ਮੱਤੀ 28
28
ਪ੍ਰਭੂ ਯਿਸੂ ਦਾ ਜੀਅ ਉੱਠਣਾ
1 ਸਬਤ ਤੋਂ ਬਾਅਦ ਐਤਵਾਰ ਦੇ ਦਿਨ ਤੜਕੇ ਸੂਰਜ ਨਿਕਲਨ ਤੋਂ ਪਹਿਲਾਂ ਮਰੀਅਮ ਮਗਦਲੀਨੀ ਅਤੇ ਦੂਜੀ ਮਰੀਅਮ ਕਬਰ ਦੇਖਣ ਦੇ ਲਈ ਗਈਆਂ । 2ਅਤੇ ਦੇਖੋ, ਅਚਾਨਕ ਇੱਕ ਵੱਡਾ ਭੁਚਾਲ ਆਇਆ ਜਿਸ ਦੇ ਨਾਲ ਹੀ ਪ੍ਰਭੂ ਦਾ ਇੱਕ ਸਵਰਗਦੂਤ ਸਵਰਗ ਤੋਂ ਉਤਰ ਆਇਆ ਅਤੇ ਕਬਰ ਤੋਂ ਪੱਥਰ ਨੂੰ ਇੱਕ ਪਾਸੇ ਰੇੜ੍ਹ ਕੇ ਉਸ ਉੱਤੇ ਬੈਠ ਗਿਆ । 3ਉਹ ਦੇਖਣ ਵਿੱਚ ਬਿਜਲੀ ਦੀ ਤਰ੍ਹਾਂ ਸੀ ਅਤੇ ਉਸ ਦੇ ਕੱਪੜੇ ਬਰਫ਼ ਦੀ ਤਰ੍ਹਾਂ ਚਿੱਟੇ ਸਨ । 4ਪਹਿਰੇਦਾਰ ਇੰਨੇ ਡਰ ਗਏ ਕਿ ਉਹ ਕੰਬਣ ਲੱਗ ਗਏ ਅਤੇ ਮੁਰਦਿਆਂ ਦੇ ਵਾਂਗ ਹੋ ਗਏ ।
5 ਸਵਰਗਦੂਤ ਨੇ ਔਰਤਾਂ ਨੂੰ ਕਿਹਾ, “ਤੁਹਾਨੂੰ ਡਰਨ ਦੀ ਕੋਈ ਲੋੜ ਨਹੀਂ । ਮੈਂ ਜਾਣਦਾ ਹਾਂ ਕਿ ਤੁਸੀਂ ਯਿਸੂ ਨੂੰ ਲੱਭ ਰਹੀਆਂ ਹੋ ਜਿਹੜੇ ਸਲੀਬ ਉੱਤੇ ਚੜ੍ਹਾਏ ਗਏ ਸਨ । 6ਉਹ ਇੱਥੇ ਨਹੀਂ ਹਨ । ਉਹ ਆਪਣੇ ਵਚਨ ਦੇ ਅਨੁਸਾਰ ਜੀਅ ਉੱਠੇ ਹਨ । ਆਓ, ਉਹ ਥਾਂ ਦੇਖੋ ਜਿੱਥੇ ਉਹ ਰੱਖੇ ਗਏ ਸਨ । 7ਇਸੇ ਸਮੇਂ ਜਾਓ ਅਤੇ ਉਹਨਾਂ ਦੇ ਚੇਲਿਆਂ ਨੂੰ ਇਹ ਸ਼ੁਭ ਸਮਾਚਾਰ ਦੇਵੋ, ‘ਉਹ ਮੁਰਦਿਆਂ ਵਿੱਚੋਂ ਜੀਅ ਉੱਠੇ ਹਨ । ਉਹ ਤੁਹਾਡੇ ਤੋਂ ਪਹਿਲਾਂ ਗਲੀਲ ਨੂੰ ਜਾ ਰਹੇ ਹਨ, ਤੁਸੀਂ ਉੱਥੇ ਉਹਨਾਂ ਦੇ ਦਰਸ਼ਨ ਕਰੋਗੇ ।’ ਦੇਖੋ, ਮੈਂ ਤੁਹਾਨੂੰ ਇਹ ਦੱਸ ਦਿੱਤਾ ਹੈ ।” 8ਇਸ ਲਈ ਉਹ ਇਕਦਮ ਡਰਦੀਆਂ ਅਤੇ ਅਨੰਦ ਨਾਲ ਭਰੀਆਂ ਹੋਈਆਂ ਕਬਰ ਤੋਂ ਚਲੀਆਂ ਗਈਆਂ । ਉਹ ਦੌੜੀਆਂ ਕਿ ਜਾ ਕੇ ਯਿਸੂ ਦੇ ਚੇਲਿਆਂ ਨੂੰ ਖ਼ਬਰ ਦੇਣ ।
9ਅਚਾਨਕ ਯਿਸੂ ਨੇ ਉਹਨਾਂ ਨੂੰ ਦਰਸ਼ਨ ਦੇ ਕੇ ਕਿਹਾ, “ਤੁਹਾਨੂੰ ਸ਼ਾਂਤੀ ਮਿਲੇ !” ਉਹ ਯਿਸੂ ਕੋਲ ਆਈਆਂ ਅਤੇ ਉਹਨਾਂ ਦੇ ਚਰਨ ਛੂਹ ਕੇ ਉਹਨਾਂ ਨੂੰ ਮੱਥਾ ਟੇਕਿਆ । 10ਤਦ ਯਿਸੂ ਨੇ ਉਹਨਾਂ ਨੂੰ ਕਿਹਾ, “ਡਰੋ ਨਹੀਂ ! ਜਾਓ, ਅਤੇ ਮੇਰੇ ਭਰਾਵਾਂ ਨੂੰ ਕਹੋ ਕਿ ਉਹ ਗਲੀਲ ਨੂੰ ਜਾਣ । ਉੱਥੇ ਉਹ ਮੇਰੇ ਦਰਸ਼ਨ ਕਰਨਗੇ ।”
ਪਹਿਰੇਦਾਰਾਂ ਦਾ ਬਿਆਨ
11ਜਦੋਂ ਔਰਤਾਂ ਅਜੇ ਜਾ ਹੀ ਰਹੀਆਂ ਸਨ ਤਾਂ ਕੁਝ ਪਹਿਰੇਦਾਰਾਂ ਨੇ ਸ਼ਹਿਰ ਵਿੱਚ ਜਾ ਕੇ ਜੋ ਕੁਝ ਹੋਇਆ ਸੀ, ਮਹਾਂ-ਪੁਰੋਹਿਤਾਂ ਨੂੰ ਦੱਸਿਆ । 12ਮਹਾਂ-ਪੁਰੋਹਿਤ ਅਤੇ ਬਜ਼ੁਰਗ ਆਗੂ ਆਪਸ ਵਿੱਚ ਮਿਲੇ ਅਤੇ ਜਦੋਂ ਉਹਨਾਂ ਨੇ ਯੋਜਨਾ ਬਣਾ ਲਈ ਤਾਂ ਉਹਨਾਂ ਨੇ ਬਹੁਤ ਸਾਰਾ ਧਨ ਸਿਪਾਹੀਆਂ ਨੂੰ ਦੇ ਕੇ 13ਉਹਨਾਂ ਨੂੰ ਕਿਹਾ, “ਤੁਸੀਂ ਇਹ ਕਹਿਣਾ ਕਿ ਜਦੋਂ ਅਸੀਂ ਸੌਂ ਰਹੇ ਸੀ ਤਾਂ ਉਸ ਦੇ ਚੇਲੇ ਰਾਤ ਨੂੰ ਆਏ ਅਤੇ ਉਸ ਦੀ ਲਾਸ਼ ਨੂੰ ਚੋਰੀ ਕਰ ਕੇ ਲੈ ਗਏ । 14ਜੇਕਰ ਇਹ ਗੱਲ ਰਾਜਪਾਲ ਦੇ ਕੰਨਾਂ ਤੱਕ ਪਹੁੰਚ ਗਈ ਤਾਂ ਅਸੀਂ ਸਭ ਸਾਂਭ ਲਵਾਂਗੇ । ਤੁਹਾਨੂੰ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ ।” 15ਪਹਿਰੇਦਾਰਾਂ ਨੇ ਧਨ ਲੈ ਲਿਆ ਅਤੇ ਜਿਸ ਤਰ੍ਹਾਂ ਉਹਨਾਂ ਨੂੰ ਸਿਖਾਇਆ ਗਿਆ ਸੀ ਉਸੇ ਤਰ੍ਹਾਂ ਕੀਤਾ । ਇਹ ਚਰਚਾ ਸਾਰੇ ਪਾਸੇ ਫੈਲ ਗਈ ਜੋ ਕਿ ਅੱਜ ਦੇ ਦਿਨ ਤੱਕ ਯਹੂਦੀਆਂ ਵਿੱਚ ਮਸ਼ਹੂਰ ਹੈ ।
ਪ੍ਰਭੂ ਯਿਸੂ ਦਾ ਆਪਣੇ ਚੇਲਿਆਂ ਨੂੰ ਅੰਤਮ ਹੁਕਮ
16 #
ਮੱਤੀ 26:32, ਮਰ 14:28 ਗਿਆਰਾਂ ਚੇਲੇ ਗਲੀਲ ਦੇ ਉਸ ਪਹਾੜ ਉੱਤੇ ਗਏ ਜਿੱਥੇ ਉਹਨਾਂ ਨੂੰ ਯਿਸੂ ਨੇ ਜਾਣ ਦਾ ਹੁਕਮ ਦਿੱਤਾ ਸੀ । 17ਜਦੋਂ ਚੇਲਿਆਂ ਨੇ ਯਿਸੂ ਦੇ ਦਰਸ਼ਨ ਕੀਤੇ ਤਾਂ ਉਹਨਾਂ ਨੇ ਯਿਸੂ ਨੂੰ ਮੱਥਾ ਟੇਕਿਆ ਪਰ ਕੁਝ ਨੇ ਸ਼ੱਕ ਕੀਤਾ । 18ਫਿਰ ਯਿਸੂ ਨੇ ਉਹਨਾਂ ਦੇ ਕੋਲ ਆ ਕੇ ਕਿਹਾ, “ਸਵਰਗ ਵਿੱਚ ਅਤੇ ਧਰਤੀ ਦੇ ਉੱਤੇ ਸਾਰਾ ਅਧਿਕਾਰ ਮੈਨੂੰ ਦਿੱਤਾ ਗਿਆ ਹੈ । 19#ਰਸੂਲਾਂ 1:8ਇਸ ਲਈ ਜਾਓ, ਸਾਰੀਆਂ ਕੌਮਾਂ ਨੂੰ ਚੇਲੇ ਬਣਾਓ, ਉਹਨਾਂ ਨੂੰ ਪਿਤਾ, ਪੁੱਤਰ ਅਤੇ ਪਵਿੱਤਰ ਆਤਮਾ ਦੇ ਨਾਮ ਵਿੱਚ ਬਪਤਿਸਮਾ ਦਿਓ । 20ਅਤੇ ਉਹਨਾਂ ਨੂੰ ਇਹਨਾਂ ਸਾਰੀਆਂ ਗੱਲਾਂ ਦੀ ਪਾਲਣਾ ਕਰਨੀ ਸਿਖਾਓ ਜਿਹਨਾਂ ਦਾ ਮੈਂ ਤੁਹਾਨੂੰ ਹੁਕਮ ਦਿੱਤਾ ਹੈ ਅਤੇ ਦੇਖੋ, ਯੁੱਗ ਦੇ ਅੰਤ ਤੱਕ ਮੈਂ ਹਮੇਸ਼ਾ ਤੁਹਾਡੇ ਨਾਲ ਹਾਂ ।”
Currently Selected:
ਮੱਤੀ 28: CL-NA
Highlight
Share
Copy
Want to have your highlights saved across all your devices? Sign up or sign in
Punjabi Common Language (North American Version):
Text © 2021 Canadian Bible Society and Bible Society of India