ਮੱਤੀ 14
14
ਯੂਹੰਨਾ ਬਪਤਿਸਮਾ ਦੇਣ ਵਾਲੇ ਦੀ ਮੌਤ
1ਉਹਨਾਂ ਦਿਨਾਂ ਵਿੱਚ ਗਲੀਲ ਦੇ ਰਾਜਾ ਹੇਰੋਦੇਸ#14:1 ਮੂਲ ਭਾਸ਼ਾ ਵਿੱਚ ਸ਼ਬਦ, ‘ਤ੍ਰਿਖਆਰਖੇਸ਼ਾ’ ਹੈ, ਜਿਸ ਦਾ ਅਰਥ ਹੈ, ‘ਚਾਰ ਜ਼ਿਲ੍ਹਿਆਂ ਵਿੱਚੋਂ ਇੱਕ ਦਾ ਰਾਜਾ ।’ ਨੇ ਯਿਸੂ ਦੇ ਬਾਰੇ ਸੁਣਿਆ । 2ਉਸ ਨੇ ਆਪਣੇ ਅਫ਼ਸਰਾਂ ਨੂੰ ਕਿਹਾ, “ਇਹ ਯੂਹੰਨਾ ਬਪਤਿਸਮਾ ਦੇਣ ਵਾਲਾ ਹੀ ਹੈ । ਉਹ ਮੁਰਦਿਆਂ ਵਿੱਚੋਂ ਜੀਅ ਉੱਠਿਆ ਹੈ, ਇਸੇ ਲਈ ਉਸ ਰਾਹੀਂ ਇਹ ਚਮਤਕਾਰ ਹੋ ਰਹੇ ਹਨ ।”
3 #
ਲੂਕਾ 3:19-20
ਕਿਉਂਕਿ ਹੇਰੋਦੇਸ ਨੇ ਯੂਹੰਨਾ ਨੂੰ ਗਰਿਫ਼ਤਾਰ ਕਰ ਕੇ ਅਤੇ ਉਸ ਨੂੰ ਬੇੜੀਆਂ ਪਾ ਕੇ ਕੈਦ ਵਿੱਚ ਬੰਦ ਕਰ ਦਿੱਤਾ ਸੀ । ਇਹ ਉਸ ਨੇ ਆਪਣੇ ਭਰਾ ਫ਼ਿਲਿੱਪੁਸ ਦੀ ਪਤਨੀ ਹੇਰੋਦਿਆਸ ਦੇ ਕਾਰਨ ਕੀਤਾ ਸੀ । 4#ਲੇਵੀ 18:16, 20:21ਕਿਉਂਕਿ ਯੂਹੰਨਾ ਨੇ ਹੇਰੋਦੇਸ ਕਿਹਾ ਸੀ, “ਤੇਰੇ ਲਈ ਆਪਣੇ ਭਰਾ ਦੀ ਪਤਨੀ ਨਾਲ ਰਹਿਣਾ ਚੰਗਾ ਨਹੀਂ ।” 5ਹੇਰੋਦੇਸ ਤਾਂ ਉਸ ਨੂੰ ਮਾਰ ਦੇਣਾ ਚਾਹੁੰਦਾ ਸੀ ਪਰ ਉਹ ਲੋਕਾਂ ਤੋਂ ਡਰਦਾ ਸੀ ਕਿਉਂਕਿ ਲੋਕ ਯੂਹੰਨਾ ਨੂੰ ਨਬੀ ਮੰਨਦੇ ਸਨ ।
6ਹੇਰੋਦੇਸ ਦੇ ਜਨਮ ਦਿਨ ਤੇ ਹੇਰੋਦਿਆਸ ਦੀ ਬੇਟੀ ਨੇ ਸਭ ਦੇ ਸਾਹਮਣੇ ਨਾਚ ਕੀਤਾ । ਇਸ ਤੋਂ ਹੇਰੋਦੇਸ ਬਹੁਤ ਖ਼ੁਸ਼ ਹੋਇਆ । 7ਇਸ ਲਈ ਉਸ ਨੇ ਲੜਕੀ ਨੂੰ ਕਿਹਾ, “ਮੈਂ ਵਚਨ ਦਿੰਦਾ ਹਾਂ ਕਿ ਜੋ ਕੁਝ ਤੂੰ ਮੰਗੇਂਗੀ, ਮੈਂ ਦੇਵਾਂਗਾ” 8ਉਸ ਨੇ ਆਪਣੀ ਮਾਂ ਦੇ ਉਕਸਾਉਣ ਉੱਤੇ ਇਹ ਕਿਹਾ, “ਇਸੇ ਵੇਲੇ ਯੂਹੰਨਾ ਬਪਤਿਸਮਾ ਦੇਣ ਵਾਲੇ ਦਾ ਸਿਰ ਥਾਲ ਵਿੱਚ ਰੱਖ ਕੇ ਮੈਨੂੰ ਦਿੱਤਾ ਜਾਵੇ ।” 9ਰਾਜਾ ਇਹ ਸੁਣ ਕੇ ਬਹੁਤ ਦੁਖੀ ਹੋਇਆ ਪਰ ਆਪਣੇ ਦਿੱਤੇ ਹੋਏ ਵਚਨ ਅਤੇ ਪ੍ਰਾਹੁਣਿਆਂ ਦੇ ਕਾਰਨ, ਉਸ ਨੇ ਹੁਕਮ ਦਿੱਤਾ ਕਿ ਲੜਕੀ ਦੀ ਮੰਗ ਪੂਰੀ ਕੀਤੀ ਜਾਵੇ । 10ਇਸ ਤਰ੍ਹਾਂ ਯੂਹੰਨਾ ਦਾ ਸਿਰ ਕੈਦ ਵਿੱਚ ਵੱਢਵਾਇਆ ਗਿਆ । 11ਫਿਰ ਸਿਰ ਥਾਲ ਵਿੱਚ ਰੱਖ ਕੇ ਲੜਕੀ ਨੂੰ ਦੇ ਦਿੱਤਾ ਗਿਆ ਅਤੇ ਲੜਕੀ ਆਪਣੀ ਮਾਂ ਕੋਲ ਲੈ ਗਈ । 12ਫਿਰ ਯੂਹੰਨਾ ਦੇ ਚੇਲੇ ਆਏ ਅਤੇ ਲਾਸ਼ ਨੂੰ ਲੈ ਜਾ ਕੇ ਦਫ਼ਨਾ ਦਿੱਤਾ । ਉਹਨਾਂ ਨੇ ਜਾ ਕੇ ਇਸ ਬਾਰੇ ਯਿਸੂ ਨੂੰ ਦੱਸਿਆ ।
ਪ੍ਰਭੂ ਯਿਸੂ ਦਾ ਪੰਜ ਹਜ਼ਾਰ ਨੂੰ ਰਜਾਉਣਾ
13ਜਦੋਂ ਯਿਸੂ ਨੇ ਇਹ ਸੁਣਿਆ ਤਾਂ ਉਹ ਉਸ ਥਾਂ ਤੋਂ ਕਿਸ਼ਤੀ ਦੁਆਰਾ ਇੱਕ ਇਕਾਂਤ ਥਾਂ ਵਿੱਚ ਚਲੇ ਗਏ । ਪਰ ਲੋਕਾਂ ਨੂੰ ਵੀ ਇਸ ਗੱਲ ਦਾ ਪਤਾ ਲੱਗ ਗਿਆ । ਇਸ ਲਈ ਉਹ ਵੀ ਆਪਣੇ ਆਪਣੇ ਸ਼ਹਿਰਾਂ ਤੋਂ ਪੈਦਲ ਹੀ ਯਿਸੂ ਦੇ ਪਿੱਛੇ ਪਿੱਛੇ ਗਏ । 14ਯਿਸੂ ਨੇ ਕਿਸ਼ਤੀ ਵਿੱਚੋਂ ਉਤਰਦੇ ਹੀ ਲੋਕਾਂ ਦੀ ਵੱਡੀ ਭੀੜ ਦੇਖੀ । ਇਹ ਦੇਖ ਕੇ ਉਹਨਾਂ ਦਾ ਦਿਲ ਦਇਆ ਨਾਲ ਭਰ ਗਿਆ । ਇਸ ਲਈ ਉਹਨਾਂ ਨੇ ਲੋਕਾਂ ਦੇ ਬਿਮਾਰਾਂ ਨੂੰ ਚੰਗਾ ਕੀਤਾ ।
15ਜਦੋਂ ਸ਼ਾਮ ਹੋ ਗਈ ਤਾਂ ਯਿਸੂ ਦੇ ਚੇਲੇ ਉਹਨਾਂ ਦੇ ਕੋਲ ਆਏ ਅਤੇ ਕਿਹਾ, “ਸਮਾਂ ਬਹੁਤ ਹੋ ਗਿਆ ਹੈ ਅਤੇ ਇਹ ਥਾਂ ਵੀ ਉਜਾੜ ਵਿੱਚ ਹੈ । ਇਸ ਲਈ ਹੁਣ ਲੋਕਾਂ ਨੂੰ ਵਿਦਾ ਕਰੋ ਕਿ ਉਹ ਜਾ ਕੇ ਨੇੜੇ ਦੇ ਪਿੰਡਾਂ ਵਿੱਚੋਂ ਆਪਣੇ ਲਈ ਭੋਜਨ ਖ਼ਰੀਦਣ ।” 16ਪਰ ਯਿਸੂ ਨੇ ਚੇਲਿਆਂ ਨੂੰ ਕਿਹਾ, “ਨਹੀਂ, ਇਹਨਾਂ ਨੂੰ ਜਾਣ ਦੀ ਕੋਈ ਲੋੜ ਨਹੀਂ ਹੈ, ਤੁਸੀਂ ਹੀ ਇਹਨਾਂ ਨੂੰ ਭੋਜਨ ਦਿਓ ।” 17ਚੇਲਿਆਂ ਨੇ ਕਿਹਾ, “ਸਾਡੇ ਕੋਲ ਇੱਥੇ ਕੇਵਲ ਪੰਜ ਰੋਟੀਆਂ ਅਤੇ ਦੋ ਮੱਛੀਆਂ ਹੀ ਹਨ ।” 18ਯਿਸੂ ਨੇ ਕਿਹਾ, “ਉਹਨਾਂ ਨੂੰ ਮੇਰੇ ਕੋਲ ਲੈ ਆਓ ।” 19ਫਿਰ ਉਹਨਾਂ ਨੇ ਲੋਕਾਂ ਨੂੰ ਘਾਹ ਉੱਤੇ ਬੈਠ ਜਾਣ ਦਾ ਹੁਕਮ ਦਿੱਤਾ ਅਤੇ ਪੰਜ ਰੋਟੀਆਂ ਅਤੇ ਦੋ ਮੱਛੀਆਂ ਨੂੰ ਲੈ ਕੇ, ਅਕਾਸ਼ ਵੱਲ ਅੱਖਾਂ ਚੁੱਕ ਕੇ ਪਰਮੇਸ਼ਰ ਦਾ ਧੰਨਵਾਦ ਕੀਤਾ । ਫਿਰ ਉਹ ਤੋੜ ਤੋੜ ਕੇ ਚੇਲਿਆਂ ਨੂੰ ਦੇਣ ਲੱਗੇ ਅਤੇ ਚੇਲੇ ਲੋਕਾਂ ਨੂੰ । 20ਹਰ ਇੱਕ ਨੇ ਰੱਜ ਕੇ ਖਾਧਾ । ਤਦ ਚੇਲਿਆਂ ਨੇ ਬਚੇ ਹੋਏ ਟੁਕੜਿਆਂ ਨਾਲ ਭਰੀਆਂ ਹੋਈਆਂ ਬਾਰ੍ਹਾਂ ਟੋਕਰੀਆਂ ਚੁੱਕੀਆਂ । 21ਉਸ ਸਮੇਂ ਉੱਥੇ ਔਰਤਾਂ ਅਤੇ ਬੱਚਿਆਂ ਨੂੰ ਛੱਡ ਕੇ ਆਦਮੀਆਂ ਦੀ ਗਿਣਤੀ ਕੋਈ ਪੰਜ ਹਜ਼ਾਰ ਸੀ ।
ਪ੍ਰਭੂ ਯਿਸੂ ਦਾ ਪਾਣੀ ਉੱਤੇ ਚੱਲਣਾ
22ਇਸ ਦੇ ਬਾਅਦ ਉਸੇ ਸਮੇਂ ਯਿਸੂ ਨੇ ਚੇਲਿਆਂ ਨੂੰ ਕਿਸ਼ਤੀ ਵਿੱਚ ਬੈਠ ਕੇ ਝੀਲ ਦੇ ਦੂਜੇ ਪਾਸੇ ਜਾਣ ਦਾ ਹੁਕਮ ਦਿੱਤਾ । ਪਰ ਉਹ ਆਪ ਭੀੜ ਨੂੰ ਵਿਦਾ ਕਰਨ ਦੇ ਲਈ ਠਹਿਰ ਗਏ । 23ਲੋਕਾਂ ਨੂੰ ਵਿਦਾ ਕਰ ਕੇ ਉਹ ਆਪ ਪਹਾੜ ਉੱਤੇ ਪ੍ਰਾਰਥਨਾ ਕਰਨ ਦੇ ਲਈ ਚਲੇ ਗਏ । ਜਦੋਂ ਸ਼ਾਮ ਹੋ ਗਈ ਤਾਂ ਯਿਸੂ ਉੱਥੇ ਇਕੱਲੇ ਹੀ ਸਨ । 24ਪਰ ਇਸ ਸਮੇਂ ਤੱਕ ਕਿਸ਼ਤੀ ਝੀਲ ਵਿੱਚ ਕਾਫ਼ੀ ਦੂਰ ਜਾ ਚੁੱਕੀ ਸੀ । ਕਿਸ਼ਤੀ ਲਹਿਰਾਂ ਦੇ ਕਾਰਨ ਡੋਲ ਰਹੀ ਸੀ ਕਿਉਂਕਿ ਹਵਾ ਉਹਨਾਂ ਦੇ ਵਿਰੁੱਧ ਚੱਲ ਰਹੀ ਸੀ । 25ਰਾਤ ਦੇ ਚੌਥੇ ਪਹਿਰ#14:25 ਸਵੇਰ ਦੇ ਤਿੰਨ ਤੋਂ ਛੇ ਵਜੇ ਤੱਕ ਦਾ ਸਮਾਂ ਯਿਸੂ ਪਾਣੀ ਦੇ ਉੱਤੇ ਚੱਲ ਕੇ ਉਹਨਾਂ ਦੇ ਕੋਲ ਆਏ । 26ਪਰ ਜਦੋਂ ਚੇਲਿਆਂ ਨੇ ਯਿਸੂ ਨੂੰ ਪਾਣੀ ਦੇ ਉੱਤੇ ਚੱਲਦੇ ਦੇਖਿਆ ਤਾਂ ਉਹ ਬਹੁਤ ਡਰ ਗਏ । ਉਹਨਾਂ ਨੇ ਕਿਹਾ, “ਇਹ ਭੂਤ ਹੈ !” ਉਹਨਾਂ ਦੀਆਂ ਡਰ ਦੇ ਮਾਰੇ ਚੀਕਾਂ ਨਿਕਲ ਗਈਆਂ । 27ਯਿਸੂ ਨੇ ਇਕਦਮ ਉਹਨਾਂ ਨੂੰ ਕਿਹਾ, “ਹੌਸਲਾ ਰੱਖੋ, ਮੈਂ ਹਾਂ, ਡਰੋ ਨਹੀਂ !” 28ਪਤਰਸ ਨੇ ਕਿਹਾ, “ਪ੍ਰਭੂ ਜੀ, ਜੇਕਰ ਸੱਚੀ ਤੁਸੀਂ ਹੋ, ਤਾਂ ਮੈਨੂੰ ਹੁਕਮ ਦੇਵੋ ਕਿ ਮੈਂ ਪਾਣੀ ਉੱਤੇ ਚੱਲ ਕੇ ਤੁਹਾਡੇ ਕੋਲ ਆਵਾਂ ।” 29ਯਿਸੂ ਨੇ ਕਿਹਾ, “ਆ ਜਾ ।” ਇਸ ਲਈ ਪਤਰਸ ਕਿਸ਼ਤੀ ਤੋਂ ਉਤਰ ਕੇ ਪਾਣੀ ਉੱਤੇ ਚੱਲ ਕੇ ਯਿਸੂ ਕੋਲ ਜਾਣ ਲੱਗਾ । 30ਪਰ ਜਦੋਂ ਉਸ ਦਾ ਧਿਆਨ ਹਵਾ ਵੱਲ ਗਿਆ ਤਾਂ ਉਹ ਡਰ ਗਿਆ । ਇਸ ਲਈ ਉਹ ਪਾਣੀ ਵਿੱਚ ਡੁੱਬਣ ਲੱਗਾ । ਉਸ ਸਮੇਂ ਉਸ ਨੇ ਚੀਕ ਕੇ ਕਿਹਾ, “ਪ੍ਰਭੂ ਜੀ, ਮੈਨੂੰ ਬਚਾਓ !” 31ਯਿਸੂ ਨੇ ਇਕਦਮ ਆਪਣਾ ਹੱਥ ਅੱਗੇ ਵਧਾ ਕੇ ਉਸ ਨੂੰ ਫੜ ਲਿਆ ਅਤੇ ਉਸ ਨੂੰ ਕਿਹਾ, “ਤੇਰਾ ਵਿਸ਼ਵਾਸ ਕਿੰਨਾ ਘੱਟ ਹੈ । ਤੂੰ ਸ਼ੱਕ ਕਿਉਂ ਕੀਤਾ ?” 32ਫਿਰ ਜਦੋਂ ਉਹ ਦੋਵੇਂ ਕਿਸ਼ਤੀ ਵਿੱਚ ਚੜ੍ਹ ਗਏ, ਹਵਾ ਉਸੇ ਵੇਲੇ ਰੁਕ ਗਈ । 33ਕਿਸ਼ਤੀ ਵਿੱਚ ਸਾਰੇ ਚੇਲਿਆਂ ਨੇ ਯਿਸੂ ਨੂੰ ਮੱਥਾ ਟੇਕਿਆ ਅਤੇ ਕਿਹਾ, “ਤੁਸੀਂ ਸੱਚਮੁੱਚ ਪਰਮੇਸ਼ਰ ਦੇ ਪੁੱਤਰ ਹੋ !”
ਪ੍ਰਭੂ ਯਿਸੂ ਗਨੇਸਰਤ ਵਿੱਚ ਰੋਗੀਆਂ ਨੂੰ ਚੰਗਾ ਕਰਦੇ ਹਨ
34ਉਹ ਝੀਲ ਪਾਰ ਕਰ ਕੇ ਗਨੇਸਰਤ ਦੀ ਧਰਤੀ ਉੱਤੇ ਪਹੁੰਚ ਗਏ । 35ਉੱਥੇ ਲੋਕਾਂ ਨੇ ਯਿਸੂ ਨੂੰ ਪਛਾਣ ਲਿਆ । ਇਸ ਲਈ ਉਹਨਾਂ ਨੇ ਉਸ ਇਲਾਕੇ ਦੇ ਸਾਰੇ ਪਾਸੇ ਦੇ ਬਿਮਾਰਾਂ ਲਈ ਸੁਨੇਹਾ ਭੇਜਿਆ ਅਤੇ ਉਹ ਬਿਮਾਰਾਂ ਨੂੰ ਯਿਸੂ ਦੇ ਕੋਲ ਲੈ ਕੇ ਆਏ । 36ਲੋਕਾਂ ਨੇ ਯਿਸੂ ਅੱਗੇ ਬੇਨਤੀ ਕੀਤੀ ਕਿ ਉਹ ਬਿਮਾਰਾਂ ਨੂੰ ਘੱਟ ਤੋਂ ਘੱਟ ਆਪਣਾ ਪੱਲਾ ਹੀ ਛੂਹ ਲੈਣ ਦੇਣ । ਜਿਹਨਾਂ ਨੇ ਵੀ ਯਿਸੂ ਦਾ ਪੱਲਾ ਛੂਹਿਆ, ਉਹ ਚੰਗੇ ਹੋ ਗਏ ।
നിലവിൽ തിരഞ്ഞെടുത്തിരിക്കുന്നു:
ਮੱਤੀ 14: CL-NA
ഹൈലൈറ്റ് ചെയ്യുക
പങ്ക് വെക്കു
പകർത്തുക
നിങ്ങളുടെ എല്ലാ ഉപകരണങ്ങളിലും ഹൈലൈറ്റുകൾ സംരക്ഷിക്കാൻ ആഗ്രഹിക്കുന്നുണ്ടോ? സൈൻ അപ്പ് ചെയ്യുക അല്ലെങ്കിൽ സൈൻ ഇൻ ചെയ്യുക
Punjabi Common Language (North American Version):
Text © 2021 Canadian Bible Society and Bible Society of India