ਰਸੂਲ 3

3
ਲੰਗੜੇ ਵਿਅਕਤੀ ਦਾ ਚੰਗਾ ਹੋਣਾ
1ਪਤਰਸ ਅਤੇ ਯੂਹੰਨਾ ਦਿਨ ਦੇ ਤਿੰਨ ਵਜੇ ਪ੍ਰਾਰਥਨਾ ਦੇ ਸਮੇਂ ਹੈਕਲ ਨੂੰ ਜਾ ਰਹੇ ਸਨ 2ਅਤੇ ਲੋਕ ਇੱਕ ਜਨਮ ਦੇ ਲੰਗੜੇ ਨੂੰ ਲਿਜਾ ਰਹੇ ਸਨ ਜਿਸ ਨੂੰ ਉਹ ਹਰ ਰੋਜ਼ ਹੈਕਲ ਦੇ ਦਰਵਾਜ਼ੇ ਕੋਲ ਜੋ “ਸੁੰਦਰ” ਕਹਾਉਂਦਾ ਹੈ, ਬਿਠਾ ਦਿੰਦੇ ਸਨ ਤਾਂਕਿ ਉਹ ਹੈਕਲ ਵਿੱਚ ਜਾਣ ਵਾਲਿਆਂ ਤੋਂ ਭੀਖ ਮੰਗੇ। 3ਜਦੋਂ ਉਸ ਨੇ ਪਤਰਸ ਅਤੇ ਯੂਹੰਨਾ ਨੂੰ ਹੈਕਲ ਵਿੱਚ ਜਾਂਦੇ ਵੇਖਿਆ ਤਾਂ ਉਨ੍ਹਾਂ ਤੋਂ ਭੀਖ ਮੰਗਣ ਲੱਗਾ। 4ਪਰ ਪਤਰਸ ਨੇ ਯੂਹੰਨਾ ਦੇ ਨਾਲ ਉਸ ਵੱਲ ਗੌਹ ਨਾਲ ਵੇਖ ਕੇ ਕਿਹਾ, “ਸਾਡੀ ਵੱਲ ਵੇਖ!” 5ਤਦ ਉਹ ਉਨ੍ਹਾਂ ਤੋਂ ਕੁਝ ਮਿਲਣ ਦੀ ਆਸ ਨਾਲ ਉਨ੍ਹਾਂ ਵੱਲ ਤੱਕਣ ਲੱਗਾ।
6ਪਰ ਪਤਰਸ ਨੇ ਕਿਹਾ, “ਸੋਨਾ ਅਤੇ ਚਾਂਦੀ ਤਾਂ ਮੇਰੇ ਕੋਲ ਹੈ ਨਹੀਂ, ਪਰ ਜੋ ਮੇਰੇ ਕੋਲ ਹੈ ਉਹ ਮੈਂ ਤੈਨੂੰ ਦਿੰਦਾ ਹਾਂ; ਯਿਸੂ ਮਸੀਹ ਨਾਸਰੀ ਦੇ ਨਾਮ ਵਿੱਚ ਉੱਠ ਅਤੇ ਚੱਲ-ਫਿਰ!” 7ਤਦ ਉਸ ਨੇ ਉਸ ਦਾ ਸੱਜਾ ਹੱਥ ਫੜ ਕੇ ਉਸ ਨੂੰ ਉਠਾਇਆ ਅਤੇ ਤੁਰੰਤ ਉਸ ਦੇ ਪੈਰਾਂ ਅਤੇ ਗਿੱਟਿਆਂ ਵਿੱਚ ਤਾਕਤ ਆ ਗਈ। 8ਉਹ ਕੁੱਦ ਕੇ ਖੜ੍ਹਾ ਹੋ ਗਿਆ ਤੇ ਚੱਲਣ- ਫਿਰਨ ਲੱਗਾ ਅਤੇ ਚੱਲਦਾ ਅਤੇ ਕੁੱਦਦਾ ਤੇ ਪਰਮੇਸ਼ਰ ਦੀ ਉਸਤਤ ਕਰਦਾ ਹੋਇਆ ਉਨ੍ਹਾਂ ਦੇ ਨਾਲ ਹੈਕਲ ਵਿੱਚ ਗਿਆ। 9ਸਭ ਲੋਕਾਂ ਨੇ ਉਸ ਨੂੰ ਚੱਲਦਾ ਅਤੇ ਪਰਮੇਸ਼ਰ ਦੀ ਉਸਤਤ ਕਰਦਾ ਵੇਖਿਆ 10ਅਤੇ ਉਸ ਨੂੰ ਪਛਾਣ ਲਿਆ ਕਿ ਇਹ ਉਹੋ ਹੈ ਜਿਹੜਾ ਹੈਕਲ ਦੇ “ਸੁੰਦਰ ਫਾਟਕ” 'ਤੇ ਬੈਠਾ ਭੀਖ ਮੰਗਦਾ ਹੁੰਦਾ ਸੀ ਅਤੇ ਜੋ ਉਸ ਨਾਲ ਵਾਪਰਿਆ ਸੀ ਉਹ ਉਸ ਤੋਂ ਬਹੁਤ ਹੈਰਾਨ ਅਤੇ ਅਚਰਜ ਹੋਏ।
ਸੁਲੇਮਾਨ ਦੇ ਦਲਾਨ ਵਿੱਚ ਪਤਰਸ ਦਾ ਉਪਦੇਸ਼
11ਜਦੋਂ ਉਸ ਨੇ ਪਤਰਸ ਅਤੇ ਯੂਹੰਨਾ ਨੂੰ ਫੜਿਆ ਹੋਇਆ ਸੀ ਤਾਂ ਸਭ ਲੋਕ ਬਹੁਤ ਹੈਰਾਨ ਹੋ ਕੇ ਉਸ ਦਲਾਨ ਵਿੱਚ ਜਿਹੜਾ ਸੁਲੇਮਾਨ ਦਾ ਕਹਾਉਂਦਾ ਹੈ, ਉਨ੍ਹਾਂ ਕੋਲ ਦੌੜੇ ਆਏ। 12ਇਹ ਵੇਖ ਕੇ ਪਤਰਸ ਨੇ ਲੋਕਾਂ ਨੂੰ ਕਿਹਾ, “ਹੇ ਇਸਰਾਏਲੀਓ, ਤੁਸੀਂ ਇਸ 'ਤੇ ਹੈਰਾਨ ਕਿਉਂ ਹੁੰਦੇ ਹੋ? ਜਾਂ ਸਾਡੇ ਵੱਲ ਗੌਹ ਨਾਲ ਕਿਉਂ ਵੇਖ ਰਹੇ ਹੋ ਜਿਵੇਂ ਕਿ ਅਸੀਂ ਇਸ ਨੂੰ ਆਪਣੀ ਸ਼ਕਤੀ ਜਾਂ ਭਗਤੀ ਨਾਲ ਤੁਰਨ ਯੋਗ ਕੀਤਾ ਹੋਵੇ? 13ਅਬਰਾਹਾਮ, ਇਸਹਾਕ ਅਤੇ ਯਾਕੂਬ ਦੇ ਪਰਮੇਸ਼ਰ ਅਰਥਾਤ ਸਾਡੇ ਪੁਰਖਿਆਂ ਦੇ ਪਰਮੇਸ਼ਰ ਨੇ ਆਪਣੇ ਸੇਵਕ#3:13 ਪੁੱਤਰ ਯਿਸੂ ਨੂੰ ਮਹਿਮਾ ਦਿੱਤੀ ਜਿਸ ਨੂੰ ਤੁਸੀਂ ਫੜਵਾਇਆ ਅਤੇ ਜਦੋਂ ਪਿਲਾਤੁਸ ਨੇ ਉਸ ਨੂੰ ਛੱਡਣ ਦਾ ਫੈਸਲਾ ਕੀਤਾ ਤਾਂ ਤੁਸੀਂ ਉਸ ਦੇ ਸਾਹਮਣੇ ਇਨਕਾਰ ਕਰ ਦਿੱਤਾ। 14ਤੁਸੀਂ ਉਸ ਪਵਿੱਤਰ ਅਤੇ ਧਰਮੀ ਦਾ ਇਨਕਾਰ ਕੀਤਾ ਅਤੇ ਮੰਗ ਕੀਤੀ ਕਿ ਇੱਕ ਕਾਤਲ ਨੂੰ ਤੁਹਾਡੇ ਲਈ ਰਿਹਾ ਕੀਤਾ ਜਾਵੇ, 15ਪਰ ਤੁਸੀਂ ਜੀਵਨ ਦੇ ਕਰਤਾ ਨੂੰ ਮਾਰ ਸੁੱਟਿਆ ਜਿਸ ਨੂੰ ਪਰਮੇਸ਼ਰ ਨੇ ਮੁਰਦਿਆਂ ਵਿੱਚੋਂ ਜਿਵਾਇਆ; ਜਿਸ ਦੇ ਅਸੀਂ ਗਵਾਹ ਹਾਂ। 16ਉਸ ਦੇ ਨਾਮ ਉੱਤੇ ਵਿਸ਼ਵਾਸ ਕਰਨ ਕਰਕੇ ਉਸ ਦੇ ਨਾਮ ਹੀ ਨੇ ਇਸ ਮਨੁੱਖ ਨੂੰ ਜਿਸ ਨੂੰ ਤੁਸੀਂ ਵੇਖਦੇ ਅਤੇ ਜਾਣਦੇ ਹੋ, ਤਕੜਾ ਕੀਤਾ ਅਤੇ ਉਸੇ ਵਿਸ਼ਵਾਸ ਨੇ ਜੋ ਉਸ ਦੇ ਦੁਆਰਾ ਹੈ, ਇਸ ਮਨੁੱਖ ਨੂੰ ਤੁਹਾਡੇ ਸਭ ਦੇ ਸਾਹਮਣੇ ਪੂਰੀ ਤੰਦਰੁਸਤੀ ਦਿੱਤੀ। 17ਹੁਣ ਹੇ ਭਾਈਓ, ਮੈਂ ਜਾਣਦਾ ਹਾਂ ਕਿ ਤੁਸੀਂ ਇਹ ਅਣਜਾਣਪੁਣੇ ਵਿੱਚ ਕੀਤਾ ਜਿਵੇਂ ਕਿ ਤੁਹਾਡੇ ਅਧਿਕਾਰੀਆਂ ਨੇ ਵੀ ਕੀਤਾ। 18ਪਰ ਜਿਹੜੀਆਂ ਗੱਲਾਂ ਪਰਮੇਸ਼ਰ ਨੇ ਸਭ ਨਬੀਆਂ ਦੇ ਮੂੰਹੋਂ ਅਗੇਤੀਆਂ ਹੀ ਕਹੀਆਂ ਸਨ ਕਿ ਉਸ ਦਾ ਮਸੀਹ ਦੁੱਖ ਝੱਲੇਗਾ, ਉਸ ਨੇ ਇਸ ਤਰ੍ਹਾਂ ਪੂਰੀਆਂ ਕੀਤੀਆਂ। 19ਇਸ ਲਈ ਤੋਬਾ ਕਰੋ ਅਤੇ ਮੁੜੋ ਤਾਂਕਿ ਤੁਹਾਡੇ ਪਾਪ ਮਿਟਾਏ ਜਾਣ 20ਅਤੇ ਪ੍ਰਭੂ ਦੇ ਹਜ਼ੂਰੋਂ ਸੁੱਖ ਦੇ ਦਿਨ ਆਉਣ ਅਤੇ ਉਹ ਤੁਹਾਡੇ ਲਈ ਪਹਿਲਾਂ ਤੋਂ ਠਹਿਰਾਏ ਗਏ ਮਸੀਹ ਅਰਥਾਤ ਯਿਸੂ ਨੂੰ ਭੇਜੇ। 21ਜ਼ਰੂਰ ਹੈ ਜੋ ਉਹ ਸਵਰਗ ਵਿੱਚ ਉਸ ਸਮੇਂ ਤੱਕ ਰਹੇ ਜਦੋਂ ਤੱਕ ਉਨ੍ਹਾਂ ਸਭਨਾਂ ਗੱਲਾਂ ਦੀ ਮੁੜ ਬਹਾਲੀ ਨਾ ਹੋ ਜਾਵੇ ਜਿਨ੍ਹਾਂ ਦੇ ਵਿਖੇ ਪਰਮੇਸ਼ਰ ਨੇ ਮੁੱਢ ਤੋਂ ਹੀ ਆਪਣੇ ਪਵਿੱਤਰ ਨਬੀਆਂ ਦੇ ਮੂੰਹੋਂ ਕਿਹਾ ਸੀ। 22ਮੂਸਾ ਨੇ#3:22 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਸਾਡੇ ਪੁਰਖਿਆਂ ਨੂੰ” ਲਿਖਿਆ ਹੈ। ਕਿਹਾ,‘ਪ੍ਰਭੂ ਤੁਹਾਡਾ ਪਰਮੇਸ਼ਰ ਤੁਹਾਡੇ ਭਾਈਆਂ ਵਿੱਚੋਂ ਤੁਹਾਡੇ ਲਈ ਮੇਰੇ ਜਿਹਾ ਇੱਕ ਨਬੀ ਖੜ੍ਹਾ ਕਰੇਗਾ; ਉਹ ਜੋ ਵੀ ਤੁਹਾਨੂੰ ਕਹੇ, ਤੁਸੀਂ ਉਸ ਦੀ ਸੁਣਨਾ 23ਅਤੇ ਇਸ ਤਰ੍ਹਾਂ ਹੋਵੇਗਾ ਕਿ ਜਿਹੜਾ ਮਨੁੱਖ ਉਸ ਨਬੀ ਦੀ ਨਾ ਸੁਣੇ ਉਹ ਲੋਕਾਂ ਵਿੱਚੋਂ ਨਾਸ ਕੀਤਾ ਜਾਵੇਗਾ’।#ਬਿਵਸਥਾ 18:15,18-19 24ਸਮੂਏਲ ਤੋਂ ਲੈ ਕੇ ਉਸ ਤੋਂ ਬਾਅਦ ਦੇ ਸਾਰੇ ਜਿੰਨੇ ਵੀ ਨਬੀਆਂ ਨੇ ਭਵਿੱਖਬਾਣੀ ਕੀਤੀ, ਉਨ੍ਹਾਂ ਸਭਨਾਂ ਨੇ ਇਨ੍ਹਾਂ ਦਿਨਾਂ ਦੀ ਖ਼ਬਰ ਦਿੱਤੀ। 25ਤੁਸੀਂ ਨਬੀਆਂ ਦੀ ਅਤੇ ਉਸ ਨੇਮ ਦੀ ਸੰਤਾਨ ਹੋ ਜਿਹੜਾ ਤੁਹਾਡੇ ਪੁਰਖਿਆਂ ਦੇ ਪਰਮੇਸ਼ਰ ਨੇ ਇਹ ਕਹਿੰਦੇ ਹੋਏ ਅਬਰਾਹਾਮ ਨਾਲ ਬੰਨ੍ਹਿਆ,‘ਤੇਰੀ#3:25 ਕੁਝ ਹਸਤਲੇਖਾਂ ਵਿੱਚ “ਤੇਰੀ” ਦੇ ਸਥਾਨ 'ਤੇ “ਸਾਡੀ” ਲਿਖਿਆ ਹੈ।ਅੰਸ ਦੇ ਦੁਆਰਾ ਧਰਤੀ ਦੇ ਸਾਰੇ ਘਰਾਣੇ ਬਰਕਤ ਪਾਉਣਗੇ’।#ਉਤਪਤ 22:18; 26:4 26ਪਰਮੇਸ਼ਰ ਨੇ ਆਪਣੇ ਸੇਵਕ#3:26 ਪੁੱਤਰ ਨੂੰ#3:26 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਯਿਸੂ ਨੂੰ” ਲਿਖਿਆ ਹੈ। ਖੜ੍ਹਾ ਕੀਤਾ ਅਤੇ ਪਹਿਲਾਂ ਤੁਹਾਡੇ ਕੋਲ ਭੇਜਿਆ ਕਿ ਤੁਹਾਡੇ ਵਿੱਚੋਂ ਹਰੇਕ ਨੂੰ ਤੁਹਾਡੀਆਂ ਬਦੀਆਂ ਤੋਂ ਮੋੜ ਕੇ ਬਰਕਤ ਦੇਵੇ।”

Pilihan Saat Ini:

ਰਸੂਲ 3: PSB

Sorotan

Berbagi

Salin

None

Ingin menyimpan sorotan di semua perangkat Anda? Daftar atau masuk

Video untuk ਰਸੂਲ 3