YouVersion Logo
Search Icon

ਮਰਕੁਸ 14

14
ਪ੍ਰਭੂ ਯਿਸੂ ਨੂੰ ਮਾਰਨ ਦੀ ਵਿਉਂਤ
1 # ਕੂਚ 12:1-27 ਪਸਾਹ ਅਤੇ ਅਖ਼ਮੀਰੀ ਰੋਟੀ ਦੇ ਤਿਉਹਾਰ ਵਿੱਚ ਦੋ ਦਿਨ ਹੀ ਰਹਿ ਗਏ ਸਨ । ਮਹਾਂ-ਪੁਰੋਹਿਤ ਅਤੇ ਵਿਵਸਥਾ ਦੇ ਸਿੱਖਿਅਕ ਯਿਸੂ ਨੂੰ ਧੋਖੇ ਨਾਲ ਫੜਨ ਅਤੇ ਮਾਰ ਦੇਣ ਦੀਆਂ ਸੋਚਾਂ ਵਿੱਚ ਸਨ । 2ਉਹ ਕਹਿੰਦੇ ਸਨ, “ਇਹ ਕੰਮ ਤਿਉਹਾਰ ਵਾਲੇ ਦਿਨ ਨਹੀਂ ਹੋਣਾ ਚਾਹੀਦਾ, ਕਿਤੇ ਲੋਕ ਦੰਗਾ ਨਾ ਕਰ ਦੇਣ ।”
ਪ੍ਰਭੂ ਯਿਸੂ ਦਾ ਬੈਤਅਨੀਆ ਵਿੱਚ ਮਸਹ ਕੀਤਾ ਜਾਣਾ
3 # ਲੂਕਾ 7:37-38 ਯਿਸੂ ਬੈਤਅਨੀਆ ਵਿੱਚ ਸ਼ਮਊਨ ਕੋੜ੍ਹੀ ਦੇ ਘਰ ਵਿੱਚ ਸਨ । ਜਦੋਂ ਉਹ ਭੋਜਨ ਕਰ ਰਹੇ ਸਨ ਤਾਂ ਇੱਕ ਔਰਤ ਸੰਗਮਰਮਰ ਦੀ ਅਤਰਦਾਨੀ ਵਿੱਚ ਜਟਾਮਾਸੀ ਦਾ ਬਹੁਤ ਕੀਮਤੀ ਅਤੇ ਸ਼ੁੱਧ ਅਤਰ ਲੈ ਕੇ ਆਈ । ਉਸ ਨੇ ਅਤਰਦਾਨੀ ਤੋੜ ਕੇ ਅਤਰ ਯਿਸੂ ਦੇ ਸਿਰ ਉੱਤੇ ਡੋਲ੍ਹ ਦਿੱਤਾ । 4ਉੱਥੇ ਉਸ ਵੇਲੇ ਕੁਝ ਲੋਕ ਸਨ ਜਿਹੜੇ ਆਪਸ ਵਿੱਚ ਬੁੜਬੁੜਾਉਣ ਲੱਗੇ, “ਇਹ ਅਤਰ ਕਿਉਂ ਬਰਬਾਦ ਕੀਤਾ ਗਿਆ ਹੈ ? 5ਇਹ ਚਾਂਦੀ ਦੇ ਤਿੰਨ ਸੌ ਸਿੱਕਿਆਂ ਤੋਂ ਜ਼ਿਆਦਾ ਦਾ ਵੇਚਿਆ ਜਾ ਸਕਦਾ ਸੀ ਅਤੇ ਉਹ ਪੈਸਾ ਗ਼ਰੀਬਾਂ ਵਿੱਚ ਵੰਡਿਆ ਜਾ ਸਕਦਾ ਸੀ ।” ਉਹ ਉਸ ਔਰਤ ਨੂੰ ਬੁਰਾ ਭਲਾ ਕਹਿਣ ਲੱਗੇ । 6ਪਰ ਯਿਸੂ ਨੇ ਉਹਨਾਂ ਨੂੰ ਕਿਹਾ, “ਉਸ ਨੂੰ ਕੁਝ ਨਾ ਕਹੋ, ਉਸ ਨੂੰ ਕਿਉਂ ਤੰਗ ਕਰਦੇ ਹੋ । ਉਸ ਨੇ ਮੇਰੇ ਨਾਲ ਇੱਕ ਚੰਗਾ ਕੰਮ ਕੀਤਾ ਹੈ । 7#ਵਿਵ 15:11ਗ਼ਰੀਬ ਤੁਹਾਡੇ ਨਾਲ ਹਮੇਸ਼ਾ ਹਨ, ਤੁਸੀਂ ਜਦੋਂ ਚਾਹੋ ਉਹਨਾਂ ਦੀ ਮਦਦ ਕਰ ਸਕਦੇ ਹੋ ਪਰ ਮੈਂ ਤੁਹਾਡੇ ਨਾਲ ਹਮੇਸ਼ਾ ਨਹੀਂ ਰਹਾਂਗਾ । 8ਜੋ ਕੁਝ ਉਹ ਕਰ ਸਕਦੀ ਸੀ ਉਸ ਨੇ ਕੀਤਾ ਹੈ, ਉਸ ਨੇ ਮੇਰੇ ਦਫ਼ਨਾਏ ਜਾਣ ਤੋਂ ਪਹਿਲਾਂ ਹੀ ਇਸ ਅਤਰ ਨੂੰ ਮੇਰੇ ਸਰੀਰ ਉੱਤੇ ਡੋਲ੍ਹ ਕੇ ਮੈਨੂੰ ਮਸਹ ਕੀਤਾ ਹੈ । 9ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਕਿ ਜੋ ਉਸ ਨੇ ਕੀਤਾ ਹੈ ਸਾਰੇ ਸੰਸਾਰ ਵਿੱਚ ਜਿੱਥੇ ਵੀ ਸ਼ੁਭ ਸਮਾਚਾਰ ਦਾ ਪ੍ਰਚਾਰ ਕੀਤਾ ਜਾਵੇਗਾ, ਉੱਥੇ ਇਹ ਵੀ ਇਸ ਦੀ ਯਾਦਗਾਰੀ ਵਿੱਚ ਦੱਸਿਆ ਜਾਵੇਗਾ ।”
ਯਹੂਦਾ ਪ੍ਰਭੂ ਯਿਸੂ ਨੂੰ ਫੜਵਾਉਣ ਲਈ ਮੰਨ ਜਾਂਦਾ ਹੈ
10ਫਿਰ ਬਾਰ੍ਹਾਂ ਚੇਲਿਆਂ ਵਿੱਚੋਂ ਇੱਕ ਜਿਸ ਦਾ ਨਾਂ ਯਹੂਦਾ ਇਸਕਰਿਯੋਤੀ ਸੀ, ਮਹਾਂ-ਪੁਰੋਹਿਤਾਂ ਕੋਲ ਗਿਆ ਕਿ ਉਹ ਯਿਸੂ ਨੂੰ ਉਹਨਾਂ ਦੇ ਹੱਥ ਫੜਵਾ ਦੇਵੇ । 11ਉਹ ਉਸ ਦੀ ਗੱਲ ਸੁਣ ਕੇ ਬਹੁਤ ਖ਼ੁਸ਼ ਹੋਏ ਅਤੇ ਉਸ ਨੂੰ ਵਚਨ ਦਿੱਤਾ ਕਿ ਉਹ ਉਸ ਨੂੰ ਪੈਸੇ ਦੇਣਗੇ । ਇਸ ਲਈ ਯਹੂਦਾ ਕਿਸੇ ਚੰਗੇ ਮੌਕੇ ਦੀ ਤਾੜ ਵਿੱਚ ਸੀ ਕਿ ਕਦੋਂ ਯਿਸੂ ਨੂੰ ਫੜਵਾਵੇ ।
ਪ੍ਰਭੂ ਯਿਸੂ ਦਾ ਆਪਣੇ ਚੇਲਿਆਂ ਨਾਲ ਪਸਾਹ ਦਾ ਭੋਜਨ
12ਅਖ਼ਮੀਰੀ ਰੋਟੀ ਦੇ ਤਿਉਹਾਰ ਦੇ ਪਹਿਲੇ ਦਿਨ ਜਿਸ ਦਿਨ ਪਸਾਹ ਦਾ ਮੇਮਣਾ ਬਲੀਦਾਨ ਕੀਤਾ ਜਾਂਦਾ ਸੀ, ਯਿਸੂ ਦੇ ਚੇਲਿਆਂ ਨੇ ਉਹਨਾਂ ਤੋਂ ਪੁੱਛਿਆ, “ਤੁਸੀਂ ਕਿੱਥੇ ਚਾਹੁੰਦੇ ਹੋ ਕਿ ਅਸੀਂ ਜਾ ਕੇ ਤੁਹਾਡੇ ਲਈ ਪਸਾਹ ਦਾ ਭੋਜਨ ਤਿਆਰ ਕਰੀਏ ?” 13ਉਹਨਾਂ ਨੇ ਆਪਣੇ ਦੋ ਚੇਲਿਆਂ ਨੂੰ ਇਹ ਕਹਿ ਕੇ ਭੇਜਿਆ, “ਸ਼ਹਿਰ ਵਿੱਚ ਜਾਓ, ਉੱਥੇ ਤੁਹਾਨੂੰ ਇੱਕ ਆਦਮੀ ਪਾਣੀ ਦਾ ਘੜਾ ਚੁੱਕ ਕੇ ਜਾਂਦਾ ਮਿਲੇਗਾ । ਉਸ ਦੇ ਪਿੱਛੇ ਪਿੱਛੇ ਜਾਣਾ । 14ਜਿਸ ਘਰ ਵਿੱਚ ਉਹ ਜਾਵੇ, ਉਸ ਘਰ ਦੇ ਮਾਲਕ ਨੂੰ ਕਹਿਣਾ, ‘ਗੁਰੂ ਜੀ ਕਹਿੰਦੇ ਹਨ, ਪ੍ਰਾਹੁਣਿਆਂ ਦਾ ਉਹ ਕਮਰਾ ਕਿੱਥੇ ਹੈ ਜਿੱਥੇ ਮੈਂ ਆਪਣੇ ਚੇਲਿਆਂ ਨਾਲ ਪਸਾਹ ਦਾ ਭੋਜਨ ਕਰ ਸਕਾਂ ?’ 15ਉਹ ਤੁਹਾਨੂੰ ਉਤਲੀ ਮੰਜ਼ਿਲ ਉੱਤੇ ਇੱਕ ਵੱਡਾ ਸਜਾਇਆ ਹੋਇਆ ਕਮਰਾ ਦਿਖਾਵੇਗਾ । ਉੱਥੇ ਤੁਸੀਂ ਪਸਾਹ ਦਾ ਭੋਜਨ ਤਿਆਰ ਕਰਨਾ ।” 16ਚੇਲੇ ਗਏ ਅਤੇ ਸ਼ਹਿਰ ਵਿੱਚ ਪਹੁੰਚ ਕੇ ਜਿਸ ਤਰ੍ਹਾਂ ਯਿਸੂ ਨੇ ਉਹਨਾਂ ਨੂੰ ਦੱਸਿਆ ਸੀ, ਸਭ ਕੁਝ ਉਸੇ ਤਰ੍ਹਾਂ ਦੇਖਿਆ ਅਤੇ ਪਸਾਹ ਦਾ ਭੋਜਨ ਤਿਆਰ ਕੀਤਾ ।
17ਜਦੋਂ ਸ਼ਾਮ ਹੋ ਗਈ ਤਾਂ ਯਿਸੂ ਬਾਰ੍ਹਾਂ ਚੇਲਿਆਂ ਦੇ ਨਾਲ ਆਏ । 18#ਭਜਨ 41:9ਉਹ ਭੋਜਨ ਕਰ ਰਹੇ ਸਨ ਕਿ ਯਿਸੂ ਨੇ ਉਹਨਾਂ ਨੂੰ ਕਿਹਾ, “ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਕਿ ਤੁਹਾਡੇ ਵਿੱਚੋਂ ਇੱਕ ਜਿਹੜਾ ਮੈਨੂੰ ਫੜਵਾਏਗਾ, ਉਹ ਇਸ ਵੇਲੇ ਮੇਰੇ ਨਾਲ ਭੋਜਨ ਕਰ ਰਿਹਾ ਹੈ ।” 19ਇਹ ਸੁਣ ਕੇ ਚੇਲੇ ਬਹੁਤ ਦੁਖੀ ਹੋਏ ਅਤੇ ਵਾਰੀ ਵਾਰੀ ਪੁੱਛਣ ਲੱਗੇ, “ਕੀ ਉਹ ਮੈਂ ਤਾਂ ਨਹੀਂ ਹਾਂ ?” 20ਯਿਸੂ ਨੇ ਉੱਤਰ ਦਿੱਤਾ, “ਉਹ ਤੁਹਾਡੇ ਬਾਰ੍ਹਾਂ ਵਿੱਚੋਂ ਇੱਕ ਹੈ ਜਿਹੜਾ ਮੇਰੇ ਨਾਲ ਕਟੋਰੇ ਵਿੱਚ ਹੱਥ ਪਾ ਰਿਹਾ ਹੈ । 21ਮਨੁੱਖ ਦਾ ਪੁੱਤਰ ਤਾਂ ਜਿਸ ਤਰ੍ਹਾਂ ਉਸ ਦੇ ਬਾਰੇ ਲਿਖਿਆ ਹੋਇਆ ਹੈ, ਮਾਰਿਆ ਹੀ ਜਾਵੇਗਾ ਪਰ ਹਾਏ ਉਸ ਆਦਮੀ ਦੇ ਉੱਤੇ ਜਿਸ ਦੇ ਦੁਆਰਾ ਉਹ ਫੜਵਾਇਆ ਜਾਵੇਗਾ ! ਚੰਗਾ ਹੁੰਦਾ ਕਿ ਉਹ ਆਦਮੀ ਪੈਦਾ ਹੀ ਨਾ ਹੁੰਦਾ ।”
ਪ੍ਰਭੂ ਭੋਜ
22ਜਦੋਂ ਉਹ ਭੋਜਨ ਕਰ ਰਹੇ ਸਨ, ਯਿਸੂ ਨੇ ਰੋਟੀ ਲਈ, ਧੰਨਵਾਦ ਕਰ ਕੇ ਤੋੜੀ ਅਤੇ ਆਪਣੇ ਚੇਲਿਆਂ ਨੂੰ ਦਿੱਤੀ ਅਤੇ ਕਿਹਾ, “ਲਵੋ, ਇਹ ਮੇਰਾ ਸਰੀਰ ਹੈ ।” 23ਫਿਰ ਯਿਸੂ ਨੇ ਪਿਆਲਾ ਲਿਆ, ਪਰਮੇਸ਼ਰ ਦਾ ਧੰਨਵਾਦ ਕੀਤਾ ਅਤੇ ਉਹਨਾਂ ਨੂੰ ਦਿੱਤਾ ਅਤੇ ਉਹਨਾਂ ਸਾਰਿਆਂ ਨੇ ਉਸ ਵਿੱਚੋਂ ਪੀਤਾ । 24#ਕੂਚ 24:8, ਯਿਰ 31:31-34ਯਿਸੂ ਨੇ ਕਿਹਾ, “ਇਹ ਪਰਮੇਸ਼ਰ ਦੇ ਨੇਮ ਦਾ ਮੇਰਾ ਖ਼ੂਨ ਹੈ, ਜਿਹੜਾ ਬਹੁਤ ਸਾਰੇ ਲੋਕਾਂ ਦੇ ਲਈ ਵਹਾਇਆ ਜਾ ਰਿਹਾ ਹੈ । 25ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਕਿ ਮੈਂ ਅੱਗੇ ਤੋਂ ਉਸ ਦਿਨ ਤੱਕ ਮੈਅ ਨਹੀਂ ਪੀਵਾਂਗਾ ਜਦੋਂ ਤੱਕ ਕਿ ਪਰਮੇਸ਼ਰ ਦੇ ਰਾਜ ਵਿੱਚ ਨਵੀਂ ਨਾ ਪੀਵਾਂ ।” 26ਫਿਰ ਉਹਨਾਂ ਨੇ ਇੱਕ ਭਜਨ ਗਾਇਆ ਅਤੇ ਜ਼ੈਤੂਨ ਦੇ ਪਹਾੜ ਵੱਲ ਚਲੇ ਗਏ ।
ਪ੍ਰਭੂ ਯਿਸੂ ਦੀ ਪਤਰਸ ਦੇ ਇਨਕਾਰ ਬਾਰੇ ਭਵਿੱਖਬਾਣੀ
27 # ਜ਼ਕਰ 13:7 ਯਿਸੂ ਨੇ ਉਹਨਾਂ ਨੂੰ ਕਿਹਾ, “ਤੁਸੀਂ ਸਾਰੇ ਮੈਨੂੰ ਛੱਡ ਜਾਵੋਗੇ । ਪਵਿੱਤਰ-ਗ੍ਰੰਥ ਵਿੱਚ ਇਸ ਬਾਰੇ ਲਿਖਿਆ ਹੋਇਆ ਹੈ,
‘ਮੈਂ ਚਰਵਾਹੇ ਨੂੰ ਮਾਰਾਂਗਾ ਅਤੇ ਭੇਡਾਂ ਖਿੱਲਰ ਜਾਣਗੀਆਂ ।’
28 # ਮੱਤੀ 28:16 ਪਰ ਮੁਰਦਿਆਂ ਵਿੱਚੋਂ ਜੀਅ ਉੱਠਣ ਦੇ ਬਾਅਦ ਮੈਂ ਤੁਹਾਡੇ ਤੋਂ ਪਹਿਲਾਂ ਗਲੀਲ ਨੂੰ ਜਾਵਾਂਗਾ ।”
29ਪਤਰਸ ਨੇ ਉੱਤਰ ਦਿੱਤਾ, “ਭਾਵੇਂ, ਸਾਰੇ ਠੋਕਰ ਖਾਣ ਪਰ ਮੈਂ ਠੋਕਰ ਨਹੀਂ ਖਾਵਾਂਗਾ ।” 30ਯਿਸੂ ਨੇ ਉਸ ਨੂੰ ਕਿਹਾ, “ਮੈਂ ਤੈਨੂੰ ਸੱਚ ਕਹਿੰਦਾ ਹਾਂ, ਅੱਜ ਰਾਤ ਹੀ ਕੁੱਕੜ ਦੇ ਦੋ ਵਾਰ ਬਾਂਗ ਦੇਣ ਤੋਂ ਪਹਿਲਾਂ ਤੂੰ ਤਿੰਨ ਵਾਰ ਮੇਰਾ ਇਨਕਾਰ ਕਰੇਂਗਾ ।” 31ਪਰ ਪਤਰਸ ਨੇ ਹੋਰ ਜ਼ੋਰ ਦੇ ਕੇ ਕਿਹਾ, “ਨਹੀਂ, ਜੇਕਰ ਮੈਨੂੰ ਤੁਹਾਡੇ ਲਈ ਆਪਣੀ ਜਾਨ ਵੀ ਦੇਣੀ ਪਵੇ ਤਾਂ ਵੀ ਮੈਂ ਤੁਹਾਡਾ ਇਨਕਾਰ ਨਹੀਂ ਕਰਾਂਗਾ !” ਇਸੇ ਤਰ੍ਹਾਂ ਬਾਕੀ ਚੇਲਿਆਂ ਨੇ ਵੀ ਕਿਹਾ ।
ਗਤਸਮਨੀ ਬਾਗ਼ ਵਿੱਚ ਪ੍ਰਾਰਥਨਾ
32ਫਿਰ ਉਹ ਇੱਕ ਥਾਂ ਉੱਤੇ ਆਏ ਜਿਸ ਦਾ ਨਾਂ ਗਤਸਮਨੀ ਸੀ । ਤਦ ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ, “ਜਦੋਂ ਤੱਕ ਮੈਂ ਪ੍ਰਾਰਥਨਾ ਕਰਾਂ, ਤੁਸੀਂ ਇੱਥੇ ਬੈਠੋ ।” 33ਉਹਨਾਂ ਨੇ ਆਪਣੇ ਨਾਲ ਪਤਰਸ, ਯਾਕੂਬ ਅਤੇ ਯੂਹੰਨਾ ਨੂੰ ਲਿਆ । ਯਿਸੂ ਬਹੁਤ ਪਰੇਸ਼ਾਨ ਅਤੇ ਦੁਖੀ ਹੋਣ ਲੱਗੇ । 34ਉਹਨਾਂ ਨੇ ਤਿੰਨਾਂ ਚੇਲਿਆਂ ਨੂੰ ਕਿਹਾ, “ਮੇਰਾ ਮਨ ਬਹੁਤ ਦੁਖੀ ਹੈ, ਇੱਥੋਂ ਤੱਕ ਕਿ ਜਾਨ ਨਿਕਲਦੀ ਜਾ ਰਹੀ ਹੈ, ਇੱਥੇ ਠਹਿਰੋ ਅਤੇ ਸਾਵਧਾਨ ਰਹੋ ।” 35ਫਿਰ ਉਹ ਥੋੜ੍ਹਾ ਅੱਗੇ ਗਏ ਅਤੇ ਜ਼ਮੀਨ ਉੱਤੇ ਡਿੱਗ ਕੇ ਪ੍ਰਾਰਥਨਾ ਕਰਨ ਲੱਗੇ, “ਜੇਕਰ ਹੋ ਸਕੇ ਤਾਂ ਇਹ ਦੁੱਖ ਦੀ ਘੜੀ ਟਲ ਜਾਵੇ” 36ਅਤੇ ਕਿਹਾ, “ਅੱਬਾ, ਪਿਤਾ ! ਤੁਸੀਂ ਸਭ ਕੁਝ ਕਰ ਸਕਦੇ ਹੋ । ਇਹ ਦੁੱਖਾਂ ਦਾ ਭਰਿਆ ਪਿਆਲਾ ਮੇਰੇ ਤੋਂ ਦੂਰ ਕਰੋ । ਪਰ ਫਿਰ ਵੀ ਮੇਰੀ ਇੱਛਾ ਨਹੀਂ, ਤੁਹਾਡੀ ਇੱਛਾ ਪੂਰੀ ਹੋਵੇ ।”
37ਫਿਰ ਯਿਸੂ ਵਾਪਸ ਆਏ ਅਤੇ ਉਹਨਾਂ ਨੇ ਤਿੰਨਾਂ ਚੇਲਿਆਂ ਨੂੰ ਸੁੱਤੇ ਹੋਏ ਦੇਖਿਆ ਤਾਂ ਉਹਨਾਂ ਨੇ ਪਤਰਸ ਨੂੰ ਕਿਹਾ, “ਸ਼ਮਊਨ, ਕੀ ਤੂੰ ਸੌਂ ਰਿਹਾ ਹੈਂ ? ਕੀ ਤੂੰ ਇੱਕ ਘੰਟਾ ਵੀ ਨਹੀਂ ਜਾਗ ਸਕਿਆ ? 38ਜਾਗਦੇ ਰਹੋ ਅਤੇ ਪ੍ਰਾਰਥਨਾ ਕਰੋ ਤਾਂ ਜੋ ਤੁਸੀਂ ਪਰਤਾਵੇ ਵਿੱਚ ਨਾ ਪਵੋ । ਆਤਮਾ ਤਾਂ ਤਿਆਰ ਹੈ ਪਰ ਸਰੀਰ ਕਮਜ਼ੋਰ ਹੈ ।”
39ਫਿਰ ਯਿਸੂ ਵਾਪਸ ਗਏ ਅਤੇ ਉਸੇ ਤਰ੍ਹਾਂ ਹੀ ਪ੍ਰਾਰਥਨਾ ਕਰਨ ਲੱਗੇ । 40ਉਹਨਾਂ ਨੇ ਵਾਪਸ ਆ ਕੇ ਫਿਰ ਚੇਲਿਆਂ ਨੂੰ ਸੁੱਤੇ ਦੇਖਿਆ ਕਿਉਂਕਿ ਉਹਨਾਂ ਦੀਆਂ ਅੱਖਾਂ ਨੀਂਦ ਨਾਲ ਭਰੀਆਂ ਹੋਈਆਂ ਸਨ । ਉਹ ਨਹੀਂ ਜਾਣਦੇ ਸਨ ਕਿ ਯਿਸੂ ਨੂੰ ਕੀ ਉੱਤਰ ਦੇਣ ।
41ਜਦੋਂ ਯਿਸੂ ਤੀਜੀ ਵਾਰ ਵਾਪਸ ਆਏ ਤਾਂ ਉਹਨਾਂ ਨੂੰ ਕਿਹਾ, “ਕੀ ਤੁਸੀਂ ਅਜੇ ਵੀ ਸੁੱਤੇ ਪਏ ਅਰਾਮ ਕਰ ਰਹੇ ਹੋ ? ਬਹੁਤ ਹੋ ਗਿਆ ਹੈ ! ਉਹ ਘੜੀ ਆ ਪਹੁੰਚੀ ਹੈ । ਦੇਖੋ, ਮਨੁੱਖ ਦਾ ਪੁੱਤਰ ਪਾਪੀਆਂ ਦੇ ਹੱਥ ਫੜਵਾਇਆ ਜਾ ਰਿਹਾ ਹੈ । 42ਉੱਠੋ, ਆਓ ਚੱਲੀਏ । ਦੇਖੋ, ਮੇਰਾ ਫੜਵਾਉਣ ਵਾਲਾ ਨੇੜੇ ਆ ਗਿਆ ਹੈ !”
ਪ੍ਰਭੂ ਯਿਸੂ ਦਾ ਗਰਿਫ਼ਤਾਰ ਕੀਤਾ ਜਾਣਾ
43ਅਜੇ ਯਿਸੂ ਬੋਲ ਹੀ ਰਹੇ ਸਨ ਕਿ ਬਾਰ੍ਹਾਂ ਵਿੱਚੋਂ ਇੱਕ ਜਿਸ ਦਾ ਨਾਂ ਯਹੂਦਾ ਸੀ, ਆਇਆ । ਉਸ ਨਾਲ ਮਹਾਂ-ਪੁਰੋਹਿਤਾਂ, ਵਿਵਸਥਾ ਦੇ ਸਿੱਖਿਅਕਾਂ ਅਤੇ ਬਜ਼ੁਰਗ ਆਗੂਆਂ ਵੱਲੋਂ ਭੇਜੀ ਹੋਈ ਬਹੁਤ ਵੱਡੀ ਭੀੜ ਸੀ ਜਿਸ ਦੇ ਹੱਥਾਂ ਵਿੱਚ ਤਲਵਾਰਾਂ ਅਤੇ ਲਾਠੀਆਂ ਸਨ । 44ਫੜਵਾਉਣ ਵਾਲੇ ਨੇ ਇਹ ਚਿੰਨ੍ਹ ਦਿੱਤਾ ਹੋਇਆ ਸੀ ਕਿ ਜਿਸ ਨੂੰ ਮੈਂ ਚੁੰਮਾ ਉਹ ਹੀ ਯਿਸੂ ਹਨ । ਉਹਨਾਂ ਨੂੰ ਗਰਿਫ਼ਤਾਰ ਕਰ ਲੈਣਾ ਅਤੇ ਸਾਵਧਾਨੀ ਨਾਲ ਲੈ ਜਾਣਾ ।
45ਯਹੂਦਾ ਉੱਥੇ ਪਹੁੰਚਦੇ ਹੀ ਯਿਸੂ ਦੇ ਕੋਲ ਗਿਆ ਅਤੇ ਕਿਹਾ “ਗੁਰੂ ਜੀ !” ਅਤੇ ਨਾਲ ਹੀ ਉਹਨਾਂ ਨੂੰ ਚੁੰਮ ਲਿਆ । 46ਤਦ ਲੋਕਾਂ ਨੇ ਝੱਟ ਯਿਸੂ ਨੂੰ ਫੜ ਲਿਆ । 47ਕੋਲ ਖੜ੍ਹੇ ਹੋਇਆਂ ਵਿੱਚੋਂ ਕਿਸੇ ਇੱਕ ਨੇ ਤਲਵਾਰ ਕੱਢ ਕੇ ਮਹਾਂ-ਪੁਰੋਹਿਤ ਦੇ ਇੱਕ ਸੇਵਕ ਉੱਤੇ ਚਲਾਈ ਅਤੇ ਉਸ ਦਾ ਕੰਨ ਵੱਢ ਦਿੱਤਾ । 48ਫਿਰ ਯਿਸੂ ਨੇ ਉਹਨਾਂ ਨੂੰ ਕਿਹਾ, “ਤੁਸੀਂ ਤਲਵਾਰਾਂ ਅਤੇ ਲਾਠੀਆਂ ਲੈ ਕੇ ਮੈਨੂੰ ਫੜਨ ਆਏ ਹੋ, ਕੀ ਮੈਂ ਕੋਈ ਵਿਦਰੋਹੀ ਹਾਂ ? 49#ਲੂਕਾ 19:47, 21:37ਮੈਂ ਹਰ ਰੋਜ਼ ਤੁਹਾਡੇ ਨਾਲ ਰਹਿ ਕੇ ਹੈਕਲ ਵਿੱਚ ਉਪਦੇਸ਼ ਦਿੰਦਾ ਰਿਹਾ ਪਰ ਤੁਸੀਂ ਮੈਨੂੰ ਗਰਿਫ਼ਤਾਰ ਨਾ ਕੀਤਾ । ਪਰ ਪਵਿੱਤਰ-ਗ੍ਰੰਥ ਵਿੱਚ ਲਿਖਿਆ ਹੋਇਆ ਪੂਰਾ ਹੋਣਾ ਜ਼ਰੂਰੀ ਹੈ ।” 50ਉਸ ਵੇਲੇ ਸਾਰੇ ਚੇਲੇ ਯਿਸੂ ਨੂੰ ਛੱਡ ਕੇ ਦੌੜ ਗਏ ।
51ਇੱਕ ਨੌਜਵਾਨ ਆਪਣੇ ਸਰੀਰ ਉੱਤੇ ਕੇਵਲ ਚਾਦਰ ਲਪੇਟੀ ਯਿਸੂ ਦੇ ਪਿੱਛੇ ਪਿੱਛੇ ਚੱਲ ਰਿਹਾ ਸੀ । ਲੋਕਾਂ ਨੇ ਉਸ ਨੂੰ ਫੜਨ ਦੀ ਕੋਸ਼ਿਸ਼ ਕੀਤੀ । 52ਪਰ ਉਹ ਆਪਣੀ ਚਾਦਰ ਨੂੰ ਸੁੱਟ ਕੇ ਨੰਗਾ ਹੀ ਦੌੜ ਗਿਆ ।
ਪ੍ਰਭੂ ਯਿਸੂ ਦੀ ਸਭਾ ਦੇ ਸਾਹਮਣੇ ਪੇਸ਼ੀ
53ਉਹ ਯਿਸੂ ਨੂੰ ਮਹਾਂ-ਪੁਰੋਹਿਤ ਦੇ ਕੋਲ ਲੈ ਗਏ । ਉੱਥੇ ਸਾਰੇ ਮਹਾਂ-ਪੁਰੋਹਿਤ, ਬਜ਼ੁਰਗ ਆਗੂ ਅਤੇ ਵਿਵਸਥਾ ਦੇ ਸਿੱਖਿਅਕ ਇਕੱਠੇ ਹੋਏ ਸਨ । 54ਪਤਰਸ ਕੁਝ ਦੂਰ ਰਹਿ ਕੇ ਯਿਸੂ ਦੇ ਪਿੱਛੇ ਪਿੱਛੇ ਆਇਆ ਅਤੇ ਮਹਾਂ-ਪੁਰੋਹਿਤ ਦੇ ਵਿਹੜੇ ਵਿੱਚ ਪਹੁੰਚ ਗਿਆ । ਉੱਥੇ ਉਹ ਸੇਵਕਾਂ ਦੇ ਕੋਲ ਬੈਠ ਕੇ ਅੱਗ ਸੇਕਣ ਲੱਗ ਪਿਆ ।
55 ਮਹਾਂ-ਪੁਰੋਹਿਤ ਅਤੇ ਬਾਕੀ ਸਾਰੀ ਸਭਾ ਯਿਸੂ ਦੇ ਵਿਰੁੱਧ ਕੁਝ ਅਜਿਹੇ ਸਬੂਤ ਲੱਭ ਰਹੇ ਸਨ ਕਿ ਉਹ ਯਿਸੂ ਨੂੰ ਮੌਤ ਦੀ ਸਜ਼ਾ ਦੇਣ । ਪਰ ਉਹ ਕੋਈ ਸਬੂਤ ਨਾ ਲੱਭ ਸਕੇ । 56ਕਈਆਂ ਨੇ ਝੂਠੀਆਂ ਗਵਾਹੀਆਂ ਦਿੱਤੀਆਂ ਪਰ ਉਹ ਆਪਸ ਵਿੱਚ ਨਹੀਂ ਮਿਲਦੀਆਂ ਸਨ । 57ਕੁਝ ਗਵਾਹਾਂ ਨੇ ਇਸ ਤਰ੍ਹਾਂ ਝੂਠੀ ਗਵਾਹੀ ਦਿੱਤੀ, 58#ਯੂਹ 2:19“ਅਸੀਂ ਇਸ ਨੂੰ ਇਹ ਕਹਿੰਦੇ ਸੁਣਿਆ ਹੈ, ‘ਮੈਂ ਇਸ ਹੱਥਾਂ ਦੇ ਬਣੇ ਹੋਏ ਹੈਕਲ ਨੂੰ ਢਾਹ ਦੇਵਾਂਗਾ ਅਤੇ ਤਿੰਨ ਦਿਨਾਂ ਵਿੱਚ ਦੂਜਾ ਉਸਾਰ ਦੇਵਾਂਗਾ ਜਿਹੜਾ ਮਨੁੱਖੀ ਹੱਥਾਂ ਦਾ ਬਣਿਆ ਨਹੀਂ ਹੋਵੇਗਾ ।’” 59ਪਰ ਉਹਨਾਂ ਦੀ ਇਹ ਗਵਾਹੀ ਵੀ ਆਪਸ ਵਿੱਚ ਨਾ ਮਿਲੀ ।
60ਤਦ ਮਹਾਂ-ਪੁਰੋਹਿਤ ਆਪ ਸਾਰਿਆਂ ਦੇ ਸਾਹਮਣੇ ਖੜ੍ਹਾ ਹੋ ਕੇ ਯਿਸੂ ਤੋਂ ਪੁੱਛਣ ਲੱਗਾ, “ਤੂੰ ਕੁਝ ਉੱਤਰ ਕਿਉਂ ਨਹੀਂ ਦਿੰਦਾ, ਇਹ ਤੇਰੇ ਵਿਰੁੱਧ ਕੀ ਗਵਾਹੀਆਂ ਦੇ ਰਹੇ ਹਨ ?” 61ਪਰ ਯਿਸੂ ਚੁੱਪ ਰਹੇ ਅਤੇ ਕੋਈ ਉੱਤਰ ਨਾ ਦਿੱਤਾ । ਮਹਾਂ-ਪੁਰੋਹਿਤ ਨੇ ਫਿਰ ਪੁੱਛਿਆ, “ਕੀ ਤੂੰ ਪਰਮ ਪਰਮੇਸ਼ਰ ਦਾ ਪੁੱਤਰ ਮਸੀਹ ਹੈਂ ?” 62#ਦਾਨੀ 7:13ਯਿਸੂ ਨੇ ਉੱਤਰ ਦਿੱਤਾ, “ਮੈਂ ਹਾਂ ਅਤੇ ਤੁਸੀਂ ਸਾਰੇ ਮਨੁੱਖ ਦੇ ਪੁੱਤਰ ਨੂੰ ਸਰਵਸ਼ਕਤੀਮਾਨ ਦੇ ਸੱਜੇ ਹੱਥ ਵਿਰਾਜਮਾਨ ਹੋਏ ਅਤੇ ਸਵਰਗ ਦੇ ਬੱਦਲਾਂ ਉੱਤੇ ਆਉਂਦਾ ਦੇਖੋਗੇ ।”
63ਇਹ ਸੁਣਦੇ ਹੀ ਮਹਾਂ-ਪੁਰੋਹਿਤ ਨੇ ਆਪਣਾ ਚੋਗਾ ਪਾੜ ਦਿੱਤਾ ਅਤੇ ਕਿਹਾ, “ਹੁਣ ਸਾਨੂੰ ਗਵਾਹੀਆਂ ਦੀ ਕੀ ਲੋੜ ਹੈ ? 64#ਲੇਵੀ 24:16ਤੁਸੀਂ ਪਰਮੇਸ਼ਰ ਦੀ ਨਿੰਦਾ ਸੁਣ ਚੁੱਕੇ ਹੋ । ਤੁਹਾਡਾ ਕੀ ਫ਼ੈਸਲਾ ਹੈ ?” ਉਹਨਾਂ ਸਾਰਿਆਂ ਨੇ ਫ਼ੈਸਲਾ ਕੀਤਾ ਕਿ ਯਿਸੂ ਮੌਤ ਦੀ ਸਜ਼ਾ ਦਾ ਹੱਕਦਾਰ ਹੈ ।
65ਉਹਨਾਂ ਵਿੱਚੋਂ ਕੁਝ ਨੇ ਯਿਸੂ ਦੇ ਉੱਤੇ ਥੁੱਕਣਾ ਸ਼ੁਰੂ ਕਰ ਦਿੱਤਾ ਅਤੇ ਕੁਝ ਨੇ ਉਹਨਾਂ ਦੇ ਮੂੰਹ ਉੱਤੇ ਕੱਪੜਾ ਪਾ ਕੇ ਉਹਨਾਂ ਨੂੰ ਮਾਰਿਆ ਅਤੇ ਕਿਹਾ, “ਭਵਿੱਖਬਾਣੀ ਕਰ !” ਪਹਿਰੇਦਾਰਾਂ ਨੇ ਵੀ ਉਹਨਾਂ ਨੂੰ ਇੱਕ ਪਾਸੇ ਲੈ ਜਾ ਕੇ ਚਪੇੜਾਂ ਮਾਰੀਆਂ ।
ਪਤਰਸ ਪ੍ਰਭੂ ਯਿਸੂ ਦਾ ਇਨਕਾਰ ਕਰਦਾ ਹੈ
66ਪਤਰਸ ਅਜੇ ਤੱਕ ਹੇਠਾਂ ਵਿਹੜੇ ਵਿੱਚ ਹੀ ਸੀ ਕਿ ਮਹਾਂ-ਪੁਰੋਹਿਤ ਦੀ ਇੱਕ ਨੌਕਰਾਣੀ ਉੱਥੇ ਆਈ 67ਅਤੇ ਪਤਰਸ ਨੂੰ ਅੱਗ ਸੇਕਦੇ ਨੀਝ ਨਾਲ ਦੇਖ ਕੇ ਕਿਹਾ, “ਤੂੰ ਵੀ ਤਾਂ ਨਾਸਰਤ ਦੇ ਰਹਿਣ ਵਾਲੇ ਯਿਸੂ ਦੇ ਨਾਲ ਸੀ ।” 68ਉਸ ਨੇ ਇਨਕਾਰ ਕਰਦੇ ਹੋਏ ਕਿਹਾ, “ਮੈਂ ਨਹੀਂ ਜਾਣਦਾ, ਨਾ ਹੀ ਸਮਝਦਾ ਹਾਂ ਕਿ ਤੂੰ ਕੀ ਕਹਿ ਰਹੀ ਹੈਂ ।” ਇਹ ਕਹਿ ਕੇ ਉਹ ਬਾਹਰ ਡਿਉੜੀ ਵਿੱਚ ਚਲਾ ਗਿਆ । ਉਸੇ ਸਮੇਂ ਕੁੱਕੜ ਨੇ ਪਹਿਲੀ ਬਾਂਗ ਦਿੱਤੀ । 69ਉਸੇ ਨੌਕਰਾਣੀ ਨੇ ਉਸ ਨੂੰ ਉੱਥੇ ਫਿਰ ਦੇਖਿਆ ਅਤੇ ਕੋਲ ਖੜ੍ਹੇ ਲੋਕਾਂ ਨੂੰ ਕਹਿਣਾ ਸ਼ੁਰੂ ਕੀਤਾ, “ਇਹ ਵੀ ਉਹਨਾਂ ਵਿੱਚੋਂ ਹੀ ਹੈ !” 70ਉਸ ਨੇ ਫਿਰ ਇਨਕਾਰ ਕੀਤਾ । ਪਰ ਥੋੜ੍ਹੇ ਸਮੇਂ ਦੇ ਬਾਅਦ ਉੱਥੇ ਖੜ੍ਹੇ ਹੋਇਆਂ ਵਿੱਚੋਂ ਇੱਕ ਨੇ ਪਤਰਸ ਨੂੰ ਫਿਰ ਕਿਹਾ, “ਸੱਚਮੁੱਚ ਤੂੰ ਵੀ ਉਹਨਾਂ ਵਿੱਚੋਂ ਹੀ ਹੈਂ ਕਿਉਂਕਿ ਤੂੰ ਗਲੀਲ ਦਾ ਰਹਿਣ ਵਾਲਾ ਹੈਂ ।” 71ਤਦ ਉਹ ਆਪਣੇ ਆਪ ਉੱਤੇ ਲਾਹਨਤਾਂ ਪਾਉਣ ਲੱਗਾ ਅਤੇ ਸੌਂਹ ਖਾ ਕੇ ਕਿਹਾ, “ਜਿਸ ਆਦਮੀ ਬਾਰੇ ਤੁਸੀਂ ਗੱਲਾਂ ਕਰ ਰਹੇ ਹੋ, ਉਸ ਨੂੰ ਮੈਂ ਬਿਲਕੁਲ ਵੀ ਨਹੀਂ ਜਾਣਦਾ ।” 72ਉਸੇ ਸਮੇਂ ਕੁੱਕੜ ਨੇ ਦੂਜੀ ਵਾਰ ਬਾਂਗ ਦਿੱਤੀ ਅਤੇ ਪਤਰਸ ਨੂੰ ਯਿਸੂ ਦੇ ਕਹੇ ਹੋਏ ਇਹ ਸ਼ਬਦ ਯਾਦ ਆਏ, “ਕੁੱਕੜ ਦੇ ਦੋ ਵਾਰ ਬਾਂਗ ਦੇਣ ਤੋਂ ਪਹਿਲਾਂ ਤੂੰ ਤਿੰਨ ਵਾਰ ਮੇਰਾ ਇਨਕਾਰ ਕਰੇਂਗਾ ।” ਤਦ ਉਹ ਭੁੱਬਾਂ ਮਾਰ ਕੇ ਰੋਣ ਲੱਗਾ ।

Currently Selected:

ਮਰਕੁਸ 14: CL-NA

Highlight

Share

Copy

None

Want to have your highlights saved across all your devices? Sign up or sign in