ਰਸੂਲ 2
2
ਪੰਤੇਕੁਸਤ ਦੇ ਦਿਨ ਪਵਿੱਤਰ ਆਤਮਾ ਦਾ ਉੱਤਰਨਾ
1ਜਦੋਂ ਪੰਤੇਕੁਸਤ ਦਾ ਦਿਨ ਆਇਆ ਤਾਂ ਉਹ ਸਭ ਇੱਕ ਥਾਂ ਇਕੱਠੇ ਸਨ। 2ਅਚਾਨਕ ਅਕਾਸ਼ ਤੋਂ ਜ਼ੋਰਦਾਰ ਹਨੇਰੀ ਵਗਣ ਜਿਹੀ ਅਵਾਜ਼ ਹੋਈ ਅਤੇ ਇਸ ਨਾਲ ਉਹ ਸਾਰਾ ਘਰ ਜਿੱਥੇ ਉਹ ਬੈਠੇ ਸਨ, ਭਰ ਗਿਆ। 3ਤਦ ਉਨ੍ਹਾਂ ਨੂੰ ਅੱਗ ਜਿਹੀਆਂ ਜੀਭਾਂ ਵੱਖਰੀਆਂ ਹੁੰਦੀਆਂ ਵਿਖਾਈ ਦਿੱਤੀਆਂ ਅਤੇ ਉਨ੍ਹਾਂ ਵਿੱਚੋਂ ਹਰੇਕ ਉੱਤੇ ਆ ਠਹਿਰੀਆਂ। 4ਤਦ ਉਹ ਸਾਰੇ ਪਵਿੱਤਰ ਆਤਮਾ ਨਾਲ ਭਰ ਗਏ ਅਤੇ ਜਿਵੇਂ ਆਤਮਾ ਨੇ ਉਨ੍ਹਾਂ ਨੂੰ ਬੋਲਣ ਦੀ ਸਮਰੱਥਾ ਦਿੱਤੀ, ਉਹ ਸਭ ਵੱਖ-ਵੱਖ ਭਾਸ਼ਾਵਾਂ ਬੋਲਣ ਲੱਗੇ। 5ਉਸ ਸਮੇਂ ਅਕਾਸ਼ ਹੇਠਲੀ ਹਰੇਕ ਕੌਮ ਵਿੱਚੋਂ ਯਹੂਦੀ ਭਗਤ ਲੋਕ ਯਰੂਸ਼ਲਮ ਵਿੱਚ ਰਹਿੰਦੇ ਸਨ। 6ਜਦੋਂ ਇਹ ਅਵਾਜ਼ ਹੋਈ ਤਾਂ ਇੱਕ ਭੀੜ ਇਕੱਠੀ ਹੋ ਗਈ ਅਤੇ ਲੋਕ ਦੁਬਿਧਾ ਵਿੱਚ ਸਨ, ਕਿਉਂਕਿ ਉਹ ਉਨ੍ਹਾਂ ਵਿੱਚੋਂ ਹਰੇਕ ਨੂੰ ਆਪੋ-ਆਪਣੀ ਭਾਸ਼ਾ ਵਿੱਚ ਬੋਲਦੇ ਸੁਣ ਰਹੇ ਸਨ। 7ਉਹ ਦੰਗ ਰਹਿ ਗਏ ਅਤੇ ਹੈਰਾਨ ਹੋ ਕੇ ਕਹਿਣ ਲੱਗੇ, “ਵੇਖੋ, ਇਹ ਜਿਹੜੇ ਬੋਲ ਰਹੇ ਹਨ, ਕੀ ਇਹ ਸਭ ਗਲੀਲੀ ਨਹੀਂ ਹਨ? 8ਤਾਂ ਫਿਰ ਸਾਡੇ ਵਿੱਚੋਂ ਹਰੇਕ ਆਪੋ-ਆਪਣੀ ਮਾਂ-ਬੋਲੀ ਕਿਵੇਂ ਸੁਣ ਰਿਹਾ ਹੈ? 9ਅਸੀਂ ਜਿਹੜੇ ਪਾਰਥੀ, ਮੇਦੀ ਅਤੇ ਇਲਾਮੀ ਹਾਂ ਅਤੇ ਮਸੋਪੋਤਾਮਿਯਾ, ਯਹੂਦਿਯਾ, ਕੱਪਦੁਕਿਯਾ, ਪੁੰਤੁਸ, ਅਸਿਯਾ#2:9 ਏਸ਼ੀਆ ਦਾ ਪੱਛਮੀ ਹਿੱਸਾ, 10ਫਰੂਗਿਯਾ, ਪਮਫ਼ੁਲਿਯਾ ਅਤੇ ਮਿਸਰ ਤੋਂ ਅਤੇ ਲਿਬਿਯਾ ਦੇ ਉਨ੍ਹਾਂ ਇਲਾਕਿਆਂ ਤੋਂ ਹਾਂ ਜੋ ਕੁਰੇਨੇ ਦੇ ਨੇੜੇ ਹਨ ਅਤੇ ਰੋਮੀ ਮੁਸਾਫ਼ਰ 11ਅਰਥਾਤ ਯਹੂਦੀ ਅਤੇ ਯਹੂਦੀ ਪੰਥ ਨੂੰ ਮੰਨਣ ਵਾਲੇ ਅਤੇ ਕਰੇਤੀ ਅਤੇ ਅਰਬੀ ਹਾਂ; ਅਸੀਂ ਆਪੋ-ਆਪਣੀ ਭਾਸ਼ਾ ਵਿੱਚ ਉਨ੍ਹਾਂ ਨੂੰ ਪਰਮੇਸ਼ਰ ਦੇ ਮਹਾਨ ਕੰਮਾਂ ਦਾ ਵਰਣਨ ਕਰਦੇ ਸੁਣ ਰਹੇ ਹਾਂ।” 12ਉਹ ਸਭ ਦੰਗ ਰਹਿ ਗਏ ਅਤੇ ਦੁਬਿਧਾ ਵਿੱਚ ਪਏ ਹੋਏ ਇੱਕ ਦੂਜੇ ਨੂੰ ਕਹਿਣ ਲੱਗੇ, “ਇਸ ਦਾ ਕੀ ਅਰਥ ਹੈ?” 13ਪਰ ਕੁਝ ਮਖੌਲ ਕਰਦੇ ਹੋਏ ਕਹਿ ਰਹੇ ਸਨ, “ਇਹ ਨਵੀਂ ਸ਼ਰਾਬ ਦੇ ਨਸ਼ੇ ਵਿੱਚ ਹਨ।”
ਪਤਰਸ ਦਾ ਉਪਦੇਸ਼
14ਤਦ ਪਤਰਸ ਗਿਆਰਾਂ ਦੇ ਨਾਲ ਖੜ੍ਹਾ ਹੋਇਆ ਅਤੇ ਉੱਚੀ ਅਵਾਜ਼ ਵਿੱਚ ਉਨ੍ਹਾਂ ਨੂੰ ਕਹਿਣ ਲੱਗਾ, “ਹੇ ਯਹੂਦੀਓ ਅਤੇ ਯਰੂਸ਼ਲਮ ਦੇ ਸਭ ਰਹਿਣ ਵਾਲਿਓ, ਇਹ ਜਾਣ ਲਵੋ ਅਤੇ ਮੇਰੀਆਂ ਗੱਲਾਂ 'ਤੇ ਕੰਨ ਲਾਓ। 15ਜਿਵੇਂ ਤੁਸੀਂ ਸੋਚਦੇ ਹੋ ਇਹ ਲੋਕ ਨਸ਼ੇ ਵਿੱਚ ਨਹੀਂ ਹਨ, ਕਿਉਂਕਿ ਅਜੇ ਤਾਂ ਦਿਨ ਦੇ ਨੌਂ ਹੀ ਵੱਜੇ ਹਨ। 16ਪਰ ਇਹ ਉਹ ਗੱਲ ਹੈ ਜੋ ਯੋਏਲ ਨਬੀ ਰਾਹੀਂ ਕਹੀ ਗਈ ਸੀ:
17ਪਰਮੇਸ਼ਰ ਕਹਿੰਦਾ ਹੈ ਕਿ ਅੰਤ ਦੇ ਦਿਨਾਂ ਵਿੱਚ ਇਸ ਤਰ੍ਹਾਂ ਹੋਵੇਗਾ
ਕਿਮੈਂ ਆਪਣਾ ਆਤਮਾ ਸਭ ਸਰੀਰਾਂ ਉੱਤੇ ਵਹਾਵਾਂਗਾ
ਅਤੇ ਤੁਹਾਡੇ ਪੁੱਤਰ ਅਤੇ ਤੁਹਾਡੀਆਂ ਧੀਆਂ ਭਵਿੱਖਬਾਣੀ ਕਰਨਗੇ
ਤੇ ਤੁਹਾਡੇ ਨੌਜਵਾਨ ਦਰਸ਼ਨ ਵੇਖਣਗੇ
ਅਤੇ ਤੁਹਾਡੇ ਬਜ਼ੁਰਗ ਸੁਫਨੇ ਵੇਖਣਗੇ;
18 ਮੈਂ ਉਨ੍ਹਾਂ ਦਿਨਾਂ ਵਿੱਚ ਆਪਣੇ ਦਾਸਾਂ
ਅਤੇ ਆਪਣੀਆਂ ਦਾਸੀਆਂ ਉੱਤੇ ਆਪਣਾ ਆਤਮਾ ਵਹਾਵਾਂਗਾ
ਅਤੇ ਉਹ ਭਵਿੱਖਬਾਣੀ ਕਰਨਗੇ।
19 ਮੈਂ ਉਤਾਂਹ ਅਕਾਸ਼ ਵਿੱਚ ਅਚੰਭੇ
ਅਤੇ ਹੇਠਾਂ ਧਰਤੀ ਉੱਤੇ ਚਿੰਨ੍ਹ ਵਿਖਾਵਾਂਗਾ
ਅਰਥਾਤ ਲਹੂ, ਅੱਗ ਅਤੇ ਧੂੰਏਂ ਦਾ ਬੱਦਲ।
20 ਪ੍ਰਭੂ ਦੇ ਮਹਾਨ ਅਤੇ ਪ੍ਰਸਿੱਧ ਦਿਨ ਦੇ ਆਉਣ ਤੋਂ ਪਹਿਲਾਂ
ਸੂਰਜ ਹਨੇਰੇ ਵਿੱਚ ਅਤੇ ਚੰਦਰਮਾ ਲਹੂ ਵਿੱਚ ਬਦਲ ਜਾਵੇਗਾ;
21ਅਤੇ ਇਸ ਤਰ੍ਹਾਂ ਹੋਵੇਗਾ ਕਿ ਜੋ ਕੋਈ ਪ੍ਰਭੂ ਦਾ ਨਾਮਪੁਕਾਰੇਗਾ
ਉਹ ਬਚਾਇਆ ਜਾਵੇਗਾ।#ਯੋਏਲ 2:28-32
22“ਹੇ ਇਸਰਾਏਲੀਓ, ਇਹ ਗੱਲਾਂ ਸੁਣੋ: ਯਿਸੂ ਨਾਸਰੀ ਇੱਕ ਅਜਿਹਾ ਮਨੁੱਖ ਸੀ ਜਿਸ ਨੂੰ ਪਰਮੇਸ਼ਰ ਵੱਲੋਂ ਤੁਹਾਡੇ ਸਾਹਮਣੇ ਉਨ੍ਹਾਂ ਚਮਤਕਾਰਾਂ, ਅਚਰਜ ਕੰਮਾਂ ਅਤੇ ਚਿੰਨ੍ਹਾਂ ਦੁਆਰਾ ਪ੍ਰਮਾਣਿਤ ਕੀਤਾ ਗਿਆ ਜੋ ਪਰਮੇਸ਼ਰ ਨੇ ਉਸ ਦੇ ਰਾਹੀਂ ਤੁਹਾਡੇ ਵਿਚਕਾਰ ਕੀਤੇ, ਜਿਵੇਂ ਤੁਸੀਂ ਆਪ ਜਾਣਦੇ ਹੋ। 23ਉਸੇ ਨੂੰ ਜਿਹੜਾ ਪਰਮੇਸ਼ਰ ਦੀ ਠਹਿਰਾਈ ਹੋਈ ਯੋਜਨਾ ਅਤੇ ਅਗੇਤੇ ਗਿਆਨ ਦੇ ਅਨੁਸਾਰ ਫੜਵਾਇਆ ਗਿਆ, ਤੁਸੀਂ ਕੁਧਰਮੀਆਂ ਦੇ ਹੱਥੀਂ ਸਲੀਬ 'ਤੇ ਚੜ੍ਹਾ ਕੇ ਮਾਰ ਸੁੱਟਿਆ। 24ਪਰ ਪਰਮੇਸ਼ਰ ਨੇ ਮੌਤ ਦੀਆਂ ਪੀੜਾਂ ਦਾ ਨਾਸ ਕਰਕੇ ਉਸ ਨੂੰ ਜੀਉਂਦਾ ਕੀਤਾ, ਕਿਉਂਕਿ ਇਹ ਸੰਭਵ ਨਹੀਂ ਸੀ ਕਿ ਉਹ ਮੌਤ ਦੇ ਵੱਸ ਵਿੱਚ ਰਹਿੰਦਾ। 25ਇਸ ਲਈ ਦਾਊਦ ਉਸ ਦੇ ਵਿਖੇ ਕਹਿੰਦਾ ਹੈ:
ਮੈਂ ਪ੍ਰਭੂ ਨੂੰ ਹਮੇਸ਼ਾ ਆਪਣੇ ਸਨਮੁੱਖ ਵੇਖਦਾ ਰਿਹਾ,
ਕਿਉਂਕਿ ਉਹ ਮੇਰੇ ਸੱਜੇ ਪਾਸੇ ਹੈ
ਤਾਂਕਿ ਮੈਂ ਡੋਲ ਨਾ ਜਾਵਾਂ।
26 ਇਸ ਕਾਰਨ ਮੇਰਾ ਮਨ ਅਨੰਦ ਹੋਇਆ ਅਤੇ ਮੇਰੀ ਜੀਭ ਮਗਨ ਹੋਈ
ਤੇ ਮੇਰਾ ਸਰੀਰ ਵੀ ਆਸ ਵਿੱਚ ਵੱਸੇਗਾ।
27 ਕਿਉਂਕਿ ਤੂੰ ਮੇਰੀ ਜਾਨ ਨੂੰ ਪਤਾਲ ਵਿੱਚ ਨਾ ਛੱਡੇਂਗਾ
ਅਤੇ ਨਾ ਹੀ ਆਪਣੇ ਪਵਿੱਤਰ ਜਨ ਨੂੰ ਕਬਰ ਵਿੱਚ ਸੜਨ ਦੇਵੇਂਗਾ।
28 ਤੂੰ ਮੈਨੂੰ ਜੀਵਨ ਦਾ ਰਾਹ ਦੱਸਿਆ,
ਤੂੰ ਮੈਨੂੰ ਆਪਣੀ ਹਜ਼ੂਰੀ ਦੇ ਅਨੰਦ ਨਾਲ ਭਰ ਦੇਵੇਂਗਾ। #
ਜ਼ਬੂਰ 16:8-11
29“ਹੇ ਭਾਈਓ, ਮੈਂ ਤੁਹਾਨੂੰ ਕੁਲਪਤੀ ਦਾਊਦ ਦੇ ਵਿਖੇ ਦਲੇਰੀ ਨਾਲ ਕਹਿ ਸਕਦਾ ਹਾਂ ਕਿ ਉਹ ਵੀ ਮਰਿਆ ਅਤੇ ਦਫ਼ਨਾਇਆ ਗਿਆ ਅਤੇ ਉਸ ਦੀ ਕਬਰ ਅੱਜ ਦੇ ਦਿਨ ਤੱਕ ਸਾਡੇ ਵਿਚਕਾਰ ਹੈ। 30ਇਸ ਲਈ ਜੋ ਉਹ ਇੱਕ ਨਬੀ ਸੀ ਅਤੇ ਇਹ ਜਾਣਦੇ ਹੋਏ ਕਿ ਪਰਮੇਸ਼ਰ ਨੇ ਉਸ ਨਾਲ ਸੌਂਹ ਖਾਧੀ ਹੈ ਕਿ ਤੇਰੇ ਵੰਸ਼ ਵਿੱਚੋਂ ਇੱਕ ਨੂੰ ਮੈਂ ਤੇਰੇ ਸਿੰਘਾਸਣ ਉੱਤੇ ਬਿਠਾਵਾਂਗਾ, 31ਉਸ ਨੇ ਮਸੀਹ ਦੇ ਜੀ ਉੱਠਣ ਦੇ ਵਿਖੇ ਅਗੇਤਾ ਹੀ ਵੇਖ ਕੇ ਕਿਹਾ ਕਿਨਾ ਉਸ ਨੂੰ ਪਤਾਲ ਵਿੱਚ ਛੱਡਿਆ ਗਿਆ ਅਤੇ ਨਾ ਹੀ ਉਸ ਦੇ ਸਰੀਰ ਨੇ ਸੜਨ ਵੇਖੀ।#ਜ਼ਬੂਰ 16:10 32ਇਸੇ ਯਿਸੂ ਨੂੰ ਪਰਮੇਸ਼ਰ ਨੇ ਜੀਉਂਦਾ ਕੀਤਾ ਜਿਸ ਦੇ ਅਸੀਂ ਸਾਰੇ ਗਵਾਹ ਹਾਂ। 33ਸੋ ਉਹ ਪਰਮੇਸ਼ਰ ਦੇ ਸੱਜੇ ਹੱਥ ਉੱਚਾ ਕੀਤਾ ਗਿਆ ਅਤੇ ਪਿਤਾ ਤੋਂ ਪਵਿੱਤਰ ਆਤਮਾ ਦਾ ਵਾਇਦਾ ਪ੍ਰਾਪਤ ਕਰਕੇ ਉਸ ਨੇ ਇਸ ਨੂੰ ਵਹਾ ਦਿੱਤਾ, ਜੋ ਤੁਸੀਂ ਵੇਖ ਅਤੇ ਸੁਣ ਰਹੇ ਹੋ। 34ਕਿਉਂਕਿ ਦਾਊਦ ਤਾਂ ਸਵਰਗ ਵਿੱਚ ਨਹੀਂ ਗਿਆ ਪਰ ਉਹ ਕਹਿੰਦਾ ਹੈ,
ਪ੍ਰਭੂ ਨੇ ਮੇਰੇ ਪ੍ਰਭੂ ਨੂੰ ਕਿਹਾ,
‘ਮੇਰੇ ਸੱਜੇ ਹੱਥ ਬੈਠ
35 ਜਦੋਂ ਤੱਕ ਕਿ ਮੈਂ ਤੇਰੇ ਵੈਰੀਆਂ ਨੂੰ
ਤੇਰੇ ਪੈਰਾਂ ਦੀ ਚੌਂਕੀ ਨਾ ਬਣਾ ਦਿਆਂ।’ #
ਜ਼ਬੂਰ 110:1
36“ਇਸ ਲਈ ਇਸਰਾਏਲ ਦਾ ਸਾਰਾ ਘਰਾਣਾ ਪੱਕੇ ਤੌਰ 'ਤੇ ਜਾਣ ਲਵੇ ਕਿ ਉਸੇ ਯਿਸੂ ਨੂੰ ਜਿਸ ਨੂੰ ਤੁਸੀਂ ਸਲੀਬ 'ਤੇ ਚੜ੍ਹਾਇਆ, ਪਰਮੇਸ਼ਰ ਨੇ ਉਸ ਨੂੰ ਪ੍ਰਭੂ ਵੀ ਅਤੇ ਮਸੀਹ ਵੀ ਠਹਿਰਾਇਆ।”
ਯਿਸੂ ਮਸੀਹ ਵਿੱਚ ਪਾਪਾਂ ਦੀ ਮਾਫ਼ੀ
37ਇਹ ਸੁਣ ਕੇ ਉਨ੍ਹਾਂ ਦੇ ਦਿਲ ਛਿਦ ਗਏ ਅਤੇ ਉਨ੍ਹਾਂ ਨੇ ਪਤਰਸ ਅਤੇ ਬਾਕੀ ਰਸੂਲਾਂ ਨੂੰ ਕਿਹਾ, “ਹੇ ਭਾਈਓ, ਅਸੀਂ ਕੀ ਕਰੀਏ?” 38ਪਤਰਸ ਨੇ ਉਨ੍ਹਾਂ ਨੂੰ ਕਿਹਾ, “ਤੋਬਾ ਕਰੋ ਅਤੇ ਤੁਹਾਡੇ ਵਿੱਚੋਂ ਹਰੇਕ ਆਪਣੇ ਪਾਪਾਂ ਦੀ ਮਾਫ਼ੀ ਲਈ ਯਿਸੂ ਮਸੀਹ ਦੇ ਨਾਮ ਵਿੱਚ ਬਪਤਿਸਮਾ ਲਵੇ ਅਤੇ ਤੁਸੀਂ ਪਵਿੱਤਰ ਆਤਮਾ ਦਾ ਦਾਨ ਪਾਓਗੇ; 39ਕਿਉਂਕਿ ਇਹ ਵਾਇਦਾ ਤੁਹਾਡੇ ਲਈ, ਤੁਹਾਡੀ ਸੰਤਾਨ ਲਈ ਅਤੇ ਦੂਰ ਦੇ ਉਨ੍ਹਾਂ ਸਭਨਾਂ ਲੋਕਾਂ ਦੇ ਲਈ ਹੈ ਜਿਨ੍ਹਾਂ ਨੂੰ ਪ੍ਰਭੂ ਸਾਡਾ ਪਰਮੇਸ਼ਰ ਆਪਣੇ ਕੋਲ ਬੁਲਾਵੇਗਾ।” 40ਫਿਰ ਉਸ ਨੇ ਹੋਰ ਵੀ ਬਹੁਤ ਸਾਰੀਆਂ ਗੱਲਾਂ ਨਾਲ ਗਵਾਹੀ ਦਿੱਤੀ ਅਤੇ ਇਹ ਕਹਿੰਦੇ ਹੋਏ ਉਨ੍ਹਾਂ ਨੂੰ ਬੇਨਤੀ ਕੀਤੀ ਕਿ ਇਸ ਕੱਬੀ ਪੀੜ੍ਹੀ ਤੋਂ ਬਚੋ।
ਵਿਸ਼ਵਾਸੀਆਂ ਦਾ ਜੀਵਨ
41ਜਿਨ੍ਹਾਂ ਨੇ ਉਸ ਦੀ ਗੱਲ ਨੂੰ ਸਵੀਕਾਰ ਕੀਤਾ ਉਨ੍ਹਾਂ ਨੇ ਬਪਤਿਸਮਾ ਲਿਆ ਅਤੇ ਉਸੇ ਦਿਨ ਲਗਭਗ ਤਿੰਨ ਹਜ਼ਾਰ ਲੋਕ ਉਨ੍ਹਾਂ ਵਿੱਚ ਰਲ ਗਏ। 42ਉਹ ਲਗਾਤਾਰ ਰਸੂਲਾਂ ਦੀ ਸਿੱਖਿਆ ਪਾਉਣ ਅਤੇ ਸੰਗਤੀ ਕਰਨ ਅਤੇ ਰੋਟੀ ਤੋੜਨ ਤੇ ਪ੍ਰਾਰਥਨਾ ਕਰਨ ਵਿੱਚ ਲੱਗੇ ਰਹੇ। 43ਹਰ ਵਿਅਕਤੀ ਉੱਤੇ ਭੈ ਛਾਇਆ ਹੋਇਆ ਸੀ ਅਤੇ ਰਸੂਲਾਂ ਦੇ ਰਾਹੀਂ ਬਹੁਤ ਸਾਰੇ ਅਚਰਜ ਕੰਮ ਅਤੇ ਚਿੰਨ੍ਹ ਪਰਗਟ ਹੋ ਰਹੇ ਸਨ। 44ਸਭ ਵਿਸ਼ਵਾਸ ਕਰਨ ਵਾਲੇ ਆਪਸ ਵਿੱਚ ਮਿਲ ਕੇ ਰਹਿੰਦੇ ਸਨ ਅਤੇ ਉਨ੍ਹਾਂ ਵਿੱਚ ਸਭ ਕੁਝ ਸਾਂਝਾ ਸੀ। 45ਉਹ ਆਪਣੀ ਸੰਪਤੀ ਅਤੇ ਸਮਾਨ ਵੇਚ ਕੇ ਹਰੇਕ ਨੂੰ ਜਿਹੀ ਕਿਸੇ ਦੀ ਜ਼ਰੂਰਤ ਹੁੰਦੀ ਸੀ, ਵੰਡ ਦਿੰਦੇ ਸਨ। 46ਉਹ ਹਰ ਦਿਨ ਇੱਕ ਮਨ ਹੋ ਕੇ ਹੈਕਲ ਵਿੱਚ ਇਕੱਠੇ ਹੁੰਦੇ ਅਤੇ ਘਰ-ਘਰ ਰੋਟੀ ਤੋੜਦੇ ਹੋਏ ਖੁਸ਼ੀ ਅਤੇ ਸਿੱਧੇ-ਸਾਦੇ ਮਨ ਨਾਲ ਵੰਡ ਕੇ ਭੋਜਨ ਖਾਂਦੇ 47ਅਤੇ ਪਰਮੇਸ਼ਰ ਦੀ ਉਸਤਤ ਕਰਦੇ ਸਨ। ਉਹ ਸਭਨਾਂ ਲੋਕਾਂ ਦੇ ਪਿਆਰੇ ਸਨ ਅਤੇ ਪ੍ਰਭੂ ਹਰ ਦਿਨ ਮੁਕਤੀ ਪਾਉਣ ਵਾਲਿਆਂ ਨੂੰ ਉਨ੍ਹਾਂ ਵਿੱਚ ਰਲਾਉਂਦਾ ਜਾਂਦਾ ਸੀ।
Pilihan Saat Ini:
ਰਸੂਲ 2: PSB
Sorotan
Berbagi
Salin

Ingin menyimpan sorotan di semua perangkat Anda? Daftar atau masuk
PUNJABI STANDARD BIBLE©
Copyright © 2023 by Global Bible Initiative