ਲੂਕਾ 15

15
ਗੁਆਚੀ ਹੋਈ ਭੇਡ ਦਾ ਦ੍ਰਿਸ਼ਟਾਂਤ
1ਸਭ ਮਹਿਸੂਲੀਏ ਅਤੇ ਪਾਪੀ ਯਿਸੂ ਦੀਆਂ ਗੱਲਾਂ ਸੁਣਨ ਲਈ ਉਸ ਦੇ ਕੋਲ ਆਉਂਦੇ ਸਨ। 2ਤਦ ਫ਼ਰੀਸੀ ਅਤੇ ਸ਼ਾਸਤਰੀ ਬੁੜਬੁੜਾ ਕੇ ਕਹਿਣ ਲੱਗੇ, “ਇਹ ਪਾਪੀਆਂ ਨੂੰ ਕਬੂਲ ਕਰਦਾ ਅਤੇ ਉਨ੍ਹਾਂ ਨਾਲ ਖਾਂਦਾ ਹੈ।”
3ਤਦ ਉਸ ਨੇ ਉਨ੍ਹਾਂ ਨੂੰ ਇਹ ਦ੍ਰਿਸ਼ਟਾਂਤ ਦਿੱਤਾ, 4“ਤੁਹਾਡੇ ਵਿੱਚੋਂ ਕਿਹੜਾ ਮਨੁੱਖ ਹੈ ਜਿਸ ਕੋਲ ਸੌ ਭੇਡਾਂ ਹੋਣ ਅਤੇ ਉਨ੍ਹਾਂ ਵਿੱਚੋਂ ਇੱਕ ਗੁਆਚ ਜਾਵੇ ਅਤੇ ਉਹ ਨੜਿੰਨਵਿਆਂ ਨੂੰ ਉਜਾੜ ਵਿੱਚ ਛੱਡ ਕੇ ਉਸ ਗੁਆਚੀ ਹੋਈ ਨੂੰ ਭਾਲਣ ਲਈ ਨਾ ਜਾਵੇ, ਜਦੋਂ ਤੱਕ ਕਿ ਉਸ ਨੂੰ ਨਾ ਲੱਭੇ? 5ਅਤੇ ਜਦੋਂ ਲੱਭ ਜਾਂਦੀ ਹੈ ਤਾਂ ਉਸ ਨੂੰ ਖੁਸ਼ੀ ਨਾਲ ਆਪਣੇ ਮੋਢਿਆਂ ਉੱਤੇ ਚੁੱਕ ਲੈਂਦਾ ਹੈ। 6ਫਿਰ ਉਹ ਘਰ ਆ ਕੇ ਆਪਣੇ ਮਿੱਤਰਾਂ ਅਤੇ ਗੁਆਂਢੀਆਂ ਨੂੰ ਇਕੱਠੇ ਕਰਦਾ ਅਤੇ ਉਨ੍ਹਾਂ ਨੂੰ ਕਹਿੰਦਾ ਹੈ, ‘ਮੇਰੇ ਨਾਲ ਮਿਲ ਕੇ ਅਨੰਦ ਕਰੋ ਕਿਉਂਕਿ ਮੈਂ ਆਪਣੀ ਗੁਆਚੀ ਹੋਈ ਭੇਡ ਲੱਭ ਲਈ ਹੈ’! 7ਮੈਂ ਤੁਹਾਨੂੰ ਕਹਿੰਦਾ ਹਾਂ ਕਿ ਇਸੇ ਤਰ੍ਹਾਂ ਇੱਕ ਪਾਪੀ ਦੇ ਤੋਬਾ ਕਰਨ ਨਾਲ ਸਵਰਗ ਵਿੱਚ ਉਨ੍ਹਾਂ ਨੜਿੰਨਵਿਆਂ ਧਰਮੀਆਂ ਨਾਲੋਂ ਜ਼ਿਆਦਾ ਅਨੰਦ ਮਨਾਇਆ ਜਾਵੇਗਾ ਜਿਨ੍ਹਾਂ ਨੂੰ ਤੋਬਾ ਦੀ ਜ਼ਰੂਰਤ ਨਹੀਂ ਹੈ।
ਗੁਆਚੇ ਹੋਏ ਸਿੱਕੇ ਦਾ ਦ੍ਰਿਸ਼ਟਾਂਤ
8 “ਜਾਂ ਕਿਹੜੀ ਔਰਤ ਹੈ ਜਿਸ ਕੋਲ ਚਾਂਦੀ ਦੇ ਦਸ ਸਿੱਕੇ ਹੋਣ ਅਤੇ ਜੇ ਇੱਕ ਸਿੱਕਾ ਗੁਆਚ ਜਾਵੇ ਤਾਂ ਉਹ ਦੀਵਾ ਬਾਲ ਕੇ ਅਤੇ ਘਰ ਵਿੱਚ ਝਾੜੂ ਲਾ ਕੇ ਧਿਆਨ ਨਾਲ ਨਾ ਭਾਲੇ, ਜਦੋਂ ਤੱਕ ਉਸ ਨੂੰ ਨਾ ਲੱਭੇ? 9ਅਤੇ ਜਦੋਂ ਲੱਭ ਜਾਂਦਾ ਹੈ ਤਾਂ ਉਹ ਆਪਣੀਆਂ ਸਹੇਲੀਆਂ ਅਤੇ ਗੁਆਂਢਣਾਂ ਨੂੰ ਇਕੱਠਾ ਕਰਕੇ ਕਹਿੰਦੀ ਹੈ, ‘ਮੇਰੇ ਨਾਲ ਅਨੰਦ ਕਰੋ, ਕਿਉਂਕਿ ਮੇਰਾ ਜੋ ਸਿੱਕਾ ਗੁਆਚ ਗਿਆ ਸੀ ਉਹ ਮੈਨੂੰ ਲੱਭ ਗਿਆ ਹੈ’! 10ਮੈਂ ਤੁਹਾਨੂੰ ਕਹਿੰਦਾ ਹਾਂ ਕਿ ਇਸੇ ਤਰ੍ਹਾਂ ਇੱਕ ਪਾਪੀ ਦੇ ਤੋਬਾ ਕਰਨ ਨਾਲ ਪਰਮੇਸ਼ਰ ਦੇ ਦੂਤਾਂ ਦੇ ਸਾਹਮਣੇ ਅਨੰਦ ਮਨਾਇਆ ਜਾਂਦਾ ਹੈ।”
ਗੁਆਚੇ ਹੋਏ ਪੁੱਤਰ ਦਾ ਦ੍ਰਿਸ਼ਟਾਂਤ
11ਫਿਰ ਉਸ ਨੇ ਕਿਹਾ,“ਕਿਸੇ ਮਨੁੱਖ ਦੇ ਦੋ ਪੁੱਤਰ ਸਨ। 12ਉਨ੍ਹਾਂ ਵਿੱਚੋਂ ਛੋਟੇ ਨੇ ਪਿਤਾ ਨੂੰ ਕਿਹਾ, ‘ਪਿਤਾ ਜੀ, ਜਾਇਦਾਦ ਦਾ ਮੇਰਾ ਹਿੱਸਾ ਮੈਨੂੰ ਦੇ ਦਿਓ’। ਸੋ ਉਸ ਨੇ ਜਾਇਦਾਦ ਉਨ੍ਹਾਂ ਨੂੰ ਵੰਡ ਦਿੱਤੀ। 13ਅਜੇ ਬਹੁਤ ਦਿਨ ਨਹੀਂ ਬੀਤੇ ਸਨ ਕਿ ਛੋਟਾ ਪੁੱਤਰ ਸਭ ਕੁਝ ਇਕੱਠਾ ਕਰਕੇ ਪਰਦੇਸ ਚਲਾ ਗਿਆ ਅਤੇ ਉੱਥੇ ਆਪਣਾ ਮਾਲ-ਧਨ ਐਸ਼ਪ੍ਰਸਤੀ ਵਿੱਚ ਉਡਾ ਦਿੱਤਾ। 14ਜਦੋਂ ਉਹ ਆਪਣਾ ਸਭ ਕੁਝ ਖਰਚ ਕਰ ਚੁੱਕਾ ਤਾਂ ਉਸੇ ਸਮੇਂ ਉਸ ਦੇਸ ਵਿੱਚ ਵੱਡਾ ਕਾਲ ਪੈ ਗਿਆ ਅਤੇ ਉਹ ਮੁਹਤਾਜ ਹੋਣ ਲੱਗਾ। 15ਤਦ ਉਹ ਉਸ ਦੇਸ ਦੇ ਵਾਸੀਆਂ ਵਿੱਚੋਂ ਇੱਕ ਦੇ ਕੋਲ ਜਾ ਕੇ ਕੰਮ ਕਰਨ ਲੱਗ ਪਿਆ ਅਤੇ ਉਸ ਨੇ ਉਸ ਨੂੰ ਆਪਣੇ ਖੇਤਾਂ ਵਿੱਚ ਸੂਰ ਚਾਰਨ ਲਈ ਭੇਜਿਆ। 16ਉਹ ਉਨ੍ਹਾਂ ਫਲੀਆਂ ਨਾਲ ਜੋ ਸੂਰ ਖਾਂਦੇ ਸਨ ਆਪਣਾ ਢਿੱਡ ਭਰਨਾ ਚਾਹੁੰਦਾ ਸੀ, ਪਰ ਕਿਸੇ ਨੇ ਉਸ ਨੂੰ ਕੁਝ ਨਾ ਦਿੱਤਾ। 17ਤਦ ਉਹ ਸੁਰਤ ਵਿੱਚ ਆ ਕੇ ਕਹਿਣ ਲੱਗਾ, ‘ਮੇਰੇ ਪਿਤਾ ਦੇ ਕਿੰਨੇ ਹੀ ਮਜ਼ਦੂਰਾਂ ਕੋਲ ਜ਼ਰੂਰਤ ਤੋਂ ਵਧ ਰੋਟੀ ਹੈ, ਪਰ ਮੈਂ ਇੱਥੇ ਭੁੱਖ ਨਾਲ ਮਰ ਰਿਹਾ ਹਾਂ। 18ਮੈਂ ਉੱਠ ਕੇ ਆਪਣੇ ਪਿਤਾ ਦੇ ਕੋਲ ਜਾਵਾਂਗਾ ਅਤੇ ਉਸ ਨੂੰ ਕਹਾਂਗਾ, ਪਿਤਾ ਜੀ, ਮੈਂ ਸਵਰਗ ਦੇ ਵਿਰੁੱਧ ਅਤੇ ਤੁਹਾਡੇ ਅੱਗੇ ਪਾਪ ਕੀਤਾ ਹੈ। 19ਹੁਣ ਮੈਂ ਤੁਹਾਡਾ ਪੁੱਤਰ ਕਹਾਉਣ ਦੇ ਯੋਗ ਨਹੀਂ; ਮੈਨੂੰ ਆਪਣੇ ਮਜ਼ਦੂਰਾਂ ਵਿੱਚੋਂ ਇੱਕ ਜਿਹਾ ਰੱਖ ਲਵੋ’। 20ਤਦ ਉਹ ਉੱਠ ਕੇ ਆਪਣੇ ਪਿਤਾ ਵੱਲ ਚੱਲ ਪਿਆ। ਉਹ ਅਜੇ ਦੂਰ ਹੀ ਸੀ ਕਿ ਉਸ ਦੇ ਪਿਤਾ ਨੇ ਉਸ ਨੂੰ ਵੇਖਿਆ ਅਤੇ ਤਰਸ ਨਾਲ ਭਰ ਗਿਆ ਅਤੇ ਦੌੜ ਕੇ ਉਸ ਨੂੰ ਗਲ਼ ਨਾਲ ਲਾ ਲਿਆ ਅਤੇ ਚੁੰਮਿਆ। 21ਪੁੱਤਰ ਨੇ ਉਸ ਨੂੰ ਕਿਹਾ, ‘ਪਿਤਾ ਜੀ, ਮੈਂ ਸਵਰਗ ਦੇ ਵਿਰੁੱਧ ਅਤੇ ਤੁਹਾਡੇ ਅੱਗੇ ਪਾਪ ਕੀਤਾ ਹੈ, ਹੁਣ ਮੈਂ ਇਸ ਯੋਗ ਨਹੀਂ ਜੋ ਤੁਹਾਡਾ ਪੁੱਤਰ ਕਹਾਵਾਂ’। 22ਪਰ ਪਿਤਾ ਨੇ ਆਪਣੇ ਦਾਸਾਂ ਨੂੰ ਕਿਹਾ, ‘ਛੇਤੀ ਸਭ ਤੋਂ ਵਧੀਆ ਚੋਗਾ ਕੱਢ ਕੇ ਇਸ ਨੂੰ ਪਹਿਨਾਓ ਅਤੇ ਇਸ ਦੇ ਹੱਥ ਵਿੱਚ ਅੰਗੂਠੀ ਅਤੇ ਪੈਰਾਂ ਵਿੱਚ ਜੁੱਤੀ ਪਾਓ 23ਅਤੇ ਪਲ਼ਿਆ ਹੋਇਆ ਵੱਛਾ ਲਿਆ ਕੇ ਕੱਟੋ ਕਿ ਅਸੀਂ ਖਾਈਏ ਅਤੇ ਅਨੰਦ ਮਨਾਈਏ। 24ਕਿਉਂਕਿ ਮੇਰਾ ਇਹ ਪੁੱਤਰ ਮਰ ਗਿਆ ਸੀ ਅਤੇ ਫੇਰ ਜੀਉਂਦਾ ਹੋ ਗਿਆ ਹੈ; ਗੁਆਚ ਗਿਆ ਸੀ ਹੁਣ ਲੱਭ ਗਿਆ ਹੈ’। ਸੋ ਉਹ ਅਨੰਦ ਮਨਾਉਣ ਲੱਗੇ। 25ਪਰ ਉਸ ਦਾ ਵੱਡਾ ਪੁੱਤਰ ਖੇਤ ਵਿੱਚ ਸੀ ਅਤੇ ਵਾਪਸ ਆਉਂਦਿਆਂ ਜਦੋਂ ਉਹ ਘਰ ਦੇ ਨੇੜੇ ਪਹੁੰਚਿਆ ਤਾਂ ਉਸ ਨੇ ਗਾਉਣ ਵਜਾਉਣ ਅਤੇ ਨੱਚਣ ਦੀ ਅਵਾਜ਼ ਸੁਣੀ। 26ਤਦ ਉਸ ਨੇ ਇੱਕ ਦਾਸ ਨੂੰ ਕੋਲ ਬੁਲਾ ਕੇ ਪੁੱਛਿਆ, ‘ਇਹ ਕੀ ਹੋ ਰਿਹਾ ਹੈ’? 27ਦਾਸ ਨੇ ਉਸ ਨੂੰ ਕਿਹਾ, ‘ਤੇਰਾ ਭਰਾ ਆਇਆ ਹੈ ਅਤੇ ਤੇਰੇ ਪਿਤਾ ਨੇ ਪਲ਼ਿਆ ਹੋਇਆ ਵੱਛਾ ਕਟਵਾਇਆ, ਕਿਉਂਕਿ ਉਸ ਨੂੰ ਸਹੀ ਸਲਾਮਤ ਪਾਇਆ ਹੈ’। 28ਪਰ ਉਹ ਗੁੱਸੇ ਹੋਇਆ ਅਤੇ ਅੰਦਰ ਜਾਣਾ ਨਾ ਚਾਹਿਆ। ਤਦ ਉਸ ਦਾ ਪਿਤਾ ਬਾਹਰ ਆ ਕੇ ਉਸ ਨੂੰ ਮਨਾਉਣ ਲੱਗਾ। 29ਪਰ ਉਸ ਨੇ ਪਿਤਾ ਨੂੰ ਕਿਹਾ, ‘ਵੇਖੋ, ਮੈਂ ਐਨੇ ਸਾਲਾਂ ਤੋਂ ਤੁਹਾਡੀ ਸੇਵਾ ਕਰ ਰਿਹਾ ਹਾਂ ਅਤੇ ਕਦੇ ਤੁਹਾਡਾ ਹੁਕਮ ਨਹੀਂ ਟਾਲਿਆ, ਪਰ ਮੇਰੇ ਲਈ ਤੁਸੀਂ ਕਦੇ ਇੱਕ ਮੇਮਣਾ ਵੀ ਨਾ ਦਿੱਤਾ ਜੋ ਮੈਂ ਆਪਣੇ ਮਿੱਤਰਾਂ ਨਾਲ ਅਨੰਦ ਮਨਾਵਾਂ। 30ਪਰ ਜਦੋਂ ਤੁਹਾਡਾ ਇਹ ਪੁੱਤਰ ਜਿਸ ਨੇ ਤੁਹਾਡਾ ਮਾਲ-ਧਨ ਵੇਸਵਾਵਾਂ ਉੱਤੇ ਉਡਾ ਦਿੱਤਾ, ਆਇਆ ਤਾਂ ਤੁਸੀਂ ਉਸ ਦੇ ਲਈ ਪਲ਼ਿਆ ਹੋਇਆ ਵੱਛਾ ਕਟਵਾਇਆ’। 31ਤਦ ਪਿਤਾ ਨੇ ਉਸ ਨੂੰ ਕਿਹਾ ‘ਪੁੱਤਰ, ਤੂੰ ਤਾਂ ਹਮੇਸ਼ਾ ਮੇਰੇ ਨਾਲ ਹੈਂ ਅਤੇ ਜੋ ਮੇਰਾ ਹੈ ਉਹ ਸਭ ਤੇਰਾ ਹੈ। 32ਪਰ ਹੁਣ ਅਨੰਦ ਮਨਾਉਣਾ ਅਤੇ ਖੁਸ਼ੀ ਕਰਨਾ ਉਚਿਤ ਹੈ, ਕਿਉਂਕਿ ਤੇਰਾ ਇਹ ਭਰਾ ਮਰ ਗਿਆ ਸੀ ਅਤੇ ਜੀਉਂਦਾ ਹੋ ਗਿਆ ਹੈ; ਗੁਆਚ ਗਿਆ ਸੀ ਅਤੇ ਹੁਣ ਲੱਭ ਗਿਆ ਹੈ’।”

Pilihan Saat Ini:

ਲੂਕਾ 15: PSB

Sorotan

Berbagi

Salin

None

Ingin menyimpan sorotan di semua perangkat Anda? Daftar atau masuk