YouVersion Logo
Search Icon

ਮਰਕੁਸ 13

13
ਹੈਕਲ ਦੀ ਬਰਬਾਦੀ ਬਾਰੇ ਭਵਿੱਖਬਾਣੀ
1ਜਦੋਂ ਉਹ ਹੈਕਲ ਵਿੱਚੋਂ ਬਾਹਰ ਆ ਰਹੇ ਸਨ ਤਾਂ ਉਹਨਾਂ ਦੇ ਇੱਕ ਚੇਲੇ ਨੇ ਕਿਹਾ, “ਗੁਰੂ ਜੀ, ਦੇਖੋ, ਕਿੰਨੇ ਵੱਡੇ ਵੱਡੇ ਪੱਥਰ ਅਤੇ ਅਦਭੁੱਤ ਇਮਾਰਤਾਂ ਹਨ ।” 2ਯਿਸੂ ਨੇ ਉੱਤਰ ਦਿੱਤਾ, “ਤੁਸੀਂ ਅੱਜ ਇਹ ਵੱਡੀਆਂ ਵੱਡੀਆਂ ਇਮਾਰਤਾਂ ਦੇਖ ਰਹੇ ਹੋ, ਇੱਥੇ ਕੋਈ ਪੱਥਰ ਉੱਤੇ ਪੱਥਰ ਨਹੀਂ ਰਹਿ ਜਾਵੇਗਾ ਜਿਹੜਾ ਢਾਇਆ ਨਾ ਜਾਵੇਗਾ ।”
ਦੁੱਖ ਅਤੇ ਅੱਤਿਆਚਾਰ ਬਾਰੇ ਭਵਿੱਖਬਾਣੀ
3ਜਦੋਂ ਯਿਸੂ ਹੈਕਲ ਦੇ ਸਾਹਮਣੇ ਜ਼ੈਤੂਨ ਦੇ ਪਹਾੜ ਉੱਤੇ ਬੈਠ ਗਏ ਤਾਂ ਪਤਰਸ, ਯਾਕੂਬ, ਯੂਹੰਨਾ ਅਤੇ ਅੰਦ੍ਰਿਯਾਸ ਨੇ ਇਕਾਂਤ ਵਿੱਚ ਉਹਨਾਂ ਤੋਂ ਪੁੱਛਿਆ, 4“ਸਾਨੂੰ ਦੱਸੋ ਕਿ ਇਹ ਸਭ ਕੁਝ ਕਦੋਂ ਹੋਵੇਗਾ ਅਤੇ ਇਹਨਾਂ ਗੱਲਾਂ ਦੇ ਪੂਰੇ ਹੋਣ ਦੇ ਕੀ ਚਿੰਨ੍ਹ ਹੋਣਗੇ ?”
5ਯਿਸੂ ਨੇ ਉੱਤਰ ਦਿੱਤਾ, “ਸਾਵਧਾਨ ਰਹਿਣਾ, ਕੋਈ ਤੁਹਾਨੂੰ ਕੁਰਾਹੇ ਨਾ ਪਾ ਦੇਵੇ । 6ਬਹੁਤ ਸਾਰੇ ਮੇਰੇ ਨਾਮ ਵਿੱਚ ਆਉਣਗੇ ਅਤੇ ਕਹਿਣਗੇ ‘ਮੈਂ ਉਹ ਹੀ ਹਾਂ’ ਅਤੇ ਬਹੁਤ ਸਾਰਿਆਂ ਨੂੰ ਕੁਰਾਹੇ ਪਾ ਦੇਣਗੇ । 7ਜਦੋਂ ਤੁਸੀਂ ਲੜਾਈਆਂ ਦੀਆਂ ਖ਼ਬਰਾਂ ਸੁਣੋ, ਘਬਰਾ ਨਾ ਜਾਣਾ, ਕਿਉਂਕਿ ਇਹਨਾਂ ਗੱਲਾਂ ਦਾ ਹੋਣਾ ਜ਼ਰੂਰੀ ਹੈ ਪਰ ਅੰਤ ਅਜੇ ਦੂਰ ਹੈ । 8ਦੇਸ਼ ਦੇਸ਼ ਦੇ ਵਿਰੁੱਧ ਅਤੇ ਰਾਜ ਰਾਜ ਦੇ ਵਿਰੁੱਧ ਲੜਨਗੇ, ਕਈ ਥਾਂ ਭੁਚਾਲ ਆਉਣਗੇ ਅਤੇ ਕਾਲ ਪੈਣਗੇ । ਇਹ ਘਟਨਾਵਾਂ ਤਾਂ ਪੀੜਾਂ#13:8 ਹੋਰ ਅਨੁਵਾਦਾਂ ਵਿੱਚ ਪੀੜਾਂ ਦਾ ਅਰਥ ਜਨਣ ਦੇ ਦਰਦ ਹੈ । ਦਾ ਆਰੰਭ ਹੀ ਹੋਵੇਗਾ ।
9 # ਮੱਤੀ 10:17-20, ਲੂਕਾ 12:11-12 “ਤੁਸੀਂ ਆਪਣੇ ਬਾਰੇ ਸਾਵਧਾਨ ਰਹਿਣਾ । ਲੋਕ ਤੁਹਾਨੂੰ ਫੜ ਕੇ ਅਦਾਲਤਾਂ ਵਿੱਚ ਪੇਸ਼ ਕਰਨਗੇ ਅਤੇ ਪ੍ਰਾਰਥਨਾ ਘਰਾਂ ਵਿੱਚ ਮਾਰਨਗੇ । ਤੁਸੀਂ ਮੇਰੇ ਕਾਰਨ ਅਧਿਕਾਰੀਆਂ ਅਤੇ ਰਾਜਿਆਂ ਦੇ ਸਾਹਮਣੇ ਪੇਸ਼ ਕੀਤੇ ਜਾਵੋਗੇ ਤਾਂ ਜੋ ਉਹਨਾਂ ਦੇ ਅੱਗੇ ਸ਼ੁਭ ਸਮਾਚਾਰ ਦੀ ਗਵਾਹੀ ਦੇਵੋ । 10ਪਰ ਇਸ ਤੋਂ ਪਹਿਲਾਂ ਕਿ ਅੰਤ ਆਵੇ ਸ਼ੁਭ ਸਮਾਚਾਰ ਦਾ ਪ੍ਰਚਾਰ ਸਾਰੀਆਂ ਕੌਮਾਂ ਵਿੱਚ ਹੋਣਾ ਜ਼ਰੂਰੀ ਹੈ । 11ਜਦੋਂ ਉਹ ਤੁਹਾਨੂੰ ਫੜ ਲੈਣ ਅਤੇ ਅਦਾਲਤ ਵਿੱਚ ਪੇਸ਼ ਕਰਨ, ਤੁਸੀਂ ਪਹਿਲਾਂ ਤੋਂ ਚਿੰਤਾ ਨਾ ਕਰਨਾ ਕਿ ਤੁਸੀਂ ਕੀ ਕਹੋਗੇ । ਉਸ ਘੜੀ ਜੋ ਕੁਝ ਤੁਹਾਨੂੰ ਦਿੱਤਾ ਜਾਵੇ ਉਹ ਹੀ ਕਹਿਣਾ ਕਿਉਂਕਿ ਬੋਲਣ ਵਾਲੇ ਤੁਸੀਂ ਨਹੀਂ ਪਰ ਪਵਿੱਤਰ ਆਤਮਾ ਹੋਵੇਗਾ । 12ਭਰਾ ਭਰਾ ਨੂੰ ਮਰਵਾਉਣ ਲਈ ਫੜਵਾਏਗਾ । ਇਸੇ ਤਰ੍ਹਾਂ ਪਿਤਾ ਪੁੱਤਰ ਦੇ ਅਤੇ ਬੱਚੇ ਆਪਣੇ ਮਾਪਿਆਂ ਦੇ ਵਿਰੁੱਧ ਖੜ੍ਹੇ ਹੋ ਜਾਣਗੇ ਅਤੇ ਉਹਨਾਂ ਨੂੰ ਮਰਵਾ ਦੇਣਗੇ । 13#ਮੱਤੀ 10:22ਸਾਰੇ ਲੋਕ ਤੁਹਾਨੂੰ ਮੇਰੇ ਨਾਮ ਦੇ ਕਾਰਨ ਨਫ਼ਰਤ ਕਰਨਗੇ ਪਰ ਜਿਹੜਾ ਅੰਤ ਤੱਕ ਆਪਣੇ ਵਿਸ਼ਵਾਸ ਵਿੱਚ ਪੱਕਾ ਰਹੇਗਾ ਉਹ ਬਚਾਇਆ ਜਾਵੇਗਾ ।
ਇੱਕ ਵੱਡੀ ਬਿਪਤਾ
14 # ਦਾਨੀ 9:27, 11:31, 12:11 “ਜਦੋਂ ਤੁਸੀਂ ਬਰਬਾਦੀ ਕਰਨ ਵਾਲੀ ਘਿਨਾਉਣੀ ਚੀਜ਼ ਨੂੰ ਉਸ ਥਾਂ ਉੱਤੇ ਖੜੀ ਦੇਖੋ ਜਿੱਥੇ ਉਸ ਨੂੰ ਨਹੀਂ ਹੋਣਾ ਚਾਹੀਦਾ ਸੀ (ਪੜ੍ਹਨ ਵਾਲਾ ਆਪ ਸਮਝ ਜਾਵੇ) ਤਾਂ ਉਸ ਵੇਲੇ ਜਿਹੜੇ ਯਹੂਦੀਯਾ ਵਿੱਚ ਹੋਣ, ਪਹਾੜਾਂ ਵੱਲ ਦੌੜ ਜਾਣ । 15#ਲੂਕਾ 17:31ਜਿਹੜਾ ਘਰ ਦੀ ਛੱਤ ਉੱਤੇ ਹੋਵੇ ਉਹ ਹੇਠਾਂ ਨਾ ਉਤਰੇ ਅਤੇ ਨਾ ਕੋਈ ਚੀਜ਼ ਲੈਣ ਲਈ ਵਾਪਸ ਆਪਣੇ ਘਰ ਦੇ ਅੰਦਰ ਜਾਵੇ । 16ਇਸੇ ਤਰ੍ਹਾਂ ਜਿਹੜਾ ਖੇਤ ਵਿੱਚ ਹੋਵੇ, ਵਾਪਸ ਆਪਣਾ ਕੱਪੜਾ ਲੈਣ ਨਾ ਜਾਵੇ । 17ਅਫ਼ਸੋਸ ਹੈ ਉਹਨਾਂ ਔਰਤਾਂ ਦੇ ਲਈ ਜਿਹੜੀਆਂ ਉਹਨਾਂ ਦਿਨਾਂ ਵਿੱਚ ਗਰਭਵਤੀ ਹੋਣਗੀਆਂ ਅਤੇ ਜਿਹੜੀਆਂ ਦੁੱਧ ਪਿਲਾਉਂਦੀਆਂ ਹੋਣਗੀਆਂ । 18ਪਰਮੇਸ਼ਰ ਅੱਗੇ ਪ੍ਰਾਰਥਨਾ ਕਰੋ ਕਿ ਇਹ ਸਭ ਸਰਦੀ ਦੀ ਰੁੱਤ ਵਿੱਚ ਨਾ ਵਾਪਰੇ 19#ਦਾਨੀ 12:1, ਰਸੂਲਾਂ 7:14ਕਿਉਂਕਿ ਉਹਨਾਂ ਦਿਨਾਂ ਵਿੱਚ ਇੰਨੀ ਵੱਡੀ ਬਿਪਤਾ ਆਵੇਗੀ ਜਿਹੜੀ ਸ੍ਰਿਸ਼ਟੀ ਦੇ ਸ਼ੁਰੂ ਤੋਂ ਜਦੋਂ ਤੋਂ ਪਰਮੇਸ਼ਰ ਨੇ ਇਸ ਨੂੰ ਰਚਿਆ ਹੈ, ਨਾ ਆਈ ਹੈ ਅਤੇ ਨਾ ਅੱਗੇ ਆਵੇਗੀ । 20ਜੇਕਰ ਪ੍ਰਭੂ ਨੇ ਇਹਨਾਂ ਦਿਨਾਂ ਨੂੰ ਘੱਟ ਨਾ ਕੀਤਾ ਹੁੰਦਾ ਤਾਂ ਕੋਈ ਮਨੁੱਖ ਨਾ ਬਚਦਾ ਪਰ ਆਪਣੇ ਚੁਣੇ ਹੋਇਆਂ ਦੇ ਕਾਰਨ, ਉਹਨਾਂ ਨੇ ਇਹਨਾਂ ਦੀ ਗਿਣਤੀ ਘੱਟ ਕਰ ਦਿੱਤੀ ਹੈ ।
21“ਫਿਰ ਉਸ ਵੇਲੇ ਜੇਕਰ ਕੋਈ ਤੁਹਾਨੂੰ ਕਹੇ, ‘ਦੇਖੋ, ਮਸੀਹ ਇੱਥੇ ਹੈ ਜਾਂ ਉੱਥੇ ਹੈ’ ਵਿਸ਼ਵਾਸ ਨਾ ਕਰਨਾ । 22ਕਿਉਂਕਿ ਝੂਠੇ ਮਸੀਹ ਅਤੇ ਝੂਠੇ ਨਬੀ ਉੱਠ ਖੜ੍ਹੇ ਹੋਣਗੇ ਅਤੇ ਉਹ ਕਈ ਤਰ੍ਹਾਂ ਦੇ ਚਿੰਨ੍ਹ ਅਤੇ ਚਮਤਕਾਰ ਦਿਖਾਉਣਗੇ ਤਾਂ ਜੋ ਉਹ ਲੋਕਾਂ ਨੂੰ ਕੁਰਾਹੇ ਪਾਉਣ, ਇੱਥੋਂ ਤੱਕ ਕਿ ਜੇਕਰ ਹੋ ਸਕੇ ਤਾਂ ਪਰਮੇਸ਼ਰ ਦੇ ਚੁਣੇ ਹੋਇਆਂ ਨੂੰ ਵੀ । 23ਤੁਸੀਂ ਸੁਚੇਤ ਰਹੋ । ਮੈਂ ਤੁਹਾਨੂੰ ਸਭ ਕੁਝ ਪਹਿਲਾਂ ਹੀ ਦੱਸ ਦਿੱਤਾ ਹੈ ।”
ਮਨੁੱਖ ਦੇ ਪੁੱਤਰ ਦਾ ਆਉਣਾ
24 # ਯਸਾ 13:10, ਹਿਜ਼ 32:7, ਯੋਏ 2:10-31, 3:15, ਰਸੂਲਾਂ 6:12 “ਉਹਨਾਂ ਦਿਨਾਂ ਵਿੱਚ ਇਸ ਬਿਪਤਾ ਦੇ ਬਾਅਦ ਸੂਰਜ ਹਨੇਰਾ ਹੋ ਜਾਵੇਗਾ । ਚੰਦ ਆਪਣੀ ਲੋ ਨਹੀਂ ਦੇਵੇਗਾ,
25 # ਯਸਾ 34:4, ਯੋਏ 2:10, ਪ੍ਰਕਾਸ਼ਨ 6:13 ਅਕਾਸ਼ ਦੇ ਤਾਰੇ ਹੇਠਾਂ ਡਿੱਗ ਪੈਣਗੇ ਅਤੇ ਅਕਾਸ਼ ਦੀਆਂ ਸਾਰੀਆਂ ਸ਼ਕਤੀਆਂ ਹਿਲਾ ਦਿੱਤੀਆਂ ਜਾਣਗੀਆਂ ।
26 # ਦਾਨੀ 7:13, ਰਸੂਲਾਂ 1:7 “ਤਦ ਲੋਕ ਮਨੁੱਖ ਦੇ ਪੁੱਤਰ ਨੂੰ ਬੱਦਲਾਂ ਉੱਤੇ ਆਪਣੇ ਬਲ ਅਤੇ ਪ੍ਰਤਾਪ ਦੇ ਨਾਲ ਆਉਂਦਾ ਦੇਖਣਗੇ । 27ਫਿਰ ਉਹ ਆਪਣੇ ਸਵਰਗਦੂਤਾਂ ਨੂੰ ਭੇਜਣਗੇ ਕਿ ਉਹ ਪਰਮੇਸ਼ਰ ਦੇ ਚੁਣੇ ਹੋਇਆਂ ਨੂੰ ਧਰਤੀ ਦੇ ਇੱਕ ਪਾਸੇ ਤੋਂ ਲੈ ਕੇ ਅਸਮਾਨ ਦੇ ਦੂਜੇ ਪਾਸੇ ਤੱਕ ਚਾਰੇ ਪਾਸਿਆਂ ਤੋਂ ਇਕੱਠਾ ਕਰਨ ।”
ਅੰਜੀਰ ਦੇ ਰੁੱਖ ਤੋਂ ਸਿੱਖਿਆ
28“ਅੰਜੀਰ ਦੇ ਰੁੱਖ ਤੋਂ ਸਿੱਖਿਆ ਲਵੋ । ਜਦੋਂ ਉਸ ਦੀਆਂ ਟਹਿਣੀਆਂ ਨਰਮ ਹੋ ਜਾਂਦੀਆਂ ਹਨ ਅਤੇ ਉਹਨਾਂ ਨੂੰ ਪੱਤੇ ਲੱਗਣੇ ਸ਼ੁਰੂ ਹੋ ਜਾਂਦੇ ਹਨ ਤਾਂ ਤੁਸੀਂ ਸਮਝ ਜਾਂਦੇ ਹੋ ਕਿ ਗਰਮੀ ਦਾ ਮੌਸਮ ਨੇੜੇ ਹੈ । 29ਇਸ ਤਰ੍ਹਾਂ ਜਦੋਂ ਤੁਸੀਂ ਇਹ ਗੱਲਾਂ ਹੁੰਦੀਆਂ ਦੇਖੋ ਤਾਂ ਸਮਝ ਲੈਣਾ ਕਿ ਉਹ ਨੇੜੇ ਹੈ ਸਗੋਂ ਦਰਵਾਜ਼ੇ ਉੱਤੇ ਹੈ । 30ਇਹ ਸੱਚ ਜਾਣੋ, ਇਹ ਗੱਲਾਂ ਇਸ ਪੀੜ੍ਹੀ ਦੇ ਖ਼ਤਮ ਹੋਣ ਤੋਂ ਪਹਿਲਾਂ ਹੀ ਪੂਰੀਆਂ ਹੋ ਜਾਣਗੀਆਂ । 31ਅਕਾਸ਼ ਅਤੇ ਧਰਤੀ ਟਲ ਜਾਣਗੇ ਪਰ ਮੇਰੇ ਸ਼ਬਦ ਕਦੀ ਨਹੀਂ ਟਲਣਗੇ ।”
ਉਸ ਦਿਨ ਅਤੇ ਘੜੀ ਨੂੰ ਕੋਈ ਨਹੀਂ ਜਾਣਦਾ
32 # ਮੱਤੀ 24:36 “ਉਸ ਦਿਨ ਅਤੇ ਘੜੀ ਨੂੰ ਕੋਈ ਨਹੀਂ ਜਾਣਦਾ, ਨਾ ਸਵਰਗਦੂਤ ਨਾ ਪੁੱਤਰ, ਸਿਵਾਏ ਪਿਤਾ ਦੇ । 33ਇਸ ਲਈ ਸੁਚੇਤ ਰਹੋ, ਤੁਸੀਂ ਜਾਣਦੇ ਨਹੀਂ ਕਿ ਉਹ ਘੜੀ ਕਦੋਂ ਆ ਜਾਵੇਗੀ । 34#ਲੂਕਾ 12:36-38ਇਹ ਉਸ ਆਦਮੀ ਦੀ ਤਰ੍ਹਾਂ ਹੈ ਜਿਸ ਨੇ ਪਰਦੇਸ ਜਾਣ ਲੱਗੇ ਆਪਣੇ ਸੇਵਕਾਂ ਨੂੰ ਅਧਿਕਾਰ ਦਿੱਤਾ ਅਤੇ ਹਰ ਸੇਵਕ ਨੂੰ ਉਸ ਦਾ ਕੰਮ ਦੱਸ ਕੇ ਦਰਬਾਨ ਨੂੰ ਸਾਵਧਾਨ ਰਹਿਣ ਦਾ ਹੁਕਮ ਦਿੱਤਾ । 35ਇਸ ਲਈ ਸਾਵਧਾਨ ਰਹੋ, ਤੁਸੀਂ ਨਹੀਂ ਜਾਣਦੇ ਕਿ ਘਰ ਦਾ ਮਾਲਕ ਕਦੋਂ ਆ ਜਾਵੇਗਾ । ਹੋ ਸਕਦਾ ਹੈ ਕਿ ਸ਼ਾਮ ਸਮੇਂ ਜਾਂ ਅੱਧੀ ਰਾਤ ਨੂੰ ਜਾਂ ਸਵੇਰ ਹੋਣ ਤੋਂ ਪਹਿਲਾਂ ਜਾਂ ਦਿਨ ਚੜ੍ਹੇ । 36ਕਿਤੇ ਇਸ ਤਰ੍ਹਾਂ ਨਾ ਹੋਵੇ ਕਿ ਉਹ ਅਚਾਨਕ ਆ ਜਾਵੇ ਅਤੇ ਤੁਸੀਂ ਸੁੱਤੇ ਹੋਵੋ । 37ਇਸ ਲਈ ਜੋ ਮੈਂ ਤੁਹਾਨੂੰ ਕਹਿੰਦਾ ਹਾਂ, ਉਹ ਹੀ ਸਾਰਿਆਂ ਨੂੰ ਕਹਿੰਦਾ ਹਾਂ ਕਿ ਸਾਵਧਾਨ ਰਹੋ ।”

Currently Selected:

ਮਰਕੁਸ 13: CL-NA

Highlight

Share

Copy

None

Want to have your highlights saved across all your devices? Sign up or sign in