨੇ ਪ੍ਰਭੂ ਨੂੰ ਕਿੱਥੇ ਰੱਖਿਆ ਹੈ ।” 14ਇਹ ਕਹਿ ਕੇ ਉਹ ਪਿੱਛੇ ਮੁੜੀ ਤਾਂ ਉਸ ਨੇ ਯਿਸੂ ਨੂੰ ਖੜ੍ਹੇ ਦੇਖਿਆ ਪਰ ਉਹ ਇਹ ਨਹੀਂ ਜਾਣਦੀ ਸੀ ਕਿ ਇਹ ਯਿਸੂ ਹਨ । 15ਯਿਸੂ ਨੇ ਉਸ ਨੂੰ ਕਿਹਾ, “ਬੀਬੀ, ਤੂੰ ਕਿਉਂ ਰੋ ਰਹੀ ਹੈਂ ? ਤੂੰ ਕਿਸ ਨੂੰ ਲੱਭ ਰਹੀ ਹੈਂ ?” ਪਰ ਮਰਿਯਮ ਨੇ ਉਹਨਾਂ ਨੂੰ ਮਾਲੀ ਸਮਝਦੇ ਹੋਏ ਕਿਹਾ, “ਸ੍ਰੀਮਾਨ ਜੀ, ਜੇਕਰ ਤੁਸੀਂ ਉਹਨਾਂ ਨੂੰ ਲੈ ਗਏ ਹੋ ਤਾਂ ਮੈਨੂੰ ਦੱਸੋ ਕਿ ਤੁਸੀਂ ਉਹਨਾਂ ਨੂੰ ਕਿੱਥੇ ਰੱਖਿਆ ਹੈ ਅਤੇ ਮੈਂ ਉਹਨਾਂ ਨੂੰ ਲੈ ਜਾਵਾਂਗੀ ।” 16ਯਿਸੂ ਨੇ ਉਸ ਨੂੰ ਕਿਹਾ, “ਮਰਿਯਮ !” ਇਹ ਸੁਣ ਕੇ ਉਹ ਮੁੜੀ ਅਤੇ ਇਕਦਮ ਇਬਰਾਨੀ ਭਾਸ਼ਾ ਵਿੱਚ ਕਿਹਾ, “ਰੱਬੋਨੀ” (ਜਿਸ ਦਾ ਅਰਥ ਹੈ, ਹੇ ਗੁਰੂ) । 17ਯਿਸੂ ਨੇ ਉਸ ਨੂੰ ਕਿਹਾ, “ਮੈਨੂੰ ਨਾ ਛੂਹ ਕਿਉਂਕਿ ਮੈਂ ਅਜੇ ਉੱਪਰ ਪਿਤਾ ਦੇ ਕੋਲ ਨਹੀਂ ਗਿਆ ਹਾਂ ਪਰ ਤੂੰ ਮੇਰੇ ਭਰਾਵਾਂ ਕੋਲ ਜਾ ਅਤੇ ਉਹਨਾਂ ਨੂੰ ਮੇਰੇ ਬਾਰੇ ਦੱਸ ਕਿ ਮੈਂ ਉਹਨਾਂ ਦੇ ਕੋਲ ਉੱਪਰ ਜਾ ਰਿਹਾ ਹਾਂ ਜੋ ਮੇਰੇ ਪਿਤਾ ਅਤੇ ਤੁਹਾਡੇ ਪਿਤਾ, ਮੇਰੇ ਪਰਮੇਸ਼ਰ ਅਤੇ ਤੁਹਾਡੇ ਪਰਮੇਸ਼ਰ ਹਨ ।” 18ਇਸ ਲਈ ਮਰਿਯਮ ਮਗਦਲੀਨੀ ਗਈ ਅਤੇ ਚੇਲਿਆਂ ਨੂੰ ਦੱਸਿਆ, “ਮੈਂ ਪ੍ਰਭੂ ਨੂੰ ਦੇਖਿਆ ਹੈ !” ਅਤੇ ਉਸ ਨੇ ਚੇਲਿਆਂ ਨੂੰ ਪ੍ਰਭੂ ਦਾ ਸੰਦੇਸ਼ ਦਿੱਤਾ ।
ਪ੍ਰਭੂ ਯਿਸੂ ਦਾ ਚੇਲਿਆਂ ਨੂੰ ਦਰਸ਼ਨ ਦੇਣਾ
(ਮੱਤੀ 28:16-20, ਮਰਕੁਸ 16:14-18, ਲੂਕਾ 24:36-49)
19ਉਸੇ ਦਿਨ ਐਤਵਾਰ ਦੀ ਸ਼ਾਮ ਨੂੰ ਜਦੋਂ ਚੇਲੇ ਯਹੂਦੀਆਂ ਦੇ ਡਰ ਦੇ ਮਾਰੇ ਦਰਵਾਜ਼ੇ ਬੰਦ ਕਰ ਕੇ ਇੱਕ ਥਾਂ ਇਕੱਠੇ ਹੋਏ ਸਨ ਤਾਂ ਯਿਸੂ ਆ ਕੇ ਉਹਨਾਂ ਦੇ ਵਿਚਕਾਰ ਖੜ੍ਹੇ ਹੋ ਗਏ ਅਤੇ ਉਹਨਾਂ ਨੂੰ ਕਿਹਾ, “ਤੁਹਾਨੂੰ ਸ਼ਾਂਤੀ ਮਿਲੇ ।” 20ਇਹ ਕਹਿ ਕੇ ਉਹਨਾਂ ਨੇ ਚੇਲਿਆਂ ਨੂੰ ਆਪਣੇ ਹੱਥ ਅਤੇ ਵੱਖੀ ਦਿਖਾਈ । ਚੇਲੇ ਪ੍ਰਭੂ ਨੂੰ ਦੇਖ ਕੇ ਬਹੁਤ ਖ਼ੁਸ਼ ਹੋਏ । 21ਇਸ ਲਈ ਯਿਸੂ ਨੇ ਫਿਰ ਉਹਨਾਂ ਨੂੰ ਕਿਹਾ, “ਤੁਹਾਨੂੰ ਸ਼ਾਂਤੀ ਮਿਲੇ । ਜਿਸ ਤਰ੍ਹਾਂ ਪਿਤਾ ਨੇ ਮੈਨੂੰ ਭੇਜਿਆ ਹੈ, ਮੈਂ ਵੀ ਤੁਹਾਨੂੰ ਭੇਜਦਾ ਹਾਂ ।” 22ਇਹ ਕਹਿਣ ਦੇ ਬਾਅਦ ਯਿਸੂ ਨੇ ਉਹਨਾਂ ਉੱਤੇ ਸਾਹ ਫੂਕਿਆ ਅਤੇ ਕਿਹਾ, “ਪਵਿੱਤਰ ਆਤਮਾ ਲਵੋ ! 23#ਮੱਤੀ 16:19, 18:18ਜੇਕਰ ਤੁਸੀਂ ਕਿਸੇ ਦੇ ਪਾਪ ਮਾਫ਼ ਕਰੋਗੇ ਤਾਂ ਉਹ ਮਾਫ਼ ਹੋ ਜਾਣਗੇ ਅਤੇ ਜੇਕਰ ਤੁਸੀਂ ਮਾਫ਼ ਨਾ ਕਰੋਗੇ ਤਾਂ ਉਹ ਮਾਫ਼ ਨਹੀਂ ਕੀਤੇ ਜਾਣਗੇ ।”
ਪ੍ਰਭੂ ਯਿਸੂ ਅਤੇ ਥੋਮਾ
24ਬਾਰ੍ਹਾਂ ਚੇਲਿਆਂ ਵਿੱਚੋਂ ਇੱਕ ਥੋਮਾ ਸੀ ਜਿਹੜਾ “ਦੀਦੁਮੁਸ” ਵੀ ਅਖਵਾਉਂਦਾ ਸੀ, ਜਦੋਂ ਯਿਸੂ ਆਏ ਤਾਂ ਉਹ ਚੇਲਿਆਂ ਦੇ ਨਾਲ ਨਹੀਂ ਸੀ । 25ਇਸ ਲਈ ਜਦੋਂ ਦੂਜੇ ਚੇਲਿਆਂ ਨੇ ਉਸ ਨੂੰ ਦੱਸਿਆ, “ਅਸੀਂ ਪ੍ਰਭੂ ਯਿਸੂ ਨੂੰ ਦੇਖਿਆ ਹੈ !” ਥੋਮਾ ਨੇ ਉਹਨਾਂ ਨੂੰ ਉੱਤਰ ਦਿੱਤਾ, “ਜਦੋਂ ਤੱਕ ਮੈਂ ਉਹਨਾਂ ਦੇ ਹੱਥਾਂ ਵਿੱਚ ਕਿੱਲਾਂ ਦੇ ਨਿਸ਼ਾਨ ਨਾ ਦੇਖਾਂ ਅਤੇ ਆਪਣੀ ਉਂਗਲ ਕਿੱਲਾਂ ਵਾਲੀ ਥਾਂ ਉੱਤੇ ਨਾ ਲਾਵਾਂ ਅਤੇ ਆਪਣਾ ਹੱਥ ਉਹਨਾਂ ਦੀ ਵੱਖੀ ਵਾਲੇ ਜ਼ਖ਼ਮ ਦੀ ਥਾਂ ਵਿੱਚ ਨਾ ਪਾਵਾਂ, ਮੈਂ ਵਿਸ਼ਵਾਸ ਨਹੀਂ ਕਰਾਂਗਾ ।”
26ਅੱਠ ਦਿਨਾਂ ਦੇ ਬਾਅਦ ਚੇਲੇ ਫਿਰ ਘਰ ਵਿੱਚ ਇਕੱਠੇ ਸਨ ਅਤੇ ਥੋਮਾ ਵੀ ਉਹਨਾਂ ਦੇ ਨਾਲ ਸੀ । ਦਰਵਾਜ਼ੇ ਬੰਦ ਸਨ ਪਰ ਫਿਰ ਵੀ ਯਿਸੂ ਅੰਦਰ ਆ ਗਏ ਅਤੇ ਉਹਨਾਂ ਦੇ ਵਿਚਕਾਰ ਖੜ੍ਹੇ ਹੋ ਕੇ ਕਿਹਾ, “ਤੁਹਾਨੂੰ ਸ਼ਾਂਤੀ ਮਿਲੇ ।” 27ਇਸ ਦੇ ਬਾਅਦ ਯਿਸੂ ਨੇ ਥੋਮਾ ਨੂੰ ਕਿਹਾ, “ਆਪਣੀ ਉਂਗਲੀ ਇੱਥੇ ਲਿਆ, ਦੇਖ ਮੇਰੇ ਹੱਥ ਅਤੇ ਆਪਣਾ ਹੱਥ ਮੇਰੀ ਵੱਖੀ ਵਿੱਚ ਪਾ ਕੇ ਦੇਖ । ਆਪਣੇ ਸ਼ੱਕ ਨੂੰ ਦੂਰ ਕਰ ਅਤੇ ਵਿਸ਼ਵਾਸ ਕਰ !” 28ਥੋਮਾ ਨੇ ਉਹਨਾਂ ਨੂੰ ਕਿਹਾ, “ਮੇਰੇ ਪ੍ਰਭੂ, ਮੇਰੇ ਪਰਮੇਸ਼ਰ !” 29ਯਿਸੂ ਨੇ ਉਸ ਨੂੰ ਕਿਹਾ, “ਕੀ ਤੂੰ ਇਸ ਲਈ ਵਿਸ਼ਵਾਸ ਕੀਤਾ ਹੈ ਕਿ ਤੂੰ ਮੈਨੂੰ ਦੇਖ ਲਿਆ ਹੈ ? ਪਰ ਧੰਨ ਉਹ ਹਨ ਜਿਹੜੇ ਮੈਨੂੰ ਦੇਖੇ ਬਿਨਾਂ ਮੇਰੇ ਵਿੱਚ ਵਿਸ਼ਵਾਸ ਕਰਦੇ ਹਨ ।”
ਇਸ ਸ਼ੁਭ ਸਮਾਚਾਰ ਦਾ ਉਦੇਸ਼
30ਯਿਸੂ ਨੇ ਹੋਰ ਵੀ ਬਹੁਤ ਸਾਰੇ ਚਮਤਕਾਰੀ ਚਿੰਨ੍ਹ ਆਪਣੇ ਚੇਲਿਆਂ ਨੂੰ ਦਿਖਾਏ ਜਿਹੜੇ ਇਸ ਪੁਸਤਕ ਵਿੱਚ ਨਹੀਂ ਲਿਖੇ ਗਏ ਹਨ । 31ਪਰ ਇਹ ਇਸ ਲਈ ਲਿਖੇ ਗਏ ਹਨ ਕਿ ਤੁਸੀਂ ਵਿਸ਼ਵਾਸ ਕਰੋ ਕਿ ਯਿਸੂ ਹੀ ਪਰਮੇਸ਼ਰ ਦੇ ਪੁੱਤਰ ਮਸੀਹ ਹਨ ਅਤੇ ਇਸ ਵਿਸ਼ਵਾਸ ਦੇ ਰਾਹੀਂ ਉਹਨਾਂ ਦੇ ਨਾਮ ਵਿੱਚ ਜੀਵਨ ਪ੍ਰਾਪਤ ਕਰੋ ।

醒目顯示

分享

複製

None

想在你所有裝置上儲存你的醒目顯示?註冊帳戶或登入