ਰੋਮੀਆਂ 1
1
ਸਲਾਮ
1ਮਸੀਹ ਯਿਸੂ ਦੇ ਦਾਸ ਪੌਲੁਸ ਦੀ ਵੱਲੋਂ, ਜਿਹੜਾ ਰਸੂਲ ਹੋਣ ਲਈ ਸੱਦਿਆ ਗਿਆ ਅਤੇ ਪਰਮੇਸ਼ਰ ਦੀ ਉਸ ਖੁਸ਼ਖ਼ਬਰੀ ਦੇ ਲਈ ਵੱਖਰਾ ਕੀਤਾ ਗਿਆ ਹੈ 2ਜਿਸ ਦਾ ਵਾਇਦਾ ਉਸ ਨੇ ਪਹਿਲਾਂ ਹੀ ਪਵਿੱਤਰ ਲਿਖਤਾਂ ਵਿੱਚ ਆਪਣੇ ਨਬੀਆਂ ਦੇ ਰਾਹੀਂ ਕੀਤਾ। 3ਇਹ ਵਾਇਦਾ ਉਸ ਦੇ ਪੁੱਤਰ ਦੇ ਵਿਖੇ ਸੀ ਜਿਹੜਾ ਸਰੀਰ ਦੇ ਅਨੁਸਾਰ ਦਾਊਦ ਦੇ ਵੰਸ਼ ਵਿੱਚੋਂ ਉਤਪੰਨ ਹੋਇਆ 4ਅਤੇ ਪਵਿੱਤਰਤਾ ਦੇ ਆਤਮਾ ਅਨੁਸਾਰ ਮੁਰਦਿਆਂ ਵਿੱਚੋਂ ਜੀ ਉੱਠਣ ਦੇ ਦੁਆਰਾ ਸਮਰੱਥਾ ਨਾਲ ਪਰਮੇਸ਼ਰ ਦਾ ਪੁੱਤਰ ਠਹਿਰਿਆ ਅਰਥਾਤ ਸਾਡਾ ਪ੍ਰਭੂ ਯਿਸੂ ਮਸੀਹ। 5ਉਸੇ ਦੇ ਰਾਹੀਂ ਅਸੀਂ ਕਿਰਪਾ ਅਤੇ ਰਸੂਲ ਦੀ ਪਦਵੀ ਨੂੰ ਪ੍ਰਾਪਤ ਕੀਤਾ ਤਾਂਕਿ ਉਸ ਦੇ ਨਾਮ ਦੀ ਖਾਤਰ ਸਾਰੀਆਂ ਕੌਮਾਂ ਵਿੱਚ ਵਿਸ਼ਵਾਸ ਦੀ ਆਗਿਆਕਾਰੀ ਪੈਦਾ ਕਰੀਏ, 6ਜਿਨ੍ਹਾਂ ਵਿੱਚੋਂ ਤੁਸੀਂ ਵੀ ਯਿਸੂ ਮਸੀਹ ਦੇ ਸੱਦੇ ਹੋਏ ਹੋ। 7ਰੋਮ ਵਿਚਲੇ ਉਨ੍ਹਾਂ ਸਭਨਾਂ ਨੂੰ ਜਿਹੜੇ ਪਰਮੇਸ਼ਰ ਦੇ ਪਿਆਰੇ ਹਨ ਅਤੇ ਪਵਿੱਤਰ ਹੋਣ ਲਈ ਸੱਦੇ ਗਏ ਹਨ,
ਸਾਡੇ ਪਿਤਾ ਪਰਮੇਸ਼ਰ ਅਤੇ ਪ੍ਰਭੂ ਯਿਸੂ ਮਸੀਹ ਦੀ ਵੱਲੋਂ ਤੁਹਾਨੂੰ ਕਿਰਪਾ ਅਤੇ ਸ਼ਾਂਤੀ ਮਿਲੇ।
ਰੋਮ ਦੀ ਯਾਤਰਾ ਲਈ ਰਸੂਲ ਦੀ ਇੱਛਾ
8ਸਭ ਤੋਂ ਪਹਿਲਾਂ ਮੈਂ ਯਿਸੂ ਮਸੀਹ ਦੇ ਰਾਹੀਂ ਤੁਹਾਡੇ ਸਭਨਾਂ ਦੇ ਲਈ ਆਪਣੇ ਪਰਮੇਸ਼ਰ ਦਾ ਧੰਨਵਾਦ ਕਰਦਾ ਹਾਂ, ਕਿਉਂਕਿ ਤੁਹਾਡੇ ਵਿਸ਼ਵਾਸ ਦਾ ਪ੍ਰਚਾਰ ਸਾਰੇ ਸੰਸਾਰ ਵਿੱਚ ਹੋ ਰਿਹਾ ਹੈ। 9ਪਰਮੇਸ਼ਰ, ਜਿਸ ਦੀ ਸੇਵਾ ਮੈਂ ਉਸ ਦੇ ਪੁੱਤਰ ਦੀ ਖੁਸ਼ਖ਼ਬਰੀ ਦੇ ਦੁਆਰਾ ਆਪਣੀ ਆਤਮਾ ਤੋਂ ਕਰਦਾ ਹਾਂ, ਮੇਰਾ ਗਵਾਹ ਹੈ ਕਿ ਮੈਂ ਕਿਵੇਂ ਲਗਾਤਾਰ ਤੁਹਾਨੂੰ ਯਾਦ ਕਰਦਾ ਹਾਂ 10ਅਤੇ ਹਮੇਸ਼ਾ ਆਪਣੀਆਂ ਪ੍ਰਾਰਥਨਾਵਾਂ ਵਿੱਚ ਇਹ ਬੇਨਤੀ ਕਰਦਾ ਹਾਂ ਕਿ ਜੇ ਪਰਮੇਸ਼ਰ ਦੀ ਇੱਛਾ ਹੋਵੇ ਤਾਂ ਹੁਣ ਮੈਂ ਕਿਸੇ ਤਰ੍ਹਾਂ ਤੁਹਾਡੇ ਕੋਲ ਆਉਣ ਵਿੱਚ ਸਫਲ ਹੋ ਜਾਵਾਂ। 11ਕਿਉਂਕਿ ਮੈਂ ਤੁਹਾਨੂੰ ਮਿਲਣ ਲਈ ਉਤਸੁਕ ਹਾਂ ਤਾਂਕਿ ਕੋਈ ਆਤਮਕ ਵਰਦਾਨ ਤੁਹਾਨੂੰ ਸੌਂਪਾਂ ਜਿਸ ਨਾਲ ਤੁਸੀਂ ਦ੍ਰਿੜ੍ਹ ਹੋ ਸਕੋ, 12ਅਰਥਾਤ ਜਦੋਂ ਮੈਂ ਤੁਹਾਡੇ ਵਿਚਕਾਰ ਹੋਵਾਂ ਤਾਂ ਉਸ ਵਿਸ਼ਵਾਸ ਦੇ ਦੁਆਰਾ ਜੋ ਮੇਰੇ ਅਤੇ ਤੁਹਾਡੇ ਵਿੱਚ ਹੈ, ਅਸੀਂ ਇੱਕ ਦੂਜੇ ਤੋਂ ਉਤਸ਼ਾਹਿਤ ਹੋਈਏ।
13ਹੇ ਭਾਈਓ, ਹੁਣ ਮੈਂ ਨਹੀਂ ਚਾਹੁੰਦਾ ਕਿ ਤੁਸੀਂ ਇਸ ਗੱਲ ਤੋਂ ਅਣਜਾਣ ਰਹੋ ਕਿ ਮੈਂ ਬਹੁਤ ਵਾਰ ਤੁਹਾਡੇ ਕੋਲ ਆਉਣ ਦਾ ਇਰਾਦਾ ਕੀਤਾ ਤਾਂਕਿ ਜਿਵੇਂ ਮੈਨੂੰ ਹੋਰਨਾਂ ਪਰਾਈਆਂ ਕੌਮਾਂ ਵਿੱਚ ਫਲ ਮਿਲਿਆ ਤੁਹਾਡੇ ਵਿੱਚ ਵੀ ਮਿਲੇ, ਪਰ ਹੁਣ ਤੱਕ ਰੁਕਾਵਟ ਪੈਂਦੀ ਰਹੀ। 14ਮੈਂ ਯੂਨਾਨੀਆਂ ਅਤੇ ਗੈਰ-ਯੂਨਾਨੀਆਂ, ਬੁੱਧਵਾਨਾਂ ਅਤੇ ਨਿਰਬੁੱਧਾਂ, ਦੋਹਾਂ ਦਾ ਕਰਜ਼ਦਾਰ#1:14 ਅਰਥਾਤ ਖੁਸ਼ਖ਼ਬਰੀ ਸੁਣਾਉਣ ਦਾ ਜ਼ਿੰਮੇਵਾਰ ਹਾਂ। 15ਇਸ ਲਈ ਮੈਂ ਤੁਹਾਨੂੰ ਵੀ ਜਿਹੜੇ ਰੋਮ ਵਿੱਚ ਹੋ, ਖੁਸ਼ਖ਼ਬਰੀ ਸੁਣਾਉਣ ਦਾ ਬੇਹੱਦ ਇੱਛੁਕ ਹਾਂ,
ਧਰਮੀ ਵਿਸ਼ਵਾਸ ਨਾਲ ਜੀਉਂਦਾ ਰਹੇਗਾ
16ਕਿਉਂਕਿ ਮੈਂ#1:16 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਮਸੀਹ ਦੀ” ਲਿਖਿਆ ਹੈ। ਖੁਸ਼ਖ਼ਬਰੀ ਤੋਂ ਨਹੀਂ ਸ਼ਰਮਾਉਂਦਾ, ਇਸ ਲਈ ਜੋ ਇਹ ਹਰੇਕ ਵਿਸ਼ਵਾਸ ਕਰਨ ਵਾਲੇ ਦੀ ਮੁਕਤੀ ਲਈ ਪਰਮੇਸ਼ਰ ਦੀ ਸਮਰੱਥਾ ਹੈ; ਪਹਿਲਾਂ ਯਹੂਦੀ ਲਈ ਅਤੇ ਫਿਰ ਯੂਨਾਨੀ ਲਈ। 17ਕਿਉਂਕਿ ਇਸ ਵਿੱਚ ਪਰਮੇਸ਼ਰ ਦੀ ਧਾਰਮਿਕਤਾ ਵਿਸ਼ਵਾਸ ਤੋਂ ਵਿਸ਼ਵਾਸ ਦੇ ਲਈ ਪਰਗਟ ਕੀਤੀ ਜਾਂਦੀ ਹੈ, ਜਿਵੇਂ ਲਿਖਿਆ ਹੈ:“ਪਰ ਧਰਮੀ ਵਿਸ਼ਵਾਸ ਤੋਂ ਜੀਉਂਦਾ ਰਹੇਗਾ।”#ਹਬੱਕੂਕ 2:4
ਮਨੁੱਖ ਦਾ ਪਾਪ
18ਸਵਰਗ ਤੋਂ ਪਰਮੇਸ਼ਰ ਦਾ ਕ੍ਰੋਧ ਉਨ੍ਹਾਂ ਮਨੁੱਖਾਂ ਦੀ ਸਾਰੀ ਬੇਦੀਨੀ ਅਤੇ ਕੁਧਰਮ ਉੱਤੇ ਪਰਗਟ ਹੁੰਦਾ ਹੈ ਜਿਹੜੇ ਸਚਾਈ ਨੂੰ ਕੁਧਰਮ ਨਾਲ ਦਬਾਈ ਰੱਖਦੇ ਹਨ। 19ਇਸ ਲਈ ਪਰਮੇਸ਼ਰ ਦੇ ਵਿਖੇ ਜੋ ਕੁਝ ਜਾਣਿਆ ਜਾ ਸਕਦਾ ਹੈ ਉਹ ਉਨ੍ਹਾਂ ਉੱਤੇ ਪਰਗਟ ਹੈ, ਕਿਉਂਕਿ ਪਰਮੇਸ਼ਰ ਨੇ ਇਸ ਨੂੰ ਉਨ੍ਹਾਂ ਉੱਤੇ ਪਰਗਟ ਕੀਤਾ ਹੈ। 20ਸੰਸਾਰ ਦੀ ਉਤਪਤੀ ਤੋਂ ਉਸ ਦੇ ਅਣਡਿੱਠ ਗੁਣਾਂ ਨੂੰ ਅਰਥਾਤ ਉਸ ਦੀ ਸਦੀਪਕ ਸਮਰੱਥਾ ਅਤੇ ਪਰਮੇਸ਼ਰਤਾਈ ਨੂੰ ਉਸ ਦੀ ਸਿਰਜਣਾ ਵਿੱਚੋਂ ਸਾਫ-ਸਾਫ ਵੇਖਿਆ ਅਤੇ ਸਮਝਿਆ ਜਾ ਸਕਦਾ ਹੈ। ਇਸ ਲਈ ਉਨ੍ਹਾਂ ਕੋਲ ਕੋਈ ਬਹਾਨਾ ਨਹੀਂ ਹੈ 21ਕਿਉਂਕਿ ਉਨ੍ਹਾਂ ਨੇ ਪਰਮੇਸ਼ਰ ਨੂੰ ਜਾਣਦੇ ਹੋਏ ਵੀ ਨਾ ਤਾਂ ਪਰਮੇਸ਼ਰ ਦੀ ਮਹਿਮਾ ਕੀਤੀ ਅਤੇ ਨਾ ਹੀ ਉਸ ਦਾ ਧੰਨਵਾਦ ਕੀਤਾ, ਸਗੋਂ ਆਪਣੀਆਂ ਸੋਚਾਂ ਵਿੱਚ ਨਿਕੰਮੇ ਬਣ ਗਏ ਅਤੇ ਉਨ੍ਹਾਂ ਦੇ ਬੁੱਧਹੀਣ ਮਨ ਹਨੇਰੇ ਹੋ ਗਏ। 22ਉਹ ਆਪਣੇ ਆਪ ਨੂੰ ਬੁੱਧਵਾਨ ਸਮਝ ਕੇ ਮੂਰਖ ਬਣ ਗਏ 23ਅਤੇ ਅਵਿਨਾਸੀ ਪਰਮੇਸ਼ਰ ਦੇ ਪ੍ਰਤਾਪ ਨੂੰ ਨਾਸਵਾਨ ਮਨੁੱਖਾਂ, ਪੰਛੀਆਂ, ਪਸ਼ੂਆਂ ਅਤੇ ਰੀਂਗਣ ਵਾਲੇ ਜੀਵਾਂ ਦੇ ਸਰੂਪ ਦੀ ਸਮਾਨਤਾ ਵਿੱਚ ਬਦਲ ਦਿੱਤਾ।
24ਇਸ ਕਰਕੇ ਪਰਮੇਸ਼ਰ ਨੇ ਉਨ੍ਹਾਂ ਨੂੰ ਅਸ਼ੁੱਧਤਾ ਲਈ ਉਨ੍ਹਾਂ ਦੇ ਮਨ ਦੀਆਂ ਲਾਲਸਾਵਾਂ ਦੇ ਹਵਾਲੇ ਕਰ ਦਿੱਤਾ ਕਿ ਉਹ ਆਪਸ ਵਿੱਚ ਆਪਣੇ ਸਰੀਰਾਂ ਦਾ ਨਿਰਾਦਰ ਕਰਨ। 25ਉਨ੍ਹਾਂ ਨੇ ਪਰਮੇਸ਼ਰ ਦੀ ਸਚਾਈ ਨੂੰ ਝੂਠ ਵਿੱਚ ਬਦਲ ਦਿੱਤਾ ਅਤੇ ਸ੍ਰਿਸ਼ਟੀਕਰਤਾ ਦੀ ਬਜਾਇ ਸ੍ਰਿਸ਼ਟੀ ਦੀ ਉਪਾਸਨਾ ਅਤੇ ਸੇਵਾ ਕੀਤੀ, ਨਾ ਕਿ ਉਸ ਸ੍ਰਿਸ਼ਟੀਕਰਤਾ ਦੀ ਜਿਹੜਾ ਸਦਾ ਧੰਨ ਹੈ। ਆਮੀਨ।
ਮਨੁੱਖ ਦੀ ਭ੍ਰਿਸ਼ਟਤਾ
26ਇਸੇ ਕਰਕੇ ਪਰਮੇਸ਼ਰ ਨੇ ਉਨ੍ਹਾਂ ਨੂੰ ਨੀਚ ਕਾਮਨਾਵਾਂ ਦੇ ਵੱਸ ਕਰ ਦਿੱਤਾ, ਕਿਉਂਕਿ ਉਨ੍ਹਾਂ ਦੀਆਂ ਔਰਤਾਂ ਨੇ ਵੀ ਕੁਦਰਤੀ ਸੰਬੰਧਾਂ ਨੂੰ ਗੈਰ-ਕੁਦਰਤੀ ਸੰਬੰਧਾਂ ਵਿੱਚ ਬਦਲ ਦਿੱਤਾ, ਜੋ ਕਿ ਕੁਦਰਤ ਦੇ ਨਿਯਮ ਦੇ ਵਿਰੁੱਧ ਹੈ। 27ਇਸੇ ਤਰ੍ਹਾਂ ਪੁਰਸ਼ ਵੀ ਔਰਤ ਨਾਲ ਕੁਦਰਤੀ ਸੰਬੰਧ ਛੱਡ ਕੇ ਇੱਕ ਦੂਜੇ ਪ੍ਰਤੀ ਆਪਣੀਆਂ ਕਾਮ-ਵਾਸਨਾਵਾਂ ਵਿੱਚ ਸੜ ਗਏ ਅਤੇ ਪੁਰਸ਼ਾਂ ਨੇ ਪੁਰਸ਼ਾਂ ਨਾਲ ਨਿਰਲੱਜਤਾ ਦੇ ਕੰਮ ਕੀਤੇ ਅਤੇ ਆਪਣੇ ਆਪ ਵਿੱਚ ਆਪਣੀ ਗਲਤੀ ਦਾ ਸਹੀ ਫਲ ਭੋਗ ਰਹੇ ਹਨ।
28ਜਦੋਂ ਉਨ੍ਹਾਂ ਨੇ ਪਰਮੇਸ਼ਰ ਨੂੰ ਪਛਾਨਣਾ ਨਾ ਚਾਹਿਆ ਤਾਂ ਪਰਮੇਸ਼ਰ ਨੇ ਵੀ ਉਨ੍ਹਾਂ ਨੂੰ ਅਣਉਚਿਤ ਕੰਮ ਕਰਨ ਲਈ ਉਨ੍ਹਾਂ ਦੇ ਭ੍ਰਿਸ਼ਟ ਮਨ ਦੇ ਵੱਸ ਕਰ ਦਿੱਤਾ। 29ਇਸ ਲਈ ਉਹ ਹਰ ਤਰ੍ਹਾਂ ਦੇ ਕੁਧਰਮ, ਦੁਸ਼ਟਤਾ#1:29 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਵਿਭਚਾਰ” ਲਿਖਿਆ ਹੈ।, ਲੋਭ ਅਤੇ ਬੁਰਾਈ ਨਾਲ ਭਰ ਗਏ। ਉਹ ਈਰਖਾ, ਹੱਤਿਆ, ਝਗੜੇ, ਛਲ, ਬਦਨੀਤੀ ਨਾਲ ਭਰੇ ਹੋਏ, ਚੁਗਲਖੋਰ, 30ਨਿੰਦਕ, ਪਰਮੇਸ਼ਰ ਦੇ ਵੈਰੀ, ਹਿੰਸਕ, ਘਮੰਡੀ, ਸ਼ੇਖੀਬਾਜ਼, ਬੁਰਾਈ ਦੇ ਜਨਮਦਾਤੇ, ਮਾਤਾ-ਪਿਤਾ ਦੇ ਅਣਆਗਿਆਕਾਰ, 31ਬੁੱਧਹੀਣ, ਨੇਮ ਤੋੜਨ ਵਾਲੇ, ਨਿਰਮੋਹ#1:31 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਕਠੋਰ” ਲਿਖਿਆ ਹੈ। ਅਤੇ ਨਿਰਦਈ ਹਨ। 32ਉਹ ਪਰਮੇਸ਼ਰ ਦੇ ਇਸ ਨਿਯਮ ਨੂੰ ਜਾਣਦੇ ਹੋਏ ਕਿ ਅਜਿਹੇ ਕੰਮ ਕਰਨ ਵਾਲੇ ਮੌਤ ਦੀ ਸਜ਼ਾ ਦੇ ਯੋਗ ਹਨ, ਨਾ ਕੇਵਲ ਆਪ ਇਹ ਕਰਦੇ ਹਨ, ਸਗੋਂ ਇਨ੍ਹਾਂ ਦੇ ਕਰਨ ਵਾਲਿਆਂ ਨਾਲ ਸਹਿਮਤ ਵੀ ਹੁੰਦੇ ਹਨ।
Currently Selected:
ਰੋਮੀਆਂ 1: PSB
Highlight
Share
Copy

Want to have your highlights saved across all your devices? Sign up or sign in
PUNJABI STANDARD BIBLE©
Copyright © 2023 by Global Bible Initiative