ਰਸੂਲ 28
28
ਮਾਲਟਾ ਟਾਪੂ 'ਤੇ ਪੌਲੁਸ
1ਜਦੋਂ ਅਸੀਂ ਸੁਰੱਖਿਅਤ ਪਹੁੰਚ ਗਏ ਤਾਂ ਸਾਨੂੰ ਪਤਾ ਲੱਗਾ ਕਿ ਉਸ ਟਾਪੂ ਦਾ ਨਾਂ ਮਾਲਟਾ ਹੈ। 2ਉੱਥੋਂ ਦੇ ਲੋਕਾਂ ਨੇ ਸਾਡੇ ਪ੍ਰਤੀ ਬਹੁਤ ਦਇਆ ਵਿਖਾਈ ਅਤੇ ਅੱਗ ਬਾਲ ਕੇ ਸਾਡਾ ਸਭ ਦਾ ਸੁਆਗਤ ਕੀਤਾ, ਕਿਉਂਕਿ ਵਰਖਾ ਹੋਣ ਕਰਕੇ ਠੰਡ ਹੋ ਗਈ ਸੀ। 3ਜਦੋਂ ਪੌਲੁਸ ਨੇ ਬਹੁਤ ਸਾਰੀਆਂ ਲੱਕੜਾਂ ਇਕੱਠੀਆਂ ਕਰਕੇ ਅੱਗ 'ਤੇ ਰੱਖੀਆਂ ਤਾਂ ਸੇਕ ਦੇ ਕਾਰਨ ਇੱਕ ਸੱਪ ਨਿੱਕਲ ਕੇ ਉਸ ਦੇ ਹੱਥ ਨੂੰ ਚਿੰਬੜ ਗਿਆ। 4ਜਦੋਂ ਉੱਥੋਂ ਦੇ ਲੋਕਾਂ ਨੇ ਉਸ ਜੀਵ ਨੂੰ ਪੌਲੁਸ ਦੇ ਹੱਥ ਨਾਲ ਲਟਕਦੇ ਵੇਖਿਆ ਤਾਂ ਉਹ ਇੱਕ ਦੂਜੇ ਨੂੰ ਕਹਿਣ ਲੱਗੇ, “ਜ਼ਰੂਰ ਇਹ ਵਿਅਕਤੀ ਹੱਤਿਆਰਾ ਹੈ; ਭਾਵੇਂ ਇਹ ਸਮੁੰਦਰ ਵਿੱਚੋਂ ਬਚ ਨਿੱਕਲਿਆ, ਪਰ ਨਿਆਂ#28:4 ਅਰਥਾਤ ਨਿਆਂ ਦੀ ਦੇਵੀ ਨੇ ਇਸ ਨੂੰ ਜੀਉਂਦਾ ਨਹੀਂ ਛੱਡਿਆ।” 5ਤਦ ਪੌਲੁਸ ਨੇ ਉਸ ਜੀਵ ਨੂੰ ਅੱਗ ਵਿੱਚ ਝਟਕ ਦਿੱਤਾ ਅਤੇ ਪੌਲੁਸ ਦਾ ਕੋਈ ਨੁਕਸਾਨ ਨਾ ਹੋਇਆ। 6ਉਹ ਉਡੀਕ ਰਹੇ ਸਨ ਕਿ ਉਹ ਸੁੱਜ ਜਾਵੇਗਾ ਜਾਂ ਅਚਾਨਕ ਡਿੱਗ ਕੇ ਮਰ ਜਾਵੇਗਾ। ਉਹ ਕਾਫੀ ਦੇਰ ਉਡੀਕਦੇ ਰਹੇ ਅਤੇ ਜਦੋਂ ਵੇਖਿਆ ਕਿ ਉਸ ਦਾ ਕੋਈ ਵਿਗਾੜ ਨਹੀਂ ਹੋਇਆ ਤਾਂ ਉਨ੍ਹਾਂ ਦੀ ਸੋਚ ਬਦਲ ਗਈ ਅਤੇ ਉਹ ਕਹਿਣ ਲੱਗੇ, “ਇਹ ਤਾਂ ਕੋਈ ਦੇਵਤਾ ਹੈ।”
ਮਾਲਟਾ ਟਾਪੂ 'ਤੇ ਪੌਲੁਸ ਦਾ ਪ੍ਰਚਾਰ
7ਉਸ ਸਥਾਨ ਦੇ ਨੇੜੇ ਹੀ ਟਾਪੂ ਦੇ ਪ੍ਰਧਾਨ ਪੁਬਲਿਯੁਸ ਦੀ ਜ਼ਮੀਨ ਸੀ। ਉਸ ਨੇ ਸਾਡਾ ਸੁਆਗਤ ਕੀਤਾ ਅਤੇ ਤਿੰਨ ਦਿਨ ਸਾਡੀ ਪਰਾਹੁਣਚਾਰੀ ਕੀਤੀ। 8ਫਿਰ ਇਸ ਤਰ੍ਹਾਂ ਹੋਇਆ ਕਿ ਪੁਬਲਿਯੁਸ ਦਾ ਪਿਤਾ ਬੁਖਾਰ ਅਤੇ ਮਰੋੜ ਨਾਲ ਪੀੜਿਤ ਸੀ ਅਤੇ ਬਿਸਤਰੇ 'ਤੇ ਪਿਆ ਸੀ। ਪੌਲੁਸ ਨੇ ਉਸ ਦੇ ਕੋਲ ਜਾ ਕੇ ਪ੍ਰਾਰਥਨਾ ਕੀਤੀ ਅਤੇ ਉਸ ਉੱਤੇ ਹੱਥ ਰੱਖ ਕੇ ਉਸ ਨੂੰ ਚੰਗਾ ਕਰ ਦਿੱਤਾ। 9ਇਸ ਘਟਨਾ ਤੋਂ ਬਾਅਦ ਟਾਪੂ ਦੇ ਹੋਰ ਬਿਮਾਰ ਵੀ ਉਸ ਦੇ ਕੋਲ ਆ ਕੇ ਚੰਗੇ ਹੋਣ ਲੱਗੇ। 10ਸੋ ਉਨ੍ਹਾਂ ਨੇ ਸਾਡਾ ਬਹੁਤ ਆਦਰ ਕੀਤਾ ਅਤੇ ਜਦੋਂ ਅਸੀਂ ਉੱਥੋਂ ਰਵਾਨਾ ਹੋਣ ਲੱਗੇ ਤਾਂ ਉਨ੍ਹਾਂ ਨੇ ਜ਼ਰੂਰਤ ਦੀਆਂ ਚੀਜ਼ਾਂ ਜਹਾਜ਼ 'ਤੇ ਲੱਦ ਦਿੱਤੀਆਂ।
ਰੋਮ ਵਿੱਚ ਆਉਣਾ
11ਤਿੰਨ ਮਹੀਨੇ ਬਾਅਦ ਅਸੀਂ ਸਿਕੰਦਰਿਯਾ ਦੇ ਇੱਕ ਜਹਾਜ਼ 'ਤੇ ਸਵਾਰ ਹੋ ਕੇ ਚੱਲ ਪਏ ਜੋ ਸਰਦੀਆਂ ਵਿੱਚ ਇਸੇ ਟਾਪੂ 'ਤੇ ਖੜ੍ਹਾ ਸੀ ਅਤੇ ਜਿਸ 'ਤੇ ਦੇਉਸਕੂਰੀ#28:11 ਅਰਥਾਤ ਜੌੜੇ ਭਰਾ ਦਾ ਨਿਸ਼ਾਨ ਸੀ। 12ਸੈਰਾਕੁਸ ਵਿੱਚ ਲੰਗਰ ਸੁੱਟ ਕੇ ਅਸੀਂ ਤਿੰਨ ਦਿਨ ਉੱਥੇ ਰਹੇ। 13ਫਿਰ ਉੱਥੋਂ ਘੁੰਮ ਕੇ ਰੇਗਿਯੁਨ ਪਹੁੰਚੇ ਅਤੇ ਇੱਕ ਦਿਨ ਬਾਅਦ ਜਦੋਂ ਦੱਖਣੀ ਹਵਾ ਚੱਲੀ ਤਾਂ ਪਤਿਯੁਲੇ ਆ ਗਏ। 14ਉੱਥੇ ਸਾਨੂੰ ਕੁਝ ਭਾਈ ਮਿਲੇ ਅਤੇ ਉਨ੍ਹਾਂ ਸਾਨੂੰ ਬੇਨਤੀ ਕੀਤੀ ਕਿ ਅਸੀਂ ਸੱਤ ਦਿਨ ਉਨ੍ਹਾਂ ਕੋਲ ਰਹੀਏ। ਸੋ ਇਸ ਤਰ੍ਹਾਂ ਅਸੀਂ ਰੋਮ ਪਹੁੰਚੇ। 15ਜਦੋਂ ਉੱਥੋਂ ਦੇ ਭਾਈਆਂ ਨੇ ਸਾਡੇ ਬਾਰੇ ਸੁਣਿਆ ਤਾਂ ਸਾਨੂੰ ਮਿਲਣ ਲਈ ਅੱਪੀਫੋਰੁਮ#28:15 ਅੱਪੀਅਸ ਦਾ ਇੱਕ ਚੌਂਕ ਅਤੇ ਤਿੰਨ ਸਰਾਵਾਂ ਤੱਕ ਆਏ। ਉਨ੍ਹਾਂ ਨੂੰ ਵੇਖ ਕੇ ਪੌਲੁਸ ਨੇ ਪਰਮੇਸ਼ਰ ਦਾ ਧੰਨਵਾਦ ਕੀਤਾ ਅਤੇ ਉਸ ਨੂੰ ਹੌਸਲਾ ਮਿਲਿਆ।
16ਜਦੋਂ ਅਸੀਂ ਰੋਮ ਵਿੱਚ ਪ੍ਰਵੇਸ਼ ਕੀਤਾ ਤਾਂ#28:16 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਸੂਬੇਦਾਰ ਨੇ ਕੈਦੀਆਂ ਨੂੰ ਛਾਉਣੀ ਦੇ ਅਧਿਕਾਰੀ ਦੇ ਹਵਾਲੇ ਕਰ ਦਿੱਤਾ, ਪਰ” ਲਿਖਿਆ ਹੈ। ਪੌਲੁਸ ਨੂੰ ਇੱਕ ਸਿਪਾਹੀ ਦੀ ਨਿਗਰਾਨੀ ਹੇਠ ਅਲੱਗ ਰਹਿਣ ਦੀ ਅਨੁਮਤੀ ਦਿੱਤੀ ਗਈ।
ਰੋਮੀ ਯਹੂਦੀਆਂ ਨਾਲ ਪੌਲੁਸ ਦੀ ਭੇਂਟ
17ਫਿਰ ਇਸ ਤਰ੍ਹਾਂ ਹੋਇਆ ਕਿ ਤਿੰਨਾਂ ਦਿਨਾਂ ਬਾਅਦ ਪੌਲੁਸ ਨੇ ਯਹੂਦੀਆਂ ਦੇ ਆਗੂਆਂ ਨੂੰ ਆਪਣੇ ਕੋਲ ਸੱਦਿਆ ਅਤੇ ਜਦੋਂ ਉਹ ਇਕੱਠੇ ਹੋਏ ਤਾਂ ਉਸ ਨੇ ਉਨ੍ਹਾਂ ਨੂੰ ਕਿਹਾ, “ਭਾਈਓ, ਮੈਂ ਆਪਣੇ ਲੋਕਾਂ ਜਾਂ ਆਪਣੇ ਪੁਰਖਿਆਂ ਦੀਆਂ ਰੀਤਾਂ ਦੇ ਖਿਲਾਫ ਕੁਝ ਨਹੀਂ ਕੀਤਾ, ਪਰ ਤਾਂ ਵੀ ਮੈਨੂੰ ਯਰੂਸ਼ਲਮ ਤੋਂ ਕੈਦ ਕਰਕੇ ਰੋਮੀਆਂ ਦੇ ਹੱਥ ਸੌਂਪ ਦਿੱਤਾ ਗਿਆ। 18ਉਨ੍ਹਾਂ ਮੇਰੀ ਜਾਂਚ-ਪੜਤਾਲ ਕਰਕੇ ਮੈਨੂੰ ਛੱਡ ਦੇਣਾ ਚਾਹਿਆ, ਕਿਉਂਕਿ ਮੇਰੇ ਵਿੱਚ ਮੌਤ ਦੇ ਲਾਇਕ ਕੋਈ ਦੋਸ਼ ਨਾ ਲੱਭਾ। 19ਪਰ ਜਦੋਂ ਯਹੂਦੀਆਂ ਨੇ ਵਿਰੋਧ ਕੀਤਾ ਤਾਂ ਮੈਨੂੰ ਮਜ਼ਬੂਰ ਹੋ ਕੇ ਕੈਸਰ ਨੂੰ ਅਪੀਲ ਕਰਨੀ ਪਈ; ਇਸ ਕਰਕੇ ਨਹੀਂ ਕਿ ਮੈਂ ਆਪਣੀ ਕੌਮ 'ਤੇ ਕੋਈ ਦੋਸ਼ ਲਾਉਣਾ ਸੀ। 20ਮੈਂ ਇਸੇ ਕਰਕੇ ਤੁਹਾਨੂੰ ਸੱਦਿਆ ਕਿ ਤੁਹਾਨੂੰ ਮਿਲਾਂ ਅਤੇ ਗੱਲ ਕਰਾਂ, ਕਿਉਂਕਿ ਮੈਂ ਇਸਰਾਏਲ ਦੀ ਆਸ ਦੇ ਕਾਰਨ ਹੀ ਇਸ ਜ਼ੰਜੀਰ ਵਿੱਚ ਜਕੜਿਆ ਹੋਇਆ ਹਾਂ।” 21ਤਦ ਉਨ੍ਹਾਂ ਉਸ ਨੂੰ ਕਿਹਾ, “ਸਾਨੂੰ ਯਹੂਦਿਯਾ ਤੋਂ ਤੇਰੇ ਵਿਖੇ ਨਾ ਕੋਈ ਚਿੱਠੀ ਮਿਲੀ ਅਤੇ ਨਾ ਹੀ ਭਾਈਆਂ ਵਿੱਚੋਂ ਕਿਸੇ ਨੇ ਆ ਕੇ ਤੇਰੇ ਵਿਖੇ ਕੁਝ ਬੁਰਾ ਦੱਸਿਆ ਜਾਂ ਬੋਲਿਆ। 22ਪਰ ਅਸੀਂ ਤੇਰੇ ਤੋਂ ਸੁਣਨਾ ਚਾਹੁੰਦੇ ਹਾਂ ਕਿ ਤੂੰ ਕੀ ਸੋਚਦਾ ਹੈਂ, ਕਿਉਂਕਿ ਇਸ ਪੰਥ ਦੇ ਬਾਰੇ ਸਾਨੂੰ ਇਹ ਪਤਾ ਹੈ ਕਿ ਹਰ ਥਾਂ ਇਸ ਦਾ ਵਿਰੋਧ ਹੋ ਰਿਹਾ ਹੈ।”
ਪੌਲੁਸ ਦੇ ਪ੍ਰਚਾਰ ਦਾ ਉੱਤਰ
23ਫਿਰ ਉਨ੍ਹਾਂ ਉਸ ਦੇ ਲਈ ਇੱਕ ਦਿਨ ਨਿਯੁਕਤ ਕੀਤਾ ਅਤੇ ਬਹੁਤ ਲੋਕ ਉਸ ਦੇ ਠਹਿਰਨ ਦੇ ਸਥਾਨ 'ਤੇ ਉਸ ਕੋਲ ਆਏ। ਉਹ ਸਵੇਰ ਤੋਂ ਸ਼ਾਮ ਤੱਕ ਉਨ੍ਹਾਂ ਨੂੰ ਪਰਮੇਸ਼ਰ ਦੇ ਰਾਜ ਦੀ ਗਵਾਹੀ ਦਿੰਦਾ ਅਤੇ ਮੂਸਾ ਦੀ ਬਿਵਸਥਾ ਅਤੇ ਨਬੀਆਂ ਦੀਆਂ ਪੁਸਤਕਾਂ ਵਿੱਚੋਂ ਯਿਸੂ ਦੇ ਵਿਖੇ ਸਮਝਾਉਂਦਾ ਰਿਹਾ। 24ਕੁਝ ਲੋਕਾਂ ਨੇ ਤਾਂ ਉਸ ਦੀਆਂ ਕਹੀਆਂ ਗੱਲਾਂ ਨੂੰ ਮੰਨ ਲਿਆ, ਪਰ ਕੁਝ ਨੇ ਵਿਸ਼ਵਾਸ ਨਾ ਕੀਤਾ। 25ਜਦੋਂ ਉਹ ਆਪਸ ਵਿੱਚ ਸਹਿਮਤ ਨਾ ਹੋਏ ਤਾਂ ਪੌਲੁਸ ਦੇ ਇਹ ਗੱਲ ਕਹਿਣ ਤੋਂ ਬਾਅਦ ਉਹ ਉੱਥੋਂ ਜਾਣ ਲੱਗੇ, “ਪਵਿੱਤਰ ਆਤਮਾ ਨੇ ਯਸਾਯਾਹ ਨਬੀ ਦੇ ਰਾਹੀਂ ਤੁਹਾਡੇ#28:25 ਕੁਝ ਹਸਤਲੇਖਾਂ ਵਿੱਚ “ਤੁਹਾਡੇ” ਦੇ ਸਥਾਨ 'ਤੇ “ਸਾਡੇ” ਲਿਖਿਆ ਹੈ। ਪੁਰਖਿਆਂ ਨੂੰ ਠੀਕ ਹੀ ਕਿਹਾ: 26ਇਨ੍ਹਾਂ ਲੋਕਾਂ ਕੋਲ ਜਾ ਅਤੇ ਕਹਿ, ‘ਤੁਸੀਂ ਸੁਣਦੇ ਤਾਂ ਰਹੋਗੇ ਪਰ ਸਮਝੋਗੇ ਨਹੀਂ, ਤੁਸੀਂ ਵੇਖਦੇ ਤਾਂ ਰਹੋਗੇ ਪਰ ਬੁੱਝੋਗੇ ਨਹੀਂ;
27 ਕਿਉਂਕਿ ਇਨ੍ਹਾਂ ਲੋਕਾਂ ਦਾ ਮਨ ਮੋਟਾ ਹੋ ਗਿਆ ਹੈ;
ਇਹ ਕੰਨਾਂ ਤੋਂ ਉੱਚਾ ਸੁਣਦੇ ਹਨ
ਅਤੇ ਇਨ੍ਹਾਂ ਨੇ ਆਪਣੀਆਂ ਅੱਖਾਂ ਬੰਦ ਕਰ ਲਈਆਂ ਹਨ
ਕਿ ਕਿਤੇ ਅਜਿਹਾ ਨਾ ਹੋਵੇ ਜੋ ਉਹ ਅੱਖਾਂ ਨਾਲ ਵੇਖਣ,
ਕੰਨਾਂ ਨਾਲ ਸੁਣਨ
ਅਤੇ ਮਨ ਨਾਲ ਸਮਝਣ ਅਤੇ ਮੁੜ ਆਉਣ
ਤੇ ਮੈਂ ਉਨ੍ਹਾਂ ਨੂੰ ਚੰਗਾ ਕਰਾਂ।’ #
ਯਸਾਯਾਹ 6:9-10
28“ਇਸ ਕਰਕੇ ਤੁਸੀਂ ਇਹ ਜਾਣ ਲਵੋ ਕਿ ਪਰਮੇਸ਼ਰ ਦੀ ਇਹ ਮੁਕਤੀ ਪਰਾਈਆਂ ਕੌਮਾਂ ਕੋਲ ਭੇਜੀ ਗਈ ਹੈ ਅਤੇ ਉਹ ਜ਼ਰੂਰ ਸੁਣਨਗੇ।” 29ਜਦੋਂ ਉਸ ਨੇ ਇਹ ਗੱਲਾਂ ਕਹੀਆਂ ਤਾਂ ਯਹੂਦੀ ਆਪਸ ਵਿੱਚ ਬਹੁਤ ਬਹਿਸ ਕਰਦੇ ਹੋਏ ਉੱਥੋਂ ਚਲੇ ਗਏ।
30ਪੌਲੁਸ ਪੂਰੇ ਦੋ ਸਾਲ ਆਪਣੇ ਕਿਰਾਏ ਦੇ ਘਰ ਵਿੱਚ ਰਿਹਾ ਅਤੇ ਜਿਹੜੇ ਉਸ ਕੋਲ ਆਉਂਦੇ ਸਨ ਉਨ੍ਹਾਂ ਸਭਨਾਂ ਦਾ ਸੁਆਗਤ ਕਰਦਾ 31ਅਤੇ ਬਿਨਾਂ ਕਿਸੇ ਰੋਕ ਟੋਕ ਦੇ ਪੂਰੀ ਦਲੇਰੀ ਨਾਲ ਪਰਮੇਸ਼ਰ ਦੇ ਰਾਜ ਦਾ ਪ੍ਰਚਾਰ ਕਰਦਾ ਅਤੇ ਪ੍ਰਭੂ ਯਿਸੂ ਮਸੀਹ ਦੇ ਵਿਖੇ ਸਿਖਾਉਂਦਾ ਸੀ।
Currently Selected:
ਰਸੂਲ 28: PSB
Highlight
Share
Copy

Want to have your highlights saved across all your devices? Sign up or sign in
PUNJABI STANDARD BIBLE©
Copyright © 2023 by Global Bible Initiative