ਯੂਹੰਨਾ 12
12
ਪ੍ਰਭੂ ਯਿਸੂ ਦਾ ਬੈਤਅਨੀਆ ਵਿੱਚ ਮਸਹ ਕੀਤੇ ਜਾਣਾ
(ਮੱਤੀ 26:6-13, ਮਰਕੁਸ 14:3-9)
1 ਪਸਾਹ ਦੇ ਤਿਉਹਾਰ ਤੋਂ ਛੇ ਦਿਨ ਪਹਿਲਾਂ ਯਿਸੂ ਬੈਤਅਨੀਆ ਨੂੰ ਗਏ ਜਿੱਥੇ ਲਾਜ਼ਰ ਰਹਿੰਦਾ ਸੀ ਜਿਸ ਨੂੰ ਯਿਸੂ ਨੇ ਮੁਰਦਿਆਂ ਵਿੱਚੋਂ ਜਿਊਂਦਾ ਕੀਤਾ ਸੀ । 2ਉੱਥੇ ਯਿਸੂ ਲਈ ਇੱਕ ਭੋਜ ਤਿਆਰ ਕੀਤਾ ਗਿਆ । ਮਾਰਥਾ ਨੇ ਭੋਜਨ ਪਰੋਸਣ ਦਾ ਕੰਮ ਸੰਭਾਲਿਆ ਅਤੇ ਲਾਜ਼ਰ ਖਾਣ ਵਾਲਿਆਂ ਦੇ ਨਾਲ ਭੋਜਨ ਕਰਨ ਬੈਠਾ । 3#ਲੂਕਾ 7:37-38ਉਸ ਸਮੇਂ ਮਰਿਯਮ ਨੇ ਕੋਈ ਅੱਧਾ ਕਿਲੋ ਸ਼ੁੱਧ ਜਟਾਮਾਸੀ ਦਾ ਅਤਰ ਲਿਆ ਜਿਹੜਾ ਬਹੁਤ ਕੀਮਤੀ ਸੀ ਅਤੇ ਯਿਸੂ ਦੇ ਚਰਨਾਂ ਉੱਤੇ ਡੋਲ੍ਹ ਦਿੱਤਾ । ਫਿਰ ਆਪਣੇ ਵਾਲਾਂ ਨਾਲ ਉਹਨਾਂ ਦੇ ਚਰਨ ਸਾਫ਼ ਕੀਤੇ । ਉਸ ਅਤਰ ਦੀ ਸੁਗੰਧ ਨਾਲ ਸਾਰਾ ਘਰ ਭਰ ਗਿਆ । 4ਤਦ ਉਹਨਾਂ ਦਾ ਇੱਕ ਚੇਲਾ, ਯਹੂਦਾ ਇਸਕਰਿਯੋਤੀ ਜਿਹੜਾ ਉਹਨਾਂ ਨੂੰ ਫੜਵਾਉਣ ਵਾਲਾ ਸੀ, ਉਸ ਨੇ ਕਿਹਾ, 5“ਇਹ ਅਤਰ ਤਿੰਨ ਸੌ ਦੀਨਾਰ#12:5 ਦੀਨਾਰ ਇੱਕ ਆਦਮੀ ਦੀ ਇੱਕ ਦਿਨ ਦੀ ਮਿਹਨਤ ਦੇ ਬਰਾਬਰ ਹੁੰਦਾ ਸੀ । ਵਿੱਚ ਵੇਚ ਕੇ ਗਰੀਬਾਂ ਵਿੱਚ ਕਿਉਂ ਨਹੀਂ ਵੰਡਿਆ ਗਿਆ ?” 6ਉਸ ਨੇ ਇਹ ਗੱਲ ਇਸ ਲਈ ਨਹੀਂ ਕਹੀ ਸੀ ਕਿ ਉਹ ਗਰੀਬਾਂ ਦੀ ਪਰਵਾਹ ਕਰਦਾ ਸੀ ਸਗੋਂ ਇਸ ਲਈ ਕਿਉਂਕਿ ਉਹ ਚੋਰ ਸੀ । ਉਸ ਕੋਲ ਚੇਲਿਆਂ ਦੇ ਪੈਸਿਆਂ ਦੀ ਥੈਲੀ ਹੁੰਦੀ ਸੀ ਜਿਸ ਵਿੱਚੋਂ ਜੋ ਕੁਝ ਉਸ ਵਿੱਚ ਪਾਇਆ ਜਾਂਦਾ ਸੀ ਉਹ ਕੱਢ ਲੈਂਦਾ ਸੀ । 7ਯਿਸੂ ਨੇ ਕਿਹਾ, “ਉਸ ਨੂੰ ਪਰੇਸ਼ਾਨ ਨਾ ਕਰੋ, ਉਸ ਨੂੰ ਇਹ ਮੇਰੇ ਦਫ਼ਨਾਉਣ ਦੇ ਲਈ ਕਰਨ ਦਿਓ । 8#ਵਿਵ 15:11ਗ਼ਰੀਬ ਤਾਂ ਹਮੇਸ਼ਾ ਤੁਹਾਡੇ ਨਾਲ ਹਨ ਪਰ ਮੈਂ ਤੁਹਾਡੇ ਨਾਲ ਹਮੇਸ਼ਾ ਨਹੀਂ ਰਹਾਂਗਾ ।”
ਲਾਜ਼ਰ ਨੂੰ ਮਾਰਨ ਦੀ ਵਿਉਂਤ
9ਬਹੁਤ ਸਾਰੇ ਯਹੂਦੀਆਂ ਨੂੰ ਇਹ ਪਤਾ ਲੱਗਾ ਕਿ ਯਿਸੂ ਬੈਤਅਨੀਆ ਵਿੱਚ ਹਨ । ਇਸ ਲਈ ਉਹ ਉੱਥੇ ਗਏ । ਉਹ ਕੇਵਲ ਯਿਸੂ ਦੇ ਕਾਰਨ ਹੀ ਨਹੀਂ ਗਏ ਸਗੋਂ ਲਾਜ਼ਰ ਨੂੰ ਵੀ ਦੇਖਣ ਆਏ ਜਿਸ ਨੂੰ ਯਿਸੂ ਨੇ ਮੁਰਦਿਆਂ ਵਿੱਚੋਂ ਜਿਊਂਦਾ ਕੀਤਾ ਸੀ । 10ਤਦ ਮਹਾਂ-ਪੁਰੋਹਿਤਾਂ ਨੇ ਲਾਜ਼ਰ ਨੂੰ ਵੀ ਜਾਨੋਂ ਮਾਰਨ ਦੀ ਵਿਉਂਤ ਬਣਾਈ । 11ਕਿਉਂਕਿ ਲਾਜ਼ਰ ਦੇ ਕਾਰਨ ਹੀ ਬਹੁਤ ਸਾਰੇ ਯਹੂਦੀ ਉਹਨਾਂ ਨੂੰ ਛੱਡ ਕੇ ਯਿਸੂ ਵਿੱਚ ਵਿਸ਼ਵਾਸ ਕਰਨ ਲੱਗ ਪਏ ਸਨ ।
ਪ੍ਰਭੂ ਯਿਸੂ ਦਾ ਬੜੀ ਧੂਮਧਾਮ ਨਾਲ ਯਰੂਸ਼ਲਮ ਵਿੱਚ ਜਾਣਾ
(ਮੱਤੀ 21:1-11, ਮਰਕੁਸ 11:1-11, ਲੂਕਾ 19:28-40)
12ਅਗਲੇ ਦਿਨ ਉਸ ਭੀੜ ਨੇ ਜੋ ਤਿਉਹਾਰ ਦੇ ਲਈ ਆਈ ਸੀ, ਸੁਣਿਆ ਕਿ ਯਿਸੂ ਯਰੂਸ਼ਲਮ ਵਿੱਚ ਆ ਰਹੇ ਹਨ । 13ਲੋਕਾਂ ਨੇ ਖਜੂਰ ਦੀਆਂ ਟਹਿਣੀਆਂ ਲਈਆਂ ਅਤੇ ਉਹਨਾਂ ਨੂੰ ਮਿਲਣ ਲਈ ਗਏ । ਉਹ ਉੱਚੀ ਆਵਾਜ਼ ਨਾਲ ਕਹਿ ਰਹੇ ਸਨ, “ਹੋਸੰਨਾ#12:13 ਹੋਸੰਨਾ : ‘ਪਰਮੇਸ਼ਰ ਦੀ ਵਡਿਆਈ ਹੋਵੇ !’ ਜਾਂ ‘ਪਰਮੇਸ਼ਰ ਸਾਨੂੰ ਬਚਾਓ !’ ! ਧੰਨ ਹੈ ਉਹ ਜਿਹੜਾ ਪਰਮੇਸ਼ਰ ਦੇ ਨਾਮ ਵਿੱਚ ਆਉਂਦਾ ਹੈ ! ਇਸਰਾਏਲ ਦੇ ਰਾਜਾ ਨੂੰ ਅਸੀਸ ਮਿਲੇ !” 14ਯਿਸੂ ਨੂੰ ਇੱਕ ਗਧੀ ਦਾ ਬੱਚਾ ਮਿਲ ਗਿਆ । ਉਹ ਉਸ ਉੱਤੇ ਬੈਠ ਗਏ, ਜਿਸ ਤਰ੍ਹਾਂ ਪਵਿੱਤਰ-ਗ੍ਰੰਥ ਵਿੱਚ ਲਿਖਿਆ ਹੋਇਆ ਹੈ,
15 #
ਜ਼ਕਰ 9:9
“ਸੀਯੋਨ ਦੀ ਬੇਟੀ, ਨਾ ਡਰ,
ਦੇਖ ਤੇਰਾ ਰਾਜਾ ਆ ਰਿਹਾ ਹੈ,
ਉਹ ਗਧੀ ਦੇ ਬੱਚੇ ਉੱਤੇ ਸਵਾਰ ਹੈ ।”
16ਇਹ ਸਭ ਕੁਝ ਯਿਸੂ ਦੇ ਚੇਲੇ ਪਹਿਲਾਂ ਤਾਂ ਨਾ ਸਮਝੇ, ਪਰ ਜਦੋਂ ਯਿਸੂ ਮਹਿਮਾ ਪ੍ਰਾਪਤ ਕਰ ਚੁੱਕੇ ਤਾਂ ਉਹਨਾਂ ਨੂੰ ਯਾਦ ਆਇਆ ਕਿ ਲੋਕਾਂ ਨੇ ਯਿਸੂ ਦੇ ਨਾਲ ਉਸੇ ਤਰ੍ਹਾਂ ਹੀ ਕੀਤਾ ਸੀ ਜਿਸ ਤਰ੍ਹਾਂ ਪਵਿੱਤਰ-ਗ੍ਰੰਥ ਵਿੱਚ ਲਿਖਿਆ ਹੋਇਆ ਸੀ ।
17ਉਹਨਾਂ ਲੋਕਾਂ ਨੇ ਜਿਹੜੇ ਉਸ ਸਮੇਂ ਯਿਸੂ ਦੇ ਨਾਲ ਸਨ, ਜਦੋਂ ਯਿਸੂ ਨੇ ਲਾਜ਼ਰ ਨੂੰ ਕਬਰ ਵਿੱਚੋਂ ਆਵਾਜ਼ ਦੇ ਕੇ ਮੁਰਦਿਆਂ ਵਿੱਚੋਂ ਜਿਊਂਦਾ ਕੀਤਾ ਸੀ, ਗਵਾਹੀ ਦੇਣ ਲੱਗੇ । 18ਲੋਕਾਂ ਦੀ ਭੀੜ ਇਸ ਕਾਰਨ ਵੀ ਯਿਸੂ ਨੂੰ ਮਿਲਣ ਗਈ ਕਿਉਂਕਿ ਉਹਨਾਂ ਨੇ ਸੁਣਿਆ ਸੀ ਕਿ ਯਿਸੂ ਨੇ ਇਹ ਚਮਤਕਾਰ ਦਿਖਾਇਆ ਸੀ । 19ਤਦ ਫ਼ਰੀਸੀ ਇੱਕ ਦੂਜੇ ਨੂੰ ਕਹਿਣ ਲੱਗੇ, “ਦੇਖੋ, ਸਾਡੇ ਤੋਂ ਕੁਝ ਨਹੀਂ ਹੁੰਦਾ, ਸਾਰਾ ਸੰਸਾਰ ਉਸ ਦੇ ਪਿੱਛੇ ਹੋ ਗਿਆ ਹੈ !”
ਯੂਨਾਨੀਆਂ ਦੀ ਬੇਨਤੀ
20ਜਿਹੜੇ ਲੋਕ ਤਿਉਹਾਰ ਵਿੱਚ ਭਗਤੀ ਕਰਨ ਦੇ ਲਈ ਗਏ ਸਨ ਉਹਨਾਂ ਵਿੱਚ ਕੁਝ ਯੂਨਾਨੀ ਲੋਕ ਵੀ ਸਨ । 21ਉਹ ਫ਼ਿਲਿੱਪੁਸ ਕੋਲ ਆਏ । ਫ਼ਿਲਿੱਪੁਸ ਗਲੀਲ ਦੇ ਸ਼ਹਿਰ ਬੈਤਸੈਦਾ ਦਾ ਰਹਿਣ ਵਾਲਾ ਸੀ । ਉਹਨਾਂ ਯੂਨਾਨੀਆਂ ਨੇ ਫ਼ਿਲਿੱਪੁਸ ਅੱਗੇ ਬੇਨਤੀ ਕੀਤੀ, “ਸ੍ਰੀਮਾਨ ਜੀ, ਅਸੀਂ ਯਿਸੂ ਦੇ ਦਰਸ਼ਨ ਕਰਨਾ ਚਾਹੁੰਦੇ ਹਾਂ ।” 22ਫ਼ਿਲਿੱਪੁਸ ਨੇ ਜਾ ਕੇ ਅੰਦ੍ਰਿਯਾਸ ਨੂੰ ਦੱਸਿਆ । ਫਿਰ ਉਹਨਾਂ ਦੋਨਾਂ ਨੇ ਯਿਸੂ ਨੂੰ ਇਹ ਦੱਸਿਆ । 23ਯਿਸੂ ਨੇ ਉਹਨਾਂ ਨੂੰ ਉੱਤਰ ਦਿੱਤਾ, “ਮਨੁੱਖ ਦੇ ਪੁੱਤਰ ਦਾ ਮਹਿਮਾ ਪ੍ਰਾਪਤ ਕਰਨ ਦਾ ਸਮਾਂ ਆ ਗਿਆ ਹੈ । 24ਮੈਂ ਤੁਹਾਨੂੰ ਸੱਚ ਸੱਚ ਕਹਿੰਦਾ ਹਾਂ, ਜਦੋਂ ਤੱਕ ਕਣਕ ਦਾ ਦਾਣਾ ਜ਼ਮੀਨ ਵਿੱਚ ਡਿੱਗ ਕੇ ਮਰ ਨਾ ਜਾਵੇ, ਉਹ ਇਕੱਲਾ ਹੀ ਰਹਿੰਦਾ ਹੈ ਪਰ ਜਦੋਂ ਉਹ ਮਰ ਜਾਂਦਾ ਹੈ ਤਾਂ ਉਹ ਬਹੁਤ ਫਲਦਾ ਹੈ । 25#ਮੱਤੀ 10:39, 16:25, ਮਰ 8:35, ਲੂਕਾ 9:24, 17:33ਜਿਹੜਾ ਆਪਣੀ ਜਾਨ ਨਾਲ ਪਿਆਰ ਕਰਦਾ ਹੈ, ਉਹ ਉਸ ਨੂੰ ਗੁਆ ਲੈਂਦਾ ਹੈ ਪਰ ਉਹ ਜਿਹੜਾ ਇਸ ਸੰਸਾਰ ਵਿੱਚ ਆਪਣੀ ਜਾਨ ਨੂੰ ਨਫ਼ਰਤ ਕਰਦਾ ਹੈ, ਉਹ ਉਸ ਨੂੰ ਅਨੰਤ ਜੀਵਨ ਦੇ ਲਈ ਸੁਰੱਖਿਅਤ ਰੱਖਦਾ ਹੈ । 26ਜਿਹੜਾ ਮੇਰੀ ਸੇਵਾ ਕਰਨਾ ਚਾਹੁੰਦਾ ਹੈ, ਮੇਰੇ ਪਿੱਛੇ ਚੱਲੇ ਤਾਂ ਜੋ ਜਿੱਥੇ ਮੈਂ ਹਾਂ ਉੱਥੇ ਮੇਰਾ ਸੇਵਕ ਵੀ ਹੋਵੇ । ਜਿਹੜਾ ਮੇਰੀ ਸੇਵਾ ਕਰਦਾ ਹੈ, ਮੇਰੇ ਪਿਤਾ ਉਸ ਦਾ ਆਦਰ ਕਰਨਗੇ ।”
ਪ੍ਰਭੂ ਯਿਸੂ ਆਪਣੀ ਮੌਤ ਦੇ ਬਾਰੇ ਦੱਸਦੇ ਹਨ
27“ਮੇਰਾ ਆਤਮਾ ਦੁਖੀ ਹੈ, ਮੈਂ ਕੀ ਕਹਾਂ ? ‘ਹੇ ਪਿਤਾ, ਮੈਨੂੰ ਇਸ ਦੁੱਖਾਂ ਦੀ ਘੜੀ ਤੋਂ ਬਚਾਓ ?’ ਨਹੀਂ, ਪਰ ਇਸੇ ਘੜੀ ਲਈ ਤਾਂ ਮੈਂ ਆਇਆ ਹਾਂ । 28ਹੇ ਪਿਤਾ, ਆਪਣੇ ਨਾਮ ਨੂੰ ਮਹਿਮਾ ਦਿਓ !” ਤਦ ਇੱਕ ਆਵਾਜ਼ ਅਕਾਸ਼ ਤੋਂ ਆਈ, “ਮੈਂ ਉਸ ਦੀ ਮਹਿਮਾ ਕੀਤੀ ਹੈ ਅਤੇ ਇੱਕ ਵਾਰ ਫਿਰ ਕਰਾਂਗਾ ।”
29ਜਿਹੜੀ ਭੀੜ ਉੱਥੇ ਖੜ੍ਹੀ ਸੀ, ਉਸ ਨੇ ਇਹ ਆਵਾਜ਼ ਸੁਣੀ ਅਤੇ ਉਸ ਵਿੱਚੋਂ ਕੁਝ ਨੇ ਕਿਹਾ, “ਬੱਦਲ ਗਰਜਿਆ ਹੈ,” ਪਰ ਕੁਝ ਹੋਰਾਂ ਨੇ ਕਿਹਾ, “ਨਹੀਂ, ਉਸ ਦੇ ਨਾਲ ਸਵਰਗਦੂਤ ਨੇ ਗੱਲ ਕੀਤੀ ਹੈ !” 30ਯਿਸੂ ਨੇ ਉੱਤਰ ਦਿੱਤਾ, “ਇਹ ਆਵਾਜ਼ ਮੇਰੇ ਲਈ ਨਹੀਂ ਸੀ ਸਗੋਂ ਤੁਹਾਡੇ ਲਈ ਸੀ । 31ਹੁਣ ਇਸ ਸੰਸਾਰ ਦੇ ਨਿਆਂ ਦਾ ਸਮਾਂ ਆ ਗਿਆ ਹੈ । ਇਸ ਸੰਸਾਰ ਦਾ ਹਾਕਮ ਕੱਢ ਦਿੱਤਾ ਜਾਵੇਗਾ । 32ਜੇਕਰ ਮੈਂ ਧਰਤੀ ਤੋਂ ਉੱਚਾ ਕੀਤਾ ਜਾਵਾਂਗਾ ਤਾਂ ਸਾਰਿਆਂ ਨੂੰ ਆਪਣੇ ਵੱਲ ਖਿੱਚ ਲਵਾਂਗਾ ।” 33(ਇਹ ਕਹਿਣ ਦੇ ਰਾਹੀਂ ਉਹਨਾਂ ਨੇ ਦੱਸਿਆ ਕਿ ਉਹ ਕਿਸ ਤਰ੍ਹਾਂ ਦੀ ਮੌਤ ਮਰਨਗੇ ।) 34#ਭਜਨ 110:4, ਯਸਾ 9:7, ਹਿਜ਼ 37:25, ਦਾਨੀ 7:14ਭੀੜ ਨੇ ਉਹਨਾਂ ਨੂੰ ਉੱਤਰ ਦਿੱਤਾ, “ਅਸੀਂ ਵਿਵਸਥਾ ਦੁਆਰਾ ਸੁਣਿਆ ਹੈ ਕਿ ਮਸੀਹ ਅਨੰਤਕਾਲ ਤੱਕ ਜਿਊਂਦਾ ਰਹੇਗਾ । ਫਿਰ ਤੂੰ ਕਿਸ ਤਰ੍ਹਾਂ ਕਹਿੰਦਾ ਹੈਂ ਕਿ, ‘ਮਨੁੱਖ ਦਾ ਪੁੱਤਰ ਉੱਚਾ ਕੀਤਾ ਜਾਵੇਗਾ ?’ ਇਹ ਮਨੁੱਖ ਦਾ ਪੁੱਤਰ ਕੌਣ ਹੈ ?” 35ਯਿਸੂ ਨੇ ਉਹਨਾਂ ਨੂੰ ਉੱਤਰ ਦਿੱਤਾ, “ਚਾਨਣ ਥੋੜ੍ਹੇ ਸਮੇਂ ਦੇ ਲਈ ਤੁਹਾਡੇ ਵਿੱਚ ਹੈ । ਜਦੋਂ ਤੱਕ ਚਾਨਣ ਹੈ, ਚੱਲਦੇ ਰਹੋ ਤਾਂ ਜੋ ਹਨੇਰਾ ਤੁਹਾਨੂੰ ਘੇਰ ਨਾ ਲਵੇ । ਜਿਹੜਾ ਹਨੇਰੇ ਵਿੱਚ ਚੱਲਦਾ ਹੈ ਉਹ ਨਹੀਂ ਜਾਣਦਾ ਕਿ ਉਹ ਕਿੱਥੇ ਜਾ ਰਿਹਾ ਹੈ । 36ਜਦੋਂ ਤੱਕ ਚਾਨਣ ਤੁਹਾਡੇ ਕੋਲ ਹੈ, ਚਾਨਣ ਵਿੱਚ ਵਿਸ਼ਵਾਸ ਕਰੋ ਤਾਂ ਜੋ ਤੁਸੀਂ ਚਾਨਣ ਦੀ ਸੰਤਾਨ ਬਣੋ ।” ਇਹ ਕਹਿ ਕੇ ਯਿਸੂ ਚਲੇ ਗਏ ਅਤੇ ਉਹਨਾਂ ਤੋਂ ਛੁਪੇ ਰਹੇ ।
ਯਹੂਦੀਆਂ ਦਾ ਅਵਿਸ਼ਵਾਸ
37ਬੇਸ਼ੱਕ ਯਿਸੂ ਨੇ ਉਹਨਾਂ ਦੇ ਸਾਹਮਣੇ ਇੰਨੇ ਚਮਤਕਾਰ ਦਿਖਾਏ ਪਰ ਫਿਰ ਵੀ ਉਹਨਾਂ ਨੇ ਯਿਸੂ ਵਿੱਚ ਵਿਸ਼ਵਾਸ ਨਾ ਕੀਤਾ । 38#ਯਸਾ 53:1ਇਸ ਲਈ ਕਿ ਯਸਾਯਾਹ ਨਬੀ ਦੇ ਕਹੇ ਹੋਏ ਵਚਨ ਪੂਰੇ ਹੋਣ,
“ਹੇ ਪ੍ਰਭੂ, ਕਿਸ ਨੇ ਸਾਡੇ ਉਪਦੇਸ਼ ਵਿੱਚ ਵਿਸ਼ਵਾਸ ਕੀਤਾ ?
ਕਿਸ ਉੱਤੇ ਪ੍ਰਭੂ ਦੀਆਂ ਬਾਹਾਂ ਦੀ ਸਮਰੱਥਾ ਪ੍ਰਗਟ ਹੋਈ ਹੈ ?”
39ਉਹਨਾਂ ਨੇ ਵਿਸ਼ਵਾਸ ਨਾ ਕੀਤਾ ਕਿਉਂਕਿ ਯਸਾਯਾਹ ਨੇ ਇਹ ਵੀ ਕਿਹਾ ਸੀ,
40 #
ਯੂਹ 6:10
“ਪਰਮੇਸ਼ਰ ਨੇ ਉਹਨਾਂ ਦੀਆਂ ਅੱਖਾਂ ਅੰਨ੍ਹੀਆਂ ਕਰ ਦਿੱਤੀਆਂ
ਅਤੇ ਉਹਨਾਂ ਦੇ ਦਿਲ ਪੱਥਰ ਕਰ ਦਿੱਤੇ
ਤਾਂ ਜੋ ਅਜਿਹਾ ਨਾ ਹੋਵੇ ਕਿ ਉਹ ਆਪਣੀਆਂ ਅੱਖਾਂ ਨਾਲ ਦੇਖਣ
ਅਤੇ ਆਪਣੇ ਦਿਲ ਨਾਲ ਸਮਝਣ
ਅਤੇ ਮੇਰੇ ਵੱਲ ਮੁੜਨ
ਅਤੇ ਮੈਂ ਉਹਨਾਂ ਨੂੰ ਚੰਗਾ ਕਰਾਂ ।”
41ਯਸਾਯਾਹ ਨਬੀ ਨੇ ਇਹ ਕਿਹਾ ਕਿਉਂਕਿ ਉਸ ਨੇ ਯਿਸੂ ਦੀ ਮਹਿਮਾ ਦੇਖੀ ਅਤੇ ਉਹਨਾਂ ਦੇ ਬਾਰੇ ਕਿਹਾ ।
42ਫਿਰ ਵੀ ਬਹੁਤ ਸਾਰੇ ਅਧਿਕਾਰੀਆਂ ਨੇ ਯਿਸੂ ਵਿੱਚ ਵਿਸ਼ਵਾਸ ਕੀਤਾ ਪਰ ਫ਼ਰੀਸੀਆਂ ਦੇ ਡਰ ਦੇ ਕਾਰਨ ਸਵੀਕਾਰ ਨਾ ਕੀਤਾ ਕਿ ਕਿਤੇ ਉਹ ਪ੍ਰਾਰਥਨਾ ਘਰ ਵਿੱਚੋਂ ਕੱਢ ਨਾ ਦਿੱਤੇ ਜਾਣ । 43ਉਹਨਾਂ ਨੂੰ ਪਰਮੇਸ਼ਰ ਦੇ ਆਦਰ ਦੀ ਥਾਂ ਮਨੁੱਖ ਦਾ ਆਦਰ ਜ਼ਿਆਦਾ ਪਿਆਰਾ ਸੀ ।
ਪ੍ਰਭੂ ਯਿਸੂ ਦੇ ਸ਼ਬਦ ਦੁਆਰਾ ਦੋਸ਼ੀ ਠਹਿਰਾਇਆ ਜਾਣਾ
44ਯਿਸੂ ਨੇ ਉੱਚੀ ਆਵਾਜ਼ ਨਾਲ ਕਿਹਾ, “ਜਿਹੜਾ ਕੋਈ ਮੇਰੇ ਵਿੱਚ ਵਿਸ਼ਵਾਸ ਕਰਦਾ ਹੈ ਉਹ ਮੇਰੇ ਵਿੱਚ ਨਹੀਂ ਸਗੋਂ ਮੇਰੇ ਭੇਜਣ ਵਾਲੇ ਵਿੱਚ ਵੀ ਵਿਸ਼ਵਾਸ ਕਰਦਾ ਹੈ । 45ਜਿਹੜਾ ਮੈਨੂੰ ਦੇਖਦਾ ਹੈ, ਮੇਰੇ ਭੇਜਣ ਵਾਲੇ ਨੂੰ ਵੀ ਦੇਖਦਾ ਹੈ । 46ਮੈਂ, ਚਾਨਣ ਸੰਸਾਰ ਵਿੱਚ ਆਇਆ ਹਾਂ ਕਿ ਜਿਹੜਾ ਮੇਰੇ ਵਿੱਚ ਵਿਸ਼ਵਾਸ ਕਰੇ ਹਨੇਰੇ ਵਿੱਚ ਨਾ ਰਹੇ । 47ਜਿਹੜਾ ਮੇਰੇ ਸ਼ਬਦ ਸੁਣਦਾ ਹੈ ਪਰ ਉਹਨਾਂ ਉੱਤੇ ਨਹੀਂ ਚੱਲਦਾ, ਮੈਂ ਉਸ ਨੂੰ ਦੋਸ਼ੀ ਨਹੀਂ ਠਹਿਰਾਉਂਦਾ ਕਿਉਂਕਿ ਮੈਂ ਸੰਸਾਰ ਨੂੰ ਦੋਸ਼ੀ ਠਹਿਰਾਉਣ ਦੇ ਲਈ ਨਹੀਂ ਸਗੋਂ ਮੁਕਤੀ ਦੇਣ ਦੇ ਲਈ ਆਇਆ ਹਾਂ । 48ਜਿਹੜਾ ਮੈਨੂੰ ਰੱਦਦਾ ਹੈ ਅਤੇ ਮੇਰੇ ਸ਼ਬਦ ਨੂੰ ਸਵੀਕਾਰ ਨਹੀਂ ਕਰਦਾ ਉਸ ਨੂੰ ਦੋਸ਼ੀ ਠਹਿਰਾਉਣ ਵਾਲਾ ਇੱਕ ਹੈ । ਜੋ ਸ਼ਬਦ ਮੈਂ ਕਿਹਾ ਹੈ ਉਹ ਹੀ ਉਸ ਨੂੰ ਅੰਤਮ ਦਿਨ ਦੋਸ਼ੀ ਠਹਿਰਾਵੇਗਾ । 49ਕਿਉਂਕਿ ਮੈਂ ਆਪਣੇ ਵੱਲੋਂ ਕੁਝ ਨਹੀਂ ਕਿਹਾ ਪਰ ਪਿਤਾ ਜਿਹਨਾਂ ਨੇ ਮੈਨੂੰ ਭੇਜਿਆ, ਉਹਨਾਂ ਨੇ ਹੁਕਮ ਦਿੱਤਾ ਹੈ ਕਿ ਮੈਂ ਕੀ ਕਹਾਂ ਅਤੇ ਕੀ ਦੱਸਾਂ 50ਅਤੇ ਮੈਂ ਜਾਣਦਾ ਹਾਂ ਕਿ ਪਰਮੇਸ਼ਰ ਦਾ ਹੁਕਮ ਅਨੰਤ ਜੀਵਨ ਦਾ ਸ੍ਰੋਤ ਹੈ । ਇਸੇ ਲਈ ਜਿਹੜੇ ਸ਼ਬਦ ਮੈਂ ਕਹਿੰਦਾ ਹਾਂ, ਇਹ ਉਹ ਹੀ ਹਨ ਜਿਹੜੇ ਪਿਤਾ ਨੇ ਮੈਨੂੰ ਕਹਿਣ ਲਈ ਦਿੱਤੇ ਹਨ ।”
Punjabi Common Language (North American Version):
Text © 2021 Canadian Bible Society and Bible Society of India