Kisary famantarana ny YouVersion
Kisary fikarohana

ਮੱਤੀ 25

25
ਦਸ ਕੁਆਰੀਆਂ ਦਾ ਦ੍ਰਿਸ਼ਟਾਂਤ
1 # ਲੂਕਾ 12:35 “ਉਸ ਵੇਲੇ ਸਵਰਗ ਦਾ ਰਾਜ ਉਹਨਾਂ ਦਸ ਕੁਆਰੀਆਂ ਵਰਗਾ ਹੋਵੇਗਾ ਜਿਹੜੀਆਂ ਆਪਣੇ ਦੀਵੇ ਲੈ ਕੇ ਲਾੜੇ ਦੇ ਸੁਆਗਤ ਲਈ ਨਿਕਲੀਆਂ । 2ਉਹਨਾਂ ਵਿੱਚੋਂ ਪੰਜ ਮੂਰਖ ਅਤੇ ਪੰਜ ਬੁੱਧੀਮਾਨ ਸਨ । 3ਮੂਰਖਾਂ ਨੇ ਆਪਣੇ ਦੀਵੇ ਤਾਂ ਨਾਲ ਲੈ ਲਏ ਪਰ ਵਾਧੂ ਤੇਲ ਨਾ ਲਿਆ । 4ਪਰ ਬੁੱਧੀਮਾਨਾਂ ਨੇ ਆਪਣੇ ਦੀਵਿਆਂ ਨਾਲ ਆਪਣੀਆਂ ਤੇਲ ਵਾਲੀਆਂ ਕੁੱਪੀਆਂ ਵਿੱਚ ਵਾਧੂ ਤੇਲ ਵੀ ਲੈ ਲਿਆ । 5ਲਾੜੇ ਨੇ ਆਉਣ ਵਿੱਚ ਦੇਰ ਕਰ ਦਿੱਤੀ ਇਸ ਲਈ ਉਹ ਸਾਰੀਆਂ ਨੀਂਦ ਨਾਲ ਊਂਘਣ ਲੱਗ ਪਈਆਂ ਅਤੇ ਸੌਂ ਗਈਆਂ ।
6“ਅੱਧੀ ਰਾਤ ਨੂੰ ਧੁੰਮ ਪੈ ਗਈ, ‘ਲਾੜਾ ਆ ਗਿਆ ਹੈ ! ਉਸ ਦੇ ਸੁਆਗਤ ਲਈ ਬਾਹਰ ਆਵੋ !’ 7ਇਹ ਸੁਣ ਕੇ ਉਹ ਸਾਰੀਆਂ ਕੁਆਰੀਆਂ ਉੱਠੀਆਂ ਅਤੇ ਆਪਣੇ ਦੀਵੇ ਤਿਆਰ ਕਰਨ ਲੱਗੀਆਂ । 8ਉਸ ਵੇਲੇ ਮੂਰਖਾਂ ਨੇ ਬੁੱਧੀਮਾਨਾਂ ਨੂੰ ਕਿਹਾ, ‘ਸਾਨੂੰ ਆਪਣੇ ਤੇਲ ਵਿੱਚੋਂ ਤੇਲ ਦੇਵੋ ਕਿਉਂਕਿ ਸਾਡੇ ਦੀਵੇ ਬੁਝ ਰਹੇ ਹਨ ।’ 9ਪਰ ਬੁੱਧੀਮਾਨਾਂ ਨੇ ਉਹਨਾਂ ਨੂੰ ਉੱਤਰ ਦਿੱਤਾ, ‘ਹੋ ਸਕਦਾ ਹੈ ਕਿ ਇਹ ਸਾਡੇ ਅਤੇ ਤੁਹਾਡੇ ਦੋਨਾਂ ਲਈ ਕਾਫ਼ੀ ਨਾ ਹੋਵੇ । ਇਸ ਲਈ ਚੰਗਾ ਇਹ ਹੈ ਕਿ ਤੁਸੀਂ ਵੇਚਣ ਵਾਲਿਆਂ ਕੋਲ ਜਾ ਕੇ ਆਪਣੇ ਲਈ ਮੁੱਲ ਲੈ ਲਵੋ ।’ 10ਪਰ ਜਦੋਂ ਅਜੇ ਉਹ ਪੰਜ ਮੂਰਖ ਕੁਆਰੀਆਂ ਤੇਲ ਮੁੱਲ ਲੈਣ ਲਈ ਜਾ ਰਹੀਆਂ ਸਨ ਤਾਂ ਲਾੜਾ ਆ ਗਿਆ । ਇਸ ਲਈ ਜਿਹੜੀਆਂ ਤਿਆਰ ਸਨ, ਲਾੜੇ ਦੇ ਨਾਲ ਵਿਆਹ-ਭੋਜ ਦੇ ਲਈ ਅੰਦਰ ਚਲੀਆਂ ਗਈਆਂ ਅਤੇ ਦਰਵਾਜ਼ਾ ਬੰਦ ਹੋ ਗਿਆ ।
11 # ਲੂਕਾ 13:25 “ਬਾਅਦ ਵਿੱਚ ਬਾਕੀ ਕੁਆਰੀਆਂ ਵੀ ਆਈਆਂ ਅਤੇ ਕਹਿਣ ਲੱਗੀਆਂ, ‘ਸ੍ਰੀਮਾਨ ਜੀ, ਸ੍ਰੀਮਾਨ ਜੀ, ਸਾਡੇ ਲਈ ਦਰਵਾਜ਼ਾ ਖੋਲ੍ਹੋ !’ 12ਪਰ ਅੰਦਰੋਂ ਲਾੜੇ ਨੇ ਉੱਤਰ ਦਿੱਤਾ, ‘ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਕਿ ਮੈਂ ਤੁਹਾਨੂੰ ਨਹੀਂ ਜਾਣਦਾ ।’ 13ਇਸ ਲਈ ਚੌਕਸ ਰਹੋ ਕਿਉਂਕਿ ਤੁਸੀਂ ਉਸ ਦਿਨ ਜਾਂ ਘੜੀ ਨੂੰ ਨਹੀਂ ਜਾਣਦੇ ।”
ਤਿੰਨ ਸੇਵਕਾਂ ਦਾ ਦ੍ਰਿਸ਼ਟਾਂਤ
(ਲੂਕਾ 19:11-27)
14 # ਲੂਕਾ 19:11-27 ਸਵਰਗ ਦਾ ਰਾਜ ਉਸ ਆਦਮੀ ਵਰਗਾ ਹੈ ਜਿਸ ਨੇ ਪਰਦੇਸ ਜਾਣ ਲੱਗੇ ਆਪਣੇ ਸੇਵਕਾਂ ਨੂੰ ਸੱਦ ਕੇ ਉਹਨਾਂ ਨੂੰ ਆਪਣੀ ਸੰਪਤੀ ਦੀ ਜ਼ਿੰਮੇਵਾਰੀ ਸੌਂਪੀ । 15ਉਸ ਨੇ ਹਰ ਇੱਕ ਨੂੰ ਉਸ ਦੀ ਯੋਗਤਾ ਅਨੁਸਾਰ, ਇੱਕ ਨੂੰ ਪੰਜ ਸੋਨੇ ਦੀਆਂ ਥੈਲੀਆਂ ਦਿੱਤੀਆਂ, ਦੂਜੇ ਨੂੰ ਦੋ ਅਤੇ ਤੀਜੇ ਨੂੰ ਇੱਕ ਦਿੱਤੀ । ਫਿਰ ਉਹ ਪਰਦੇਸ ਚਲਾ ਗਿਆ । 16ਉਹ ਸੇਵਕ ਜਿਸ ਨੂੰ ਪੰਜ ਥੈਲੀਆਂ ਮਿਲੀਆਂ ਸਨ ਉਸ ਨੇ ਉਹਨਾਂ ਦੇ ਨਾਲ ਵਪਾਰ ਕੀਤਾ ਅਤੇ ਪੰਜ ਹੋਰ ਕਮਾ ਲਈਆਂ । 17ਇਸੇ ਤਰ੍ਹਾਂ ਜਿਸ ਨੂੰ ਦੋ ਮਿਲੀਆਂ ਸਨ ਉਸ ਨੇ ਦੋ ਹੋਰ ਕਮਾ ਲਈਆਂ । 18ਪਰ ਜਿਸ ਨੂੰ ਇੱਕ ਮਿਲੀ ਸੀ, ਉਹ ਗਿਆ ਅਤੇ ਉਸ ਨੇ ਜ਼ਮੀਨ ਵਿੱਚ ਟੋਇਆ ਪੁੱਟ ਕੇ ਆਪਣੇ ਮਾਲਕ ਦਾ ਧਨ ਉਸ ਵਿੱਚ ਦੱਬ ਦਿੱਤਾ ।
19“ਕਾਫ਼ੀ ਸਮੇਂ ਦੇ ਬਾਅਦ ਉਹਨਾਂ ਸੇਵਕਾਂ ਦਾ ਮਾਲਕ ਵਾਪਸ ਆਇਆ ਅਤੇ ਉਹਨਾਂ ਤੋਂ ਹਿਸਾਬ ਮੰਗਿਆ । 20ਉਹ ਸੇਵਕ ਜਿਸ ਨੂੰ ਪੰਜ ਸੋਨੇ ਦੀਆਂ ਥੈਲੀਆਂ ਮਿਲੀਆਂ ਸਨ, ਉਸ ਨੇ ਆ ਕੇ ਪੰਜ ਹੋਰ ਥੈਲੀਆਂ ਮਾਲਕ ਨੂੰ ਦਿੱਤੀਆਂ । ਉਸ ਨੇ ਕਿਹਾ, ‘ਮਾਲਕ, ਤੁਸੀਂ ਤਾਂ ਮੈਨੂੰ ਪੰਜ ਥੈਲੀਆਂ ਦਿੱਤੀਆਂ ਸਨ ਪਰ ਦੇਖੋ, ਮੈਂ ਇਹਨਾਂ ਦੇ ਨਾਲ ਪੰਜ ਹੋਰ ਕਮਾ ਲਈਆਂ ਹਨ ।’ 21ਮਾਲਕ ਨੇ ਉਸ ਨੂੰ ਕਿਹਾ, ‘ਸ਼ਾਬਾਸ਼ ! ਚੰਗੇ ਅਤੇ ਇਮਾਨਦਾਰ ਸੇਵਕ, ਤੂੰ ਇੱਕ ਛੋਟੇ ਜਿਹੇ ਕੰਮ ਵਿੱਚ ਇਮਾਨਦਾਰ ਨਿਕਲਿਆ ਹੈਂ । ਮੈਂ ਤੈਨੂੰ ਬਹੁਤ ਵੱਡੇ ਕੰਮ ਦਾ ਅਧਿਕਾਰੀ ਬਣਾਵਾਂਗਾ । ਆ, ਅਤੇ ਆਪਣੇ ਮਾਲਕ ਦੀ ਖ਼ੁਸ਼ੀ ਵਿੱਚ ਸ਼ਾਮਲ ਹੋ ।’ 22ਫਿਰ ਉਸ ਸੇਵਕ ਨੇ ਜਿਸ ਨੂੰ ਦੋ ਥੈਲੀਆਂ ਮਿਲੀਆਂ ਸਨ, ਆਇਆ ਅਤੇ ਕਿਹਾ, ‘ਮਾਲਕ, ਤੁਸੀਂ ਤਾਂ ਮੈਨੂੰ ਦੋ ਥੈਲੀਆਂ ਦਿੱਤੀਆਂ ਸਨ ਪਰ ਦੇਖੋ, ਮੈਂ ਦੋ ਹੋਰ ਕਮਾ ਲਈਆਂ ਹਨ ।’ 23ਮਾਲਕ ਨੇ ਉਸ ਸੇਵਕ ਨੂੰ ਵੀ ਕਿਹਾ, ‘ਸ਼ਾਬਾਸ਼ ! ਚੰਗੇ ਅਤੇ ਇਮਾਨਦਾਰ ਸੇਵਕ, ਤੂੰ ਇੱਕ ਛੋਟੇ ਜਿਹੇ ਕੰਮ ਵਿੱਚ ਇਮਾਨਦਾਰ ਨਿਕਲਿਆ ਹੈਂ, ਮੈਂ ਤੈਨੂੰ ਬਹੁਤ ਵੱਡੇ ਕੰਮ ਦਾ ਅਧਿਕਾਰੀ ਬਣਾਵਾਂਗਾ । ਆ, ਅਤੇ ਆਪਣੇ ਮਾਲਕ ਦੀ ਖ਼ੁਸ਼ੀ ਵਿੱਚ ਸ਼ਾਮਲ ਹੋ ।’ 24ਅੰਤ ਵਿੱਚ ਉਹ ਸੇਵਕ ਆਇਆ ਜਿਸ ਨੂੰ ਇੱਕ ਥੈਲੀ ਮਿਲੀ ਸੀ, ਉਸ ਨੇ ਕਿਹਾ, ‘ਮਾਲਕ, ਮੈਂ ਜਾਣਦਾ ਸੀ ਕਿ ਤੁਸੀਂ ਸਖ਼ਤ ਦਿਲ ਵਾਲੇ ਹੋ, ਤੁਸੀਂ ਉੱਥੋਂ ਵੱਢਦੇ ਹੋ ਜਿੱਥੇ ਤੁਸੀਂ ਨਹੀਂ ਬੀਜਿਆ ਅਤੇ ਤੁਸੀਂ ਉੱਥੋਂ ਇਕੱਠਾ ਕਰਦੇ ਹੋ ਜਿੱਥੇ ਤੁਸੀਂ ਛੱਟਾ ਨਹੀਂ ਦਿੱਤਾ । 25ਇਸ ਲਈ ਮੈਂ ਡਰ ਗਿਆ ਅਤੇ ਜਾ ਕੇ ਤੁਹਾਡਾ ਧਨ ਜ਼ਮੀਨ ਵਿੱਚ ਦੱਬ ਦਿੱਤਾ । ਇਸ ਲਈ ਇਹ ਜੋ ਤੁਹਾਡਾ ਧਨ ਸੀ, ਵਾਪਸ ਲੈ ਲਵੋ ।’ 26ਮਾਲਕ ਨੇ ਉਸ ਨੂੰ ਉੱਤਰ ਦਿੱਤਾ, ‘ਹੇ ਦੁਸ਼ਟ ਅਤੇ ਸੁਸਤ ਸੇਵਕ ! ਤੂੰ ਇਹ ਜਾਣਦਾ ਸੀ ਕਿ ਮੈਂ ਉੱਥੋਂ ਵੱਢਦਾ ਹਾਂ ਜਿੱਥੇ ਮੈਂ ਨਹੀਂ ਬੀਜਿਆ ਅਤੇ ਉੱਥੋਂ ਫ਼ਸਲ ਇਕੱਠੀ ਕਰਦਾ ਹਾਂ ਜਿੱਥੇ ਮੈਂ ਛੱਟਾ ਨਹੀਂ ਦਿੱਤਾ । 27ਇਸ ਲਈ ਤੈਨੂੰ ਚਾਹੀਦਾ ਸੀ ਕਿ ਤੂੰ ਮੇਰਾ ਧਨ ਸ਼ਾਹੂਕਾਰਾਂ ਨੂੰ ਦੇ ਦਿੰਦਾ । ਮੈਂ ਉੱਥੋਂ ਇਸ ਨੂੰ ਵਿਆਜ ਸਮੇਤ ਵਾਪਸ ਲੈ ਲੈਂਦਾ । 28ਮਾਲਕ ਨੇ ਹੁਕਮ ਦਿੱਤਾ, “ਇਸ ਕੋਲੋਂ ਇਹ ਥੈਲੀ ਲੈ ਲਵੋ ਅਤੇ ਜਿਸ ਕੋਲ ਦਸ ਹਨ, ਉਸ ਨੂੰ ਦੇ ਦਿਓ ।” 29#ਮੱਤੀ 13:12, ਮਰ 4:25, ਲੂਕਾ 8:18ਜਿਸ ਦੇ ਕੋਲ ਹੈ, ਉਸ ਨੂੰ ਹੋਰ ਦਿੱਤਾ ਜਾਵੇਗਾ ਕਿ ਉਸ ਦੇ ਕੋਲ ਬਹੁਤ ਹੋ ਜਾਵੇ ਪਰ ਜਿਸ ਦੇ ਕੋਲ ਨਹੀਂ ਹੈ, ਉਸ ਦੇ ਕੋਲੋਂ ਉਹ ਥੋੜ੍ਹਾ ਵੀ ਲੈ ਲਿਆ ਜਾਵੇਗਾ, ਜੋ ਉਸ ਦੇ ਕੋਲ ਹੈ । 30#ਮੱਤੀ 8:12, 22:13, ਲੂਕਾ 13:28ਇਸ ਨਿਕੰਮੇ ਸੇਵਕ ਨੂੰ ਬਾਹਰ ਹਨੇਰੇ ਵਿੱਚ ਸੁੱਟ ਦਿਓ ਜਿੱਥੇ ਰੋਣਾ ਅਤੇ ਦੰਦਾਂ ਦਾ ਪੀਹਣਾ ਹੋਵੇਗਾ ।’”
ਕੌਮਾਂ ਦਾ ਨਿਆਂ
31 # ਮੱਤੀ 16:27, 19:28 “ਜਦੋਂ ਮਨੁੱਖ ਦਾ ਪੁੱਤਰ ਆਪਣੀ ਮਹਿਮਾ ਅਤੇ ਆਪਣੇ ਸਾਰੇ ਸਵਰਗਦੂਤਾਂ ਦੇ ਨਾਲ ਆਵੇਗਾ ਤਾਂ ਉਹ ਆਪਣੇ ਸ਼ਾਹੀ ਸਿੰਘਾਸਣ ਉੱਤੇ ਬੈਠੇਗਾ । 32ਉਸ ਸਮੇਂ ਧਰਤੀ ਦੀਆਂ ਸਾਰੀਆਂ ਕੌਮਾਂ ਉਸ ਦੇ ਸਾਹਮਣੇ ਇਕੱਠੀਆਂ ਕੀਤੀਆਂ ਜਾਣਗੀਆਂ । ਉਹ ਉਹਨਾਂ ਨੂੰ ਦੋ ਹਿੱਸਿਆਂ ਵਿੱਚ ਵੰਡੇਗਾ, ਜਿਸ ਤਰ੍ਹਾਂ ਚਰਵਾਹਾ ਭੇਡਾਂ ਨੂੰ ਬੱਕਰੀਆਂ ਤੋਂ ਵੱਖਰਾ ਕਰਦਾ ਹੈ । 33ਉਹ ਭੇਡਾਂ ਨੂੰ ਆਪਣੇ ਸੱਜੇ ਪਾਸੇ ਅਤੇ ਬੱਕਰੀਆਂ ਨੂੰ ਖੱਬੇ ਪਾਸੇ ਖੜ੍ਹਾ ਕਰੇਗਾ । 34ਫਿਰ ਰਾਜਾ ਆਪਣੇ ਸੱਜੇ ਪਾਸੇ ਵਾਲਿਆਂ ਨੂੰ ਕਹੇਗਾ, ‘ਮੇਰੇ ਪਿਤਾ ਦੇ ਧੰਨ ਲੋਕੋ, ਆਓ, ਅਤੇ ਉਸ ਰਾਜ ਨੂੰ ਲਵੋ ਜਿਹੜਾ ਤੁਹਾਡੇ ਲਈ ਇਸ ਸੰਸਾਰ ਦੇ ਸ਼ੁਰੂ ਤੋਂ ਹੀ ਤਿਆਰ ਕੀਤਾ ਗਿਆ ਹੈ । 35ਮੈਂ ਭੁੱਖਾ ਸੀ, ਤੁਸੀਂ ਮੈਨੂੰ ਭੋਜਨ ਦਿੱਤਾ ਮੈਂ ਪਿਆਸਾ ਸੀ, ਤੁਸੀਂ ਮੈਨੂੰ ਪਾਣੀ ਪਿਲਾਇਆ ਮੈਂ ਪਰਦੇਸੀ ਸੀ, ਤੁਸੀਂ ਆਪਣੇ ਘਰ ਵਿੱਚ ਮੇਰਾ ਸੁਆਗਤ ਕੀਤਾ 36ਮੈਂ ਨੰਗਾ ਸੀ, ਤੁਸੀਂ ਮੈਨੂੰ ਕੱਪੜੇ ਦਿੱਤੇ ਮੈਂ ਬਿਮਾਰ ਸੀ, ਤੁਸੀਂ ਮੇਰੀ ਖ਼ਬਰ ਲਈ ਅਤੇ ਮੈਂ ਕੈਦ ਵਿੱਚ ਸੀ, ਤੁਸੀਂ ਮੇਰੇ ਕੋਲ ਆਏ ।’ 37ਨੇਕ ਲੋਕ ਉਸ ਸਮੇਂ ਉੱਤਰ ਦੇਣਗੇ, ‘ਪ੍ਰਭੂ ਜੀ, ਕਦੋਂ ਅਸੀਂ ਤੁਹਾਨੂੰ ਭੁੱਖਾ ਦੇਖਿਆ ਅਤੇ ਤੁਹਾਨੂੰ ਭੋਜਨ ਦਿੱਤਾ ਜਾਂ ਪਿਆਸਾ ਦੇਖਿਆ ਅਤੇ ਤੁਹਾਨੂੰ ਪਾਣੀ ਦਿੱਤਾ ? 38ਕਦੋਂ ਅਸੀਂ ਤੁਹਾਨੂੰ ਪਰਦੇਸੀ ਦੇਖਿਆ ਅਤੇ ਆਪਣੇ ਘਰ ਵਿੱਚ ਤੁਹਾਡਾ ਸੁਆਗਤ ਕੀਤਾ ਜਾਂ ਨੰਗਾ ਦੇਖਿਆ ਅਤੇ ਤੁਹਾਨੂੰ ਕੱਪੜੇ ਦਿੱਤੇ ? 39ਕਦੋਂ ਅਸੀਂ ਤੁਹਾਨੂੰ ਬਿਮਾਰ ਜਾਂ ਕੈਦ ਵਿੱਚ ਦੇਖਿਆ ਅਤੇ ਤੁਹਾਡੀ ਖ਼ਬਰ ਲੈਣ ਗਏ ?’ 40ਰਾਜਾ ਉਹਨਾਂ ਨੂੰ ਉਸ ਸਮੇਂ ਉੱਤਰ ਦੇਵੇਗਾ, ‘ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਕਿ ਜਦੋਂ ਕਦੀ ਤੁਸੀਂ ਇਹਨਾਂ ਮੇਰੇ ਛੋਟੇ ਤੋਂ ਛੋਟੇ ਭਰਾਵਾਂ ਅਤੇ ਭੈਣਾਂ ਵਿੱਚੋਂ ਕਿਸੇ ਨਾਲ ਇਹ ਕੀਤਾ, ਤੁਸੀਂ ਅਸਲ ਵਿੱਚ ਮੇਰੇ ਨਾਲ ਹੀ ਕੀਤਾ ।’
41“ਫਿਰ ਰਾਜਾ ਆਪਣੇ ਖੱਬੇ ਪਾਸੇ ਵਾਲਿਆਂ ਨੂੰ ਕਹੇਗਾ, ‘ਤੁਸੀਂ ਜਿਹੜੇ ਪਰਮੇਸ਼ਰ ਦੇ ਸਰਾਪ ਹੇਠ ਹੋ, ਮੇਰੇ ਸਾਹਮਣਿਓਂ ਉਸ ਹਮੇਸ਼ਾ ਬਲਣ ਵਾਲੀ ਅੱਗ ਵਿੱਚ ਚਲੇ ਜਾਵੋ ਜਿਹੜੀ ਸ਼ੈਤਾਨ ਅਤੇ ਉਸ ਦੇ ਦੂਤਾਂ ਲਈ ਤਿਆਰ ਕੀਤੀ ਗਈ ਹੈ । 42ਕਿਉਂਕਿ ਮੈਂ ਭੁੱਖਾ ਸੀ, ਤੁਸੀਂ ਮੈਨੂੰ ਭੋਜਨ ਨਾ ਦਿੱਤਾ ਮੈਂ ਪਿਆਸਾ ਸੀ, ਤੁਸੀਂ ਮੈਨੂੰ ਪਾਣੀ ਨਾ ਦਿੱਤਾ 43ਮੈਂ ਪਰਦੇਸੀ ਸੀ ਪਰ ਤੁਸੀਂ ਆਪਣੇ ਘਰ ਵਿੱਚ ਮੇਰਾ ਸੁਆਗਤ ਨਾ ਕੀਤਾ । ਮੈਂ ਨੰਗਾ ਸੀ ਪਰ ਤੁਸੀਂ ਮੈਨੂੰ ਕੱਪੜੇ ਨਾ ਦਿੱਤੇ, ਮੈਂ ਬਿਮਾਰ ਸੀ ਅਤੇ ਕੈਦ ਵਿੱਚ ਸੀ ਪਰ ਤੁਸੀਂ ਮੇਰੀ ਖ਼ਬਰ ਲੈਣ ਨਾ ਆਏ ।’ 44ਉਸ ਸਮੇਂ ਉਹ ਉੱਤਰ ਦੇਣਗੇ, ‘ਪ੍ਰਭੂ ਜੀ, ਅਸੀਂ ਕਦੋਂ ਤੁਹਾਨੂੰ ਭੁੱਖਾ ਜਾਂ ਪਿਆਸਾ ਜਾਂ ਨੰਗਾ ਜਾਂ ਬਿਮਾਰ ਜਾਂ ਕੈਦ ਵਿੱਚ ਦੇਖਿਆ ਅਤੇ ਤੁਹਾਡੀ ਮਦਦ ਨਾ ਕੀਤੀ ?’ 45ਰਾਜਾ ਉਹਨਾਂ ਨੂੰ ਉੱਤਰ ਦੇਵੇਗਾ, ‘ਮੈਂ ਤੁਹਾਨੂੰ ਸੱਚ ਕਹਿੰਦਾ ਹਾਂ, ਜਦੋਂ ਵੀ ਤੁਸੀਂ ਇਹਨਾਂ ਵਿੱਚੋਂ ਕਿਸੇ ਛੋਟੇ ਤੋਂ ਛੋਟੇ ਦੇ ਨਾਲ ਇਹ ਨਾ ਕੀਤਾ ਤਾਂ ਸਮਝੋ ਕਿ ਤੁਸੀਂ ਮੇਰੇ ਨਾਲ ਵੀ ਨਾ ਕੀਤਾ ।’ 46#ਦਾਨੀ 12:2ਇਹ ਲੋਕ ਅਨੰਤ ਸਜ਼ਾ ਅਤੇ ਨੇਕ ਲੋਕ ਅਨੰਤ ਜੀਵਨ ਪ੍ਰਾਪਤ ਕਰਨਗੇ ।”

Voafantina amin'izao fotoana izao:

ਮੱਤੀ 25: CL-NA

Asongadina

Hizara

Dika mitovy

None

Tianao hovoatahiry amin'ireo fitaovana ampiasainao rehetra ve ireo nasongadina? Hisoratra na Hiditra