YouVersion Logo
Search Icon

ਮਰਕੁਸ 13

13
ਅੰਤ ਕਾਲ ਦੇ ਨਿਸ਼ਾਨ
1ਜਾਂ ਉਹ ਹੈਕਲੋਂ ਬਾਹਰ ਜਾ ਰਿਹਾ ਸੀ ਤਾਂ ਉਹ ਦੇ ਚੇਲਿਆਂ ਵਿੱਚੋਂ ਇੱਕ ਨੇ ਉਹ ਨੂੰ ਆਖਿਆ, ਗੁਰੂ ਜੀ ਵੇਖੋ, ਏਹ ਕਿਹੇ ਜਿਹੇ ਪੱਥਰ ਅਤੇ ਕਿਹੀਆਂ ਇਮਾਰਤਾਂ ਹਨ! 2ਤਾਂ ਯਿਸੂ ਨੇ ਉਹ ਨੂੰ ਕਿਹਾ, ਕੀ ਤੂੰ ਵੱਡੀਆਂ ਇਮਾਰਤਾਂ ਨੂੰ ਵੇਖਦਾ ਹੈਂ? ਐਥੇ ਪੱਥਰ ਉੱਤੇ ਪੱਥਰ ਛੱਡਿਆ ਨਾ ਜਾਵੇਗਾ ਜਿਹੜਾ ਡੇਗਿਆ ਨਾ ਜਾਏ।।
3ਜਾਂ ਉਹ ਜ਼ੈਤੂਨ ਦੇ ਪਹਾੜ ਉੱਤੇ ਹੈਕਲ ਦੇ ਸਾਹਮਣੇ ਬੈਠਾ ਸੀ ਪਤਰਸ ਅਤੇ ਯਾਕੂਬ ਅਤੇ ਯੂਹੰਨਾ ਅਤੇ ਅੰਦ੍ਰਿਯਾਸ ਨੇ ਨਿਰਾਲੇ ਵਿੱਚ ਉਹ ਦੇ ਅੱਗੇ ਅਰਜ਼ ਕੀਤੀ 4ਜੋ ਸਾਨੂੰ ਦੱਸ, ਏਹ ਗੱਲਾਂ ਕਦ ਹੋਣਗੀਆਂ ਅਤੇ ਉਸ ਸਮੇਂ ਦਾ ਕੀ ਲੱਛਣ ਹੈ ਜਾਂ ਏਹ ਸਭ ਪੂਰੀਆਂ ਹੋਣ ਲੱਗਣਗੀਆਂ? 5ਯਿਸੂ ਉਨ੍ਹਾਂ ਨੂੰ ਆਖਣ ਲੱਗਾ, ਚੌਕਸ ਰਹੋ ਭਈ ਕੋਈ ਤੁਹਾਨੂੰ ਭੁਲਾਵੇ ਵਿੱਚ ਨਾ ਪਾਵੇ 6ਮੇਰਾ ਨਾਮ ਧਾਰ ਕੇ ਬਥੇਰੇ ਇਹ ਕਹਿੰਦੇ ਆਉਣਗੇ ਜੋ ਮੈਂ ਉਹੋ ਹਾਂ ਅਤੇ ਬਹੁਤਿਆਂ ਨੂੰ ਭੁਲਾਵੇ ਵਿੱਚ ਪਾ ਦੇਣਗੇ 7ਜਾਂ ਲੜਾਈਆਂ ਅਤੇ ਲੜਾਈਆਂ ਦੀਆਂ ਅਵਾਈਆਂ ਸੁਣੋ ਤਾਂ ਘਬਰਾ ਨਾ ਜਾਣਾ। ਇਨ੍ਹਾਂ ਦਾ ਹੋਣਾ ਜ਼ਰੂਰ ਹੈ ਪਰ ਅਜੇ ਅੰਤ ਨਹੀਂ 8ਕਿਉਂ ਜੋ ਕੌਮ ਕੌਮ ਉੱਤੇ ਅਤੇ ਪਾਤਸ਼ਾਹੀ ਪਾਤਸ਼ਾਹੀ ਉੱਤੇ ਚੜਾਈ ਕਰੇਗੀ। ਥਾਂ ਥਾਂ ਭੁਚਾਲ ਆਉਣਗੇ, ਕਾਲ ਪੈਣਗੇ। ਇਹ ਅਜੇ ਪੀੜਾਂ ਦਾ ਮੁੱਢ ਹੀ ਹੈ! ।।
9ਪਰ ਤੁਸੀਂ ਚੌਕਸ ਰਹੋ ਕਿਉਂ ਜੋ ਤੁਹਾਨੂੰ ਮਜਲਿਸਾਂ ਦੇ ਹਵਾਲੇ ਕਰਨਗੇ ਅਰ ਤੁਸੀਂ ਸਮਾਜਾਂ ਵਿੱਚ ਮਾਰ ਖਾਓਗੇ ਅਤੇ ਹਾਕਮਾਂ ਅਤੇ ਰਾਜਿਆਂ ਦੇ ਅੱਗੇ ਮੇਰੇ ਕਾਰਨ ਖੜੇ ਕੀਤੇ ਜਾਓਗੇ ਤਾਂ ਜੋ ਉਨ੍ਹਾਂ ਉੱਤੇ ਸਾਖੀ ਹੋਵੇ 10ਅਤੇ ਜ਼ਰੂਰ ਹੈ ਜੋ ਪਹਿਲਾਂ ਸਾਰੀਆਂ ਕੌਮਾਂ ਦੇ ਅੱਗੇ ਖੁਸ਼ ਖਬਰੀ ਦਾ ਪਰਚਾਰ ਕੀਤਾ ਜਾਏ 11ਪਰ ਜਾਂ ਤੁਹਾਨੂੰ ਲੈ ਜਾਕੇ ਹਵਾਲੇ ਕਰਨ, ਅੱਗੋਂ ਹੀ ਚਿੰਤਾ ਨਾ ਕਰਨੀ ਭਈ ਅਸੀਂ ਕੀ ਆਖਾਂਗੇ ਪਰ ਜੋ ਕੁਝ ਉਸ ਘੜੀ ਤੁਹਾਨੂੰ ਬਖ਼ਸ਼ਿਆ ਜਾਵੇ ਸੋਈ ਕਹਿਣਾ ਕਿਉਂਕਿ ਕਹਿਣ ਵਾਲੇ ਤੁਸੀਂ ਨਹੀਂ ਹੋ ਪਰ ਪਵਿੱਤ੍ਰ ਆਤਮਾ ਹੈ 12ਅਤੇ ਭਾਈ ਭਾਈ ਨੂੰ ਅਰ ਪਿਉ ਪੁੱਤ੍ਰ ਨੂੰ ਮਰਵਾਉਣ ਲਈ ਫੜਵਾਏਗਾ ਅਤੇ ਬੱਚੇ ਮਾਪਿਆਂ ਦੇ ਵਿਰੁੱਧ ਖੜੇ ਹੋਕੇ ਉਨ੍ਹਾਂ ਨੂੰ ਮਰਵਾ ਸੁੱਟਣਗੇ 13ਅਰ ਮੇਰੇ ਨਾਮ ਕਰਕੇ ਸਭ ਲੋਕ ਤੁਹਾਡੇ ਨਾਲ ਵੈਰ ਰੱਖਣਗੇ ਪਰ ਜਿਹੜਾ ਅੰਤ ਤੋੜੀ ਸਹੇਗਾ ਸੋਈ ਬਚਾਇਆ ਜਾਵੇਗਾ।।
14ਜਦ ਤੁਸੀਂ ਉਸ ਉਜਾੜਨ ਵਾਲੀ ਘਿਣਾਉਣੀ ਚੀਜ਼ ਨੂੰ ਜਿਸ ਥਾਂ ਨਹੀਂ ਚਾਹੀਦਾ ਉੱਥੇ ਖੜੀ ਵੇਖੋ (ਪੜ੍ਹਨ ਵਾਲਾ ਸਮਝ ਲਵੇ) ਤਦ ਓਹ ਜਿਹੜੇ ਯਹੂਦਿਯਾ ਵਿੱਚ ਹੋਣ ਪਹਾੜਾਂ ਨੂੰ ਭੱਜ ਜਾਣ 15ਅਤੇ ਜਿਹੜਾ ਕੋਠੇ ਉੱਤੇ ਹੋਵੇ ਹਿਠਾਹਾਂ ਨਾ ਉੱਤਰੇ ਅਤੇ ਆਪਣੇ ਘਰੋਂ ਕੁਝ ਕੱਢ ਲੈ ਜਾਣ ਲਈ ਅੰਦਰ ਨਾ ਵੜੇ 16ਅਤੇ ਜਿਹੜਾ ਖੇਤ ਵਿੱਚ ਹੋਵੇ ਆਪਣੇ ਕੱਪੜੇ ਲੈਣ ਨੂੰ ਪਿੱਛੇ ਨਾ ਮੁੜੇ 17ਅਤੇ ਹਮਸੋਸ ਉਨ੍ਹਾਂ ਉੱਤੇ ਜਿਹੜੀਆਂ ਉਨ੍ਹਾਂ ਦਿਨਾਂ ਵਿੱਚ ਗਰਭਣੀਆਂ ਅਤੇ ਦੁੱਧ ਚੁੰਘਾਉਣ ਵਾਲੀਆਂ ਹੋਣ! 18ਪਰ ਤੁਸੀਂ ਪ੍ਰਾਰਥਨਾ ਕਰੋ ਜੋ ਇਹ ਸਿਆਲ਼ ਵਿੱਚ ਨਾ ਹੋਵੇ 19ਕਿਉਂਕਿ ਉਨ੍ਹੀਂ ਦਿਨੀਂ ਐਡਾ ਕਸ਼ਟ ਹੋਵੇਗਾ ਜੋ ਸਰਿਸ਼ਟ ਦੇ ਮੁੱਢੋਂ ਜਿਹ ਨੂੰ ਪਰਮੇਸ਼ੁਰ ਨੇ ਸਾਜਿਆ ਹੈ ਨਾ ਹੁਣ ਤੋੜੀ ਹੋਇਆ ਹੈ ਅਤੇ ਨਾ ਕਦੇ ਹੋਵੇਗਾ 20ਅਰ ਜੇ ਪ੍ਰਭੁ ਉਨ੍ਹਾਂ ਦਿਨਾਂ ਨੂੰ ਨਾ ਘਟਾਉਂਦਾ ਤਾਂ ਕੋਈ ਸਰੀਰ ਨਾ ਬਚਦਾ ਪਰ ਉਨ੍ਹਾਂ ਚੁਣਿਆਂ ਹੋਇਆਂ ਦੀ ਖ਼ਾਤਰ ਜਿਨਾਂ ਨੂੰ ਉਹ ਨੇ ਚੁਣਿਆ ਹੈ ਉਸ ਨੇ ਉਨ੍ਹਾਂ ਦਿਨਾਂ ਨੂੰ ਘਟਾਇਆ 21ਅਤੇ ਉਸ ਸਮੇਂ ਜੇ ਕੋਈ ਤੁਹਾਨੂੰ ਆਖੇ ਕਿ ਵੇਖੋ ਮਸੀਹ ਐਥੇ ਹੈ! ਯਾ ਵੇਖੋ ਉੱਥੇ ਹੈ! ਤਾਂ ਸਤ ਨਾ ਮੰਨਣਾ 22ਕਿਉਂਕਿ ਝੂਠੇ ਮਸੀਹ ਅਤੇ ਝੂਠੇ ਨਬੀ ਉੱਠਣਗੇ ਅਤੇ ਨਿਸ਼ਾਨ ਅਰ ਅਚਰਜ ਕੰਮ ਵਿਖਾਲਣਗੇ ਤਾਂ ਜੇ ਹੋ ਸੱਕੇ ਓਹ ਚੁਣਿਆਂ ਹੋਇਆਂ ਨੂੰ ਭੁਲਾਵੇ ਵਿੱਚ ਪਾ ਦੇਣ 23ਪਰ ਤੁਸੀਂ ਚੌਕਸ ਰਹੋ, ਵੇਖੋ ਮੈਂ ਤੁਹਾਨੂੰ ਅੱਗੋਂ ਹੀ ਸੱਭੋ ਕੁਝ ਦੱਸ ਦਿੱਤਾ।।
24ਪਰ ਉਨ੍ਹੀਂ ਦਿਨੀਂ ਉਸ ਕਸ਼ਟ ਦੇ ਪਿੱਛੋਂ ਸੂਰਜ ਹਨ੍ਹੇਰਾ ਹੋ ਜਾਵੇਗਾ ਅਤੇ ਚੰਦ ਆਪਣੀ ਚਾਨਣੀ ਨਾ ਦੇਵੇਗਾ 25ਅਤੇ ਤਾਰੇ ਆਕਾਸ਼ ਤੋਂ ਡਿੱਗ ਪੈਣਗੇ ਅਤੇ ਜਿਹੜੀਆਂ ਸ਼ਕਤੀਆਂ ਆਕਾਸ਼ ਵਿੱਚ ਹਨ ਹਿਲਾਈਆਂ ਜਾਣਗੀਆਂ 26ਤਦ ਮਨੁੱਖ ਦੇ ਪੁੱਤ੍ਰ ਨੂੰ ਵੱਡੀ ਸਮਰੱਥਾ ਅਤੇ ਤੇਜ ਨਾਲ ਬੱਦਲਾਂ ਉੱਤੇ ਆਉਂਦਿਆਂ ਵੇਖਣਗੇ 27ਉਸ ਵੇਲੇ ਉਹ ਦੂਤਾਂ ਨੂੰ ਭੇਜੇਗਾ ਅਤੇ ਚੌਹਾਂ ਕੂੰਟਾਂ ਤੋਂ ਧਰਤੀ ਦੀ ਹੱਦੋਂ ਆਕਾਸ਼ ਦੀ ਹੱਦ ਤੀਕਰ ਆਪਣੇ ਚੁਣਿਆਂ ਹੋਇਆਂ ਨੂੰ ਇਕੱਠਿਆਂ ਕਰੇਗਾ।।
28ਫੇਰ ਹੰਜੀਰ ਦੇ ਬਿਰਛ ਤੋਂ ਇੱਕ ਦ੍ਰਿਸ਼ਟਾਂਤ ਸਿੱਖੋ। ਜਦ ਉਹ ਦੀ ਟਹਿਣੀ ਨਰਮ ਹੁੰਦੀ ਅਤੇ ਪੱਤੇ ਫੁੱਟਦੇ ਹਨ ਤਾਂ ਜਾਣ ਲੈਂਦੇ ਹੋ ਜੋ ਗਰਮੀ ਦੀ ਰੁੱਤ ਨੇੜੇ ਆਈ ਹੈ 29ਇਸੇ ਤਰਾਂ ਨਾਲ ਤੁਸੀਂ ਵੀ ਜਾਂ ਵੇਖੋ ਕਿ ਏਹ ਗੱਲਾਂ ਹੁੰਦੀਆਂ ਹਨ ਤਾਂ ਜਾਣੋ ਭਈ ਉਹ ਨੇੜੇ ਸਗੋਂ ਬੂਹੇ ਉੱਤੇ ਹੈ 30ਮੈਂ ਤੁਹਾਨੂੰ ਸਤ ਆਖਦਾ ਹਾਂ ਕਿ ਜਦ ਤੋੜੀ ਏਹ ਸਭ ਗੱਲਾਂ ਨਾ ਹੋ ਲੈਣ ਇਹ ਪੀੜੀ ਬੀਤ ਨਾ ਜਾਵੇਗੀ 31ਆਕਾਸ਼ ਅਤੇ ਧਰਤੀ ਟਲ ਜਾਣਗੇ ਪਰ ਮੇਰੇ ਬਚਨ ਕਦੀ ਨਾ ਟਲਣਗੇ 32ਪਰ ਉਸ ਦਿਨ ਯਾ ਉਸ ਘੜੀ ਦੇ ਵਿਖੇ ਕੋਈ ਨਹੀਂ ਜਾਣਦਾ, ਨਾ ਸੁਰਗ ਦੇ ਦੂਤ, ਨਾ ਪੁੱਤ੍ਰ, ਪਰ ਕੇਵਲ ਪਿਤਾ 33ਖਬਰਦਾਰ, ਜਾਗਦੇ ਰਹੋ ਅਤੇ ਪ੍ਰਾਰਥਨਾ ਕਰੋ ਕਿਉਂਕਿ ਤੁਸੀਂ ਨਹੀਂ ਜਾਣਦੇ ਜੋ ਉਹ ਵੇਲਾ ਕਦ ਹੋਵੇਗਾ 34ਇਹ ਇੱਕ ਪਰਦੇਸ ਗਏ ਹੋਏ ਮਨੁੱਖ ਵਰਗਾ ਹੈ ਜਿਹ ਨੇ ਘਰੋਂ ਜਾਂਦੇ ਵੇਲੇ ਆਪਣੇ ਨੌਕਰਾਂ ਨੂੰ ਇਖ਼ਤਿਆਰ ਅਤੇ ਹਰੇਕ ਨੂੰ ਉਹ ਦਾ ਕੰਮ ਦਿੱਤਾ ਅਤੇ ਦਰਬਾਨ ਨੂੰ ਹੁਕਮ ਕੀਤਾ ਭਈ ਜਾਗਦਾ ਰਹੁ 35ਸੋ ਜਾਗਦੇ ਰਹੋ ਕਿਉਂ ਜੋ ਤੁਸੀਂ ਨਹੀਂ ਜਾਣਦੇ ਭਈ ਘਰ ਦਾ ਮਾਲਕ ਕਦ ਆਵੇਗਾ, ਸੰਝ ਨੂੰ ਯਾ ਅੱਧੀ ਰਾਤ ਨੂੰ ਯਾ ਕੁਕੱੜ ਦੇ ਬਾਂਗ ਦੇਣ ਦੇ ਵੇਲੇ ਯਾ ਤੜਕੇ ਨੂੰ 36ਤਾਂ ਅਜਿਹਾ ਨਾ ਹੋਵੇ ਜੋ ਅਚਾਣਕ ਆਣ ਕੇ ਉਹ ਤੁਹਾਨੂੰ ਸੁੱਤੇ ਵੇਖੇ 37ਅਤੇ ਜੋ ਮੈਂ ਤੁਹਾਨੂੰ ਆਖਦਾ ਹਾਂ ਸੋ ਸਾਰਿਆਂ ਨੂੰ ਆਖਦਾ ਹਾਂ ਭਈ ਜਾਗਦੇ ਰਹੋ! ।।

Currently Selected:

ਮਰਕੁਸ 13: PUNOVBSI

Highlight

Share

Copy

None

Want to have your highlights saved across all your devices? Sign up or sign in