ਯੂਹੰਨਾ 18
18
ਪ੍ਰਭੂ ਯਿਸੂ ਦਾ ਗਰਿਫ਼ਤਾਰ ਕੀਤਾ ਜਾਣਾ
(ਮੱਤੀ 26:47-56, ਮਰਕੁਸ 14:43-50, ਲੂਕਾ 22:47-53)
1ਫਿਰ ਪ੍ਰਾਰਥਨਾ ਕਰਨ ਦੇ ਬਾਅਦ ਯਿਸੂ ਆਪਣੇ ਚੇਲਿਆਂ ਦੇ ਨਾਲ ਕਿਦਰੋਨ ਦੇ ਨਾਲੇ ਦੇ ਪਾਰ ਗਏ । ਉੱਥੇ ਇੱਕ ਬਾਗ਼ ਸੀ ਜਿਸ ਵਿੱਚ ਉਹ ਆਪਣੇ ਚੇਲਿਆਂ ਦੇ ਨਾਲ ਗਏ । 2ਯਹੂਦਾ ਜਿਹੜਾ ਉਹਨਾਂ ਨੂੰ ਫੜਵਾਉਣ ਵਾਲਾ ਸੀ, ਇਸ ਥਾਂ ਨੂੰ ਜਾਣਦਾ ਸੀ ਕਿਉਂਕਿ ਯਿਸੂ ਅਕਸਰ ਆਪਣੇ ਚੇਲਿਆਂ ਦੇ ਨਾਲ ਉੱਥੇ ਜਾਂਦੇ ਸਨ । 3ਇਸ ਲਈ ਯਹੂਦਾ ਸਿਪਾਹੀਆਂ, ਮਹਾਂ-ਪੁਰੋਹਿਤਾਂ ਅਤੇ ਫ਼ਰੀਸੀਆਂ ਦੇ ਕੁਝ ਸੇਵਕਾਂ ਦੇ ਇੱਕ ਦਲ ਨੂੰ ਨਾਲ ਲੈ ਕੇ ਉੱਥੇ ਆਇਆ । ਉਹਨਾਂ ਦੇ ਕੋਲ ਲਾਲਟੈਨਾਂ, ਮਸ਼ਾਲਾਂ ਅਤੇ ਹਥਿਆਰ ਸਨ । 4ਯਿਸੂ ਇਹ ਸਭ ਕੁਝ ਜਾਣਦੇ ਹੋਏ ਕਿ ਉਹਨਾਂ ਦੇ ਨਾਲ ਕੀ ਹੋਣ ਵਾਲਾ ਹੈ, ਅੱਗੇ ਵਧੇ ਅਤੇ ਉਹਨਾਂ ਨੂੰ ਕਿਹਾ, “ਤੁਸੀਂ ਕਿਸ ਨੂੰ ਲੱਭ ਰਹੇ ਹੋ ?” 5ਉਹਨਾਂ ਨੇ ਉੱਤਰ ਦਿੱਤਾ, “ਨਾਸਰਤ ਦੇ ਰਹਿਣ ਵਾਲੇ ਯਿਸੂ ਨੂੰ ।” ਯਿਸੂ ਨੇ ਕਿਹਾ, “ਮੈਂ ਹੀ ਹਾਂ ।” ਉਸ ਵੇਲੇ ਉਹਨਾਂ ਨੂੰ ਫੜਵਾਉਣ ਵਾਲਾ ਯਹੂਦਾ ਵੀ ਉੱਥੇ ਸੀ ।
6ਜਦੋਂ ਯਿਸੂ ਨੇ ਕਿਹਾ, “ਮੈਂ ਹੀ ਹਾਂ,” ਉਹ ਲੋਕ ਪਿੱਛੇ ਹਟ ਗਏ ਅਤੇ ਜ਼ਮੀਨ ਉੱਤੇ ਡਿੱਗ ਪਏ । 7ਯਿਸੂ ਨੇ ਉਹਨਾਂ ਨੂੰ ਦੁਬਾਰਾ ਪੁੱਛਿਆ, “ਤੁਸੀਂ ਕਿਸ ਨੂੰ ਲੱਭ ਰਹੇ ਹੋ ?” ਉਹਨਾਂ ਨੇ ਕਿਹਾ, “ਨਾਸਰਤ ਦੇ ਰਹਿਣ ਵਾਲੇ ਯਿਸੂ ਨੂੰ ।” 8ਯਿਸੂ ਨੇ ਉੱਤਰ ਦਿੱਤਾ, “ਮੈਂ ਤੁਹਾਨੂੰ ਦੱਸ ਚੁੱਕਾ ਹਾਂ ਕਿ ਉਹ ਮੈਂ ਹੀ ਹਾਂ । ਇਸ ਲਈ ਜੇਕਰ ਤੁਸੀਂ ਮੈਨੂੰ ਲੱਭ ਰਹੇ ਹੋ ਤਾਂ ਇਹਨਾਂ ਨੂੰ ਜਾਣ ਦਿਓ ।” 9(ਤਾਂ ਜੋ ਉਹਨਾਂ ਦਾ ਉਹ ਕਿਹਾ ਹੋਇਆ ਵਚਨ ਪੂਰਾ ਹੋਵੇ, “ਜਿਹੜੇ ਤੁਸੀਂ ਮੈਨੂੰ ਦਿੱਤੇ ਹਨ ਉਹਨਾਂ ਵਿੱਚੋਂ ਇੱਕ ਨੂੰ ਵੀ ਮੈਂ ਨਾਸ਼ ਨਹੀਂ ਹੋਣ ਦਿੱਤਾ ।”) 10ਸ਼ਮਊਨ ਪਤਰਸ ਦੇ ਕੋਲ ਇੱਕ ਤਲਵਾਰ ਸੀ ਜੋ ਉਸ ਨੇ ਕੱਢ ਕੇ ਮਹਾਂ-ਪੁਰੋਹਿਤ ਦੇ ਇੱਕ ਸੇਵਕ ਉੱਤੇ ਚਲਾਈ ਅਤੇ ਉਸ ਦਾ ਸੱਜਾ ਕੰਨ ਵੱਢ ਦਿੱਤਾ । ਉਸ ਸੇਵਕ ਦਾ ਨਾਂ ਮਲਖੁਸ ਸੀ । 11#ਮੱਤੀ 26:39, ਮਰ 14:36, ਲੂਕਾ 22:42ਯਿਸੂ ਨੇ ਪਤਰਸ ਨੂੰ ਕਿਹਾ, “ਤਲਵਾਰ ਨੂੰ ਮਿਆਨ ਵਿੱਚ ਰੱਖ । ਕੀ ਮੈਂ ਦੁੱਖਾਂ ਦਾ ਉਹ ਪਿਆਲਾ ਜਿਹੜਾ ਮੇਰੇ ਪਿਤਾ ਨੇ ਮੈਨੂੰ ਦਿੱਤਾ ਹੈ, ਨਾ ਪੀਵਾਂ ?”
ਪ੍ਰਭੂ ਯਿਸੂ ਦੀ ਮਹਾਂ-ਪੁਰੋਹਿਤ ਦੇ ਸਾਹਮਣੇ ਪੇਸ਼ੀ
12ਫਿਰ ਫ਼ੌਜੀ ਦਲ, ਕਪਤਾਨ ਅਤੇ ਯਹੂਦੀਆਂ ਦੇ ਸੇਵਕਾਂ ਨੇ ਯਿਸੂ ਨੂੰ ਗਰਿਫ਼ਤਾਰ ਕਰ ਕੇ ਬੰਨ੍ਹ ਦਿੱਤਾ । 13ਉਹ ਉਹਨਾਂ ਨੂੰ ਪਹਿਲਾਂ ਅੱਨਾਸ ਦੇ ਕੋਲ ਲੈ ਗਏ ਜਿਹੜਾ ਉਸ ਸਾਲ ਦੇ ਮਹਾਂ-ਪੁਰੋਹਿਤ ਕਾਇਫ਼ਾ ਦਾ ਸਹੁਰਾ ਸੀ । 14#ਯੂਹ 11:49-50ਇਹ ਕਾਇਫ਼ਾ ਹੀ ਸੀ ਜਿਸ ਨੇ ਯਹੂਦੀਆਂ ਨੂੰ ਇਹ ਸਲਾਹ ਦਿੱਤੀ ਸੀ ਕਿ ਸਾਰੀ ਕੌਮ ਦੇ ਬਦਲੇ ਇੱਕ ਆਦਮੀ ਦਾ ਮਰਨਾ ਬਿਹਤਰ ਹੈ ।
ਪਤਰਸ ਪ੍ਰਭੂ ਯਿਸੂ ਦਾ ਇਨਕਾਰ ਕਰਦਾ ਹੈ
(ਮੱਤੀ 26:69-70, ਮਰਕੁਸ 14:66-68, ਲੂਕਾ 22:55-57)
15ਸ਼ਮਊਨ ਪਤਰਸ ਅਤੇ ਇੱਕ ਹੋਰ ਚੇਲਾ ਯਿਸੂ ਦੇ ਪਿੱਛੇ ਪਿੱਛੇ ਗਏ । ਉਹ ਚੇਲਾ ਮਹਾਂ-ਪੁਰੋਹਿਤ ਦਾ ਵਾਕਫ਼ ਸੀ । ਇਸ ਲਈ ਉਹ ਯਿਸੂ ਦੇ ਨਾਲ ਮਹਾਂ-ਪੁਰੋਹਿਤ ਦੇ ਵਿਹੜੇ ਵਿੱਚ ਚਲਾ ਗਿਆ । 16ਪਰ ਪਤਰਸ ਦਰਵਾਜ਼ੇ ਦੇ ਬਾਹਰ ਹੀ ਖੜ੍ਹਾ ਰਿਹਾ ਤਦ ਉਹ ਚੇਲਾ ਜਿਹੜਾ ਮਹਾਂ-ਪੁਰੋਹਿਤ ਦਾ ਵਾਕਫ਼ ਸੀ, ਬਾਹਰ ਆਇਆ ਅਤੇ ਦਰਵਾਜ਼ੇ ਦੀ ਸੁਰੱਖਿਆ ਕਰਨ ਵਾਲੀ ਲੜਕੀ ਨੂੰ ਕਹਿ ਕੇ ਪਤਰਸ ਨੂੰ ਅੰਦਰ ਲੈ ਗਿਆ । 17ਉਸ ਦਰਵਾਜ਼ੇ ਦੀ ਸੁਰੱਖਿਆ ਕਰਨ ਵਾਲੀ ਲੜਕੀ ਨੇ ਪਤਰਸ ਨੂੰ ਕਿਹਾ, “ਕੀ ਤੂੰ ਉਸ ਆਦਮੀ ਦੇ ਚੇਲਿਆਂ ਵਿੱਚੋਂ ਨਹੀਂ ਹੈਂ ?” ਪਤਰਸ ਨੇ ਉੱਤਰ ਦਿੱਤਾ, “ਨਹੀਂ, ਮੈਂ ਨਹੀਂ ਹਾਂ ।”
18ਠੰਢ ਬਹੁਤ ਸੀ ਇਸ ਲਈ ਸੇਵਕਾਂ ਅਤੇ ਸਿਪਾਹੀਆਂ ਨੇ ਕੋਲਿਆਂ ਦੀ ਅੱਗ ਬਾਲੀ ਹੋਈ ਸੀ ਅਤੇ ਉਹ ਖੜ੍ਹੇ ਹੋ ਕੇ ਅੱਗ ਸੇਕ ਰਹੇ ਸਨ । ਪਤਰਸ ਵੀ ਉਹਨਾਂ ਨਾਲ ਅੱਗ ਸੇਕਣ ਲੱਗ ਪਿਆ ।
ਮਹਾਂ-ਪੁਰੋਹਿਤ ਪ੍ਰਭੂ ਯਿਸੂ ਕੋਲੋਂ ਸਵਾਲ ਪੁੱਛਦਾ ਹੈ
(ਮੱਤੀ 26:59-66, ਮਰਕੁਸ 14:55-64, ਲੂਕਾ 22:66-71)
19 ਮਹਾਂ-ਪੁਰੋਹਿਤ ਨੇ ਯਿਸੂ ਕੋਲੋਂ ਉਹਨਾਂ ਦੇ ਚੇਲਿਆਂ ਅਤੇ ਯਿਸੂ ਦੀਆਂ ਸਿੱਖਿਆਵਾਂ ਦੇ ਬਾਰੇ ਪੁੱਛਿਆ । 20ਯਿਸੂ ਨੇ ਉੱਤਰ ਦਿੱਤਾ, “ਮੈਂ ਸਾਰਿਆਂ ਦੇ ਨਾਲ ਖੁਲ੍ਹੇਆਮ ਗੱਲਾਂ ਕੀਤੀਆਂ ਹਨ । ਮੈਂ ਹਮੇਸ਼ਾ ਪ੍ਰਾਰਥਨਾ ਘਰਾਂ ਅਤੇ ਹੈਕਲ ਵਿੱਚ ਜਿੱਥੇ ਸਾਰੇ ਯਹੂਦੀ ਆਉਂਦੇ ਹਨ, ਸਿੱਖਿਆ ਦਿੱਤੀ ਹੈ । ਮੈਂ ਕਦੀ ਵੀ ਕੁਝ ਲੁਕਾ ਕੇ ਨਹੀਂ ਕਿਹਾ । 21ਤੁਸੀਂ ਮੇਰੇ ਕੋਲੋਂ ਕਿਉਂ ਪੁੱਛਦੇ ਹੋ ? ਸੁਣਨ ਵਾਲਿਆਂ ਤੋਂ ਹੀ ਪੁੱਛ ਲਵੋ ਕਿ ਮੈਂ ਉਹਨਾਂ ਨੂੰ ਕੀ ਦੱਸਿਆ ਹੈ । ਉਹ ਜਾਣਦੇ ਹਨ ਕਿ ਮੈਂ ਉਹਨਾਂ ਨੂੰ ਕੀ ਦੱਸਿਆ ਹੈ ।” 22ਜਦੋਂ ਯਿਸੂ ਨੇ ਇਹ ਕਿਹਾ ਤਾਂ ਕੋਲ ਖੜ੍ਹੇ ਇੱਕ ਸੇਵਕ ਨੇ ਯਿਸੂ ਨੂੰ ਚਪੇੜ ਮਾਰੀ ਅਤੇ ਕਿਹਾ, “ਤੂੰ ਮਹਾਂ-ਪੁਰੋਹਿਤ ਨੂੰ ਇਸ ਤਰ੍ਹਾਂ ਉੱਤਰ ਦਿੰਦਾ ਹੈਂ ?” 23ਯਿਸੂ ਨੇ ਉਸ ਨੂੰ ਉੱਤਰ ਦਿੱਤਾ, “ਜੇਕਰ ਮੈਂ ਕੁਝ ਗ਼ਲਤ ਕਿਹਾ ਹੈ ਤਾਂ ਉਹ ਤੂੰ ਸਾਰਿਆਂ ਦੇ ਸਾਹਮਣੇ ਸਿੱਧ ਕਰ ਪਰ ਜੇ ਮੈਂ ਠੀਕ ਕਿਹਾ ਹੈ ਤਾਂ ਤੂੰ ਮੈਨੂੰ ਕਿਉਂ ਮਾਰਿਆ ਹੈ ?” 24ਇਸ ਦੇ ਬਾਅਦ ਅੱਨਾਸ ਨੇ ਯਿਸੂ ਨੂੰ ਜੋ ਅਜੇ ਵੀ ਬੰਨ੍ਹੇ ਹੋਏ ਸਨ ਕਾਇਫ਼ਾ ਮਹਾਂ-ਪੁਰੋਹਿਤ ਦੇ ਕੋਲ ਭੇਜ ਦਿੱਤਾ ।
ਪਤਰਸ ਦੁਬਾਰਾ ਪ੍ਰਭੂ ਯਿਸੂ ਦਾ ਇਨਕਾਰ ਕਰਦਾ ਹੈ
(ਮੱਤੀ 26:71-75, ਮਰਕੁਸ 14:69-72, ਲੂਕਾ 22:58-62)
25ਸ਼ਮਊਨ ਪਤਰਸ ਅਜੇ ਤੱਕ ਉੱਥੇ ਖੜ੍ਹਾ ਅੱਗ ਸੇਕ ਰਿਹਾ ਸੀ । ਇਸ ਲਈ ਲੋਕਾਂ ਨੇ ਉਸ ਨੂੰ ਕਿਹਾ, “ਕੀ ਤੂੰ ਵੀ ਉਸ ਆਦਮੀ ਦੇ ਚੇਲਿਆਂ ਦੇ ਵਿੱਚੋਂ ਨਹੀਂ ਹੈਂ ?” ਉਸ ਨੇ ਇਨਕਾਰ ਕੀਤਾ ਅਤੇ ਕਿਹਾ, “ਨਹੀਂ, ਮੈਂ ਨਹੀਂ ਹਾਂ ।” 26ਮਹਾਂ-ਪੁਰੋਹਿਤ ਦੇ ਸੇਵਕਾਂ ਵਿੱਚੋਂ ਇੱਕ ਜਿਹੜਾ ਉਸ ਆਦਮੀ ਦਾ ਰਿਸ਼ਤੇਦਾਰ ਸੀ ਜਿਸ ਦਾ ਕੰਨ ਪਤਰਸ ਨੇ ਵੱਢਿਆ ਸੀ, ਉਸ ਨੇ ਕਿਹਾ, “ਕੀ ਮੈਂ ਤੈਨੂੰ ਬਾਗ਼ ਵਿੱਚ ਉਸ ਦੇ ਨਾਲ ਨਹੀਂ ਦੇਖਿਆ ਸੀ ?” 27ਪਤਰਸ ਨੇ ਫਿਰ ਕਿਹਾ, “ਨਹੀਂ,” ਅਤੇ ਇਕਦਮ ਕੁੱਕੜ ਨੇ ਬਾਂਗ ਦਿੱਤੀ ।
ਪ੍ਰਭੂ ਯਿਸੂ ਦੀ ਰਾਜਪਾਲ ਪਿਲਾਤੁਸ ਦੇ ਸਾਹਮਣੇ ਪੇਸ਼ੀ
(ਮੱਤੀ 27:1-2,11-14, ਮਰਕੁਸ 15:1-5, ਲੂਕਾ 23:1-5)
28ਫਿਰ ਉਹ ਯਿਸੂ ਨੂੰ ਕਾਇਫ਼ਾ ਦੇ ਘਰ ਤੋਂ ਰੋਮੀ ਰਾਜਪਾਲ ਦੇ ਰਾਜਭਵਨ ਵਿੱਚ ਲੈ ਗਏ । ਅਜੇ ਬਹੁਤ ਸਵੇਰ ਸੀ ਅਤੇ ਯਹੂਦੀ ਅਧਿਕਾਰੀ ਆਪ ਰਾਜਭਵਨ ਦੇ ਅੰਦਰ ਨਾ ਗਏ ਕਿ ਕਿਤੇ ਉਹ ਪਸਾਹ ਖਾਣ ਤੋਂ ਪਹਿਲਾਂ ਅਸ਼ੁੱਧ ਨਾ ਹੋ ਜਾਣ । 29ਇਸ ਲਈ ਪਿਲਾਤੁਸ ਆਪ ਉਹਨਾਂ ਦੇ ਕੋਲ ਬਾਹਰ ਆਇਆ ਅਤੇ ਪੁੱਛਿਆ, “ਤੁਸੀਂ ਇਸ ਮਨੁੱਖ ਉੱਤੇ ਕੀ ਦੋਸ਼ ਲਾਉਂਦੇ ਹੋ ?” 30ਉਹਨਾਂ ਨੇ ਉੱਤਰ ਦਿੱਤਾ, “ਜੇਕਰ ਇਹ ਆਦਮੀ ਦੋਸ਼ੀ ਨਾ ਹੁੰਦਾ ਤਾਂ ਅਸੀਂ ਇਸ ਨੂੰ ਤੁਹਾਡੇ ਹਵਾਲੇ ਨਾ ਕਰਦੇ ।” 31ਪਿਲਾਤੁਸ ਨੇ ਉਹਨਾਂ ਨੂੰ ਕਿਹਾ, “ਤੁਸੀਂ ਇਸ ਨੂੰ ਲੈ ਜਾਓ ਅਤੇ ਆਪਣੀ ਵਿਵਸਥਾ ਦੇ ਅਨੁਸਾਰ ਇਸ ਦਾ ਨਿਆਂ ਕਰੋ ।” ਪਰ ਉਹ ਬੋਲੇ, “ਸਾਨੂੰ ਕਿਸੇ ਨੂੰ ਮੌਤ ਦੀ ਸਜ਼ਾ ਦੇਣ ਦਾ ਅਧਿਕਾਰ ਨਹੀਂ ਹੈ ।” 32#ਯੂਹ 3:14, 12:32(ਇਹ ਇਸ ਲਈ ਹੋਇਆ ਕਿ ਯਿਸੂ ਦੇ ਕਹੇ ਹੋਏ ਉਹ ਵਚਨ ਪੂਰੇ ਹੋਣ ਜਿਹਨਾਂ ਦੇ ਰਾਹੀਂ ਉਹਨਾਂ ਨੇ ਦੱਸਿਆ ਸੀ ਕਿ ਉਹਨਾਂ ਦੀ ਮੌਤ ਕਿਸ ਤਰ੍ਹਾਂ ਦੀ ਹੋਵੇਗੀ ।)
33 ਪਿਲਾਤੁਸ ਫਿਰ ਰਾਜਭਵਨ ਦੇ ਅੰਦਰ ਗਿਆ ਅਤੇ ਯਿਸੂ ਨੂੰ ਆਪਣੇ ਕੋਲ ਸੱਦ ਕੇ ਪੁੱਛਿਆ, “ਕੀ ਤੂੰ ਯਹੂਦੀਆਂ ਦਾ ਰਾਜਾ ਹੈਂ ?” 34ਯਿਸੂ ਨੇ ਉੱਤਰ ਦਿੱਤਾ, “ਕੀ ਇਹ ਪ੍ਰਸ਼ਨ ਤੁਹਾਡਾ ਆਪਣਾ ਹੈ ਜਾਂ ਦੂਜਿਆਂ ਨੇ ਮੇਰੇ ਬਾਰੇ ਤੁਹਾਨੂੰ ਇਹ ਦੱਸਿਆ ਹੈ ?” 35ਪਿਲਾਤੁਸ ਨੇ ਉੱਤਰ ਦਿੱਤਾ, “ਕੀ ਮੈਂ ਯਹੂਦੀ ਹਾਂ ? ਤੇਰੀ ਕੌਮ ਦੇ ਲੋਕਾਂ ਅਤੇ ਮਹਾਂ-ਪੁਰੋਹਿਤਾਂ ਨੇ ਹੀ ਤੈਨੂੰ ਮੇਰੇ ਹਵਾਲੇ ਕੀਤਾ ਹੈ । ਤੂੰ ਕੀ ਕੀਤਾ ਹੈ ?” 36ਯਿਸੂ ਨੇ ਉੱਤਰ ਦਿੱਤਾ, “ਮੇਰਾ ਰਾਜ ਇਸ ਸੰਸਾਰ ਦਾ ਨਹੀਂ ਹੈ । ਜੇਕਰ ਮੇਰਾ ਰਾਜ ਇਸ ਸੰਸਾਰ ਦਾ ਹੁੰਦਾ ਤਾਂ ਮੇਰੇ ਸੇਵਕ ਮੇਰੇ ਵੱਲੋਂ ਲੜਦੇ ਅਤੇ ਮੈਂ ਯਹੂਦੀਆਂ ਦੇ ਹਵਾਲੇ ਨਾ ਕੀਤਾ ਜਾਂਦਾ । ਮੇਰਾ ਰਾਜ ਇਸ ਸੰਸਾਰ ਦਾ ਨਹੀਂ ਹੈ ।” 37ਇਸ ਲਈ ਪਿਲਾਤੁਸ ਨੇ ਕਿਹਾ, “ਫਿਰ ਕੀ ਤੂੰ ਰਾਜਾ ਹੈਂ ?” ਯਿਸੂ ਨੇ ਉੱਤਰ ਦਿੱਤਾ, “ਤੁਸੀਂ ਆਪ ਹੀ ਕਹਿ ਰਹੇ ਹੋ ਕਿ ਮੈਂ ਰਾਜਾ ਹਾਂ । ਮੈਂ ਇਸ ਲਈ ਜਨਮ ਲਿਆ ਹੈ ਅਤੇ ਇਸ ਸੰਸਾਰ ਵਿੱਚ ਆਇਆ ਹਾਂ ਕਿ ਸੱਚ ਦੀ ਗਵਾਹੀ ਦੇਵਾਂ । ਉਹ ਸਾਰੇ ਜਿਹੜੇ ਸੱਚ ਵੱਲ ਹਨ, ਮੇਰੀ ਆਵਾਜ਼ ਨੂੰ ਸੁਣਦੇ ਹਨ ।” 38ਪਿਲਾਤੁਸ ਨੇ ਯਿਸੂ ਤੋਂ ਪੁੱਛਿਆ, “ਸੱਚ ਕੀ ਹੈ ?”
ਪ੍ਰਭੂ ਯਿਸੂ ਨੂੰ ਮੌਤ ਦੀ ਸਜ਼ਾ ਦਿੱਤੀ ਜਾਂਦੀ ਹੈ
(ਮੱਤੀ 27:15-31, ਮਰਕੁਸ 15:6-20, ਲੂਕਾ 23:13-25)
ਇਹ ਕਹਿਣ ਦੇ ਬਾਅਦ ਪਿਲਾਤੁਸ ਫਿਰ ਯਹੂਦੀਆਂ ਦੇ ਕੋਲ ਬਾਹਰ ਗਿਆ ਅਤੇ ਕਿਹਾ, “ਮੈਨੂੰ ਉਸ ਵਿੱਚ ਸਜ਼ਾ ਦੇ ਯੋਗ ਕੋਈ ਦੋਸ਼ ਨਹੀਂ ਲੱਭਿਆ । 39ਪਰ ਤੁਹਾਡੀ ਰੀਤ ਦੇ ਅਨੁਸਾਰ ਮੈਂ ਪਸਾਹ ਵਾਲੇ ਦਿਨ ਤੁਹਾਡੇ ਲਈ ਇੱਕ ਕੈਦੀ ਨੂੰ ਛੱਡਦਾ ਹਾਂ । ਕੀ ਤੁਸੀਂ ਚਾਹੁੰਦੇ ਹੋ ਕਿ ਮੈਂ ਤੁਹਾਡੇ ਲਈ ਯਹੂਦੀਆਂ ਦੇ ਰਾਜੇ ਨੂੰ ਛੱਡ ਦੇਵਾਂ ?” 40ਪਰ ਉਹਨਾਂ ਨੇ ਉੱਚੀ ਆਵਾਜ਼ ਵਿੱਚ ਕਿਹਾ, “ਇਸ ਨੂੰ ਨਹੀਂ ਪਰ ਬਰੱਬਾਸ ਨੂੰ ਛੱਡ ਦੇਵੋ !” (ਬਰੱਬਾਸ ਇੱਕ ਡਾਕੂ ਸੀ ।)
Punjabi Common Language (North American Version):
Text © 2021 Canadian Bible Society and Bible Society of India