YouVersion Logo
Search Icon

ਮੱਤੀ 27

27
ਪ੍ਰਭੂ ਯਿਸੂ ਦੀ ਪਿਲਾਤੁਸ ਦੇ ਸਾਹਮਣੇ ਪੇਸ਼ੀ
1ਜਦੋਂ ਸਵੇਰ ਹੋਈ ਮਹਾਂ-ਪੁਰੋਹਿਤਾਂ ਅਤੇ ਯਹੂਦੀਆਂ ਦੇ ਬਜ਼ੁਰਗ ਆਗੂਆਂ ਨੇ ਮਿਲ ਕੇ ਯਿਸੂ ਦੇ ਵਿਰੁੱਧ ਉਹਨਾਂ ਨੂੰ ਮਾਰਨ ਦੀ ਵਿਉਂਤ ਬਣਾਈ । 2ਉਹ ਯਿਸੂ ਨੂੰ ਬੰਨ੍ਹ ਕੇ ਲੈ ਗਏ ਅਤੇ ਰਾਜਪਾਲ ਪਿਲਾਤੁਸ ਦੇ ਹਵਾਲੇ ਕਰ ਦਿੱਤਾ ।
ਯਹੂਦਾ ਇਸਕਰਿਯੋਤੀ ਦੀ ਮੌਤ
3 # ਰਸੂਲਾਂ 1:18-19 ਫਿਰ ਜਦੋਂ ਵਿਸ਼ਵਾਸਘਾਤੀ ਯਹੂਦਾ ਨੇ ਦੇਖਿਆ ਕਿ ਯਿਸੂ ਨੂੰ ਦੋਸ਼ੀ ਠਹਿਰਾਇਆ ਗਿਆ ਹੈ ਤਾਂ ਉਹ ਪਛਤਾਇਆ ਅਤੇ ਚਾਂਦੀ ਦੇ ਸਿੱਕੇ ਮਹਾਂ-ਪੁਰੋਹਿਤਾਂ ਅਤੇ ਬਜ਼ੁਰਗ ਆਗੂਆਂ ਦੇ ਕੋਲ ਵਾਪਸ ਲੈ ਗਿਆ । 4ਉਸ ਨੇ ਉਹਨਾਂ ਨੂੰ ਕਿਹਾ, “ਮੈਂ ਧੋਖੇ ਨਾਲ ਇੱਕ ਬੇਕਸੂਰ ਨੂੰ ਮੌਤ ਦੀ ਸਜ਼ਾ ਦੇ ਲਈ ਫੜਵਾ ਕੇ ਪਾਪ ਕੀਤਾ ਹੈ ।” ਪਰ ਉਹਨਾਂ ਨੇ ਉੱਤਰ ਦਿੱਤਾ, “ਇਸ ਨਾਲ ਸਾਨੂੰ ਕੀ ? ਤੂੰ ਹੀ ਜਾਣ !” 5ਤਦ ਯਹੂਦਾ ਚਾਂਦੀ ਦੇ ਉਹ ਤੀਹ ਸਿੱਕੇ ਹੈਕਲ ਵਿੱਚ ਸੁੱਟ ਕੇ ਉੱਥੋਂ ਚਲਾ ਗਿਆ ਅਤੇ ਜਾ ਕੇ ਫਾਹਾ ਲੈ ਲਿਆ ।
6 ਮਹਾਂ-ਪੁਰੋਹਿਤਾਂ ਨੇ ਉਹ ਸਿੱਕੇ ਚੁੱਕ ਲਏ ਅਤੇ ਕਿਹਾ, “ਇਹ ਖ਼ੂਨ ਦਾ ਮੁੱਲ ਹੈ, ਇਸ ਲਈ ਇਹਨਾਂ ਨੂੰ ਹੈਕਲ ਦੇ ਖ਼ਜ਼ਾਨੇ ਵਿੱਚ ਰੱਖਣਾ ਸਾਡੀ ਵਿਵਸਥਾ ਦੇ ਵਿਰੁੱਧ ਹੈ ।” 7ਇਸ ਲਈ ਉਹਨਾਂ ਨੇ ਮਿਲ ਕੇ ਸਲਾਹ ਕੀਤੀ ਅਤੇ ਉਹਨਾਂ ਚਾਂਦੀ ਦੇ ਸਿੱਕਿਆਂ ਨਾਲ ਘੁਮਿਆਰ ਦਾ ਖੇਤ ਪਰਦੇਸੀਆਂ ਦੇ ਕਬਰਸਤਾਨ ਦੇ ਲਈ ਮੁੱਲ ਲੈ ਲਿਆ । 8ਇਸ ਕਾਰਨ ਉਸ ਖੇਤ ਦਾ ਨਾਂ ਅੱਜ ਤੱਕ ‘ਖ਼ੂਨ ਦਾ ਖੇਤ’ ਹੈ ।
9 # ਜ਼ਕਰ 11:12-13 ਇਸ ਦੇ ਰਾਹੀਂ ਯਿਰਮਿਯਾਹ ਨਬੀ ਦਾ ਕਿਹਾ ਹੋਇਆ ਇਹ ਵਚਨ ਪੂਰਾ ਹੋਇਆ, “ਉਹਨਾਂ ਨੇ ਚਾਂਦੀ ਦੇ ਤੀਹ ਸਿੱਕੇ ਲੈ ਲਏ, ਜਿਹੜਾ ਮੁੱਲ ਇਸਰਾਏਲ ਦੇ ਲੋਕਾਂ ਨੇ ਤੈਅ ਕੀਤਾ ਸੀ, 10ਅਤੇ ਉਹਨਾਂ ਨੇ ਉਹਨਾਂ ਸਿੱਕਿਆਂ ਦੇ ਨਾਲ ਘੁਮਿਆਰ ਦਾ ਖੇਤ ਮੁੱਲ ਲਿਆ, ਜਿਸ ਤਰ੍ਹਾਂ ਪ੍ਰਭੂ ਨੇ ਮੈਨੂੰ ਹੁਕਮ ਦਿੱਤਾ ਸੀ ।”
ਪਿਲਾਤੁਸ ਦਾ ਪ੍ਰਭੂ ਯਿਸੂ ਤੋਂ ਪ੍ਰਸ਼ਨ ਪੁੱਛਣਾ
11ਫਿਰ ਯਿਸੂ ਨੂੰ ਰਾਜਪਾਲ ਦੇ ਸਾਹਮਣੇ ਪੇਸ਼ ਕੀਤਾ ਗਿਆ । ਰਾਜਪਾਲ ਨੇ ਯਿਸੂ ਤੋਂ ਪੁੱਛਿਆ, “ਕੀ ਤੂੰ ਯਹੂਦੀਆਂ ਦਾ ਰਾਜਾ ਹੈਂ ?” ਯਿਸੂ ਨੇ ਉੱਤਰ ਦਿੱਤਾ, “ਤੁਸੀਂ ਆਪ ਹੀ ਕਹਿ ਰਹੇ ਹੋ ।” 12ਪਰ ਯਿਸੂ ਨੇ ਉਹਨਾਂ ਦੋਸ਼ਾਂ ਦਾ ਕੋਈ ਉੱਤਰ ਨਾ ਦਿੱਤਾ ਜਿਹੜੇ ਮਹਾਂ-ਪੁਰੋਹਿਤ ਅਤੇ ਬਜ਼ੁਰਗ ਆਗੂ ਉਹਨਾਂ ਉੱਤੇ ਲਾ ਰਹੇ ਸਨ । 13ਇਸ ਲਈ ਪਿਲਾਤੁਸ ਨੇ ਯਿਸੂ ਨੂੰ ਕਿਹਾ, “ਕੀ ਤੂੰ ਇਹ ਗਵਾਹੀਆਂ ਨਹੀਂ ਸੁਣ ਰਿਹਾ ਜਿਹੜੀਆਂ ਉਹ ਤੇਰੇ ਵਿਰੁੱਧ ਦੇ ਰਹੇ ਹਨ ?” 14ਪਰ ਯਿਸੂ ਨੇ ਆਪਣੇ ਮੂੰਹ ਤੋਂ ਇੱਕ ਵੀ ਸ਼ਬਦ ਨਾ ਕਿਹਾ ਜਿਸ ਤੋਂ ਰਾਜਪਾਲ ਨੂੰ ਬਹੁਤ ਹੈਰਾਨੀ ਹੋਈ ।
ਪ੍ਰਭੂ ਯਿਸੂ ਨੂੰ ਮੌਤ ਦੀ ਸਜ਼ਾ
15ਹੁਣ ਪਸਾਹ ਦੇ ਤਿਉਹਾਰ ਤੇ ਰਾਜਪਾਲ ਦੀ ਇਹ ਰੀਤ ਸੀ ਕਿ ਉਹ ਇੱਕ ਕੈਦੀ ਨੂੰ ਜਿਸ ਨੂੰ ਲੋਕ ਚਾਹੁੰਦੇ ਸਨ, ਛੱਡ ਦਿੰਦਾ ਸੀ । 16ਉਸ ਸਮੇਂ ਕੈਦ ਵਿੱਚ ਇੱਕ ਬਦਨਾਮ ਕੈਦੀ ਸੀ, ਜਿਸ ਦਾ ਨਾਂ ਬਰੱਬਾਸ#27:16 ਕੁਝ ਯੂਨਾਨੀ ਮੂਲ ਲਿਖਤਾਂ ਵਿੱਚ ਇਹ ਸ਼ਬਦ ‘ਯਿਸੂ’ ਹੈ । ਸੀ । 17ਇਸ ਲਈ ਜਦੋਂ ਲੋਕ ਇਕੱਠੇ ਹੋਏ ਤਾਂ ਪਿਲਾਤੁਸ ਨੇ ਉਹਨਾਂ ਤੋਂ ਪੁੱਛਿਆ, “ਤੁਸੀਂ ਕਿਸ ਨੂੰ ਚਾਹੁੰਦੇ ਹੋ ਕਿ ਮੈਂ ਛੱਡਾਂ, ਬਰੱਬਾਸ ਨੂੰ ਜਾਂ ਯਿਸੂ ਨੂੰ ਜਿਹੜਾ ‘ਮਸੀਹ’ ਅਖਵਾਉਂਦਾ ਹੈ ?” 18ਕਿਉਂਕਿ ਉਹ ਜਾਣਦਾ ਸੀ ਕਿ ਉਹਨਾਂ ਨੇ ਯਿਸੂ ਨੂੰ ਕੇਵਲ ਈਰਖਾ ਦੇ ਕਾਰਨ ਫੜਵਾਇਆ ਹੈ ।
19ਜਦੋਂ ਪਿਲਾਤੁਸ ਨਿਆਂ ਗੱਦੀ ਉੱਤੇ ਬੈਠਾ ਹੋਇਆ ਸੀ ਤਾਂ ਉਸ ਦੀ ਪਤਨੀ ਨੇ ਸੁਨੇਹਾ ਭੇਜਿਆ, “ਇਸ ਬੇਕਸੂਰ ਆਦਮੀ ਨੂੰ ਕੁਝ ਨਾ ਕਹਿਣਾ ਕਿਉਂਕਿ ਇਸ ਦੇ ਕਾਰਨ ਅੱਜ ਮੈਂ ਸੁਪਨੇ ਵਿੱਚ ਬਹੁਤ ਦੁੱਖ ਝੱਲਿਆ ਹੈ ।”
20ਪਰ ਮਹਾਂ-ਪੁਰੋਹਿਤਾਂ ਅਤੇ ਬਜ਼ੁਰਗ ਆਗੂਆਂ ਨੇ ਲੋਕਾਂ ਨੂੰ ਭੜਕਾਇਆ ਕਿ ਬਰੱਬਾਸ ਨੂੰ ਛੱਡਣ ਦੀ ਮੰਗ ਕਰਨ ਅਤੇ ਯਿਸੂ ਨੂੰ ਮੌਤ ਦੀ ਸਜ਼ਾ ਦਿੱਤੀ ਜਾਵੇ । 21ਰਾਜਪਾਲ ਨੇ ਉਹਨਾਂ ਨੂੰ ਪੁੱਛਿਆ, “ਦੋਨਾਂ ਵਿੱਚੋਂ ਮੈਂ ਕਿਸ ਨੂੰ ਤੁਹਾਡੇ ਲਈ ਛੱਡਾਂ ?” ਉਹਨਾਂ ਨੇ ਉੱਤਰ ਦਿੱਤਾ, “ਬਰੱਬਾਸ ਨੂੰ ।” 22ਤਦ ਪਿਲਾਤੁਸ ਨੇ ਉਹਨਾਂ ਨੂੰ ਪੁੱਛਿਆ, “ਤਾਂ ਫਿਰ ਮੈਂ ਯਿਸੂ ਨਾਲ, ਜਿਹੜਾ ‘ਮਸੀਹ’ ਅਖਵਾਉਂਦਾ ਹੈ, ਕੀ ਕਰਾਂ ?” ਉਹਨਾਂ ਸਾਰਿਆਂ ਨੇ ਉੱਚੀ ਆਵਾਜ਼ ਵਿੱਚ ਕਿਹਾ, “ਉਸ ਨੂੰ ਸਲੀਬ ਉੱਤੇ ਚੜ੍ਹਾਓ !” 23ਪਿਲਾਤੁਸ ਨੇ ਉਹਨਾਂ ਤੋਂ ਪੁੱਛਿਆ, “ਕਿਉਂ, ਉਸ ਨੇ ਕੀ ਅਪਰਾਧ ਕੀਤਾ ਹੈ ?” ਤਦ ਉਹਨਾਂ ਨੇ ਹੋਰ ਵੀ ਜ਼ੋਰ ਦੇ ਕੇ ਕਿਹਾ, “ਇਸ ਨੂੰ ਸਲੀਬ ਉੱਤੇ ਚੜ੍ਹਾਓ !” 24#ਵਿਵ 21:6-9ਜਦੋਂ ਪਿਲਾਤੁਸ ਨੇ ਇਹ ਦੇਖਿਆ ਕਿ ਇਸ ਤਰ੍ਹਾਂ ਕੁਝ ਨਹੀਂ ਬਣ ਰਿਹਾ ਸਗੋਂ ਫ਼ਸਾਦ ਵੱਧਦਾ ਹੀ ਜਾਂਦਾ ਹੈ ਤਾਂ ਉਸ ਨੇ ਪਾਣੀ ਲਿਆ ਅਤੇ ਭੀੜ ਦੇ ਸਾਹਮਣੇ ਇਹ ਕਹਿੰਦੇ ਹੋਏ ਆਪਣੇ ਹੱਥ ਧੋਤੇ, “ਮੈਂ ਇਸ ਮਨੁੱਖ ਦੇ ਖ਼ੂਨ ਤੋਂ ਨਿਰਦੋਸ਼ ਹਾਂ, ਇਸ ਦੇ ਖ਼ੂਨ ਦੇ ਜ਼ਿਮੇਵਾਰ ਤੁਸੀਂ ਹੋ !” 25ਸਾਰੇ ਲੋਕਾਂ ਨੇ ਉੱਤਰ ਦਿੱਤਾ, “ਇਸ ਦਾ ਖ਼ੂਨ ਸਾਡੇ ਅਤੇ ਸਾਡੀ ਸੰਤਾਨ ਦੇ ਉੱਤੇ ਹੋਵੇ !” 26ਤਦ ਪਿਲਾਤੁਸ ਨੇ ਉਹਨਾਂ ਦੇ ਲਈ ਬਰੱਬਾਸ ਨੂੰ ਛੱਡ ਦਿੱਤਾ ਅਤੇ ਯਿਸੂ ਨੂੰ ਕੋਰੜੇ ਮਰਵਾ ਕੇ ਸਲੀਬ ਉੱਤੇ ਚੜ੍ਹਾਉਣ ਲਈ ਹਵਾਲੇ ਕਰ ਦਿੱਤਾ ।
ਪ੍ਰਭੂ ਯਿਸੂ ਦਾ ਮਖ਼ੌਲ ਉਡਾਇਆ ਜਾਣਾ
27ਫਿਰ ਰਾਜਪਾਲ ਦੇ ਸਿਪਾਹੀ ਯਿਸੂ ਨੂੰ ਰਾਜਪਾਲ ਦੇ ਮਹਿਲ ਵਿੱਚ ਲੈ ਗਏ ਅਤੇ ਉਹਨਾਂ ਨੇ ਉੱਥੇ ਆਪਣੇ ਸਾਰੇ ਸਾਥੀ ਫ਼ੋਜੀਆਂ ਨੂੰ ਵੀ ਸੱਦ ਲਿਆ । 28ਸਿਪਾਹੀਆਂ ਨੇ ਯਿਸੂ ਦੇ ਕੱਪੜੇ ਉਤਾਰ ਦਿੱਤੇ ਅਤੇ ਉਹਨਾਂ ਨੂੰ ਲਾਲ ਰੰਗ ਦਾ ਚੋਗਾ ਪਵਾ ਦਿੱਤਾ । 29ਫਿਰ ਸਿਪਾਹੀਆਂ ਨੇ ਇੱਕ ਕੰਢਿਆਂ ਦਾ ਤਾਜ ਬਣਾ ਕੇ ਯਿਸੂ ਦੇ ਸਿਰ ਉੱਤੇ ਰੱਖਿਆ ਅਤੇ ਉਹਨਾਂ ਦੇ ਸੱਜੇ ਹੱਥ ਵਿੱਚ ਇੱਕ ਕਾਨਾ ਫੜਾਇਆ । ਉਹ ਗੋਡੇ ਟੇਕ ਕੇ ਯਿਸੂ ਦੇ ਅੱਗੇ ਮਖ਼ੌਲ ਦੇ ਤੌਰ ਤੇ ਇਹ ਕਹਿਣ ਲੱਗੇ, “ਯਹੂਦੀਆਂ ਦੇ ਰਾਜੇ ਦੀ ਜੈ ਹੋਵੇ !” 30ਉਹਨਾਂ ਨੇ ਯਿਸੂ ਦੇ ਉੱਤੇ ਥੁੱਕਿਆ ਅਤੇ ਇੱਕ ਕਾਨਾ ਲੈ ਕੇ ਉਹਨਾਂ ਦੇ ਸਿਰ ਉੱਤੇ ਮਾਰਿਆ । 31ਇਸ ਤਰ੍ਹਾਂ ਜਦੋਂ ਉਹ ਯਿਸੂ ਨੂੰ ਮਖ਼ੌਲ ਕਰ ਚੁੱਕੇ ਤਦ ਉਹਨਾਂ ਨੇ ਚੋਗਾ ਲਾਹ ਲਿਆ ਅਤੇ ਯਿਸੂ ਦੇ ਕੱਪੜੇ ਉਹਨਾਂ ਨੂੰ ਪਹਿਨਾਏ । ਫਿਰ ਉਹ ਯਿਸੂ ਨੂੰ ਸਲੀਬ ਉੱਤੇ ਚੜ੍ਹਾਉਣ ਲਈ ਬਾਹਰ ਲੈ ਗਏ ।
ਪ੍ਰਭੂ ਯਿਸੂ ਨੂੰ ਸਲੀਬ ਉੱਤੇ ਚੜ੍ਹਾਇਆ ਜਾਣਾ
32ਜਦੋਂ ਉਹ ਬਾਹਰ ਜਾ ਰਹੇ ਸਨ, ਤਦ ਰਾਹ ਵਿੱਚ ਉਹਨਾਂ ਨੂੰ ਸ਼ਮਊਨ ਨਾਂ ਦਾ ਇੱਕ ਆਦਮੀ ਮਿਲਿਆ ਜਿਹੜਾ ਕੁਰੈਨੀ ਸੀ । ਸਿਪਾਹੀਆਂ ਨੇ ਉਸ ਨੂੰ ਯਿਸੂ ਦੀ ਸਲੀਬ ਚੁੱਕਣ ਲਈ ਮਜਬੂਰ ਕੀਤਾ । 33ਉਹ ‘ਗੋਲਗੋਥਾ’ ਨਾਂ ਦੀ ਥਾਂ ਉੱਤੇ ਆਏ ਜਿਸ ਦਾ ਅਰਥ ਹੈ, ‘ਖੋਪੜੀ ਦੀ ਥਾਂ ।’ 34#ਭਜਨ 69:21ਉੱਥੇ ਉਹਨਾਂ ਨੇ ਯਿਸੂ ਨੂੰ ਪਿਤ#27:34 ਕੌੜਾ ਤਰਲ ਪਦਾਰਥ ਨਾਲ ਮਿਲੀ ਹੋਈ ਮੈਅ ਪੀਣ ਲਈ ਦਿੱਤੀ ਪਰ ਜਦੋਂ ਯਿਸੂ ਨੇ ਚੱਖੀ ਤਾਂ ਉਹਨਾਂ ਨੇ ਪੀਣ ਤੋਂ ਇਨਕਾਰ ਕਰ ਦਿੱਤਾ ।
35 # ਭਜਨ 22:18 ਫਿਰ ਉਹਨਾਂ ਨੇ ਯਿਸੂ ਨੂੰ ਸਲੀਬ ਉੱਤੇ ਚੜ੍ਹਾ ਦਿੱਤਾ ਅਤੇ ਸਿਪਾਹੀਆਂ ਨੇ ਯਿਸੂ ਦੇ ਕੱਪੜੇ ਗੁਣਾ ਪਾ ਕੇ ਆਪਸ ਵਿੱਚ ਵੰਡ ਲਏ । 36ਇਸ ਦੇ ਬਾਅਦ ਉਹ ਉੱਥੇ ਬੈਠ ਕੇ ਪਹਿਰਾ ਦੇਣ ਲੱਗੇ । 37ਉਹਨਾਂ ਨੇ ਯਿਸੂ ਦੇ ਸਿਰ ਤੋਂ ਉੱਪਰ ਸਲੀਬ ਉੱਤੇ ਦੋਸ਼-ਪੱਤਰ ਲਿਖ ਕੇ ਲਾਇਆ, “ਇਹ ਯਿਸੂ ਹੈ ਜਿਹੜਾ ਯਹੂਦੀਆਂ ਦਾ ਰਾਜਾ ਹੈ ।” 38ਉਸ ਸਮੇਂ ਉਹਨਾਂ ਨੇ ਦੋ ਡਾਕੂਆਂ ਨੂੰ ਵੀ ਯਿਸੂ ਦੇ ਨਾਲ ਸਲੀਬ ਉੱਤੇ ਚੜ੍ਹਾਇਆ । ਇੱਕ ਨੂੰ ਉਹਨਾਂ ਦੇ ਸੱਜੇ ਪਾਸੇ ਅਤੇ ਦੂਜੇ ਨੂੰ ਖੱਬੇ ਪਾਸੇ ।
39 # ਭਜਨ 22:7, 109:25 ਲੋਕ ਜਿਹੜੇ ਉੱਥੋਂ ਦੀ ਜਾ ਰਹੇ ਸਨ, ਯਿਸੂ ਦੀ ਨਿੰਦਾ ਕਰਦੇ ਜਾਂਦੇ ਅਤੇ ਸਿਰ ਹਿਲਾ ਹਿਲਾ ਕੇ ਕਹਿੰਦੇ ਸਨ, 40#ਮੱਤੀ 26:61, ਯੂਹ 2:19ਹੈਕਲ ਦੇ ਢਾਉਣ ਵਾਲੇ ਅਤੇ ਤਿੰਨਾਂ ਦਿਨਾਂ ਵਿੱਚ ਉਸਾਰਨ ਵਾਲੇ, ਜੇਕਰ ਤੂੰ ਪਰਮੇਸ਼ਰ ਦਾ ਪੁੱਤਰ ਹੈਂ ਤਾਂ ਆਪਣੇ ਆਪ ਨੂੰ ਬਚਾਅ ਅਤੇ ਸਲੀਬ ਤੋਂ ਉਤਰ ਆ ।” 41ਇਸੇ ਤਰ੍ਹਾਂ ਮਹਾਂ-ਪੁਰੋਹਿਤਾਂ ਅਤੇ ਵਿਵਸਥਾ ਦੇ ਸਿੱਖਿਅਕ ਅਤੇ ਬਜ਼ੁਰਗ ਆਗੂਆਂ ਨੇ ਵੀ ਮਖ਼ੌਲ ਕੀਤੇ । 42ਉਹ ਕਹਿੰਦੇ ਸਨ, “ਇਸ ਨੇ ਦੂਜਿਆਂ ਨੂੰ ਬਚਾਇਆ ਹੈ ਪਰ ਆਪਣੇ ਆਪ ਨੂੰ ਨਹੀਂ ਬਚਾਅ ਸਕਦਾ ! ਇਹ ਇਸਰਾਏਲ ਦਾ ਰਾਜਾ ਹੈ ! ਜੇਕਰ ਇਹ ਸਲੀਬ ਤੋਂ ਉਤਰ ਆਵੇ ਤਾਂ ਅਸੀਂ ਇਸ ਵਿੱਚ ਵਿਸ਼ਵਾਸ ਕਰਾਂਗੇ । 43#ਭਜਨ 22:8ਇਸ ਨੇ ਪਰਮੇਸ਼ਰ ਉੱਤੇ ਭਰੋਸਾ ਰੱਖਿਆ । ਪਰ ਜੇਕਰ ਪਰਮੇਸ਼ਰ ਚਾਹੁੰਦਾ ਹੈ ਤਾਂ ਇਸ ਨੂੰ ਬਚਾਵੇ ! ਇਸ ਨੇ ਇਹ ਵੀ ਕਿਹਾ ਸੀ, ‘ਮੈਂ ਪਰਮੇਸ਼ਰ ਦਾ ਪੁੱਤਰ ਹਾਂ ।’” 44ਇਸੇ ਤਰ੍ਹਾਂ ਜਿਹੜੇ ਡਾਕੂ ਯਿਸੂ ਦੇ ਨਾਲ ਸਲੀਬ ਉੱਤੇ ਚੜ੍ਹਾਏ ਗਏ ਸਨ, ਉਹ ਵੀ ਉਹਨਾਂ ਨੂੰ ਬੁਰਾ ਭਲਾ ਕਹਿ ਰਹੇ ਸਨ ।
ਪ੍ਰਭੂ ਯਿਸੂ ਦੀ ਮੌਤ
45ਜਦੋਂ ਦੁਪਹਿਰ ਹੋਈ ਤਾਂ ਸਾਰੇ ਦੇਸ਼ ਉੱਤੇ ਹਨੇਰਾ ਛਾ ਗਿਆ ਅਤੇ ਦਿਨ ਦੇ ਤਿੰਨ ਵਜੇ ਤੱਕ ਰਿਹਾ । 46#ਭਜਨ 22:1, ਮਰ 15:34ਲਗਭਗ ਤਿੰਨ ਵਜੇ ਯਿਸੂ ਨੇ ਉੱਚੀ ਆਵਾਜ਼ ਨਾਲ ਪੁਕਾਰ ਕੇ ਕਿਹਾ, “ਏਲੀ, ਏਲੀ, ਲਮਾ ਸਬਤਕਤਨੀ #27:46 ਕੁਝ ਲਿਖਤਾਂ ਵਿੱਚ ‘ਇਲੋਈ, ਇਲੋਈ’ ਲਿਖਿਆ ਹੈ ।?” ਜਿਸ ਦਾ ਅਰਥ ਹੈ, “ਹੇ ਮੇਰੇ ਪਰਮੇਸ਼ਰ, ਹੇ ਮੇਰੇ ਪਰਮੇਸ਼ਰ, ਤੁਸੀਂ ਮੈਨੂੰ ਕਿਉਂ ਛੱਡ ਦਿੱਤਾ ਹੈ ?” 47ਜਿਹੜੇ ਉੱਥੇ ਖੜ੍ਹੇ ਸਨ, ਉਹਨਾਂ ਨੇ ਇਹ ਸੁਣਿਆ ਅਤੇ ਉਹਨਾਂ ਵਿੱਚੋਂ ਕੁਝ ਨੇ ਕਿਹਾ, “ਦੇਖੋ, ਉਹ ਏਲੀਯਾਹ ਨੂੰ ਸੱਦ ਰਿਹਾ ਹੈ ।” 48#ਭਜਨ 69:21ਉਸੇ ਸਮੇਂ ਉਹਨਾਂ ਵਿੱਚੋਂ ਇੱਕ ਨੇ ਦੌੜ ਕੇ ਇੱਕ ਸਪੰਜ ਨੂੰ ਸਿਰਕੇ ਵਿੱਚ ਡੋਬਿਆ ਅਤੇ ਯਿਸੂ ਦੇ ਮੂੰਹ ਨੂੰ ਲਾ ਦਿੱਤਾ । 49ਪਰ ਦੂਜਿਆਂ ਨੇ ਕਿਹਾ, “ਠਹਿਰੋ, ਭਲਾ ਦੇਖਦੇ ਹਾਂ ਕਿ ਏਲੀਯਾਹ ਇਸ ਨੂੰ ਬਚਾਉਣ ਆਉਂਦਾ ਹੈ !” 50ਤਦ ਯਿਸੂ ਨੇ ਉੱਚੀ ਆਵਾਜ਼ ਨਾਲ ਪੁਕਾਰ ਕੇ ਪ੍ਰਾਣ ਤਿਆਗ ਦਿੱਤੇ ।
51 # ਕੂਚ 26:31-33 ਅਤੇ ਦੇਖੋ, ਹੈਕਲ ਦੇ ਅੰਦਰ ਦਾ ਪਰਦਾ ਉੱਪਰ ਤੋਂ ਲੈ ਕੇ ਹੇਠਾਂ ਤੱਕ ਪਾਟ ਗਿਆ ! ਧਰਤੀ ਹਿੱਲ ਗਈ ਅਤੇ ਚਟਾਨਾਂ ਪਾਟ ਗਈਆਂ । 52ਕਬਰਾਂ ਖੁੱਲ੍ਹ ਗਈਆਂ ਅਤੇ ਬਹੁਤ ਸਾਰੇ ਪਰਮੇਸ਼ਰ ਦੇ ਭਗਤ ਜਿਊਂਦੇ ਹੋ ਗਏ ਜਿਹੜੇ ਮਰ ਗਏ ਸਨ । 53ਯਿਸੂ ਦੇ ਜੀਅ ਉੱਠਣ ਦੇ ਬਾਅਦ ਉਹ ਕਬਰਾਂ ਨੂੰ ਛੱਡ ਕੇ ਪਵਿੱਤਰ ਸ਼ਹਿਰ ਵਿੱਚ ਗਏ ਅਤੇ ਬਹੁਤ ਸਾਰੇ ਲੋਕਾਂ ਨੂੰ ਦਿਖਾਈ ਦਿੱਤੇ ।
54ਜਦੋਂ ਸੂਬੇਦਾਰ ਅਤੇ ਉਸ ਦੇ ਸਿਪਾਹੀ ਜਿਹੜੇ ਯਿਸੂ ਦੀ ਪਹਿਰੇਦਾਰੀ ਕਰ ਰਹੇ ਸਨ, ਉਹਨਾਂ ਨੇ ਧਰਤੀ ਹਿੱਲਦੀ ਦੇਖੀ ਅਤੇ ਇਹ ਸਭ ਹੁੰਦਾ ਦੇਖਿਆ ਤਾਂ ਉਹ ਬਹੁਤ ਡਰ ਗਏ । ਉਹਨਾਂ ਨੇ ਕਿਹਾ, “ਇਹ ਸੱਚਮੁੱਚ ਹੀ ਪਰਮੇਸ਼ਰ ਦਾ ਪੁੱਤਰ ਸੀ !” 55#ਲੂਕਾ 8:2-3ਉੱਥੇ ਬਹੁਤ ਸਾਰੀਆਂ ਔਰਤਾਂ ਉਸ ਸਮੇਂ ਕੁਝ ਦੂਰ ਖੜ੍ਹੀਆਂ ਇਹ ਦੇਖ ਰਹੀਆਂ ਸਨ ਜਿਹੜੀਆਂ ਯਿਸੂ ਦੇ ਪਿੱਛੇ ਪਿੱਛੇ ਗਲੀਲ ਤੋਂ ਆਈਆਂ ਅਤੇ ਉਹਨਾਂ ਦੀ ਸੇਵਾ ਕਰਦੀਆਂ ਸਨ । 56ਉਹਨਾਂ ਵਿੱਚ ਮਰੀਅਮ ਮਗਦਲੀਨੀ, ਯਾਕੂਬ ਅਤੇ ਯੂਸਫ਼ ਦੀ ਮਾਂ ਮਰੀਅਮ ਅਤੇ ਜ਼ਬਦੀ ਦੀ ਪਤਨੀ ਵੀ ਸਨ ।
ਪ੍ਰਭੂ ਯਿਸੂ ਦਾ ਕਬਰ ਵਿੱਚ ਰੱਖਿਆ ਜਾਣਾ
57ਜਦੋਂ ਸ਼ਾਮ ਹੋ ਗਈ ਤਾਂ ਅਰਿਮਤੀਆ ਨਿਵਾਸੀ ਇੱਕ ਧਨੀ ਆਦਮੀ ਜਿਸ ਦਾ ਨਾਂ ਯੂਸਫ਼ ਸੀ, ਆਇਆ । ਉਹ ਵੀ ਯਿਸੂ ਦਾ ਚੇਲਾ ਸੀ । 58ਉਹ ਪਿਲਾਤੁਸ ਰਾਜਪਾਲ ਕੋਲ ਗਿਆ ਅਤੇ ਯਿਸੂ ਦੀ ਲਾਸ਼ ਮੰਗੀ । ਪਿਲਾਤੁਸ ਨੇ ਯੂਸਫ਼ ਨੂੰ ਲਾਸ਼ ਦੇਣ ਦਾ ਹੁਕਮ ਦਿੱਤਾ । 59ਇਸ ਲਈ ਯੂਸਫ਼ ਨੇ ਲਾਸ਼ ਲਈ ਅਤੇ ਇੱਕ ਮਲਮਲ ਦੀ ਚਾਦਰ ਵਿੱਚ ਲਪੇਟੀ 60ਅਤੇ ਆਪਣੀ ਨਵੀਂ ਬਣੀ ਕਬਰ ਵਿੱਚ ਰੱਖ ਦਿੱਤੀ । ਇਹ ਕਬਰ ਚਟਾਨ ਦੇ ਵਿੱਚ ਖੋਦੀ ਹੋਈ ਸੀ । ਇਹ ਕਰਨ ਦੇ ਬਾਅਦ ਉਸ ਨੇ ਇੱਕ ਭਾਰਾ ਪੱਥਰ ਕਬਰ ਦੇ ਮੂੰਹ ਉੱਤੇ ਰੇੜ੍ਹ ਦਿੱਤਾ ਅਤੇ ਉੱਥੋਂ ਚਲਾ ਗਿਆ । 61ਮਰੀਅਮ ਮਗਦਲੀਨੀ ਅਤੇ ਦੂਜੀ ਮਰੀਅਮ ਉਸ ਵੇਲੇ ਉੱਥੇ ਕਬਰ ਦੇ ਸਾਹਮਣੇ ਬੈਠੀਆਂ ਹੋਈਆਂ ਸਨ ।
ਕਬਰ ਦੀ ਸੁਰੱਖਿਆ
62ਅਗਲੇ ਦਿਨ ਤਿਆਰੀ ਦੇ ਦਿਨ ਦੇ ਬਾਅਦ,#27:62 ਤਿਆਰੀ ਦਾ ਦਿਨ ਸਬਤ ਤੋਂ ਪਹਿਲੇ ਦਾ ਦਿਨ ਸੀ । ਮਹਾਂ-ਪੁਰੋਹਿਤ ਅਤੇ ਫ਼ਰੀਸੀ ਇਕੱਠੇ ਹੋ ਕੇ ਪਿਲਾਤੁਸ ਕੋਲ ਆਏ । 63#ਮੱਤੀ 16:21, 17:23, 20:19, ਮਰ 8:31, 9:31, 10:33-34, ਲੂਕਾ 9:22, 18:31-33ਉਹਨਾਂ ਨੇ ਕਿਹਾ, “ਸ੍ਰੀਮਾਨ ਜੀ, ਸਾਨੂੰ ਯਾਦ ਹੈ ਕਿ ਉਹ ਧੋਖੇਬਾਜ਼ ਜਦੋਂ ਜਿਊਂਦਾ ਸੀ ਤਾਂ ਉਸ ਨੇ ਕਿਹਾ ਸੀ ਕਿ ਮੈਂ ਤਿੰਨ ਦਿਨਾਂ ਬਾਅਦ ਜੀਅ ਉੱਠਾਂਗਾ । 64ਇਸ ਲਈ ਹੁਕਮ ਦੇਵੋ ਕਿ ਕਬਰ ਦੀ ਤਿੰਨ ਦਿਨਾਂ ਤੱਕ ਸੁਰੱਖਿਆ ਕੀਤੀ ਜਾਵੇ ਤਾਂ ਜੋ ਉਸ ਦੇ ਚੇਲੇ ਆ ਕੇ ਉਸ ਦੀ ਲਾਸ਼ ਨੂੰ ਚੋਰੀ ਕਰ ਕੇ ਨਾ ਲੈ ਜਾਣ ਅਤੇ ਫਿਰ ਲੋਕਾਂ ਨੂੰ ਕਹਿਣ, ‘ਉਹ ਮੁਰਦਿਆਂ ਵਿੱਚੋਂ ਜਿਊਂਦਾ ਹੋ ਗਿਆ ਹੈ ।’ ਜੇਕਰ ਇਹ ਹੋ ਗਿਆ ਤਾਂ ਇਹ ਅੰਤਮ ਝੂਠ ਪਹਿਲੇ ਤੋਂ ਵੀ ਬੁਰਾ ਸਿੱਧ ਹੋਵੇਗਾ ।” 65ਪਿਲਾਤੁਸ ਨੇ ਉਹਨਾਂ ਨੂੰ ਕਿਹਾ, “ਪਹਿਰੇਦਾਰ ਤੁਹਾਡੇ ਕੋਲ ਹਨ ਇਸ ਲਈ ਜਾਓ ਅਤੇ ਕਬਰ ਦੀ ਸੁਰੱਖਿਆ ਆਪਣੀ ਸਮਝ ਅਨੁਸਾਰ ਕਰੋ ।” 66ਇਸ ਲਈ ਉਹ ਗਏ ਅਤੇ ਕਬਰ ਦੇ ਪੱਥਰ ਨੂੰ ਮੋਹਰ ਲਾ ਕੇ ਸੁਰੱਖਿਅਤ ਕਰ ਦਿੱਤਾ । ਫਿਰ ਉਹਨਾਂ ਨੇ ਉੱਥੇ ਪਹਿਰੇਦਾਰ ਬਿਠਾ ਦਿੱਤੇ ।

Currently Selected:

ਮੱਤੀ 27: CL-NA

Highlight

Share

Copy

None

Want to have your highlights saved across all your devices? Sign up or sign in