ਰੋਮੀਆਂ 3
3
ਪਰਮੇਸ਼ਰ ਦੀ ਵਫ਼ਾਦਾਰੀ
1ਸੋ ਯਹੂਦੀ ਦਾ ਕੀ ਵਾਧਾ ਜਾਂ ਸੁੰਨਤ ਦਾ ਕੀ ਲਾਭ? 2ਹਰ ਤਰ੍ਹਾਂ ਨਾਲ ਬਹੁਤ ਕੁਝ; ਸਭ ਤੋਂ ਪਹਿਲਾਂ ਤਾਂ ਇਹ ਕਿ ਪਰਮੇਸ਼ਰ ਦੀਆਂ ਅਗੰਮ ਬਾਣੀਆਂ ਉਨ੍ਹਾਂ ਨੂੰ ਸੌਂਪੀਆਂ ਗਈਆਂ। 3ਜੇਕਰ ਕੁਝ ਲੋਕਾਂ ਨੇ ਵਿਸ਼ਵਾਸ ਨਹੀਂ ਕੀਤਾ ਤਾਂ ਫਿਰ ਕੀ ਹੋਇਆ? ਕੀ ਉਨ੍ਹਾਂ ਦੇ ਅਵਿਸ਼ਵਾਸ ਦੇ ਕਾਰਨ ਪਰਮੇਸ਼ਰ ਦੀ ਵਫ਼ਾਦਾਰੀ ਵਿਅਰਥ ਠਹਿਰੇਗੀ? 4ਕਦੇ ਨਹੀਂ; ਸਗੋਂ ਪਰਮੇਸ਼ਰ ਸੱਚਾ ਠਹਿਰੇ ਅਤੇ ਹਰ ਮਨੁੱਖ ਝੂਠਾ, ਜਿਵੇਂ ਲਿਖਿਆ ਹੈ:
ਤਾਂਕਿ ਤੂੰ ਆਪਣੀਆਂ ਗੱਲਾਂ ਵਿੱਚ ਧਰਮੀ ਠਹਿਰੇਂ
ਅਤੇ ਆਪਣੇ ਨਿਆਂ ਵਿੱਚ ਜਿੱਤ ਜਾਵੇਂ। #
ਜ਼ਬੂਰ 51:4
5ਸੋ ਜੇ ਸਾਡਾ ਕੁਧਰਮ ਪਰਮੇਸ਼ਰ ਦੀ ਧਾਰਮਿਕਤਾ ਨੂੰ ਪਰਗਟ ਕਰਦਾ ਹੈ ਤਾਂ ਅਸੀਂ ਕੀ ਕਹੀਏ? ਕੀ ਪਰਮੇਸ਼ਰ ਜਿਹੜਾ ਸਜ਼ਾ ਦਿੰਦਾ ਹੈ, ਅਧਰਮੀ ਹੈ? (ਮੈਂ ਇਹ ਮਨੁੱਖੀ ਨਜ਼ਰੀਏ ਤੋਂ ਕਹਿੰਦਾ ਹਾਂ।) 6ਕਦੇ ਨਹੀਂ; ਨਹੀਂ ਤਾਂ ਪਰਮੇਸ਼ਰ ਸੰਸਾਰ ਦਾ ਨਿਆਂ ਕਿਵੇਂ ਕਰੇਗਾ? 7ਪਰ ਜੇ ਮੇਰੇ ਝੂਠ ਦੇ ਕਾਰਨ ਪਰਮੇਸ਼ਰ ਦੀ ਸਚਾਈ ਉਸ ਦੀ ਮਹਿਮਾ ਦੇ ਲਈ ਹੋਰ ਵੀ ਵਧੀਕ ਪਰਗਟ ਹੋਈ ਤਾਂ ਫਿਰ ਮੈਨੂੰ ਇੱਕ ਪਾਪੀ ਵਾਂਗ ਦੋਸ਼ੀ ਕਿਉਂ ਠਹਿਰਾਇਆ ਜਾਂਦਾ ਹੈ? 8ਅਤੇ ਜਿਵੇਂ ਕਿ ਕੁਝ ਲੋਕ ਇਹ ਕਹਿ ਕੇ ਸਾਡੀ ਨਿੰਦਾ ਕਰਦੇ ਹਨ ਕਿ ਅਸੀਂ ਕਹਿੰਦੇ ਹਾਂ, “ਅਸੀਂ ਬੁਰਾਈ ਕਰੀਏ ਤਾਂਕਿ ਭਲਾਈ ਨਿੱਕਲੇ?” ਅਜਿਹੇ ਲੋਕ ਸਜ਼ਾ ਦੇ ਹੀ ਹੱਕਦਾਰ ਹਨ।
ਕੋਈ ਧਰਮੀ ਨਹੀਂ
9ਤਾਂ ਕੀ? ਕੀ ਅਸੀਂ ਉਨ੍ਹਾਂ ਨਾਲੋਂ ਚੰਗੇ ਹਾਂ? ਬਿਲਕੁਲ ਨਹੀਂ; ਕਿਉਂਕਿ ਅਸੀਂ ਯਹੂਦੀਆਂ ਅਤੇ ਯੂਨਾਨੀਆਂ ਦੋਹਾਂ ਉੱਤੇ ਪਹਿਲਾਂ ਹੀ ਇਹ ਦੋਸ਼ ਲਾ ਚੁੱਕੇ ਹਾਂ ਕਿ ਉਹ ਸਾਰੇ ਪਾਪ ਦੇ ਅਧੀਨ ਹਨ। 10ਜਿਵੇਂ ਲਿਖਿਆ ਹੈ:
ਕੋਈ ਧਰਮੀ ਨਹੀਂ, ਇੱਕ ਵੀ ਨਹੀਂ।
11 ਕੋਈ ਸਮਝਣ ਵਾਲਾ ਨਹੀਂ,
ਕੋਈ ਪਰਮੇਸ਼ਰ ਦਾ ਖੋਜੀ ਨਹੀਂ।
12 ਉਹ ਸਭ ਭਟਕ ਗਏ,
ਸਭ ਨਿਕੰਮੇ ਹੋ ਗਏ।
ਕੋਈ ਭਲਾ ਕਰਨ ਵਾਲਾ ਨਹੀਂ,
ਇੱਕ ਵੀ ਨਹੀਂ। #
ਜ਼ਬੂਰ 14:1-3; 53:1-3
13 ਉਨ੍ਹਾਂ ਦਾ ਸੰਘ ਖੁੱਲ੍ਹੀ ਹੋਈ ਕਬਰ ਹੈ,
ਉਹ ਆਪਣੀਆਂ ਜੀਭਾਂ ਨਾਲ ਛਲ ਕਰਦੇ ਹਨ #
ਜ਼ਬੂਰ 5:9
ਅਤੇ ਉਨ੍ਹਾਂ ਦੇ ਬੁੱਲ੍ਹਾਂ ਹੇਠ ਸੱਪਾਂ ਦਾ ਜ਼ਹਿਰ ਹੈ। #
ਜ਼ਬੂਰ 140:3
14 ਉਨ੍ਹਾਂ ਦਾ ਮੂੰਹ ਸਰਾਪ ਅਤੇ ਕੁੜੱਤਣ ਨਾਲ
ਭਰਿਆ ਹੋਇਆ ਹੈ। #
ਜ਼ਬੂਰ 10:7
15 ਉਨ੍ਹਾਂ ਦੇ ਪੈਰ ਲਹੂ ਵਹਾਉਣ ਲਈ ਕਾਹਲੇ ਹਨ;
16 ਨਾਸ ਅਤੇ ਬਿਪਤਾ ਉਨ੍ਹਾਂ ਦੇ ਰਾਹਾਂ ਵਿੱਚ ਹੈ
17 ਅਤੇ ਉਨ੍ਹਾਂ ਨੇ ਸ਼ਾਂਤੀ ਦਾ ਰਾਹ ਨਹੀਂ ਪਛਾਣਿਆ। #
ਕਹਾਉਤਾਂ 1:16; ਯਸਾਯਾਹ 59:7-8
18 ਉਨ੍ਹਾਂ ਦੀਆਂ ਅੱਖਾਂ ਅੱਗੇ ਪਰਮੇਸ਼ਰ ਦਾ
ਡਰ ਨਹੀਂ ਹੈ। #
ਜ਼ਬੂਰ 36:1
19ਪਰ ਅਸੀਂ ਜਾਣਦੇ ਹਾਂ ਕਿ ਬਿਵਸਥਾ ਜੋ ਕੁਝ ਕਹਿੰਦੀ ਹੈ ਉਹ ਉਨ੍ਹਾਂ ਨੂੰ ਕਹਿੰਦੀ ਹੈ ਜਿਹੜੇ ਬਿਵਸਥਾ ਦੇ ਅਧੀਨ ਹਨ ਤਾਂਕਿ ਹਰੇਕ ਮੂੰਹ ਬੰਦ ਕੀਤਾ ਜਾਵੇ ਅਤੇ ਸਾਰਾ ਸੰਸਾਰ ਪਰਮੇਸ਼ਰ ਦੇ ਨਿਆਂ ਹੇਠ ਆ ਜਾਵੇ। 20ਕਿਉਂਕਿ ਕੋਈ ਵੀ ਪ੍ਰਾਣੀ ਬਿਵਸਥਾ ਦੇ ਕੰਮਾਂ ਤੋਂ ਉਸ ਦੇ ਸਨਮੁੱਖ ਧਰਮੀ ਨਹੀਂ ਠਹਿਰੇਗਾ, ਕਿਉਂ ਜੋ ਬਿਵਸਥਾ ਦੇ ਰਾਹੀਂ ਪਾਪ ਦੀ ਪਛਾਣ ਹੁੰਦੀ ਹੈ।
ਵਿਸ਼ਵਾਸ ਦੁਆਰਾ ਪਰਮੇਸ਼ਰ ਦੀ ਧਾਰਮਿਕਤਾ
21ਪਰ ਹੁਣ ਪਰਮੇਸ਼ਰ ਦੀ ਧਾਰਮਿਕਤਾ ਬਿਵਸਥਾ ਤੋਂ ਬਿਨਾਂ ਪਰਗਟ ਹੋਈ ਹੈ ਅਤੇ ਬਿਵਸਥਾ ਅਤੇ ਨਬੀ ਇਸ ਦੀ ਗਵਾਹੀ ਦਿੰਦੇ ਹਨ, 22ਅਰਥਾਤ ਪਰਮੇਸ਼ਰ ਦੀ ਉਹ ਧਾਰਮਿਕਤਾ ਜਿਹੜੀ ਯਿਸੂ ਮਸੀਹ ਉੱਤੇ ਸਭ ਵਿਸ਼ਵਾਸ ਕਰਨ ਵਾਲਿਆਂ ਲਈ ਹੈ#3:22 ਕੁਝ ਹਸਤਲੇਖਾਂ ਵਿੱਚ “ਪਰਮੇਸ਼ਰ ਦੀ ਉਹ ਧਾਰਮਿਕਤਾ...ਵਿਸ਼ਵਾਸ ਕਰਨ ਵਾਲਿਆਂ ਲਈ ਹੈ” ਦੇ ਸਥਾਨ 'ਤੇ “ਪਰਮੇਸ਼ਰ ਦੀ ਉਹ ਧਾਰਮਿਕਤਾ ਜਿਹੜੀ ਯਿਸੂ ਮਸੀਹ ਉੱਤੇ ਵਿਸ਼ਵਾਸ ਦੇ ਦੁਆਰਾ ਸਭ ਦੇ ਲਈ ਅਤੇ ਸਭ ਵਿਸ਼ਵਾਸ ਕਰਨ ਵਾਲਿਆਂ ਉੱਤੇ ਹੈ” ਲਿਖਿਆ ਹੈ।; ਕਿਉਂ ਜੋ ਕੋਈ ਭਿੰਨ-ਭੇਦ ਨਹੀਂ, 23ਕਿਉਂਕਿ ਸਭ ਨੇ ਪਾਪ ਕੀਤਾ ਅਤੇ ਪਰਮੇਸ਼ਰ ਦੀ ਮਹਿਮਾ ਤੋਂ ਵਾਂਝੇ ਹਨ, 24ਪਰ ਉਸ ਛੁਟਕਾਰੇ ਦੇ ਦੁਆਰਾ ਜਿਹੜਾ ਮਸੀਹ ਯਿਸੂ ਵਿੱਚ ਹੈ ਪਰਮੇਸ਼ਰ ਦੀ ਕਿਰਪਾ ਦੇ ਰਾਹੀਂ ਮੁਫ਼ਤ ਧਰਮੀ ਠਹਿਰਾਏ ਜਾਂਦੇ ਹਨ। 25ਜਿਸ ਨੂੰ ਪਰਮੇਸ਼ਰ ਨੇ ਉਸ ਦੇ ਲਹੂ ਉੱਤੇ ਵਿਸ਼ਵਾਸ ਕਰਨ ਦੇ ਦੁਆਰਾ ਪ੍ਰਾਸਚਿਤ ਠਹਿਰਾਇਆ ਤਾਂਕਿ ਪਰਮੇਸ਼ਰ ਆਪਣੀ ਧਾਰਮਿਕਤਾ ਪਰਗਟ ਕਰੇ, ਕਿਉਂਕਿ ਉਸ ਨੇ ਆਪਣੀ ਸਹਿਣਸ਼ੀਲਤਾ ਕਰਕੇ ਪਹਿਲਾਂ ਕੀਤੇ ਗਏ ਪਾਪਾਂ ਨੂੰ ਅਣਦੇਖਾ ਕਰ ਦਿੱਤਾ। 26ਇਹ ਉਸ ਨੇ ਵਰਤਮਾਨ ਸਮੇਂ ਵਿੱਚ ਆਪਣੀ ਧਾਰਮਿਕਤਾ ਨੂੰ ਪਰਗਟ ਕਰਨ ਲਈ ਕੀਤਾ ਤਾਂਕਿ ਉਹ ਆਪ ਧਰਮੀ ਠਹਿਰੇ ਅਤੇ ਯਿਸੂ ਉੱਤੇ ਵਿਸ਼ਵਾਸ ਕਰਨ ਵਾਲੇ ਨੂੰ ਵੀ ਧਰਮੀ ਠਹਿਰਾਵੇ।
ਘਮੰਡ ਦੀ ਕੋਈ ਥਾਂ ਨਹੀਂ
27ਤਾਂ ਫਿਰ ਘਮੰਡ ਕਿੱਥੇ ਰਿਹਾ? ਇਸ ਦੀ ਕੋਈ ਥਾਂ ਹੀ ਨਹੀਂ। ਕਿਹੜੀ ਬਿਵਸਥਾ ਦੇ ਅਨੁਸਾਰ? ਕੰਮਾਂ ਦੀ? ਨਹੀਂ, ਸਗੋਂ ਵਿਸ਼ਵਾਸ ਦੀ ਬਿਵਸਥਾ ਦੇ ਅਨੁਸਾਰ। 28ਕਿਉਂਕਿ ਸਾਡਾ ਇਹ ਮੰਨਣਾ ਹੈ ਕਿ ਮਨੁੱਖ ਬਿਵਸਥਾ ਦੇ ਕੰਮਾਂ ਤੋਂ ਨਹੀਂ, ਸਗੋਂ ਵਿਸ਼ਵਾਸ ਦੁਆਰਾ ਧਰਮੀ ਠਹਿਰਾਇਆ ਜਾਂਦਾ ਹੈ। 29ਜਾਂ ਕੀ ਪਰਮੇਸ਼ਰ ਕੇਵਲ ਯਹੂਦੀਆਂ ਦਾ ਹੈ? ਕੀ ਪਰਾਈਆਂ ਕੌਮਾਂ ਦਾ ਨਹੀਂ? ਹਾਂ, ਉਹ ਪਰਾਈਆਂ ਕੌਮਾਂ ਦਾ ਵੀ ਹੈ, 30ਕਿਉਂਕਿ ਇੱਕੋ ਪਰਮੇਸ਼ਰ ਹੈ ਜਿਹੜਾ ਸੁੰਨਤੀ ਅਤੇ ਅਸੁੰਨਤੀ ਦੋਹਾਂ ਨੂੰ ਵਿਸ਼ਵਾਸ ਤੋਂ ਹੀ ਧਰਮੀ ਠਹਿਰਾਵੇਗਾ। 31ਤਾਂ ਕੀ ਅਸੀਂ ਵਿਸ਼ਵਾਸ ਦੁਆਰਾ ਬਿਵਸਥਾ ਨੂੰ ਵਿਅਰਥ ਠਹਿਰਾਉਂਦੇ ਹਾਂ? ਕਦੇ ਨਹੀਂ। ਸਗੋਂ ਅਸੀਂ ਬਿਵਸਥਾ ਨੂੰ ਕਾਇਮ ਰੱਖਦੇ ਹਾਂ।
Currently Selected:
ਰੋਮੀਆਂ 3: PSB
Highlight
Share
Copy

Want to have your highlights saved across all your devices? Sign up or sign in
PUNJABI STANDARD BIBLE©
Copyright © 2023 by Global Bible Initiative