ਰੋਮੀਆਂ 2
2
ਪਰਮੇਸ਼ਰ ਦਾ ਨਿਆਂ
1ਸੋ ਹੇ ਦੋਸ਼ ਲਾਉਣ ਵਾਲਿਆ, ਤੂੰ ਭਾਵੇਂ ਕੋਈ ਵੀ ਹੋਵੇਂ ਤੇਰੇ ਕੋਲ ਕੋਈ ਬਹਾਨਾ ਨਹੀਂ, ਕਿਉਂਕਿ ਜਿਹੜੀ ਗੱਲ ਵਿੱਚ ਤੂੰ ਦੂਜੇ 'ਤੇ ਦੋਸ਼ ਲਾਉਂਦਾ ਹੈਂ ਉਸੇ ਵਿੱਚ ਆਪਣੇ ਆਪ ਨੂੰ ਦੋਸ਼ੀ ਠਹਿਰਾਉਂਦਾ ਹੈਂ, ਕਿਉਂਕਿ ਜਿਹੜਾ ਦੋਸ਼ ਤੂੰ ਲਾਉਂਦਾ ਹੈਂ ਉਹੀ ਕੰਮ ਆਪ ਕਰਦਾ ਹੈਂ। 2ਅਸੀਂ ਜਾਣਦੇ ਹਾਂ ਕਿ ਅਜਿਹੇ ਕੰਮ ਕਰਨ ਵਾਲਿਆਂ ਉੱਤੇ ਪਰਮੇਸ਼ਰ ਦੀ ਸਜ਼ਾ ਦਾ ਆਉਣਾ ਠੀਕ ਹੀ ਹੈ। 3ਹੇ ਮਨੁੱਖਾ, ਤੂੰ ਜੋ ਅਜਿਹੇ ਕੰਮ ਕਰਨ ਵਾਲਿਆਂ ਉੱਤੇ ਦੋਸ਼ ਲਾਉਂਦਾ ਹੈਂ ਅਤੇ ਆਪ ਵੀ ਉਹੀ ਕਰਦਾ ਹੈਂ, ਕੀ ਤੂੰ ਇਹ ਸਮਝਦਾ ਹੈਂ ਕਿ ਤੂੰ ਪਰਮੇਸ਼ਰ ਦੀ ਸਜ਼ਾ ਤੋਂ ਬਚ ਜਾਵੇਂਗਾ? 4ਜਾਂ ਕੀ ਤੂੰ ਉਸ ਦੀ ਕਿਰਪਾ, ਸਹਿਣਸ਼ੀਲਤਾ ਅਤੇ ਧੀਰਜ ਦੇ ਧਨ ਨੂੰ ਤੁੱਛ ਸਮਝਦਾ ਹੈਂ ਅਤੇ ਨਹੀਂ ਜਾਣਦਾ ਕਿ ਪਰਮੇਸ਼ਰ ਦੀ ਕਿਰਪਾ ਤੈਨੂੰ ਤੋਬਾ ਵੱਲ ਲੈ ਜਾਂਦੀ ਹੈ? 5ਪਰ ਤੂੰ ਆਪਣੀ ਕਠੋਰਤਾ ਅਤੇ ਪਛਤਾਵੇ ਰਹਿਤ ਮਨ ਦੇ ਕਾਰਨ ਕ੍ਰੋਧ ਦੇ ਦਿਨ ਲਈ ਜਦੋਂ ਪਰਮੇਸ਼ਰ ਦਾ ਸੱਚਾ ਨਿਆਂ ਪਰਗਟ ਹੋਵੇਗਾ, ਆਪਣੇ ਵਾਸਤੇ ਕ੍ਰੋਧ ਇਕੱਠਾ ਕਰ ਰਿਹਾ ਹੈਂ। 6ਪਰਮੇਸ਼ਰ ਹਰੇਕ ਨੂੰ ਉਸ ਦੇ ਕੰਮਾਂ ਅਨੁਸਾਰ ਫਲ ਦੇਵੇਗਾ 7ਅਤੇ ਜਿਹੜੇ ਧੀਰਜ ਸਹਿਤ ਭਲੇ ਕੰਮ ਕਰਦੇ ਹੋਏ ਮਹਿਮਾ, ਆਦਰ ਅਤੇ ਅਮਰਤਾ ਦੀ ਖੋਜ ਵਿੱਚ ਲੱਗੇ ਰਹਿੰਦੇ ਹਨ, ਉਨ੍ਹਾਂ ਨੂੰ ਸਦੀਪਕ ਜੀਵਨ ਦੇਵੇਗਾ। 8ਪਰ ਜਿਹੜੇ ਆਪ-ਸੁਆਰਥੀ ਹਨ ਅਤੇ ਸਚਾਈ ਨੂੰ ਨਹੀਂ ਮੰਨਦੇ, ਸਗੋਂ ਕੁਧਰਮ ਦੇ ਪਿੱਛੇ ਚੱਲਦੇ ਹਨ ਉਨ੍ਹਾਂ ਉੱਤੇ ਕ੍ਰੋਧ ਅਤੇ ਕਹਿਰ ਪਵੇਗਾ। 9ਜਿਹੜਾ ਮਨੁੱਖ ਬੁਰਾ ਕੰਮ ਕਰਦਾ ਹੈ ਉਸ ਦੀ ਜ਼ਿੰਦਗੀ ਉੱਤੇ ਪਰੇਸ਼ਾਨੀ ਅਤੇ ਬਿਪਤਾ ਆਵੇਗੀ; ਪਹਿਲਾਂ ਯਹੂਦੀ ਅਤੇ ਫਿਰ ਯੂਨਾਨੀ ਉੱਤੇ। 10ਪਰ ਭਲਾ ਕੰਮ ਕਰਨ ਵਾਲੇ ਨੂੰ ਮਹਿਮਾ, ਆਦਰ ਅਤੇ ਸ਼ਾਂਤੀ ਮਿਲੇਗੀ; ਪਹਿਲਾਂ ਯਹੂਦੀ ਅਤੇ ਫਿਰ ਯੂਨਾਨੀ ਨੂੰ, 11ਕਿਉਂਕਿ ਪਰਮੇਸ਼ਰ ਕਿਸੇ ਦਾ ਪੱਖਪਾਤ ਨਹੀਂ ਕਰਦਾ।
12ਇਸ ਲਈ ਜਿੰਨਿਆਂ ਨੇ ਬਿਵਸਥਾ ਤੋਂ ਅਣਜਾਣ ਹੁੰਦਿਆਂ ਪਾਪ ਕੀਤੇ ਉਹ ਬਿਨਾਂ ਬਿਵਸਥਾ ਦੇ ਨਾਸ ਹੋਣਗੇ ਅਤੇ ਜਿੰਨਿਆਂ ਨੇ ਬਿਵਸਥਾ ਵਿੱਚ ਹੁੰਦਿਆਂ ਪਾਪ ਕੀਤੇ ਉਨ੍ਹਾਂ ਦਾ ਨਿਆਂ ਬਿਵਸਥਾ ਦੇ ਅਨੁਸਾਰ ਹੋਵੇਗਾ; 13ਕਿਉਂਕਿ ਬਿਵਸਥਾ ਦੇ ਸੁਣਨ ਵਾਲੇ ਪਰਮੇਸ਼ਰ ਦੇ ਸਨਮੁੱਖ ਧਰਮੀ ਨਹੀਂ ਹਨ, ਸਗੋਂ ਬਿਵਸਥਾ ਦੇ ਅਨੁਸਾਰ ਚੱਲਣ ਵਾਲੇ ਧਰਮੀ ਠਹਿਰਾਏ ਜਾਣਗੇ। 14ਜਦੋਂ ਪਰਾਈਆਂ ਕੌਮਾਂ ਦੇ ਲੋਕ ਬਿਵਸਥਾਹੀਣ ਹੁੰਦੇ ਹੋਏ ਆਪਣੇ ਸੁਭਾਅ ਤੋਂ ਹੀ ਬਿਵਸਥਾ ਦਾ ਪਾਲਣ ਕਰਦੇ ਹਨ ਤਾਂ ਉਨ੍ਹਾਂ ਕੋਲ ਬਿਵਸਥਾ ਨਾ ਹੁੰਦਿਆਂ ਵੀ ਉਹ ਆਪਣੇ ਆਪ ਵਿੱਚ ਹੀ ਬਿਵਸਥਾ ਹਨ। 15ਉਹ ਬਿਵਸਥਾ ਦਾ ਕੰਮ ਆਪਣੇ ਦਿਲਾਂ 'ਤੇ ਲਿਖਿਆ ਵਿਖਾਉਂਦੇ ਹਨ ਅਤੇ ਉਨ੍ਹਾਂ ਦਾ ਵਿਵੇਕ ਵੀ ਗਵਾਹੀ ਦਿੰਦਾ ਹੈ ਅਤੇ ਉਨ੍ਹਾਂ ਦੇ ਵਿਚਾਰ ਇੱਕ ਦੂਜੇ ਨੂੰ ਦੋਸ਼ੀ ਜਾਂ ਨਿਰਦੋਸ਼ ਠਹਿਰਾਉਂਦੇ ਹਨ। 16ਇਹ ਉਸ ਦਿਨ ਹੋਵੇਗਾ ਜਦੋਂ ਮੇਰੀ ਖੁਸ਼ਖ਼ਬਰੀ ਦੇ ਅਨੁਸਾਰ ਯਿਸੂ ਮਸੀਹ ਦੇ ਰਾਹੀਂ ਪਰਮੇਸ਼ਰ ਮਨੁੱਖਾਂ ਦੀਆਂ ਗੁਪਤ ਗੱਲਾਂ ਦਾ ਨਿਆਂ ਕਰੇਗਾ।#2:16 ਇਹ ਆਇਤ 12 ਆਇਤ ਦੇ ਨਾਲ ਜੁੜੀ ਹੈ।
ਯਹੂਦੀ ਅਤੇ ਬਿਵਸਥਾ
17ਪਰ ਜੇ ਤੂੰ ਯਹੂਦੀ ਕਹਾਉਂਦਾ ਹੈਂ ਅਤੇ ਬਿਵਸਥਾ 'ਤੇ ਨਿਰਭਰ ਰਹਿੰਦਾ ਅਤੇ ਪਰਮੇਸ਼ਰ ਵਿੱਚ ਘਮੰਡ ਕਰਦਾ ਹੈਂ 18ਅਤੇ ਉਸ ਦੀ ਇੱਛਾ ਨੂੰ ਜਾਣਦਾ ਤੇ ਬਿਵਸਥਾ ਵਿੱਚੋਂ ਸਿੱਖਿਆ ਪਾ ਕੇ ਉੱਤਮ ਗੱਲਾਂ ਵਿੱਚ ਸਹਿਮਤ ਹੁੰਦਾ ਹੈਂ 19ਅਤੇ ਤੈਨੂੰ ਭਰੋਸਾ ਹੈ ਕਿ ਤੂੰ ਅੰਨ੍ਹਿਆਂ ਦਾ ਮਾਰਗਦਰਸ਼ਕ ਅਤੇ ਜਿਹੜੇ ਹਨੇਰੇ ਵਿੱਚ ਹਨ ਉਨ੍ਹਾਂ ਦਾ ਚਾਨਣ 20ਅਤੇ ਨਿਰਬੁੱਧੀਆਂ ਨੂੰ ਸਿਖਾਉਣ ਵਾਲਾ ਅਤੇ ਬਾਲਕਾਂ ਦਾ ਸਿੱਖਿਅਕ ਹੈਂ ਅਤੇ ਬਿਵਸਥਾ ਵਿੱਚ ਤੇਰੇ ਕੋਲ ਗਿਆਨ ਅਤੇ ਸਚਾਈ ਦਾ ਸਰੂਪ ਹੈ, 21ਤਾਂ ਤੂੰ ਜਿਹੜਾ ਦੂਜਿਆਂ ਨੂੰ ਸਿਖਾਉਂਦਾ ਹੈਂ, ਕੀ ਤੂੰ ਆਪਣੇ ਆਪ ਨੂੰ ਨਹੀਂ ਸਿਖਾਉਂਦਾ? ਤੂੰ ਜਿਹੜਾ ਚੋਰੀ ਨਾ ਕਰਨ ਦਾ ਪ੍ਰਚਾਰ ਕਰਦਾ ਹੈਂ, ਕੀ ਆਪ ਹੀ ਚੋਰੀ ਕਰਦਾ ਹੈਂ? 22ਤੂੰ ਜਿਹੜਾ ਕਹਿੰਦਾ ਹੈਂ ਕਿ ਵਿਭਚਾਰ ਨਾ ਕਰ, ਕੀ ਆਪ ਹੀ ਵਿਭਚਾਰ ਕਰਦਾ ਹੈਂ? ਤੂੰ ਜਿਹੜਾ ਮੂਰਤੀਆਂ ਤੋਂ ਘਿਰਣਾ ਕਰਦਾ ਹੈਂ, ਕੀ ਆਪ ਹੀ ਮੰਦਰਾਂ ਨੂੰ ਲੁੱਟਦਾ ਹੈਂ? 23ਤੂੰ ਜਿਹੜਾ ਬਿਵਸਥਾ 'ਤੇ ਘਮੰਡ ਕਰਦਾ ਹੈਂ, ਕੀ ਤੂੰ ਬਿਵਸਥਾ ਦੀ ਉਲੰਘਣਾ ਕਰਕੇ ਪਰਮੇਸ਼ਰ ਦਾ ਨਿਰਾਦਰ ਕਰਦਾ ਹੈਂ? 24ਜਿਵੇਂ ਲਿਖਿਆ ਹੈ:“ਤੁਹਾਡੇ ਕਾਰਨ ਪਰਾਈਆਂ ਕੌਮਾਂ ਵਿੱਚ ਪਰਮੇਸ਼ਰ ਦੇ ਨਾਮ ਦੀ ਨਿੰਦਾ ਹੁੰਦੀ ਹੈ।”#ਯਸਾਯਾਹ 52:5
ਮਨ ਦੀ ਸੁੰਨਤ
25ਕਿਉਂਕਿ ਜੇ ਤੂੰ ਬਿਵਸਥਾ ਦੀ ਪਾਲਣਾ ਕਰਦਾ ਹੈਂ ਤਾਂ ਹੀ ਸੁੰਨਤ ਦਾ ਲਾਭ ਹੈ; ਪਰ ਜੇ ਤੂੰ ਬਿਵਸਥਾ ਦਾ ਉਲੰਘਣ ਕਰਦਾ ਹੈਂ ਤਾਂ ਤੇਰੀ ਸੁੰਨਤ ਅਸੁੰਨਤ ਠਹਿਰੀ। 26ਇਸ ਲਈ ਜੇ ਅਸੁੰਨਤੀ ਵਿਅਕਤੀ ਬਿਵਸਥਾ ਦੇ ਨਿਯਮਾਂ ਦੀ ਪਾਲਣਾ ਕਰਦਾ ਹੈ, ਤਾਂ ਕੀ ਉਸ ਦੀ ਅਸੁੰਨਤ ਸੁੰਨਤ ਨਾ ਗਿਣੀ ਜਾਵੇਗੀ? 27ਅਤੇ ਜਿਹੜਾ ਸਰੀਰਕ ਤੌਰ 'ਤੇ ਅਸੁੰਨਤੀ ਹੈ ਪਰ ਬਿਵਸਥਾ ਦੀ ਪਾਲਣਾ ਕਰਦਾ ਹੈ, ਉਹ ਤੈਨੂੰ ਜਿਸ ਨੇ ਲਿਖਤੀ ਬਿਵਸਥਾ ਪਾਈ ਹੈ ਅਤੇ ਸੁੰਨਤ ਦੇ ਬਾਵਜੂਦ ਬਿਵਸਥਾ ਦਾ ਉਲੰਘਣ ਕਰਦਾ ਹੈਂ, ਦੋਸ਼ੀ ਠਹਿਰਾਵੇਗਾ। 28ਕਿਉਂਕਿ ਯਹੂਦੀ ਉਹ ਨਹੀਂ ਜਿਹੜਾ ਬਾਹਰੀ ਤੌਰ 'ਤੇ ਯਹੂਦੀ ਹੈ ਅਤੇ ਸੁੰਨਤ ਵੀ ਉਹ ਨਹੀਂ ਜਿਹੜੀ ਬਾਹਰੀ ਤੌਰ 'ਤੇ ਸਰੀਰ ਵਿੱਚ ਹੁੰਦੀ ਹੈ। 29ਪਰ ਯਹੂਦੀ ਉਹ ਹੈ ਜਿਹੜਾ ਅੰਦਰੋਂ ਯਹੂਦੀ ਹੈ ਅਤੇ ਸੁੰਨਤ ਉਹ ਹੈ ਜਿਹੜੀ ਲਿਖਤ ਦੁਆਰਾ ਨਹੀਂ ਸਗੋਂ ਆਤਮਾ ਦੁਆਰਾ ਮਨ ਦੀ ਹੁੰਦੀ ਹੈ, ਜਿਸ ਦੀ ਸੋਭਾ ਮਨੁੱਖਾਂ ਵੱਲੋਂ ਨਹੀਂ ਪਰ ਪਰਮੇਸ਼ਰ ਵੱਲੋਂ ਹੁੰਦੀ ਹੈ।
Currently Selected:
ਰੋਮੀਆਂ 2: PSB
Highlight
Share
Copy

Want to have your highlights saved across all your devices? Sign up or sign in
PUNJABI STANDARD BIBLE©
Copyright © 2023 by Global Bible Initiative