ਯੂਹੰਨਾ 11
11
ਲਾਜ਼ਰ ਦੀ ਮੌਤ
1 #
ਲੂਕਾ 10:38-39
ਲਾਜ਼ਰ ਨਾਂ ਦਾ ਇੱਕ ਆਦਮੀ ਸੀ । ਉਹ ਬਹੁਤ ਬਿਮਾਰ ਹੋ ਗਿਆ । ਉਹ ਬੈਤਅਨੀਆ ਪਿੰਡ ਦਾ ਰਹਿਣ ਵਾਲਾ ਸੀ ਜਿੱਥੇ ਉਸ ਦੀਆਂ ਭੈਣਾਂ ਮਰਿਯਮ ਅਤੇ ਮਾਰਥਾ ਰਹਿੰਦੀਆਂ ਸਨ । 2#ਯੂਹ 12:3(ਇਹ ਉਹ ਹੀ ਮਰਿਯਮ ਸੀ ਜਿਸ ਨੇ ਪ੍ਰਭੂ ਦੇ ਉੱਤੇ ਅਤਰ ਡੋਲ੍ਹ ਕੇ ਉਹਨਾਂ ਦੇ ਚਰਨਾਂ ਨੂੰ ਆਪਣੇ ਵਾਲਾਂ ਨਾਲ ਪੂੰਝਿਆ ਸੀ । ਇਸੇ ਦਾ ਭਰਾ ਲਾਜ਼ਰ ਬਿਮਾਰ ਸੀ ।) 3ਭੈਣਾਂ ਨੇ ਪ੍ਰਭੂ ਯਿਸੂ ਨੂੰ ਇਹ ਸੁਨੇਹਾ ਭੇਜਿਆ, “ਪ੍ਰਭੂ ਜੀ, ਤੁਹਾਡਾ ਪਿਆਰਾ ਮਿੱਤਰ ਬਿਮਾਰ ਹੈ ।” 4ਜਦੋਂ ਯਿਸੂ ਨੇ ਇਹ ਸੁਣਿਆ ਤਾਂ ਉਹਨਾਂ ਨੇ ਕਿਹਾ, “ਇਸ ਬਿਮਾਰੀ ਦਾ ਅੰਤ ਮੌਤ ਨਹੀਂ ਹੈ ਸਗੋਂ ਇਹ ਪਰਮੇਸ਼ਰ ਦੀ ਮਹਿਮਾ ਦੇ ਲਈ ਹੈ । ਇਸ ਦੇ ਰਾਹੀਂ ਪਰਮੇਸ਼ਰ ਦੇ ਪੁੱਤਰ ਦੀ ਵਡਿਆਈ ਹੋਵੇਗੀ ।”
5ਯਿਸੂ ਮਾਰਥਾ, ਉਸ ਦੀ ਭੈਣ ਅਤੇ ਲਾਜ਼ਰ ਨੂੰ ਪਿਆਰ ਕਰਦੇ ਸਨ । 6ਜਦੋਂ ਯਿਸੂ ਨੇ ਸੁਣਿਆ ਕਿ ਲਾਜ਼ਰ ਬਿਮਾਰ ਹੈ ਤਾਂ ਉਹ ਜਿੱਥੇ ਸਨ, ਉਸ ਥਾਂ ਉੱਤੇ ਦੋ ਦਿਨ ਹੋਰ ਠਹਿਰ ਗਏ । 7ਇਸ ਦੇ ਬਾਅਦ ਉਹਨਾਂ ਨੇ ਆਪਣੇ ਚੇਲਿਆਂ ਨੂੰ ਕਿਹਾ, “ਆਓ, ਅਸੀਂ ਫਿਰ ਯਹੂਦਿਯਾ ਨੂੰ ਚੱਲੀਏ ।” 8ਚੇਲਿਆਂ ਨੇ ਉਹਨਾਂ ਨੂੰ ਕਿਹਾ, “ਹੇ ਰੱਬੀ, ਕੁਝ ਸਮਾਂ ਪਹਿਲਾਂ ਹੀ ਯਹੂਦੀ ਤੁਹਾਨੂੰ ਪਥਰਾਓ ਕਰਨਾ ਚਾਹੁੰਦੇ ਸਨ ਅਤੇ ਕੀ ਤੁਸੀਂ ਫਿਰ ਉੱਥੇ ਹੀ ਜਾਣਾ ਚਾਹੁੰਦੇ ਹੋ ?” 9ਯਿਸੂ ਨੇ ਉੱਤਰ ਦਿੱਤਾ, “ਕੀ ਦਿਨ ਦੇ ਬਾਰ੍ਹਾਂ ਘੰਟੇ ਨਹੀਂ ਹੁੰਦੇ ? ਜੇਕਰ ਕੋਈ ਦਿਨ ਵਿੱਚ ਚੱਲੇ ਤਾਂ ਉਹ ਠੋਕਰ ਨਹੀਂ ਖਾਂਦਾ ਕਿਉਂਕਿ ਉਹ ਇਸ ਸੰਸਾਰ ਦੇ ਚਾਨਣ ਨੂੰ ਦੇਖਦਾ ਹੈ । 10ਪਰ ਜੇਕਰ ਕੋਈ ਰਾਤ ਨੂੰ ਚੱਲਦਾ ਹੈ ਤਾਂ ਉਹ ਠੋਕਰ ਖਾਂਦਾ ਹੈ ਕਿਉਂਕਿ ਉਸ ਵਿੱਚ ਚਾਨਣ ਨਹੀਂ ਹੈ ।” 11ਇਹ ਕਹਿਣ ਦੇ ਬਾਅਦ ਯਿਸੂ ਨੇ ਫਿਰ ਉਹਨਾਂ ਨੂੰ ਕਿਹਾ, “ਸਾਡਾ ਮਿੱਤਰ ਲਾਜ਼ਰ ਸੌਂ ਗਿਆ ਹੈ । ਮੈਂ ਉਸ ਨੂੰ ਜਗਾਉਣ ਲਈ ਜਾ ਰਿਹਾ ਹਾਂ ।” 12ਪਰ ਚੇਲਿਆਂ ਨੇ ਉਹਨਾਂ ਨੂੰ ਕਿਹਾ, “ਗੁਰੂ ਜੀ, ਜੇਕਰ ਉਹ ਸੌਂ ਗਿਆ ਹੈ ਤਾਂ ਉਹ ਚੰਗਾ ਹੋ ਜਾਵੇਗਾ ।” 13ਯਿਸੂ ਨੇ ਲਾਜ਼ਰ ਦੀ ਮੌਤ ਦੇ ਬਾਰੇ ਕਿਹਾ ਸੀ ਪਰ ਚੇਲਿਆਂ ਨੇ ਸਮਝਿਆ ਕਿ ਉਹਨਾਂ ਨੇ ਸਧਾਰਨ ਨੀਂਦ ਦੇ ਬਾਰੇ ਕਿਹਾ ਸੀ । 14ਇਸ ਲਈ ਫਿਰ ਯਿਸੂ ਨੇ ਉਹਨਾਂ ਨੂੰ ਸਾਫ਼ ਸ਼ਬਦਾਂ ਵਿੱਚ ਕਿਹਾ, “ਲਾਜ਼ਰ ਮਰ ਗਿਆ ਹੈ । 15ਤੁਹਾਡੇ ਲਈ ਮੈਂ ਖ਼ੁਸ਼ ਹਾਂ ਕਿ ਮੈਂ ਉੱਥੇ ਨਹੀਂ ਸੀ ਕਿ ਤੁਸੀਂ ਵਿਸ਼ਵਾਸ ਕਰੋ । ਆਓ, ਅਸੀਂ ਉਸ ਕੋਲ ਚੱਲੀਏ ।” 16ਤਦ ਥੋਮਾ ਨੇ ਜਿਹੜਾ ਦੀਦੁਮੁਸ#11:16 ਯੂਨਾਨੀ ਸ਼ਬਦ ‘ਦੀਦੁਮੁਸ’ ਦਾ ਅਰਥ ਜੌੜਾ ਹੈ । ਅਖਵਾਉਂਦਾ ਸੀ, ਆਪਣੇ ਸਾਥੀਆਂ ਨੂੰ ਕਿਹਾ, “ਆਓ, ਅਸੀਂ ਵੀ ਚੱਲੀਏ ਤਾਂ ਜੋ ਉਹਨਾਂ ਦੇ ਨਾਲ ਮਰੀਏ ।”
ਪ੍ਰਭੂ ਯਿਸੂ ਪੁਨਰ-ਉਥਾਨ ਅਤੇ ਜੀਵਨ ਹਨ
17ਯਿਸੂ ਨੂੰ ਉੱਥੇ ਪਹੁੰਚ ਕੇ ਪਤਾ ਲੱਗਾ ਕਿ ਲਾਜ਼ਰ ਨੂੰ ਕਬਰ ਵਿੱਚ ਰੱਖੇ ਹੋਏ ਚਾਰ ਦਿਨ ਹੋ ਗਏ ਹਨ । 18ਬੈਤਅਨੀਆ ਯਰੂਸ਼ਲਮ ਤੋਂ ਕੋਈ ਤਿੰਨ ਕਿਲੋਮੀਟਰ ਦੂਰ ਸੀ । 19ਬਹੁਤ ਸਾਰੇ ਯਹੂਦੀ ਮਾਰਥਾ ਅਤੇ ਮਰਿਯਮ ਦੇ ਕੋਲ ਤਸੱਲੀ ਦੇਣ ਦੇ ਲਈ ਆਏ ਹੋਏ ਸਨ ।
20ਜਦੋਂ ਮਾਰਥਾ ਨੂੰ ਪਤਾ ਲੱਗਾ ਕਿ ਯਿਸੂ ਆ ਰਹੇ ਹਨ ਤਾਂ ਉਹ ਉਹਨਾਂ ਨੂੰ ਮਿਲਣ ਦੇ ਲਈ ਬਾਹਰ ਗਈ । ਪਰ ਮਰਿਯਮ ਘਰ ਵਿੱਚ ਹੀ ਬੈਠੀ ਰਹੀ । 21ਮਾਰਥਾ ਨੇ ਯਿਸੂ ਨੂੰ ਕਿਹਾ, “ਪ੍ਰਭੂ ਜੀ, ਜੇਕਰ ਤੁਸੀਂ ਇੱਥੇ ਹੁੰਦੇ ਤਾਂ ਮੇਰਾ ਭਰਾ ਨਾ ਮਰਦਾ । 22ਪਰ ਮੈਂ ਹੁਣ ਵੀ ਜਾਣਦੀ ਹਾਂ ਕਿ ਜੋ ਕੁਝ ਤੁਸੀਂ ਪਰਮੇਸ਼ਰ ਕੋਲੋਂ ਮੰਗੋਗੇ, ਪਰਮੇਸ਼ਰ ਤੁਹਾਨੂੰ ਦੇਣਗੇ ।” 23ਯਿਸੂ ਨੇ ਉਸ ਨੂੰ ਕਿਹਾ, “ਤੇਰਾ ਭਰਾ ਫਿਰ ਜੀਅ ਉੱਠੇਗਾ ।” 24ਮਾਰਥਾ ਨੇ ਉਹਨਾਂ ਨੂੰ ਕਿਹਾ, “ਹਾਂ, ਮੈਂ ਜਾਣਦੀ ਹਾਂ ਕਿ ਅੰਤਮ ਦਿਨ ਪੁਨਰ-ਉਥਾਨ ਵਾਲੇ ਦਿਨ, ਉਹ ਫਿਰ ਜੀਅ ਉੱਠੇਗਾ ।” 25ਯਿਸੂ ਨੇ ਉਸ ਨੂੰ ਫਿਰ ਕਿਹਾ, “ਮੈਂ ਹੀ ਪੁਨਰ-ਉਥਾਨ#11:25 ਮੁਰਦਿਆਂ ਨੂੰ ਜੀਵਨ ਦੇਣ ਵਾਲਾ ਅਤੇ ਜੀਵਨ ਹਾਂ । ਜਿਹੜਾ ਕੋਈ ਮੇਰੇ ਵਿੱਚ ਵਿਸ਼ਵਾਸ ਕਰਦਾ ਹੈ, ਭਾਵੇਂ ਉਹ ਮਰ ਵੀ ਜਾਵੇ, ਉਹ ਫਿਰ ਵੀ ਜੀਵੇਗਾ 26ਅਤੇ ਉਹ ਸਾਰੇ ਜਿਹੜੇ ਜਿਊਂਦੇ ਹਨ ਅਤੇ ਮੇਰੇ ਵਿੱਚ ਵਿਸ਼ਵਾਸ ਕਰਦੇ ਹਨ, ਕਦੀ ਨਹੀਂ ਮਰਨਗੇ । ਕੀ ਤੂੰ ਇਸ ਵਿੱਚ ਵਿਸ਼ਵਾਸ ਕਰਦੀ ਹੈਂ ?” 27ਮਾਰਥਾ ਨੇ ਉੱਤਰ ਦਿੱਤਾ, “ਹਾਂ ਪ੍ਰਭੂ ਜੀ, ਮੈਂ ਵਿਸ਼ਵਾਸ ਕਰਦੀ ਹਾਂ ਕਿ ਤੁਸੀਂ ਪਰਮੇਸ਼ਰ ਦੇ ਪੁੱਤਰ ਮਸੀਹ ਹੋ ਜਿਹੜੇ ਸੰਸਾਰ ਵਿੱਚ ਆਉਣ ਵਾਲੇ ਸਨ ।”
ਪ੍ਰਭੂ ਯਿਸੂ ਦਾ ਰੋਣਾ
28ਇਹ ਕਹਿਣ ਦੇ ਬਾਅਦ ਮਾਰਥਾ ਵਾਪਸ ਆ ਗਈ ਅਤੇ ਆਪਣੀ ਭੈਣ ਨੂੰ ਇਕੱਲੇ ਸੱਦ ਕੇ ਕਿਹਾ, “ਗੁਰੂ ਜੀ ਇੱਥੇ ਆ ਗਏ ਹਨ ਅਤੇ ਤੈਨੂੰ ਸੱਦ ਰਹੇ ਹਨ ।” 29ਇਹ ਸੁਣ ਕੇ ਮਰਿਯਮ ਇਕਦਮ ਉੱਠੀ ਅਤੇ ਯਿਸੂ ਕੋਲ ਗਈ । 30ਯਿਸੂ ਅਜੇ ਪਿੰਡ ਦੇ ਵਿੱਚ ਨਹੀਂ ਪਹੁੰਚੇ ਸਨ ਸਗੋਂ ਉਸ ਥਾਂ ਉੱਤੇ ਸੀ ਜਿੱਥੇ ਮਾਰਥਾ ਉਹਨਾਂ ਨੂੰ ਮਿਲੀ ਸੀ । 31ਯਹੂਦੀਆਂ ਨੇ ਜਿਹੜੇ ਉਸ ਸਮੇਂ ਮਰਿਯਮ ਨੂੰ ਘਰ ਵਿੱਚ ਤਸੱਲੀ ਦੇ ਰਹੇ ਸਨ, ਦੇਖਿਆ ਕਿ ਮਰਿਯਮ ਇਕਦਮ ਉੱਠੀ ਹੈ ਅਤੇ ਬਾਹਰ ਗਈ ਹੈ, ਉਹ ਉਸ ਦੇ ਪਿੱਛੇ ਗਏ । ਉਹਨਾਂ ਨੇ ਸੋਚਿਆ ਕਿ ਉਹ ਕਬਰ ਉੱਤੇ ਰੋਣ ਦੇ ਲਈ ਜਾ ਰਹੀ ਹੈ ।
32ਜਦੋਂ ਮਰਿਯਮ ਉੱਥੇ ਪਹੁੰਚੀ ਜਿੱਥੇ ਯਿਸੂ ਸਨ ਤਾਂ ਉਹ ਯਿਸੂ ਨੂੰ ਦੇਖਦੇ ਹੀ ਉਹਨਾਂ ਦੇ ਚਰਨਾਂ ਵਿੱਚ ਡਿੱਗ ਪਈ ਅਤੇ ਉਹਨਾਂ ਨੂੰ ਕਿਹਾ, “ਪ੍ਰਭੂ ਜੀ, ਜੇਕਰ ਤੁਸੀਂ ਇੱਥੇ ਹੁੰਦੇ ਤਾਂ ਮੇਰਾ ਭਰਾ ਨਾ ਮਰਦਾ ।” 33ਯਿਸੂ ਨੇ ਜਦੋਂ ਮਰਿਯਮ ਨੂੰ ਅਤੇ ਉਸ ਦੇ ਨਾਲ ਯਹੂਦੀਆਂ ਨੂੰ ਰੋਂਦੇ ਦੇਖਿਆ ਤਾਂ ਉਹਨਾਂ ਦਾ ਦਿਲ ਭਰ ਆਇਆ ਅਤੇ ਉਹ ਆਪਣੇ ਆਤਮਾ ਵਿੱਚ ਬਹੁਤ ਦੁਖੀ ਹੋਏ । 34ਉਹਨਾਂ ਨੇ ਪੁੱਛਿਆ, “ਤੁਸੀਂ ਉਸ ਨੂੰ ਕਿੱਥੇ ਰੱਖਿਆ ਹੈ ?” ਉਹਨਾਂ ਨੇ ਉੱਤਰ ਦਿੱਤਾ, “ਪ੍ਰਭੂ ਜੀ, ਚੱਲ ਕੇ ਦੇਖੋ ।” 35ਯਿਸੂ ਰੋਏ । 36ਤਦ ਯਹੂਦੀਆਂ ਨੇ ਕਿਹਾ, “ਦੇਖੋ, ਇਹ ਉਸ ਨੂੰ ਕਿੰਨਾ ਪਿਆਰ ਕਰਦਾ ਸੀ !” 37ਪਰ ਉਹਨਾਂ ਵਿੱਚੋਂ ਕੁਝ ਹੋਰ ਕਹਿਣ ਲੱਗੇ, “ਇਸ ਨੇ ਅੰਨ੍ਹਿਆਂ ਦੀਆਂ ਅੱਖਾਂ ਖੋਲ੍ਹੀਆਂ, ਕੀ ਇਹ ਲਾਜ਼ਰ ਨੂੰ ਮਰਨ ਤੋਂ ਨਹੀਂ ਬਚਾਅ ਸਕਦਾ ਸੀ ?”
ਲਾਜ਼ਰ ਦਾ ਜਿਊਂਦਾ ਕੀਤਾ ਜਾਣਾ
38ਯਿਸੂ ਦਾ ਦਿਲ ਇੱਕ ਵਾਰੀ ਫਿਰ ਭਰ ਆਇਆ ਅਤੇ ਉਹ ਕਬਰ ਉੱਤੇ ਗਏ । ਕਬਰ ਇੱਕ ਗੁਫ਼ਾ ਵਾਂਗ ਸੀ ਜਿਸ ਦੇ ਮੂੰਹ ਦੇ ਅੱਗੇ ਪੱਥਰ ਰੱਖਿਆ ਹੋਇਆ ਸੀ । 39ਯਿਸੂ ਨੇ ਕਿਹਾ, “ਪੱਥਰ ਨੂੰ ਹਟਾਓ !” ਮਰੇ ਹੋਏ ਆਦਮੀ ਦੀ ਭੈਣ ਮਾਰਥਾ ਨੇ ਉਹਨਾਂ ਨੂੰ ਕਿਹਾ, “ਪ੍ਰਭੂ ਜੀ, ਹੁਣ ਤਾਂ ਉਸ ਵਿੱਚੋਂ ਬੋ ਆ ਰਹੀ ਹੋਵੇਗੀ ਕਿਉਂਕਿ ਉਸ ਨੂੰ ਉੱਥੇ ਰੱਖੇ ਹੋਏ ਚਾਰ ਦਿਨ ਹੋ ਗਏ ਹਨ !” 40ਯਿਸੂ ਨੇ ਉਸ ਨੂੰ ਉੱਤਰ ਦਿੱਤਾ, “ਕੀ ਮੈਂ ਤੈਨੂੰ ਨਹੀਂ ਕਿਹਾ ਸੀ ਕਿ ਜੇਕਰ ਤੂੰ ਵਿਸ਼ਵਾਸ ਕਰੇਂਗੀ ਤਾਂ ਪਰਮੇਸ਼ਰ ਦੀ ਮਹਿਮਾ ਦੇਖੇਂਗੀ ?” 41ਉਹਨਾਂ ਨੇ ਪੱਥਰ ਹਟਾ ਦਿੱਤਾ । ਯਿਸੂ ਨੇ ਆਪਣੀਆਂ ਅੱਖਾਂ ਉਤਾਂਹ ਅਕਾਸ਼ ਵੱਲ ਚੁੱਕੀਆਂ ਅਤੇ ਕਿਹਾ, “ਹੇ ਪਿਤਾ, ਮੈਂ ਤੁਹਾਡਾ ਧੰਨਵਾਦ ਕਰਦਾ ਹਾਂ ਕਿ ਤੁਸੀਂ ਮੇਰੀ ਸੁਣ ਲਈ ਹੈ । 42ਮੈਂ ਜਾਣਦਾ ਹਾਂ ਕਿ ਤੁਸੀਂ ਹਮੇਸ਼ਾ ਮੇਰੀ ਸੁਣਦੇ ਹੋ ਪਰ ਮੈਂ ਇਸ ਭੀੜ ਦੇ ਕਾਰਨ ਜਿਹੜੀ ਮੇਰੇ ਆਲੇ-ਦੁਆਲੇ ਖੜ੍ਹੀ ਹੈ, ਕਿਹਾ ਹੈ ਕਿ ਇਹ ਵਿਸ਼ਵਾਸ ਕਰਨ ਕਿ ਤੁਸੀਂ ਹੀ ਮੈਨੂੰ ਭੇਜਿਆ ਹੈ ।” 43ਇਹ ਕਹਿਣ ਦੇ ਬਾਅਦ ਯਿਸੂ ਨੇ ਉੱਚੀ ਆਵਾਜ਼ ਨਾਲ ਪੁਕਾਰ ਕੇ ਕਿਹਾ, “ਲਾਜ਼ਰ, ਬਾਹਰ ਆ !” 44ਜਿਹੜਾ ਮਰ ਗਿਆ ਸੀ, ਉਹ ਬਾਹਰ ਆ ਗਿਆ । ਉਸ ਦੇ ਹੱਥ ਪੈਰ ਪੱਟੀਆਂ ਨਾਲ ਬੰਨ੍ਹੇ ਹੋਏ ਸਨ ਅਤੇ ਉਸ ਦੇ ਚਿਹਰੇ ਦੇ ਦੁਆਲੇ ਕੱਪੜਾ ਬੰਨ੍ਹਿਆ ਹੋਇਆ ਸੀ । ਯਿਸੂ ਨੇ ਉਹਨਾਂ ਨੂੰ ਕਿਹਾ, “ਉਸ ਨੂੰ ਖੋਲ੍ਹ ਦਿਓ ਅਤੇ ਜਾਣ ਦਿਓ ।”
ਪ੍ਰਭੂ ਯਿਸੂ ਨੂੰ ਮਾਰਨ ਦੀ ਵਿਉਂਤ
(ਮੱਤੀ 26:1-5, ਮਰਕੁਸ 14:1-2, ਲੂਕਾ 22:1-2)
45ਬਹੁਤ ਸਾਰੇ ਯਹੂਦੀ ਜਿਹੜੇ ਮਰਿਯਮ ਦੇ ਕੋਲ ਆਏ ਹੋਏ ਸਨ, ਉਹਨਾਂ ਨੇ ਜੋ ਯਿਸੂ ਨੇ ਕੀਤਾ ਸੀ ਉਸ ਨੂੰ ਦੇਖਿਆ ਅਤੇ ਉਹਨਾਂ ਵਿੱਚ ਵਿਸ਼ਵਾਸ ਕੀਤਾ । 46ਪਰ ਉਹਨਾਂ ਵਿੱਚੋਂ ਕੁਝ ਫ਼ਰੀਸੀਆਂ ਦੇ ਕੋਲ ਵਾਪਸ ਗਏ ਅਤੇ ਜੋ ਯਿਸੂ ਨੇ ਕੀਤਾ ਸੀ, ਉਹਨਾਂ ਨੂੰ ਦੱਸਿਆ । 47ਇਸ ਲਈ ਮਹਾਂ-ਪੁਰੋਹਿਤਾਂ ਅਤੇ ਫ਼ਰੀਸੀਆਂ ਨੇ ਮਿਲ ਕੇ ਮਹਾਂ ਸਭਾ ਦੀ ਬੈਠਕ ਕੀਤੀ ਅਤੇ ਕਿਹਾ, “ਅਸੀਂ ਕੀ ਕਰੀਏ ? ਇਹ ਆਦਮੀ ਤਾਂ ਬਹੁਤ ਚਮਤਕਾਰ ਦਿਖਾ ਰਿਹਾ ਹੈ । 48ਜੇਕਰ ਅਸੀਂ ਇਸ ਨੂੰ ਇਸੇ ਤਰ੍ਹਾਂ ਛੱਡ ਦੇਈਏ ਤਾਂ ਸਾਰੇ ਲੋਕ ਇਸ ਵਿੱਚ ਵਿਸ਼ਵਾਸ ਕਰਨ ਲੱਗ ਪੈਣਗੇ । ਫਿਰ ਰੋਮੀ ਆਉਣਗੇ ਅਤੇ ਸਾਡੀ ਕੌਮ ਅਤੇ ਹੈਕਲ ਦੋਨਾਂ ਦਾ ਨਾਸ਼ ਕਰ ਦੇਣਗੇ ।” 49ਪਰ ਉਹਨਾਂ ਵਿੱਚੋਂ ਇੱਕ ਜਿਸ ਦਾ ਨਾਂ ਕਾਇਫ਼ਾ ਸੀ ਜਿਹੜਾ ਇੱਕ ਮਹਾਂ-ਪੁਰੋਹਿਤ ਸੀ, ਉਸ ਨੇ ਕਿਹਾ, “ਕੀ ਤੁਸੀਂ ਕੁਝ ਨਹੀਂ ਜਾਣਦੇ ? 50ਕੀ ਤੁਹਾਡੇ ਲਈ ਇਹ ਬਿਹਤਰ ਨਹੀਂ ਹੈ ਕਿ ਇੱਕ ਆਦਮੀ ਸਾਰੀ ਕੌਮ ਦੇ ਲਈ ਮਾਰਿਆ ਜਾਵੇ, ਬਜਾਏ ਇਸ ਦੇ ਕਿ ਸਾਰੀ ਕੌਮ ਦਾ ਨਾਸ਼ ਹੋਵੇ ?” 51(ਇਹ ਗੱਲ ਉਸ ਨੇ ਆਪਣੇ ਵੱਲੋਂ ਨਹੀਂ ਕਹੀ ਸੀ, ਸਗੋਂ ਉਸ ਸਾਲ ਦੇ ਮਹਾਂ-ਪੁਰੋਹਿਤ ਹੋਣ ਕਰ ਕੇ ਭਵਿੱਖਬਾਣੀ ਕੀਤੀ ਸੀ ਕਿ ਯਿਸੂ ਯਹੂਦੀ ਕੌਮ ਦੇ ਲਈ ਮਰਨਗੇ । 52ਨਾ ਕੇਵਲ ਉਹਨਾਂ ਲਈ ਸਗੋਂ ਇਸ ਲਈ ਵੀ ਕਿ ਪਰਮੇਸ਼ਰ ਦੀ ਖਿੱਲਰੀ ਹੋਈ ਸੰਤਾਨ ਨੂੰ ਇਕੱਠੇ ਕਰ ਕੇ ਇੱਕ ਕਰਨ ।) 53ਇਸ ਲਈ ਉਸ ਦਿਨ ਤੋਂ ਯਹੂਦੀ ਯਿਸੂ ਨੂੰ ਮਾਰਨ ਦੀਆਂ ਵਿਉਂਤਾਂ ਬਣਾਉਣ ਲੱਗੇ । 54ਇਸ ਕਾਰਨ ਯਿਸੂ ਨੇ ਯਹੂਦਿਯਾ ਦੇ ਲੋਕਾਂ ਵਿੱਚ ਖੁਲ੍ਹੇਆਮ ਚੱਲਣਾ ਫਿਰਨਾ ਬੰਦ ਕਰ ਦਿੱਤਾ । ਉਹ ਉੱਥੋਂ ਵਿਰਾਨ ਇਲਾਕੇ ਦੇ ਕੋਲ ਇਫ਼ਰਾਈਮ ਨਾਂ ਦੇ ਸ਼ਹਿਰ ਨੂੰ ਚਲੇ ਗਏ ਅਤੇ ਆਪਣੇ ਚੇਲਿਆਂ ਦੇ ਨਾਲ ਉੱਥੇ ਰਹਿਣ ਲੱਗੇ ।
55ਯਹੂਦੀਆਂ ਦਾ ਪਸਾਹ ਦਾ ਤਿਉਹਾਰ ਨੇੜੇ ਸੀ । ਬਹੁਤ ਸਾਰੇ ਲੋਕ ਪਿੰਡਾਂ ਤੋਂ ਯਰੂਸ਼ਲਮ ਨੂੰ ਗਏ ਤਾਂ ਜੋ ਉਹ ਆਪਣੇ ਆਪ ਨੂੰ ਸ਼ੁੱਧ ਕਰਨ ਦੀ ਰਸਮ ਨੂੰ ਪੂਰਾ ਕਰਨ । 56ਉਹ ਯਿਸੂ ਨੂੰ ਲੱਭ ਰਹੇ ਸਨ ਅਤੇ ਹੈਕਲ ਵਿੱਚ ਖੜ੍ਹੇ ਹੋ ਕੇ ਇੱਕ ਦੂਜੇ ਤੋਂ ਪੁੱਛ ਰਹੇ ਸਨ, “ਤੁਹਾਡਾ ਕੀ ਵਿਚਾਰ ਹੈ ? ਕੀ ਉਹ ਤਿਉਹਾਰ ਲਈ ਨਹੀਂ ਆਉਣਗੇ ?” 57ਦੂਜੇ ਪਾਸੇ ਮਹਾਂ-ਪੁਰੋਹਿਤਾਂ ਅਤੇ ਫ਼ਰੀਸੀਆਂ ਨੇ ਇਹ ਹੁਕਮ ਦਿੱਤੇ ਹੋਏ ਸਨ ਕਿ ਜੇਕਰ ਕਿਸੇ ਨੂੰ ਸੂਹ ਲੱਗੇ ਕਿ ਯਿਸੂ ਕਿੱਥੇ ਹਨ ਤਾਂ ਉਹ ਖ਼ਬਰ ਦੇਣ ਤਾਂ ਜੋ ਉਹ ਯਿਸੂ ਨੂੰ ਫੜ ਲੈਣ ।
Punjabi Common Language (North American Version):
Text © 2021 Canadian Bible Society and Bible Society of India