YouVersion Logo
Search Icon

ਰਸੂਲ 26

26
ਅਗ੍ਰਿੱਪਾ ਦੇ ਸਾਹਮਣੇ ਪੌਲੁਸ ਦਾ ਬਿਆਨ
1ਅਗ੍ਰਿੱਪਾ ਨੇ ਪੌਲੁਸ ਨੂੰ ਕਿਹਾ, “ਤੈਨੂੰ ਆਪਣੇ ਵਿਖੇ ਬੋਲਣ ਦੀ ਅਨੁਮਤੀ ਹੈ।” ਤਦ ਪੌਲੁਸ ਨੇ ਹੱਥ ਨਾਲ ਇਸ਼ਾਰਾ ਕਰਕੇ ਆਪਣੇ ਬਚਾਅ ਵਿੱਚ ਕਿਹਾ; 2“ਹੇ ਰਾਜਾ ਅਗ੍ਰਿੱਪਾ, ਮੈਂ ਆਪਣੇ ਆਪ ਨੂੰ ਧੰਨ ਸਮਝਦਾ ਹਾਂ ਕਿ ਅੱਜ ਮੈਂ ਹਰ ਉਸ ਗੱਲ ਦੇ ਵਿਖੇ ਜਿਸ ਦਾ ਯਹੂਦੀ ਮੇਰੇ ਉੱਤੇ ਦੋਸ਼ ਲਾ ਰਹੇ ਹਨ, ਤੁਹਾਡੇ ਸਾਹਮਣੇ ਆਪਣਾ ਪੱਖ ਰੱਖ ਰਿਹਾ ਹਾਂ, 3ਖਾਸ ਕਰਕੇ ਇਸ ਲਈ ਕਿਉਂਕਿ ਤੁਸੀਂ ਯਹੂਦੀਆਂ ਦੀਆਂ ਸਭ ਰੀਤਾਂ ਅਤੇ ਮਸਲਿਆਂ ਦੇ ਮਾਹਰ ਹੋ। ਸੋ ਮੈਂ ਬੇਨਤੀ ਕਰਦਾ ਹਾਂ ਕਿ ਤੁਸੀਂ ਧੀਰਜ ਸਹਿਤ ਮੇਰੀ ਗੱਲ ਸੁਣਨਾ।
4“ਸਾਰੇ ਯਹੂਦੀ ਜਾਣਦੇ ਹਨ ਕਿ ਮੇਰਾ ਚਾਲ-ਚਲਣ ਮੇਰੀ ਜਵਾਨੀ ਤੋਂ ਅਰਥਾਤ ਸ਼ੁਰੂ ਤੋਂ ਹੀ ਆਪਣੇ ਲੋਕਾਂ ਵਿੱਚ ਅਤੇ ਯਰੂਸ਼ਲਮ ਵਿੱਚ ਕਿਹੋ ਜਿਹਾ ਰਿਹਾ ਹੈ। 5ਉਹ ਸ਼ੁਰੂ ਤੋਂ ਮੈਨੂੰ ਜਾਣਦੇ ਹਨ ਅਤੇ ਜੇ ਚਾਹੁਣ ਤਾਂ ਗਵਾਹੀ ਦੇ ਸਕਦੇ ਹਨ ਕਿ ਮੈਂ ਇੱਕ ਫ਼ਰੀਸੀ ਦੇ ਰੂਪ ਵਿੱਚ ਆਪਣੇ ਧਰਮ ਦੇ ਸਭ ਤੋਂ ਕੱਟੜ ਪੰਥ ਦੇ ਅਨੁਸਾਰ ਆਪਣਾ ਜੀਵਨ ਬਿਤਾਇਆ। 6ਹੁਣ ਉਸ ਵਾਇਦੇ ਦੀ ਆਸ ਦੇ ਕਾਰਨ ਜਿਹੜਾ ਪਰਮੇਸ਼ਰ ਨੇ ਸਾਡੇ ਪੁਰਖਿਆਂ ਨਾਲ ਕੀਤਾ ਸੀ ਮੇਰੇ 'ਤੇ ਮੁਕੱਦਮਾ ਚਲਾਇਆ ਜਾ ਰਿਹਾ ਹੈ। 7ਸਾਡੀਆਂ ਬਾਰਾਂ ਗੋਤਾਂ ਉਸੇ ਵਾਇਦੇ ਨੂੰ ਪ੍ਰਾਪਤ ਕਰਨ ਦੀ ਆਸ ਵਿੱਚ ਦਿਨ-ਰਾਤ ਪਰਮੇਸ਼ਰ ਦੀ ਉਪਾਸਨਾ ਕਰਦੀਆਂ ਹਨ; ਹੇ ਰਾਜਾ#26:7 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਅਗ੍ਰਿੱਪਾ” ਲਿਖਿਆ ਹੈ।, ਇਸੇ ਆਸ ਦੇ ਵਿਖੇ ਯਹੂਦੀਆਂ ਵੱਲੋਂ ਮੇਰੇ ਉੱਤੇ ਦੋਸ਼ ਲਾਇਆ ਜਾ ਰਿਹਾ ਹੈ। 8ਤੁਸੀਂ ਯਹੂਦੀ ਇਸ ਗੱਲ ਨੂੰ ਵਿਸ਼ਵਾਸ ਕਰਨ ਯੋਗ ਕਿਉਂ ਨਹੀਂ ਸਮਝਦੇ ਕਿ ਪਰਮੇਸ਼ਰ ਮੁਰਦਿਆਂ ਨੂੰ ਜਿਵਾਉਂਦਾ ਹੈ? 9ਮੈਂ ਤਾਂ ਆਪ ਸੋਚਦਾ ਸੀ ਕਿ ਯਿਸੂ ਨਾਸਰੀ ਦੇ ਨਾਮ ਦੇ ਵਿਰੁੱਧ ਮੈਨੂੰ ਬਹੁਤ ਕੁਝ ਕਰਨਾ ਚਾਹੀਦਾ ਹੈ 10ਅਤੇ ਮੈਂ ਯਰੂਸ਼ਲਮ ਵਿੱਚ ਇਹੋ ਕੀਤਾ। ਮੈਂ ਪ੍ਰਧਾਨ ਯਾਜਕਾਂ ਤੋਂ ਅਧਿਕਾਰ ਪ੍ਰਾਪਤ ਕਰਕੇ ਬਹੁਤ ਸਾਰੇ ਸੰਤਾਂ#26:10 ਅਰਥਾਤ ਪਵਿੱਤਰ ਲੋਕਾਂ ਨੂੰ ਕੈਦਖ਼ਾਨਿਆਂ ਵਿੱਚ ਬੰਦ ਕਰਦਾ ਅਤੇ ਉਨ੍ਹਾਂ ਦੇ ਮਾਰੇ ਜਾਣ ਵਿੱਚ ਸਹਿਮਤ ਹੁੰਦਾ ਸੀ। 11ਮੈਂ ਹਰੇਕ ਸਭਾ-ਘਰ ਵਿੱਚ ਉਨ੍ਹਾਂ ਨੂੰ ਮਾਰਦਾ ਕੁੱਟਦਾ ਹੋਇਆ ਯਿਸੂ ਦੀ ਨਿੰਦਾ ਕਰਨ ਲਈ ਮਜ਼ਬੂਰ ਕਰਦਾ ਸੀ ਅਤੇ ਉਨ੍ਹਾਂ ਦੇ ਵਿਰੁੱਧ ਕ੍ਰੋਧ ਨਾਲ ਭਰ ਕੇ ਬਾਹਰਲੇ ਨਗਰਾਂ ਤੱਕ ਵੀ ਉਨ੍ਹਾਂ ਨੂੰ ਸਤਾਉਂਦਾ ਸੀ।
ਪੌਲੁਸ ਦੀ ਗਵਾਹੀ
12“ਇਸੇ ਸੰਬੰਧ ਵਿੱਚ ਜਦੋਂ ਮੈਂ ਪ੍ਰਧਾਨ ਯਾਜਕਾਂ ਤੋਂ ਅਧਿਕਾਰ ਅਤੇ ਆਗਿਆ ਪਾ ਕੇ ਦੰਮਿਸਕ ਨੂੰ ਜਾ ਰਿਹਾ ਸੀ 13ਤਾਂ ਹੇ ਰਾਜਾ, ਦੁਪਹਿਰ ਦੇ ਸਮੇਂ ਮੈਂ ਰਾਹ ਵਿੱਚ ਅਕਾਸ਼ ਤੋਂ ਸੂਰਜ ਨਾਲੋਂ ਵੀ ਤੇਜ਼ ਇੱਕ ਰੋਸ਼ਨੀ ਆਪਣੇ ਅਤੇ ਆਪਣੇ ਨਾਲ ਸਫ਼ਰ ਕਰਨ ਵਾਲਿਆਂ ਦੁਆਲੇ ਚਮਕਦੀ ਵੇਖੀ। 14ਅਸੀਂ ਸਭ ਜ਼ਮੀਨ 'ਤੇ ਡਿੱਗ ਪਏ ਅਤੇ ਮੈਂ ਇਬਰਾਨੀ ਭਾਸ਼ਾ ਵਿੱਚ ਇੱਕ ਅਵਾਜ਼ ਇਹ ਕਹਿੰਦੇ ਸੁਣੀ,‘ਸੌਲੁਸ, ਸੌਲੁਸ, ਤੂੰ ਮੈਨੂੰ ਕਿਉਂ ਸਤਾਉਂਦਾ ਹੈ? ਪ੍ਰੈਣ ਦੀ ਆਰ ਉੱਤੇ ਲੱਤ ਮਾਰਨਾ ਤੇਰੇ ਲਈ ਔਖਾ ਹੈ’। 15ਮੈਂ ਕਿਹਾ, ‘ਪ੍ਰਭੂ ਜੀ, ਤੂੰ ਕੌਣ ਹੈਂ’? ਪ੍ਰਭੂ ਨੇ ਕਿਹਾ,‘ਮੈਂ ਯਿਸੂ ਹਾਂ ਜਿਸ ਨੂੰ ਤੂੰ ਸਤਾਉਂਦਾ ਹੈਂ। 16ਪਰ ਉੱਠ ਅਤੇ ਆਪਣੇ ਪੈਰਾਂ 'ਤੇ ਖੜ੍ਹਾ ਹੋ, ਕਿਉਂਕਿ ਮੈਂ ਤੇਰੇ ਉੱਤੇ ਇਸ ਲਈ ਪਰਗਟ ਹੋਇਆ ਕਿ ਤੈਨੂੰ ਉਨ੍ਹਾਂ ਗੱਲਾਂ ਦਾ ਸੇਵਕ ਅਤੇ ਗਵਾਹ ਠਹਿਰਾਵਾਂ ਜਿਹੜੀਆਂ ਤੂੰ ਵੇਖੀਆਂ ਅਤੇ ਜਿਹੜੀਆਂ ਮੈਂ ਤੇਰੇ ਉੱਤੇ ਪਰਗਟ ਕਰਾਂਗਾ। 17ਮੈਂ ਤੈਨੂੰ ਤੇਰੇ ਲੋਕਾਂ ਕੋਲੋਂ ਅਤੇ ਪਰਾਈਆਂ ਕੌਮਾਂ ਕੋਲੋਂ ਛੁਡਾਵਾਂਗਾ ਜਿਨ੍ਹਾਂ ਕੋਲ#26:17 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਹੁਣ” ਲਿਖਿਆ ਹੈ।ਮੈਂ ਤੈਨੂੰ ਭੇਜ ਰਿਹਾ ਹਾਂ 18ਕਿ ਤੂੰ ਉਨ੍ਹਾਂ ਦੀਆਂ ਅੱਖਾਂ ਖੋਲ੍ਹੇਂ ਅਤੇ ਉਹ ਹਨੇਰੇ ਤੋਂ ਚਾਨਣ ਵੱਲ ਅਤੇ ਸ਼ੈਤਾਨ ਦੇ ਅਧਿਕਾਰ ਤੋਂ ਪਰਮੇਸ਼ਰ ਵੱਲ ਮੁੜਨ, ਤਾਂਕਿ ਉਹ ਪਾਪਾਂ ਦੀ ਮਾਫ਼ੀ ਅਤੇ ਉਨ੍ਹਾਂ ਲੋਕਾਂ ਦੇ ਨਾਲ ਮਿਰਾਸ ਨੂੰ ਪ੍ਰਾਪਤ ਕਰਨ ਜਿਹੜੇ ਮੇਰੇ ਉੱਤੇ ਵਿਸ਼ਵਾਸ ਕਰਨ ਦੁਆਰਾ ਪਵਿੱਤਰ ਕੀਤੇ ਗਏ ਹਨ’।
19“ਸੋ ਹੇ ਰਾਜਾ ਅਗ੍ਰਿੱਪਾ, ਮੈਂ ਇਸ ਸਵਰਗੀ ਦਰਸ਼ਨ ਦੀ ਅਣਆਗਿਆਕਾਰੀ ਨਹੀਂ ਕੀਤੀ, 20ਸਗੋਂ ਪਹਿਲਾਂ ਦੰਮਿਸਕ ਦੇ ਰਹਿਣ ਵਾਲਿਆਂ ਨੂੰ, ਫਿਰ ਯਰੂਸ਼ਲਮ ਅਤੇ ਯਹੂਦਿਯਾ ਦੇ ਸਾਰੇ ਇਲਾਕੇ ਵਿੱਚ ਅਤੇ ਪਰਾਈਆਂ ਕੌਮਾਂ ਨੂੰ ਵੀ ਇਹੋ ਪ੍ਰਚਾਰ ਕਰਦਾ ਰਿਹਾ ਕਿ ਉਹ ਤੋਬਾ ਕਰਨ, ਪਰਮੇਸ਼ਰ ਦੀ ਵੱਲ ਮੁੜਨ ਅਤੇ ਤੋਬਾ ਦੇ ਯੋਗ ਕੰਮ ਕਰਨ। 21ਇਨ੍ਹਾਂ ਗੱਲਾਂ ਦੇ ਕਾਰਨ ਯਹੂਦੀਆਂ ਨੇ ਮੈਨੂੰ ਹੈਕਲ ਵਿੱਚ ਫੜ ਲਿਆ ਅਤੇ ਮਾਰ ਸੁੱਟਣ ਦੀ ਕੋਸ਼ਿਸ਼ ਕੀਤੀ। 22ਪਰ ਮੈਂ ਪਰਮੇਸ਼ਰ ਦੀ ਸਹਾਇਤਾ ਪਾ ਕੇ ਅੱਜ ਤੱਕ ਖੜ੍ਹਾ ਹਾਂ ਅਤੇ ਛੋਟੇ ਵੱਡੇ ਸਭਨਾਂ ਦੇ ਸਾਹਮਣੇ ਗਵਾਹੀ ਦਿੰਦਾ ਹੋਇਆ ਉਨ੍ਹਾਂ ਗੱਲਾਂ ਤੋਂ ਇਲਾਵਾ ਕੁਝ ਨਹੀਂ ਕਹਿੰਦਾ ਜਿਹੜੀਆਂ ਮੂਸਾ ਅਤੇ ਨਬੀਆਂ ਨੇ ਵੀ ਦੱਸੀਆਂ ਕਿ ਉਹ ਹੋਣ ਵਾਲੀਆਂ ਹਨ 23ਅਰਥਾਤ ਮਸੀਹ ਦੁੱਖ ਝੱਲੇਗਾ ਅਤੇ ਮੁਰਦਿਆਂ ਵਿੱਚੋਂ ਸਭ ਤੋਂ ਪਹਿਲਾਂ ਜੀ ਉੱਠਣ ਵਾਲਾ ਹੋ ਕੇ ਆਪਣੇ ਲੋਕਾਂ ਅਤੇ ਪਰਾਈਆਂ ਕੌਮਾਂ, ਦੋਹਾਂ ਵਿੱਚ ਚਾਨਣ ਦਾ ਪ੍ਰਚਾਰ ਕਰੇਗਾ।”
ਫ਼ੇਸਤੁਸ ਅਤੇ ਪੌਲੁਸ ਵਿੱਚ ਗੱਲਬਾਤ
24ਜਦੋਂ ਪੌਲੁਸ ਨੇ ਆਪਣਾ ਪੱਖ ਰੱਖਦੇ ਹੋਏ ਇਹ ਗੱਲਾਂ ਕਹੀਆਂ ਤਾਂ ਫ਼ੇਸਤੁਸ ਨੇ ਉੱਚੀ ਅਵਾਜ਼ ਵਿੱਚ ਕਿਹਾ, “ਪੌਲੁਸ ਤੂੰ ਕਮਲਾ ਹੈਂ! ਤੇਰੀ ਬਹੁਤੀ ਵਿੱਦਿਆ ਨੇ ਤੈਨੂੰ ਕਮਲਾ ਕਰ ਦਿੱਤਾ ਹੈ!” 25ਪੌਲੁਸ ਨੇ ਕਿਹਾ, “ਹੇ ਸਤਿਕਾਰਯੋਗ ਫ਼ੇਸਤੁਸ, ਮੈਂ ਕਮਲਾ ਨਹੀਂ ਹਾਂ, ਸਗੋਂ ਮੈਂ ਤਾਂ ਸਚਾਈ ਅਤੇ ਸਮਝ ਦੀਆਂ ਗੱਲਾਂ ਕਹਿ ਰਿਹਾ ਹਾਂ। 26ਕਿਉਂਕਿ ਰਾਜਾ ਵੀ, ਜਿਸ ਦੇ ਸਾਹਮਣੇ ਮੈਂ ਦਲੇਰੀ ਨਾਲ ਬੋਲ ਰਿਹਾ ਹਾਂ ਇਨ੍ਹਾਂ ਗੱਲਾਂ ਨੂੰ ਜਾਣਦਾ ਹੈ ਅਤੇ ਮੈਨੂੰ ਯਕੀਨ ਹੈ ਕਿ ਇਨ੍ਹਾਂ ਵਿੱਚੋਂ ਕੋਈ ਗੱਲ ਉਸ ਤੋਂ ਲੁਕੀ ਹੋਈ ਨਹੀਂ ਹੈ, ਕਿਉਂ ਜੋ ਇਹ ਘਟਨਾ ਕਿਸੇ ਕੋਨੇ ਵਿੱਚ ਨਹੀਂ ਹੋਈ। 27ਹੇ ਰਾਜਾ ਅਗ੍ਰਿੱਪਾ, ਕੀ ਤੁਸੀਂ ਨਬੀਆਂ ਉੱਤੇ ਵਿਸ਼ਵਾਸ ਕਰਦੇ ਹੋ? ਮੈਂ ਜਾਣਦਾ ਹਾਂ ਕਿ ਤੁਸੀਂ ਵਿਸ਼ਵਾਸ ਕਰਦੇ ਹੋ।” 28ਅਗ੍ਰਿੱਪਾ ਨੇ ਪੌਲੁਸ ਨੂੰ ਕਿਹਾ, “ਤੂੰ ਮੈਨੂੰ ਥੋੜ੍ਹੇ ਹੀ ਚਿਰ ਵਿੱਚ ਮਸੀਹੀ ਬਣਾ ਦੇਣਾ ਚਾਹੁੰਦਾ ਹੈਂ!” 29ਪੌਲੁਸ ਨੇ ਕਿਹਾ, “ਪਰਮੇਸ਼ਰ ਅੱਗੇ ਮੇਰੀ ਪ੍ਰਾਰਥਨਾ ਹੈ ਕਿ ਚਾਹੇ ਥੋੜ੍ਹੇ ਜਾਂ ਬਹੁਤੇ ਚਿਰ ਵਿੱਚ, ਕੇਵਲ ਤੁਸੀਂ ਹੀ ਨਹੀਂ, ਸਗੋਂ ਸਭ ਲੋਕ ਜਿਹੜੇ ਅੱਜ ਮੇਰੀ ਗੱਲ ਸੁਣ ਰਹੇ ਹਨ ਜਿਹਾ ਮੈਂ ਹਾਂ ਉਹੋ ਜਿਹੇ ਬਣ ਜਾਣ, ਬਸ ਇਨ੍ਹਾਂ ਜ਼ੰਜੀਰਾਂ ਤੋਂ ਬਿਨਾਂ।”
30ਤਦ#26:30 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਜਦੋਂ ਉਸ ਨੇ ਇਹ ਗੱਲਾਂ ਕਹੀਆਂ, ਤਦ” ਲਿਖਿਆ ਹੈ। ਰਾਜਾ, ਰਾਜਪਾਲ ਅਤੇ ਬਰਨੀਕੇ ਤੇ ਉਨ੍ਹਾਂ ਦੇ ਨਾਲ ਬੈਠੇ ਸਭ ਲੋਕ ਉੱਠੇ 31ਅਤੇ ਪਰੇ ਜਾ ਕੇ ਆਪਸ ਵਿੱਚ ਕਹਿਣ ਲੱਗੇ, “ਇਸ ਮਨੁੱਖ ਨੇ ਮੌਤ ਦੀ ਸਜ਼ਾ ਜਾਂ ਕੈਦ ਦੇ ਯੋਗ ਕੋਈ ਕੰਮ ਨਹੀਂ ਕੀਤਾ ਹੈ।” 32ਤਦ ਅਗ੍ਰਿੱਪਾ ਨੇ ਫ਼ੇਸਤੁਸ ਨੂੰ ਕਿਹਾ, “ਜੇ ਇਸ ਮਨੁੱਖ ਨੇ ਕੈਸਰ ਨੂੰ ਅਪੀਲ ਨਾ ਕੀਤੀ ਹੁੰਦੀ ਤਾਂ ਇਸ ਨੂੰ ਰਿਹਾਅ ਕੀਤਾ ਜਾ ਸਕਦਾ ਸੀ।”

Currently Selected:

ਰਸੂਲ 26: PSB

Highlight

Share

Copy

None

Want to have your highlights saved across all your devices? Sign up or sign in