YouVersion Logo
Search Icon

ਰਸੂਲ 27

27
ਪੌਲੁਸ ਦੀ ਰੋਮ ਯਾਤਰਾ
1ਜਦੋਂ ਇਹ ਫੈਸਲਾ ਹੋ ਗਿਆ ਕਿ ਅਸੀਂ ਸਮੁੰਦਰ ਦੇ ਰਸਤੇ ਇਤਾਲਿਯਾ#27:1 ਆਧੁਨਿਕ ਨਾਮ ਇਟਲੀ ਨੂੰ ਜਾਣਾ ਹੈ ਤਾਂ ਉਨ੍ਹਾਂ ਨੇ ਪੌਲੁਸ ਅਤੇ ਕੁਝ ਹੋਰ ਕੈਦੀਆਂ ਨੂੰ ਪਾਤਸ਼ਾਹੀ#27:1 ਅਰਥਾਤ ਰੋਮੀ ਪਲਟਣ ਸੈਨਾ-ਦਲ ਦੇ ਯੂਲਿਉਸ ਨਾਮਕ ਇੱਕ ਸੂਬੇਦਾਰ ਨੂੰ ਸੌਂਪ ਦਿੱਤਾ। 2ਸੋ ਅਸੀਂ ਅਦ੍ਰਮੁੱਤਿਯੁਮ ਦੇ ਇੱਕ ਜਹਾਜ਼ 'ਤੇ ਸਵਾਰ ਹੋ ਕੇ ਚੱਲ ਪਏ ਜਿਸ ਨੇ ਅਸਿਯਾ#27:2 ਏਸ਼ੀਆ ਦਾ ਪੱਛਮੀ ਹਿੱਸਾ ਦੇ ਸਮੁੰਦਰੀ ਕੰਢਿਆਂ ਦੇ ਕੋਲੋਂ ਲੰਘਣਾ ਸੀ ਅਤੇ ਥੱਸਲੁਨੀਕੇ ਤੋਂ ਇੱਕ ਮਕਦੂਨੀ ਅਰਿਸਤਰਖੁਸ ਵੀ ਸਾਡੇ ਨਾਲ ਸੀ। 3ਦੂਜੇ ਦਿਨ ਅਸੀਂ ਸੈਦਾ ਵਿੱਚ ਉੱਤਰੇ ਅਤੇ ਯੂਲਿਉਸ ਨੇ ਪੌਲੁਸ ਦੇ ਪ੍ਰਤੀ ਦਇਆ ਵਿਖਾਉਂਦੇ ਹੋਏ ਉਸ ਨੂੰ ਅਨੁਮਤੀ ਦੇ ਦਿੱਤੀ ਕਿ ਉਹ ਆਪਣੇ ਮਿੱਤਰਾਂ ਕੋਲ ਜਾ ਕੇ ਅਰਾਮ ਕਰੇ। 4ਫਿਰ ਉੱਥੋਂ ਜਹਾਜ਼ ਰਾਹੀਂ ਅਸੀਂ ਕੁਪਰੁਸ ਟਾਪੂ ਦੀ ਆੜ ਵਿੱਚ ਅੱਗੇ ਵਧੇ, ਕਿਉਂਕਿ ਹਵਾ ਸਾਹਮਣੀ ਸੀ 5ਅਤੇ ਕਿਲਕਿਯਾ ਅਤੇ ਪੰਮਫੁਲਿਯਾ ਦੇ ਸਮੁੰਦਰੀ ਕੰਢਿਆਂ ਕੋਲੋਂ ਦੀ ਲੰਘ ਕੇ ਲੁਕਿਯਾ ਦੇ ਮੂਰਾ ਵਿੱਚ ਉੱਤਰੇ। 6ਉੱਥੇ ਸੂਬੇਦਾਰ ਨੇ ਇਤਾਲਿਯਾ ਨੂੰ ਜਾਣ ਵਾਲਾ ਸਿਕੰਦਰਿਯਾ ਦਾ ਇੱਕ ਜਹਾਜ਼ ਵੇਖ ਕੇ ਸਾਨੂੰ ਉਸ 'ਤੇ ਚੜ੍ਹਾ ਦਿੱਤਾ। 7ਜਦੋਂ ਅਸੀਂ ਬਹੁਤ ਦਿਨਾਂ ਤੱਕ ਹੌਲੀ-ਹੌਲੀ ਚੱਲਦੇ ਹੋਏ ਮੁਸ਼ਕਲ ਨਾਲ ਕਨੀਦੁਸ ਦੇ ਸਾਹਮਣੇ ਪਹੁੰਚੇ ਤਾਂ ਹਵਾ ਨੇ ਸਾਨੂੰ ਅੱਗੇ ਨਾ ਵਧਣ ਦਿੱਤਾ। ਸੋ ਅਸੀਂ ਸਲਮੋਨੇ ਦੇ ਸਾਹਮਣਿਓਂ ਕਰੇਤ ਟਾਪੂ ਦੀ ਆੜ ਵਿੱਚ ਅੱਗੇ ਵਧੇ 8ਅਤੇ ਇਸ ਦੇ ਕੰਢੇ-ਕੰਢੇ ਅੱਗੇ ਵਧਦੇ ਹੋਏ ਬੜੀ ਮੁਸ਼ਕਲ ਨਾਲ ਇੱਕ ਸਥਾਨ 'ਤੇ ਪਹੁੰਚੇ ਜੋ “ਸੁੰਦਰ ਬੰਦਰਗਾਹ” ਕਹਾਉਂਦਾ ਸੀ, ਜਿਸ ਦੇ ਨੇੜੇ ਹੀ ਲਸਾਯਾ ਨਗਰ ਸੀ।
ਪੌਲੁਸ ਦੀ ਸਲਾਹ ਨਾ ਮੰਨਣਾ
9ਕਾਫੀ ਦਿਨ ਬੀਤ ਗਏ ਸਨ ਅਤੇ ਵਰਤ ਦਾ ਦਿਨ ਵੀ ਲੰਘ ਚੁੱਕਾ ਸੀ ਅਤੇ ਹੁਣ ਸਫ਼ਰ ਬਹੁਤ ਖਤਰਨਾਕ ਹੋ ਗਿਆ ਸੀ, ਸੋ ਪੌਲੁਸ ਨੇ ਉਨ੍ਹਾਂ ਨੂੰ ਸਲਾਹ ਦਿੱਤੀ, 10“ਹੇ ਮਨੁੱਖੋ, ਮੈਂ ਵੇਖਦਾ ਹਾਂ ਕਿ ਇਸ ਸਫ਼ਰ ਵਿੱਚ ਵੱਡੀ ਆਫਤ ਆਵੇਗੀ ਅਤੇ ਨਾ ਕੇਵਲ ਜਹਾਜ਼ ਅਤੇ ਮਾਲ ਦੀ, ਸਗੋਂ ਸਾਡੀਆਂ ਜਾਨਾਂ ਦੀ ਵੀ ਹਾਨੀ ਹੋਵੇਗੀ।” 11ਪਰ ਸੂਬੇਦਾਰ ਨੇ ਉਨ੍ਹਾਂ ਗੱਲਾਂ ਦੀ ਬਜਾਇ ਜੋ ਪੌਲੁਸ ਨੇ ਕਹੀਆਂ ਸਨ ਕਪਤਾਨ ਅਤੇ ਜਹਾਜ਼ ਦੇ ਮਾਲਕ ਦੀ ਗੱਲ ਮੰਨੀ। 12ਉਹ ਬੰਦਰਗਾਹ ਸਰਦੀਆਂ ਕੱਟਣ ਲਈ ਢੁੱਕਵੀਂ ਨਾ ਹੋਣ ਕਰਕੇ ਬਹੁਤਿਆਂ ਨੇ ਉੱਥੋਂ ਅੱਗੇ ਜਾਣ ਦਾ ਫੈਸਲਾ ਕੀਤਾ ਕਿ ਜੇ ਹੋ ਸਕੇ ਤਾਂ ਉਹ ਕਿਸੇ ਤਰ੍ਹਾਂ ਫ਼ੈਨੀਕੁਸ ਪਹੁੰਚ ਕੇ ਜੋ ਕਿ ਕਰੇਤ ਦੀ ਬੰਦਰਗਾਹ ਸੀ ਅਤੇ ਦੱਖਣ ਪੱਛਮ ਅਤੇ ਉੱਤਰ ਪੱਛਮ ਦੇ ਵੱਲ ਸੀ, ਉੱਥੇ ਸਰਦੀਆਂ ਬਿਤਾਉਣ।
ਸਮੁੰਦਰ ਵਿੱਚ ਤੂਫਾਨ
13ਜਦੋਂ ਥੋੜ੍ਹੀ-ਥੋੜ੍ਹੀ ਦੱਖਣੀ ਹਵਾ ਚੱਲਣ ਲੱਗੀ ਤਾਂ ਇਹ ਸੋਚ ਕੇ ਜੋ ਸਾਡਾ ਮਕਸਦ ਪੂਰਾ ਹੋ ਗਿਆ, ਉਨ੍ਹਾਂ ਲੰਗਰ ਉਠਾਇਆ ਅਤੇ ਕਰੇਤ ਦੇ ਕੋਲੋਂ ਦੀ ਕੰਢੇ-ਕੰਢੇ ਚੱਲਣ ਲੱਗੇ। 14ਜ਼ਿਆਦਾ ਸਮਾਂ ਨਹੀਂ ਬੀਤਿਆ ਸੀ ਕਿ ਟਾਪੂ ਦੀ ਵੱਲੋਂ ਇੱਕ ਤੂਫਾਨੀ ਹਨੇਰੀ ਉੱਠੀ ਜਿਸ ਨੂੰ ਯੂਰਕੂਲੋਨ ਕਹਿੰਦੇ ਹਨ। 15ਜਦੋਂ ਜਹਾਜ਼ ਹਨੇਰੀ ਵਿੱਚ ਫਸ ਗਿਆ ਅਤੇ ਇਸ ਦੇ ਸਾਹਮਣੇ ਠਹਿਰ ਨਾ ਸਕਿਆ ਤਾਂ ਅਸੀਂ ਬੇਵੱਸ ਹੋ ਗਏ ਅਤੇ ਉਸ ਦੇ ਨਾਲ ਰੁੜ੍ਹਦੇ ਚਲੇ ਗਏ 16ਅਤੇ ਕਲੌਦਾ ਨਾਮਕ ਇੱਕ ਛੋਟੇ ਟਾਪੂ ਦੀ ਆੜ ਵਿੱਚ ਰੁੜ੍ਹਦੇ-ਰੁੜ੍ਹਦੇ ਅਸੀਂ ਬੜੀ ਮੁਸ਼ਕਲ ਨਾਲ ਡੋਂਗੀ ਨੂੰ ਕਾਬੂ ਵਿੱਚ ਕੀਤਾ। 17ਉਨ੍ਹਾਂ ਨੇ ਡੋਂਗੀ ਨੂੰ ਚੁੱਕ ਕੇ ਜਹਾਜ਼ ਨੂੰ ਰੱਸਿਆਂ ਨਾਲ ਹੇਠੋਂ ਦੀ ਬੰਨ੍ਹਿਆ ਅਤੇ ਇਸ ਡਰ ਦੇ ਮਾਰੇ ਕਿ ਕਿਤੇ ਬਰੇਤੀ#27:17 ਅਰਥਾਤ ਸਮੁੰਦਰ ਵਿਚਲੀ ਰੇਤ ਦਾ ਢੇਰ ਵਿੱਚ ਨਾ ਫਸ ਜਾਣ, ਪਾਲ ਲਾਹ ਕੇ ਉਸੇ ਤਰ੍ਹਾਂ ਰੁੜ੍ਹਦੇ ਚਲੇ ਗਏ। 18ਜਦੋਂ ਅਸੀਂ ਤੂਫਾਨ ਦੇ ਕਾਰਨ ਬੁਰੀ ਤਰ੍ਹਾਂ ਡੋਲ ਰਹੇ ਸੀ ਤਾਂ ਅਗਲੇ ਦਿਨ ਉਹ ਜਹਾਜ਼ 'ਤੇ ਲੱਦਿਆ ਮਾਲ ਸੁੱਟਣ ਲੱਗੇ 19ਅਤੇ ਤੀਜੇ ਦਿਨ ਉਨ੍ਹਾਂ ਨੇ ਆਪਣੇ ਹੱਥੀਂ ਜਹਾਜ਼ ਦਾ ਸਮਾਨ ਵੀ ਸੁੱਟ ਦਿੱਤਾ। 20ਜਦੋਂ ਬਹੁਤ ਦਿਨਾਂ ਤੱਕ ਨਾ ਸੂਰਜ ਅਤੇ ਨਾ ਹੀ ਤਾਰੇ ਵਿਖਾਈ ਦਿੱਤੇ ਅਤੇ ਤੂਫਾਨ ਜਾਰੀ ਰਿਹਾ, ਤਾਂ ਅੰਤ ਵਿੱਚ ਸਭ ਨੇ ਆਪਣੇ ਬਚਣ ਦੀ ਆਸ ਛੱਡ ਦਿੱਤੀ।
21ਉਹ ਬਹੁਤ ਸਮਾਂ ਭੁੱਖੇ ਰਹੇ। ਤਦ ਪੌਲੁਸ ਨੇ ਵਿਚਕਾਰ ਖੜ੍ਹੇ ਹੋ ਕੇ ਕਿਹਾ, “ਹੇ ਮਨੁੱਖੋ, ਤੁਹਾਨੂੰ ਚਾਹੀਦਾ ਸੀ ਕਿ ਤੁਸੀਂ ਮੇਰੀ ਗੱਲ ਮੰਨ ਲੈਂਦੇ ਅਤੇ ਕਰੇਤ ਤੋਂ ਰਵਾਨਾ ਨਾ ਹੁੰਦੇ ਤੇ ਇਸ ਆਫਤ ਅਤੇ ਹਾਨੀ ਤੋਂ ਬਚ ਜਾਂਦੇ। 22ਹੁਣ ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਹੌਸਲਾ ਰੱਖੋ, ਕਿਉਂਕਿ ਤੁਹਾਡੇ ਵਿੱਚੋਂ ਕਿਸੇ ਦੀ ਜਾਨ ਦਾ ਨੁਕਸਾਨ ਨਾ ਹੋਵੇਗਾ, ਪਰ ਕੇਵਲ ਜਹਾਜ਼ ਦਾ। 23ਕਿਉਂਕਿ ਜਿਸ ਪਰਮੇਸ਼ਰ ਦਾ ਮੈਂ ਹਾਂ ਅਤੇ ਜਿਸ ਦੀ ਮੈਂ ਸੇਵਾ ਕਰਦਾ ਹਾਂ, ਉਸ ਦਾ ਇੱਕ ਦੂਤ ਅੱਜ ਰਾਤ ਮੇਰੇ ਕੋਲ ਆ ਖੜ੍ਹਾ ਹੋਇਆ 24ਅਤੇ ਕਿਹਾ, ‘ਪੌਲੁਸ, ਨਾ ਡਰ! ਤੇਰਾ ਕੈਸਰ ਦੇ ਸਾਹਮਣੇ ਖੜ੍ਹਾ ਹੋਣਾ ਜ਼ਰੂਰੀ ਹੈ ਅਤੇ ਵੇਖ, ਪਰਮੇਸ਼ਰ ਨੇ ਉਨ੍ਹਾਂ ਸਭਨਾਂ ਨੂੰ ਜਿਹੜੇ ਤੇਰੇ ਨਾਲ ਸਫ਼ਰ ਕਰ ਰਹੇ ਹਨ, ਤੈਨੂੰ ਦੇ ਦਿੱਤਾ ਹੈ’। 25ਇਸ ਲਈ ਹੇ ਮਨੁੱਖੋ, ਹੌਸਲਾ ਰੱਖੋ! ਕਿਉਂਕਿ ਮੈਨੂੰ ਪਰਮੇਸ਼ਰ 'ਤੇ ਵਿਸ਼ਵਾਸ ਹੈ ਕਿ ਜਿਸ ਤਰ੍ਹਾਂ ਮੈਨੂੰ ਦੱਸਿਆ ਗਿਆ ਉਸੇ ਤਰ੍ਹਾਂ ਹੀ ਹੋਵੇਗਾ; 26ਅਸੀਂ ਜ਼ਰੂਰ ਕਿਸੇ ਟਾਪੂ 'ਤੇ ਜਾ ਲੱਗਾਂਗੇ।”
27ਜਦੋਂ ਚੌਦਵੀਂ ਰਾਤ ਹੋਈ ਅਤੇ ਅਸੀਂ ਅਦਰਿਯਾ ਸਮੁੰਦਰ ਵਿੱਚ ਰੁੜ੍ਹਦੇ ਜਾ ਰਹੇ ਸੀ ਤਾਂ ਅੱਧੀ ਰਾਤ ਦੇ ਲਗਭਗ ਮਲਾਹਾਂ ਨੂੰ ਲੱਗਾ ਕਿ ਉਹ ਕਿਸੇ ਕਿਨਾਰੇ ਕੋਲ ਪਹੁੰਚ ਰਹੇ ਹਨ। 28ਜਦੋਂ ਉਨ੍ਹਾਂ ਗਹਿਰਾਈ ਮਾਪੀ ਤਾਂ ਇੱਕ ਸੌ ਵੀਹ ਫੁੱਟ ਨਿੱਕਲੀ ਅਤੇ ਥੋੜ੍ਹਾ ਅੱਗੇ ਜਾ ਕੇ ਫੇਰ ਮਾਪੀ ਤਾਂ ਨੱਬੇ ਫੁੱਟ ਨਿੱਕਲੀ। 29ਫਿਰ ਇਸ ਡਰ ਦੇ ਮਾਰੇ ਕਿ ਕਿਤੇ ਅਜਿਹਾ ਨਾ ਹੋਵੇ ਜੋ ਅਸੀਂ ਪਥਰੀਲੀ ਥਾਂ ਨਾਲ ਜਾ ਟਕਰਾਈਏ, ਉਨ੍ਹਾਂ ਪਿਛਲੇ ਪਾਸੇ ਤੋਂ ਚਾਰ ਲੰਗਰ ਸੁੱਟੇ ਅਤੇ ਸਵੇਰ ਹੋਣ ਦੀ ਕਾਮਨਾ ਕਰਨ ਲੱਗੇ। 30ਕੁਝ ਮਲਾਹਾਂ ਨੇ ਜਹਾਜ਼ ਤੋਂ ਭੱਜਣ ਦਾ ਯਤਨ ਕਰਦੇ ਹੋਏ ਅਗਲੇ ਪਾਸੇ ਤੋਂ ਲੰਗਰ ਸੁੱਟਣ ਦੇ ਬਹਾਨੇ ਡੋਂਗੀ ਨੂੰ ਸਮੁੰਦਰ ਵਿੱਚ ਉਤਾਰ ਦਿੱਤਾ। 31ਤਦ ਪੌਲੁਸ ਨੇ ਸੂਬੇਦਾਰ ਅਤੇ ਸਿਪਾਹੀਆਂ ਨੂੰ ਕਿਹਾ, “ਜੇ ਇਹ ਜਹਾਜ਼ 'ਤੇ ਨਾ ਰਹੇ ਤਾਂ ਤੁਸੀਂ ਬਚ ਨਹੀਂ ਸਕਦੇ।” 32ਸੋ ਸਿਪਾਹੀਆਂ ਨੇ ਡੋਂਗੀ ਦੀਆਂ ਰੱਸੀਆਂ ਵੱਢ ਕੇ ਇਸ ਨੂੰ ਹੇਠਾਂ ਡੇਗ ਦਿੱਤਾ।
33ਹੁਣ ਦਿਨ ਚੜ੍ਹਨ ਵਾਲਾ ਸੀ ਅਤੇ ਪੌਲੁਸ ਨੇ ਸਭ ਨੂੰ ਰੋਟੀ ਖਾਣ ਲਈ ਬੇਨਤੀ ਕਰਦੇ ਹੋਏ ਕਿਹਾ, “ਬਿਨਾਂ ਰੋਟੀ ਖਾਧੇ ਅੱਜ ਤੁਹਾਨੂੰ ਚੌਦਾਂ ਦਿਨ ਹੋ ਗਏ ਹਨ ਅਤੇ ਤੁਸੀਂ ਕੁਝ ਨਹੀਂ ਖਾਧਾ। 34ਇਸ ਲਈ ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਤੁਸੀਂ ਰੋਟੀ ਖਾ ਲਵੋ, ਕਿਉਂਕਿ ਇਸੇ ਨਾਲ ਤੁਸੀਂ ਬਚੇ ਰਹੋਗੇ। ਕਿਉਂ ਜੋ ਤੁਹਾਡੇ ਵਿੱਚੋਂ ਕਿਸੇ ਦੇ ਸਿਰ ਦਾ ਵਾਲ ਵੀ ਵਿੰਗਾ ਨਹੀਂ ਹੋਵੇਗਾ।” 35ਇਹ ਗੱਲ ਕਹਿਣ ਤੋਂ ਬਾਅਦ ਉਸ ਨੇ ਰੋਟੀ ਲਈ ਅਤੇ ਸਭ ਦੇ ਸਾਹਮਣੇ ਪਰਮੇਸ਼ਰ ਦਾ ਧੰਨਵਾਦ ਕੀਤਾ ਅਤੇ ਤੋੜ ਕੇ ਖਾਣ ਲੱਗਾ। 36ਤਦ ਸਭਨਾਂ ਨੂੰ ਹੌਸਲਾ ਮਿਲਿਆ ਅਤੇ ਉਹ ਵੀ ਖਾਣ ਲੱਗੇ। 37ਜਹਾਜ਼ ਵਿੱਚ ਅਸੀਂ ਕੁੱਲ ਦੋ ਸੌ ਛਿਹੱਤਰ ਵਿਅਕਤੀ ਸੀ। 38ਸੋ ਰੱਜ ਕੇ ਭੋਜਨ ਖਾਣ ਤੋਂ ਬਾਅਦ ਉਹ ਕਣਕ ਨੂੰ ਸਮੁੰਦਰ ਵਿੱਚ ਸੁੱਟਦੇ ਹੋਏ ਜਹਾਜ਼ ਨੂੰ ਹੌਲਾ ਕਰਨ ਲੱਗੇ।
ਜਹਾਜ਼ ਦਾ ਟੁੱਟਣਾ
39ਜਦੋਂ ਦਿਨ ਚੜ੍ਹਿਆ ਤਾਂ ਉਹ ਉਸ ਜਗ੍ਹਾ ਨੂੰ ਨਾ ਪਛਾਣ ਸਕੇ, ਪਰ ਇੱਕ ਖਾੜੀ ਵੇਖੀ ਜਿਸ ਦਾ ਕਿਨਾਰਾ ਰੇਤਲਾ ਸੀ ਅਤੇ ਵਿਚਾਰ ਕਰਨ ਲੱਗੇ ਕਿ ਜੇ ਹੋ ਸਕੇ ਤਾਂ ਜਹਾਜ਼ ਨੂੰ ਇਸ ਉੱਤੇ ਲਾ ਦੇਣ। 40ਸੋ ਉਨ੍ਹਾਂ ਨੇ ਲੰਗਰ ਸੁੱਟ ਕੇ ਇਨ੍ਹਾਂ ਨੂੰ ਸਮੁੰਦਰ ਵਿੱਚ ਹੀ ਛੱਡਿਆ ਅਤੇ ਨਾਲ ਹੀ ਪਤਵਾਰਾਂ ਦੀਆਂ ਰੱਸੀਆਂ ਢਿੱਲੀਆਂ ਕਰ ਦਿੱਤੀਆਂ। ਫਿਰ ਉਹ ਅਗਲੇ ਪਾਸੇ ਦਾ ਪਾਲ ਚੜ੍ਹਾ ਕੇ ਹਵਾ ਦੇ ਸਹਾਰੇ ਕਿਨਾਰੇ ਵੱਲ ਵਧਣ ਲੱਗੇ। 41ਪਰ ਜਹਾਜ਼ ਦੋ ਸਮੁੰਦਰਾਂ ਦੇ ਮੇਲ ਵਾਲੀ ਜਗ੍ਹਾ ਵਿੱਚ ਪੈ ਕੇ ਰੇਤ ਵਿੱਚ ਧੱਸ ਗਿਆ ਅਤੇ ਅਗਲਾ ਪਾਸਾ ਤਾਂ ਖੁੱਭ ਕੇ ਫਸਿਆ ਰਿਹਾ, ਪਰ ਪਿਛਲਾ ਪਾਸਾ ਲਹਿਰਾਂ ਦੇ ਜ਼ੋਰ ਨਾਲ ਟੁੱਟਣ ਲੱਗਾ। 42ਤਦ ਸਿਪਾਹੀਆਂ ਨੇ ਵਿਉਂਤ ਬਣਾਈ ਕਿ ਕੈਦੀਆਂ ਨੂੰ ਮਾਰ ਸੁੱਟੀਏ, ਕਿਤੇ ਅਜਿਹਾ ਨਾ ਹੋਵੇ ਕਿ ਕੋਈ ਤੈਰ ਕੇ ਭੱਜ ਨਿੱਕਲੇ। 43ਪਰ ਸੂਬੇਦਾਰ ਨੇ ਪੌਲੁਸ ਨੂੰ ਬਚਾਉਣ ਦੀ ਇੱਛਾ ਨਾਲ ਸਿਪਾਹੀਆਂ ਨੂੰ ਉਨ੍ਹਾਂ ਦੀ ਇਹ ਵਿਉਂਤ ਪੂਰੀ ਕਰਨ ਤੋਂ ਰੋਕ ਦਿੱਤਾ ਅਤੇ ਹੁਕਮ ਦਿੱਤਾ ਕਿ ਜਿਹੜੇ ਤੈਰ ਸਕਦੇ ਹਨ ਉਹ ਪਹਿਲਾਂ ਛਾਲ ਮਾਰ ਕੇ ਜ਼ਮੀਨ 'ਤੇ ਪਹੁੰਚ ਜਾਣ 44ਅਤੇ ਬਾਕੀ ਲੋਕ ਜਹਾਜ਼ ਦੇ ਫੱਟਿਆਂ ਉੱਤੇ ਅਤੇ ਹੋਰ ਚੀਜ਼ਾਂ ਦੇ ਸਹਾਰੇ ਪਹੁੰਚ ਜਾਣ। ਸੋ ਇਸ ਤਰ੍ਹਾਂ ਸਭ ਸੁਰੱਖਿਅਤ ਜ਼ਮੀਨ 'ਤੇ ਪਹੁੰਚ ਗਏ।

Currently Selected:

ਰਸੂਲ 27: PSB

Highlight

Share

Copy

None

Want to have your highlights saved across all your devices? Sign up or sign in