YouVersion Logo
Search Icon

ਮਰਕੁਸ 15

15
ਪ੍ਰਭੂ ਯਿਸੂ ਦੀ ਪਿਲਾਤੁਸ ਦੇ ਸਾਹਮਣੇ ਪੇਸ਼ੀ
1ਸਵੇਰ ਹੁੰਦੇ ਹੀ ਮਹਾਂ-ਪੁਰੋਹਿਤਾਂ ਨੇ ਬਜ਼ੁਰਗ ਆਗੂਆਂ, ਵਿਵਸਥਾ ਦੇ ਸਿੱਖਿਅਕਾਂ ਅਤੇ ਸਭਾ ਦੇ ਨਾਲ ਮਿਲ ਕੇ ਸਲਾਹ ਕੀਤੀ ਅਤੇ ਉਹ ਯਿਸੂ ਨੂੰ ਬੰਨ੍ਹ ਕੇ ਪਿਲਾਤੁਸ ਕੋਲ ਲੈ ਗਏ । 2ਪਿਲਾਤੁਸ ਨੇ ਯਿਸੂ ਤੋਂ ਪੁੱਛਿਆ, “ਕੀ ਤੂੰ ਯਹੂਦੀਆਂ ਦਾ ਰਾਜਾ ਹੈਂ ?” ਯਿਸੂ ਨੇ ਉੱਤਰ ਦਿੱਤਾ, “ਤੁਸੀਂ ਆਪ ਹੀ ਕਹਿ ਰਹੇ ਹੋ ।” 3ਮਹਾਂ-ਪੁਰੋਹਿਤਾਂ ਨੇ ਉਹਨਾਂ ਉੱਤੇ ਬਹੁਤ ਦੋਸ਼ ਲਾਏ । 4ਪਿਲਾਤੁਸ ਨੇ ਫਿਰ ਯਿਸੂ ਤੋਂ ਪੁੱਛਿਆ, “ਕੀ ਤੂੰ ਕੁਝ ਨਹੀਂ ਕਹਿਣਾ ਚਾਹੁੰਦਾ ? ਦੇਖ, ਇਹ ਤੇਰੇ ਵਿਰੁੱਧ ਕਿੰਨਾ ਕੁਝ ਕਹਿ ਰਹੇ ਹਨ !” 5ਪਰ ਯਿਸੂ ਨੇ ਫਿਰ ਕੋਈ ਉੱਤਰ ਨਾ ਦਿੱਤਾ । ਤਦ ਪਿਲਾਤੁਸ ਨੂੰ ਬਹੁਤ ਹੈਰਾਨੀ ਹੋਈ ।
ਪ੍ਰਭੂ ਯਿਸੂ ਨੂੰ ਸਲੀਬੀ ਮੌਤ ਦੀ ਸਜ਼ਾ
6ਹਰ ਪਸਾਹ ਦੇ ਤਿਉਹਾਰ ਦੇ ਸਮੇਂ ਪਿਲਾਤੁਸ ਲੋਕਾਂ ਦੇ ਕਹਿਣ ਉੱਤੇ ਕਿਸੇ ਇੱਕ ਕੈਦੀ ਨੂੰ ਛੱਡਦਾ ਸੀ । 7ਉਸ ਸਮੇਂ ਬਰੱਬਾਸ ਨਾਂ ਦਾ ਇੱਕ ਆਦਮੀ ਦੰਗਾ ਕਰਨ ਵਾਲਿਆਂ ਦੇ ਨਾਲ ਕੈਦ ਵਿੱਚ ਸੀ ਜਿਸ ਨੇ ਕਤਲ ਵੀ ਕੀਤੇ ਸਨ । 8ਲੋਕ ਅੱਗੇ ਵਧੇ ਅਤੇ ਪਿਲਾਤੁਸ ਨੂੰ ਕਹਿਣ ਲੱਗੇ ਕਿ ਉਹ ਉਹਨਾਂ ਦੇ ਲਈ ਆਪਣੀ ਰੀਤ ਅਨੁਸਾਰ ਕਰੇ । 9ਪਿਲਾਤੁਸ ਨੇ ਉਹਨਾਂ ਤੋਂ ਪੁੱਛਿਆ, “ਕੀ ਤੁਸੀਂ ਚਾਹੁੰਦੇ ਹੋ ਕਿ ਮੈਂ ਤੁਹਾਡੇ ਲਈ ਯਹੂਦੀਆਂ ਦੇ ਰਾਜਾ ਨੂੰ ਛੱਡ ਦੇਵਾਂ ?” 10ਕਿਉਂਕਿ ਉਹ ਜਾਣਦਾ ਸੀ ਕਿ ਮਹਾਂ-ਪੁਰੋਹਿਤਾਂ ਨੇ ਯਿਸੂ ਨੂੰ ਕੇਵਲ ਈਰਖਾ ਕਰ ਕੇ ਹੀ ਫੜਵਾਇਆ ਹੈ । 11ਪਰ ਮਹਾਂ-ਪੁਰੋਹਿਤਾਂ ਨੇ ਭੀੜ ਨੂੰ ਭੜਕਾਇਆ ਕਿ ਉਹ ਬਰੱਬਾਸ ਨੂੰ ਹੀ ਉਹਨਾਂ ਲਈ ਛੱਡੇ । 12ਪਿਲਾਤੁਸ ਨੇ ਉਹਨਾਂ ਤੋਂ ਫਿਰ ਪੁੱਛਿਆ, “ਫਿਰ ਮੈਂ ਉਸ ਦੇ ਨਾਲ ਕੀ ਕਰਾਂ ਜਿਸ ਨੂੰ ਤੁਸੀਂ ਯਹੂਦੀਆਂ ਦਾ ਰਾਜਾ ਕਹਿੰਦੇ ਹੋ ?” 13ਉਹ ਜ਼ੋਰ ਦੇ ਕੇ ਕਹਿਣ ਲੱਗੇ, “ਉਸ ਨੂੰ ਸਲੀਬ ਉੱਤੇ ਚੜ੍ਹਾਓ !” 14ਪਰ ਪਿਲਾਤੁਸ ਨੇ ਉਹਨਾਂ ਤੋਂ ਪੁੱਛਿਆ, “ਕਿਉਂ, ਉਸ ਨੇ ਕੀ ਅਪਰਾਧ ਕੀਤਾ ਹੈ ?” ਉਹ ਹੋਰ ਵੀ ਰੌਲਾ ਪਾ ਕੇ ਕਹਿਣ ਲੱਗੇ, “ਉਸ ਨੂੰ ਸਲੀਬ ਉੱਤੇ ਚੜ੍ਹਾਓ !” 15ਤਦ ਪਿਲਾਤੁਸ ਨੇ ਲੋਕਾਂ ਨੂੰ ਖ਼ੁਸ਼ ਕਰਨ ਲਈ ਬਰੱਬਾਸ ਨੂੰ ਛੱਡ ਦਿੱਤਾ ਅਤੇ ਯਿਸੂ ਨੂੰ ਕੋਰੜੇ ਮਰਵਾ ਕੇ ਸਲੀਬ ਉੱਤੇ ਚੜ੍ਹਾਉਣ ਲਈ ਦੇ ਦਿੱਤਾ ।
ਸਿਪਾਹੀ ਪ੍ਰਭੂ ਯਿਸੂ ਦਾ ਮਖ਼ੌਲ ਉਡਾਉਂਦੇ ਹਨ
16ਫਿਰ ਸਿਪਾਹੀ ਯਿਸੂ ਨੂੰ ਰਾਜਪਾਲ ਦੇ ਮਹਿਲ ਦੇ ਵਿਹੜੇ ਵਿੱਚ ਲੈ ਗਏ ਅਤੇ ਪਲਟਣ ਦੇ ਦੂਜੇ ਲੋਕਾਂ ਨੂੰ ਵੀ ਸੱਦ ਲਿਆ । 17ਉਹਨਾਂ ਨੇ ਯਿਸੂ ਨੂੰ ਇੱਕ ਜਾਮਨੀ ਰੰਗ ਦਾ ਚੋਗਾ ਪਹਿਨਾਇਆ ਅਤੇ ਇੱਕ ਕੰਡਿਆਂ ਦਾ ਤਾਜ ਬਣਾ ਕੇ ਉਹਨਾਂ ਦੇ ਸਿਰ ਉੱਤੇ ਰੱਖਿਆ । 18ਫਿਰ ਉਹ ਉਹਨਾਂ ਨੂੰ ਇਹ ਕਹਿ ਕੇ ਸਲਾਮ ਕਰਨ ਲੱਗੇ, “ਯਹੂਦੀਆਂ ਦੇ ਰਾਜੇ ਦੀ ਜੈ ਹੋਵੇ !” 19ਫਿਰ ਸਿਪਾਹੀਆਂ ਨੇ ਉਹਨਾਂ ਦੇ ਸਿਰ ਉੱਤੇ ਕਾਨੇ ਮਾਰੇ, ਉਹਨਾਂ ਉੱਤੇ ਥੁੱਕਿਆ ਅਤੇ ਉਹਨਾਂ ਦੇ ਅੱਗੇ ਗੋਡੇ ਟੇਕ ਕੇ ਮੱਥਾ ਟੇਕਿਆ । 20ਇਸ ਤਰ੍ਹਾਂ ਜਦੋਂ ਉਹ ਯਿਸੂ ਦਾ ਮਖ਼ੌਲ ਉਡਾ ਚੁੱਕੇ ਤਾਂ ਉਹਨਾਂ ਨੇ ਜਾਮਨੀ ਚੋਗਾ ਲਾਹ ਲਿਆ ਅਤੇ ਫਿਰ ਉਹਨਾਂ ਦੇ ਕੱਪੜੇ ਪਵਾ ਦਿੱਤੇ ਅਤੇ ਉਹਨਾਂ ਨੂੰ ਸਲੀਬ ਉੱਤੇ ਚੜ੍ਹਾਉਣ ਲਈ ਬਾਹਰ ਲੈ ਗਏ ।
ਪ੍ਰਭੂ ਯਿਸੂ ਦਾ ਸਲੀਬ ਉੱਤੇ ਚੜ੍ਹਾਇਆ ਜਾਣਾ
21 # ਰੋਮ 16:13 ਰਾਹ ਵਿੱਚ ਉਹਨਾਂ ਨੂੰ ਸ਼ਮਊਨ ਕੁਰੇਨੀ ਮਿਲਿਆ ਜਿਹੜਾ ਸਿਕੰਦਰ ਅਤੇ ਰੂਫ਼ਸ ਦਾ ਪਿਤਾ ਸੀ । ਉਹ ਪਿੰਡ ਵੱਲੋਂ ਆ ਰਿਹਾ ਸੀ ਜਿਸ ਨੂੰ ਸਿਪਾਹੀਆਂ ਨੇ ਵਗਾਰ ਲਈ ਫੜਿਆ ਕਿ ਉਹ ਯਿਸੂ ਦੀ ਸਲੀਬ ਚੁੱਕ ਕੇ ਲੈ ਚੱਲੇ । 22ਉਹ ਯਿਸੂ ਨੂੰ ‘ਗੋਲਗੋਥਾ’ (ਜਿਸ ਦਾ ਅਰਥ ‘ਖੋਪੜੀ ਦੀ ਥਾਂ ਹੈ’) ਉੱਤੇ ਲੈ ਗਏ । 23ਉੱਥੇ ਉਹਨਾਂ ਨੇ ਯਿਸੂ ਨੂੰ ਗੰਧਰਸ ਮਿਲੀ ਮੈਅ ਦੇਣ ਦੀ ਕੋਸ਼ਿਸ਼ ਕੀਤੀ ਪਰ ਯਿਸੂ ਨੇ ਪੀਣ ਤੋਂ ਇਨਕਾਰ ਕਰ ਦਿੱਤਾ । 24#ਭਜਨ 22:18ਫਿਰ ਉਹਨਾਂ ਨੇ ਯਿਸੂ ਨੂੰ ਸਲੀਬ ਉੱਤੇ ਚੜ੍ਹਾ ਦਿੱਤਾ ਅਤੇ ਉਹਨਾਂ ਦੇ ਕੱਪੜੇ ਆਪਸ ਵਿੱਚ ਗੁਣਾ ਪਾ ਕੇ ਵੰਡ ਲਏ ।
25ਸਵੇਰ ਦੇ ਨੌ ਵਜੇ ਉਹਨਾਂ ਨੇ ਯਿਸੂ ਨੂੰ ਸਲੀਬ ਉੱਤੇ ਚੜ੍ਹਾਇਆ । 26ਉਹਨਾਂ ਦੇ ਸਿਰ ਦੇ ਉਤਲੇ ਪਾਸੇ, ਦੋਸ਼-ਪੱਤਰ ਉੱਤੇ ਲਿਖਿਆ ਹੋਇਆ ਸੀ, “ਯਹੂਦੀਆਂ ਦਾ ਰਾਜਾ ।” 27#ਯਸਾ 53:12ਉਹਨਾਂ ਨੇ ਦੋ ਡਾਕੂਆਂ ਨੂੰ ਯਿਸੂ ਦੇ ਨਾਲ ਸਲੀਬ ਉੱਤੇ ਚੜ੍ਹਾਇਆ, ਇੱਕ ਨੂੰ ਸੱਜੇ ਅਤੇ ਦੂਜੇ ਨੂੰ ਖੱਬੇ ਪਾਸੇ ।#15:27 ਕੁਝ ਮੂਲ ਲਿਖਤਾਂ ਵਿੱਚ ਇਹ ਵੀ ਲਿਖਿਆ ਗਿਆ ਹੈ । 28 ਇਸ ਤਰ੍ਹਾਂ ਪਵਿੱਤਰ-ਗ੍ਰੰਥ ਦਾ ਇਹ ਲੇਖ ਪੂਰਾ ਹੋਇਆ, “ਉਸ ਦੀ ਗਿਣਤੀ ਦੋਸ਼ੀਆਂ ਦੇ ਵਿੱਚ ਕੀਤੀ ਗਈ ।”
29 # ਭਜਨ 22:7, 109:25, ਮਰ 14:58, ਯੂਹ 2:10 ਆਉਂਦੇ ਜਾਂਦੇ ਰਾਹੀ ਯਿਸੂ ਦੀ ਨਿੰਦਾ ਕਰਦੇ ਅਤੇ ਸਿਰ ਹਿਲਾ ਹਿਲਾ ਕੇ ਕਹਿੰਦੇ ਸਨ, “ਬੱਲੇ, ਹੈਕਲ ਦੇ ਢਾਹੁਣ ਵਾਲੇ ਅਤੇ ਤਿੰਨ ਦਿਨਾਂ ਵਿੱਚ ਉਸਾਰਨ ਵਾਲੇ, 30ਸਲੀਬ ਦੇ ਉੱਤੋਂ ਉਤਰ ਆ ਅਤੇ ਆਪਣੇ ਆਪ ਨੂੰ ਬਚਾਅ !” 31ਇਸ ਤਰ੍ਹਾਂ ਮਹਾਂ-ਪੁਰੋਹਿਤ ਅਤੇ ਵਿਵਸਥਾ ਦੇ ਸਿੱਖਿਅਕ ਵੀ ਉਹਨਾਂ ਨੂੰ ਮਖ਼ੌਲ ਕਰ ਰਹੇ ਸਨ ਅਤੇ ਇੱਕ ਦੂਜੇ ਨੂੰ ਕਹਿ ਰਹੇ ਸਨ, “ਉਸ ਨੇ ਦੂਜਿਆਂ ਨੂੰ ਬਚਾਇਆ ਪਰ ਕੀ ਆਪਣੇ ਆਪ ਨੂੰ ਨਹੀਂ ਬਚਾਅ ਸਕਦਾ ! 32ਇਸਰਾਏਲ ਦਾ ਰਾਜਾ ਮਸੀਹ ਜੇਕਰ ਇਸ ਸਮੇਂ ਸਲੀਬ ਦੇ ਉੱਤੋਂ ਉਤਰ ਆਵੇ ਤਾਂ ਅਸੀਂ ਉਸ ਵਿੱਚ ਵਿਸ਼ਵਾਸ ਕਰਾਂਗੇ ।” ਜਿਹੜੇ ਯਿਸੂ ਦੇ ਨਾਲ ਸਲੀਬ ਦੇ ਉੱਤੇ ਚੜ੍ਹਾਏ ਗਏ ਸਨ ਉਹ ਵੀ ਉਹਨਾਂ ਦਾ ਅਪਮਾਨ ਕਰ ਰਹੇ ਸਨ ।
ਪ੍ਰਭੂ ਯਿਸੂ ਦੀ ਮੌਤ
33ਜਦੋਂ ਦੁਪਹਿਰ ਹੋਈ ਤਾਂ ਸਾਰੇ ਦੇਸ਼ ਉੱਤੇ ਹਨੇਰਾ ਛਾ ਗਿਆ ਅਤੇ ਤਿੰਨ ਵਜੇ ਤੱਕ ਰਿਹਾ । 34#ਭਜਨ 22:1ਤਿੰਨ ਵਜੇ ਯਿਸੂ ਨੇ ਉੱਚੀ ਆਵਾਜ਼ ਨਾਲ ਪੁਕਾਰ ਕੇ ਕਿਹਾ, “ਏਲੋਈ, ਏਲੋਈ ਲਮਾ ਸਬਕਤਨੀ,” ਜਿਸ ਦਾ ਅਰਥ ਹੈ, “ਹੇ ਮੇਰੇ ਪਰਮੇਸ਼ਰ, ਹੇ ਮੇਰੇ ਪਰਮੇਸ਼ਰ, ਤੁਸੀਂ ਮੈਨੂੰ ਕਿਉਂ ਛੱਡ ਦਿੱਤਾ ਹੈ ?” 35ਜਿਹੜੇ ਉੱਥੇ ਕੋਲ ਖੜ੍ਹੇ ਸਨ, ਉਹਨਾਂ ਨੇ ਇਹ ਸੁਣਿਆ ਤਾਂ ਉਹਨਾਂ ਵਿੱਚੋਂ ਕੁਝ ਨੇ ਕਿਹਾ, “ਦੇਖੋ, ਉਹ ਏਲੀਯਾਹ ਨੂੰ ਸੱਦ ਰਿਹਾ ਹੈ ।” 36#ਭਜਨ 69:21ਪਰ ਉਹਨਾਂ ਵਿੱਚੋਂ ਇੱਕ ਨੇ ਦੌੜ ਕੇ ਇੱਕ ਸਪੰਜ ਨੂੰ ਸਿਰਕੇ ਦੀ ਮੈਅ ਵਿੱਚ ਡੋਬਿਆ ਅਤੇ ਉਸ ਨੂੰ ਇੱਕ ਸੋਟੀ ਉੱਤੇ ਲਾ ਕੇ ਯਿਸੂ ਨੂੰ ਦਿੱਤਾ ਅਤੇ ਕਿਹਾ, “ਭਲਾ ਦੇਖਦੇ ਹਾਂ ਕਿ ਏਲੀਯਾਹ ਇਸ ਨੂੰ ਸਲੀਬ ਦੇ ਉੱਤੋਂ ਉਤਾਰਨ ਲਈ ਆਉਂਦਾ ਹੈ ਜਾਂ ਨਹੀਂ ?” 37ਪਰ ਯਿਸੂ ਨੇ ਉੱਚੀ ਆਵਾਜ਼ ਨਾਲ ਪੁਕਾਰ ਕੇ ਪ੍ਰਾਣ ਤਿਆਗ ਦਿੱਤੇ ।
38 # ਕੂਚ 26:31-33 ਉਸ ਸਮੇਂ ਹੈਕਲ ਦੇ ਅੰਦਰ ਦਾ ਪਰਦਾ ਉੱਪਰ ਤੋਂ ਲੈ ਕੇ ਹੇਠਾਂ ਤੱਕ ਪਾਟ ਕੇ ਦੋ ਟੁਕੜੇ ਹੋ ਗਿਆ । 39ਸੂਬੇਦਾਰ ਜਿਹੜਾ ਉਸ ਸਮੇਂ ਉੱਥੇ ਖੜ੍ਹਾ ਸੀ, ਜਦੋਂ ਉਸ ਨੇ ਯਿਸੂ ਨੂੰ ਇਸ ਤਰ੍ਹਾਂ ਉੱਚੀ ਆਵਾਜ਼ ਨਾਲ ਪ੍ਰਾਣ ਤਿਆਗਦੇ ਦੇਖਿਆ ਤਾਂ ਉਸ ਨੇ ਕਿਹਾ, “ਸੱਚਮੁੱਚ ਇਹ ਪਰਮੇਸ਼ਰ ਦਾ ਪੁੱਤਰ ਸੀ !”
40 # ਲੂਕਾ 8:2-3 ਕੁਝ ਔਰਤਾਂ ਉੱਥੇ ਖੜ੍ਹੀਆਂ ਇਹ ਸਭ ਕੁਝ ਦੂਰ ਤੋਂ ਦੇਖ ਰਹੀਆਂ ਸਨ, ਜਿਹਨਾਂ ਵਿੱਚ ਮਰੀਅਮ ਮਗਦਲੀਨੀ, ਛੋਟੇ ਯਾਕੂਬ ਅਤੇ ਯੋਸੇਸ ਦੀ ਮਾਂ ਮਰੀਅਮ ਅਤੇ ਸਲੋਮੀ ਵੀ ਸਨ । 41ਜਦੋਂ ਯਿਸੂ ਗਲੀਲ ਵਿੱਚ ਸਨ ਤਾਂ ਉਹ ਉਹਨਾਂ ਵਿੱਚ ਵਿਸ਼ਵਾਸ ਕਰ ਕੇ ਉਹਨਾਂ ਦੇ ਪਿੱਛੇ ਚੱਲਦੀਆਂ ਅਤੇ ਯਿਸੂ ਦੀ ਸੇਵਾ ਕਰਦੀਆਂ ਸਨ । ਹੋਰ ਵੀ ਕਈ ਔਰਤਾਂ ਉੱਥੇ ਸਨ ਜਿਹੜੀਆਂ ਉਹਨਾਂ ਦੇ ਨਾਲ ਯਰੂਸ਼ਲਮ ਤੋਂ ਆਈਆਂ ਸਨ ।
ਪ੍ਰਭੂ ਯਿਸੂ ਦਾ ਕਬਰ ਵਿੱਚ ਰੱਖਿਆ ਜਾਣਾ
42ਸ਼ਾਮ ਹੋ ਗਈ ਸੀ ਅਤੇ ਇਹ ਸਬਤ ਤੋਂ ਪਹਿਲਾਂ ਤਿਆਰੀ ਦਾ ਦਿਨ ਸੀ । 43ਇਸ ਲਈ ਅਰਿਮਥੇਆ ਦਾ ਰਹਿਣ ਵਾਲਾ ਯੂਸਫ਼ ਜਿਹੜਾ ਸਭਾ ਦਾ ਆਦਰਯੋਗ ਮੈਂਬਰ ਸੀ ਅਤੇ ਆਪ ਵੀ ਪਰਮੇਸ਼ਰ ਦੇ ਰਾਜ ਦੀ ਉਡੀਕ ਵਿੱਚ ਸੀ, ਉਹ ਬੜੀ ਦਲੇਰੀ ਨਾਲ ਪਿਲਾਤੁਸ ਕੋਲ ਗਿਆ ਅਤੇ ਯਿਸੂ ਦੀ ਲਾਸ਼ ਉਸ ਤੋਂ ਮੰਗੀ । 44ਪਿਲਾਤੁਸ ਨੂੰ ਬਹੁਤ ਹੈਰਾਨੀ ਹੋਈ ਕਿ ਉਹ ਇੰਨੀ ਛੇਤੀ ਮਰ ਗਿਆ ਹੈ । ਇਸ ਲਈ ਉਸ ਨੇ ਸੂਬੇਦਾਰ ਨੂੰ ਸੱਦ ਕੇ ਪੁੱਛਿਆ, “ਕੀ ਯਿਸੂ ਮਰ ਗਿਆ ਹੈ ?” 45ਸੂਬੇਦਾਰ ਕੋਲੋਂ ਪੁੱਛਣ ਦੇ ਬਾਅਦ, ਪਿਲਾਤੁਸ ਨੇ ਯੂਸਫ਼ ਨੂੰ ਲਾਸ਼ ਲੈ ਜਾਣ ਦੀ ਆਗਿਆ ਦੇ ਦਿੱਤੀ । 46ਤਦ ਯੂਸਫ਼ ਨੇ ਇੱਕ ਚਾਦਰ ਖ਼ਰੀਦੀ ਅਤੇ ਯਿਸੂ ਨੂੰ ਸਲੀਬ ਦੇ ਉੱਤੋਂ ਉਤਾਰ ਕੇ ਉਸ ਵਿੱਚ ਲਪੇਟਿਆ ਅਤੇ ਕਬਰ ਵਿੱਚ ਰੱਖ ਦਿੱਤਾ ਜਿਹੜੀ ਇੱਕ ਚਟਾਨ ਨੂੰ ਕੱਟ ਕੇ ਬਣਾਈ ਗਈ ਸੀ । ਕਬਰ ਦੇ ਮੂੰਹ ਉੱਤੇ ਉਸ ਨੇ ਇੱਕ ਵੱਡਾ ਸਾਰਾ ਪੱਥਰ ਰੇੜ੍ਹ ਦਿੱਤਾ । 47ਮਰੀਅਮ ਮਗਦਲੀਨੀ ਅਤੇ ਯੋਸੇਸ ਦੀ ਮਾਂ ਮਰੀਅਮ, ਇਹ ਸਭ ਦੇਖ ਰਹੀਆਂ ਸਨ ਕਿ ਯਿਸੂ ਦੀ ਲਾਸ਼ ਨੂੰ ਕਿੱਥੇ ਰੱਖਿਆ ਗਿਆ ਹੈ ।

Currently Selected:

ਮਰਕੁਸ 15: CL-NA

Highlight

Share

Copy

None

Want to have your highlights saved across all your devices? Sign up or sign in