ਮਰਕੁਸ 14
14
ਪ੍ਰਭੁ ਦਾ ਫੜਵਾਇਆ ਜਾਣਾ
1ਦੋ ਦਿਨਾਂ ਪਿੱਛੋਂ ਪਸਾਹ ਅਤੇ ਪਤੀਰੀ ਰੋਟੀ ਦਾ ਤਿਉਹਾਰ ਹੋਣ ਵਾਲਾ ਸੀ ਅਰ ਪਰਧਾਨ ਜਾਜਕ ਅਤੇ ਗ੍ਰੰਥੀ ਇਸ ਗੱਲ ਦੇ ਪਿੱਛੇ ਲੱਗੇ ਜੋ ਉਹ ਨੂੰ ਕਿੱਕੁਰ ਛੱਲ ਨਾਲ ਫੜ ਕੇ ਜਾਨੋਂ ਮਾਰੀਏ? 2ਉਨ੍ਹਾਂ ਤਾਂ ਆਖਿਆ, ਤਿਉਹਾਰ ਦੇ ਦਿਨ ਨਹੀਂ ਕਿਤੇ ਲੋਕਾਂ ਵਿੱਚ ਬਲਵਾ ਨਾ ਹੋਵੇ।।
3ਜਾਂ ਉਹ ਬੈਤਅਨੀਆ ਵਿੱਚ ਸ਼ਮਊਨ ਕੋੜ੍ਹੀ ਦੇ ਘਰ ਰੋਟੀ ਖਾਣ ਬੈਠਾ ਸੀ ਇੱਕ ਤੀਵੀਂ ਮਹਿੰਗ ਮੁੱਲਾ ਜਟਾਮਾਸੀ ਦਾ ਖਰਾ ਅਤਰ ਸ਼ੀਸ਼ੀ ਵਿੱਚ ਲਿਆਈ ਅਤੇ ਸ਼ੀਸ਼ੀ ਨੂੰ ਭੰਨ ਕੇ ਉਹ ਦੇ ਸਿਰ ਉੱਤੇ ਡੋਹੁਲ ਦਿੱਤਾ 4ਤਦ ਕਿੰਨੇ ਆਪਣੇ ਮਨ ਵਿੱਚ ਖਿਝ ਕੇ ਬੋਲੇ ਜੋ ਇਸ ਅਤਰ ਦਾ ਇਹ ਨੁਕਸਾਨ ਕਾਹ ਨੂੰ ਹੋਇਆ? 5ਕਿਉਂਕਿ ਹੋ ਸੱਕਦਾ ਸੀ ਜੋ ਇਹ ਅਤਰ ਡੂਢ ਸੌ ਰੁਪਏ ਤੋਂ ਵਧੀਕ ਨੂੰ ਵਿਕਦਾ ਅਤੇ ਕੰਗਾਲਾਂ ਨੂੰ ਦਿੱਤਾ ਜਾਂਦਾ ਸੋ ਉਹ ਉਸ ਤੀਵੀਂ ਨੂੰ ਝਿੜਕਣ ਲੱਗੇ 6ਪਰ ਯਿਸੂ ਨੇ ਆਖਿਆ, ਇਹ ਨੂੰ ਛੱਡ ਦਿਓ, ਕਿਉਂ ਇਹ ਨੂੰ ਕੋਸਦੇ ਹੋ? ਉਸ ਨੇ ਮੇਰੇ ਨਾਲ ਚੰਗਾ ਵਰਤਾਵਾ ਕੀਤਾ ਹੈ। 7ਕਿਉਂ ਜੋ ਕੰਗਾਲ ਸਦਾ ਤੁਹਾਡੇ ਨਾਲ ਹਨ ਅਤੇ ਜਾਂ ਚਾਹੋ ਤਾਂ ਉਨ੍ਹਾਂ ਦਾ ਭਲਾ ਕਰ ਸਕਦੇ ਹੋ ਪਰ ਮੈਂ ਸਦਾ ਤੁਹਾਡੇ ਨਾਲ ਨਹੀਂ ਹਾਂ। 8ਜੋ ਉਸ ਤੋਂ ਬਣ ਪਿਆ ਉਸ ਨੇ ਕੀਤਾ। ਉਸ ਨੇ ਅੱਗੋਂ ਹੀ ਮੇਰੇ ਸਰੀਰ ਉੱਤੇ ਕਫ਼ਨਾਉਣ ਦਫ਼ਨਾਉਣ ਲਈ ਅਤਰ ਪਾ ਦਿੱਤਾ 9ਮੈਂ ਤੁਹਾਨੂੰ ਸਤ ਆਖਦਾ ਹਾਂ ਜੋ ਸਾਰੇ ਸੰਸਾਰ ਵਿੱਚ ਜਿੱਥੇ ਕਿਤੇ ਖੁਸ਼ ਖਬਰੀ ਦਾ ਪਰਚਾਰ ਕੀਤਾ ਜਾਵੇਗਾ ਉੱਥੇ ਵੀ ਇਹ ਜੋ ਇਸ ਨੇ ਕੀਤਾ ਹੈ ਉਸ ਦੀ ਯਾਦਗੀਰੀ ਲਈ ਕਿਹਾ ਜਾਵੇਗਾ।।
10ਯਹੂਦਾ ਇਸਕਰਿਯੋਤੀ ਜਿਹੜਾ ਉਨ੍ਹਾਂ ਬਾਰਾਂ ਵਿੱਚੋਂ ਇੱਕ ਸੀ ਪਰਧਾਨ ਜਾਜਕਾਂ ਕੋਲ ਚਲਿਆ ਗਿਆ ਭਈ ਉਸ ਨੂੰ ਉਨ੍ਹਾਂ ਦੇ ਹੱਥ ਫੜਵਾ ਦੇਵੇ 11ਅਤੇ ਓਹ ਸੁਣ ਕੇ ਆਨੰਦ ਹੋਏ ਅਰ ਉਸ ਨੂੰ ਰੁਪਏ ਦੇਣ ਦਾ ਕਰਾਰ ਕੀਤਾ। ਤਦ ਉਹ ਇਸ ਗੱਲ ਦੇ ਪਿੱਛੇ ਲੱਗਾ ਜੋ ਕਿਸ ਤਰਾਂ ਮੌਕਾ ਪਾ ਕੇ ਉਹ ਨੂੰ ਫੜਵਾ ਦੇਵੇ।।
12ਪਤੀਰੀ ਰੋਟੀ ਦੇ ਤਿਉਹਾਰ ਦੇ ਪਹਿਲੇ ਦਿਨ ਜਾਂ ਪਸਾਹ ਦੇ ਲਈ ਬਲੀਦਾਨ ਕਰਦੇ ਹੁੰਦੇ ਸਨ ਤਾਂ ਉਹ ਦੇ ਚੇਲਿਆਂ ਨੇ ਉਹ ਨੂੰ ਕਿਹਾ, ਤੂੰ ਕਿੱਥੇ ਚਾਹੁੰਦਾ ਹੈਂ ਜੋ ਅਸੀਂ ਜਾ ਕੇ ਤੇਰੇ ਪਸਾਹ ਖਾਣ ਲਈ ਤਿਆਰੀ ਕਰੀਏ? 13ਤਦ ਉਹ ਨੇ ਆਪਣੇ ਚੇਲਿਆਂ ਵਿੱਚੋਂ ਦੋਹੁੰ ਨੂੰ ਘੱਲਿਆ ਅਤੇ ਉਨ੍ਹਾਂ ਨੂੰ ਆਖਿਆ, ਸ਼ਹਿਰ ਵਿੱਚ ਜਾਓ ਅਤੇ ਇੱਕ ਮਨੁੱਖ ਪਾਣੀ ਦਾ ਘੜਾ ਚੁੱਕੀ ਤੁਹਾਨੂੰ ਮਿਲੇਗਾ। ਉਹ ਦੇ ਮਗਰ ਤੁਰ ਪਓ 14ਅਰ ਜਿਸ ਘਰ ਵਿੱਚ ਉਹ ਜਾਵੇ ਤੁਸੀਂ ਘਰ ਦੇ ਮਾਲਕ ਨੂੰ ਕਹੋ ਜੋ ਗੁਰੂ ਆਖਦਾ ਹੈ ਮੇਰਾ ਉਤਾਰੇ ਦਾ ਥਾਂ ਕਿੱਥੇ ਹੈ ਜਿੱਥੇ ਮੈਂ ਆਪਣੇ ਚੇਲਿਆਂ ਦੇ ਨਾਲ ਪਸਾਹ ਖਾਵਾਂ? 15ਉਹ ਆਪ ਹੀ ਤੁਹਾਨੂੰ ਇੱਕ ਵੱਡਾ ਚੁਬਾਰਾ ਫ਼ਰਸ਼ ਬਿਛਿਆ ਅਤੇ ਸੁਆਰਿਆ ਹੋਇਆ ਵਿਖਾਲੇਗਾ ਸੋ ਉੱਥੇ ਸਾਡੇ ਲਈ ਤਿਆਰੀ ਕਰੋ 16ਤਾਂ ਚੇਲੇ ਚੱਲੇ ਗਏ ਅਰ ਸ਼ਹਿਰ ਵਿੱਚ ਜਾ ਕੇ ਜਿਹੋ ਜਿਹਾ ਉਸ ਨੇ ਉਨ੍ਹਾਂ ਨੂੰ ਦੱਸਿਆ ਸੀ ਤਿਹੋ ਜਿਹਾ ਡਿੱਠਾ ਅਤੇ ਪਸਾਹ ਤਿਆਰ ਕੀਤੀ।।
17ਜਾਂ ਸੰਝ ਪਈ ਉਹ ਉਨ੍ਹਾਂ ਬਾਰਾਂ ਦੇ ਨਾਲ ਆਇਆ 18ਅਰ ਜਦ ਓਹ ਬੈਠੇ ਖਾਂਦੇ ਸਨ ਤਦ ਯਿਸੂ ਨੇ ਕਿਹਾ, ਮੈਂ ਤੁਹਾਨੂੰ ਸਤ ਆਖਦਾ ਹਾਂ ਭਈ ਤੁਹਾਡੇ ਵਿੱਚੋਂ ਇੱਕ ਜੋ ਮੇਰੇ ਨਾਲ ਖਾਂਦਾ ਹੈ ਮੈਨੂੰ ਫੜਵਾਏਗਾ 19ਤਦ ਓਹ ਉਦਾਸ ਹੋਣ ਅਤੇ ਇੱਕ ਇੱਕ ਕਰਕੇ ਉਹ ਨੂੰ ਕਹਿਣ ਲੱਗੇ, ਕੀ ਉਹ ਮੈਂ ਹਾਂ? 20ਉਸ ਨੇ ਉਨ੍ਹਾਂ ਨੂੰ ਆਖਿਆ, ਬਾਰਾਂ ਵਿੱਚੋਂ ਇੱਕ ਜਣਾ ਜਿਹੜਾ ਮੇਰੇ ਨਾਲ ਕਟੋਰੇ ਵਿੱਚ ਹੱਥ ਡੋਬਦਾ ਹੈ ਸੋਈ ਹੈ 21ਮਨੁੱਖ ਦਾ ਪੁੱਤ੍ਰ ਤਾਂ ਜਾਂਦਾ ਹੈ ਜਿਵੇਂ ਉਹ ਦੇ ਹੱਕ ਵਿੱਚ ਲਿਖਿਆ ਹੈ ਪਰ ਹਾਇ ਉਸ ਮਨੁੱਖ ਉੱਤੇ ਜਿਹ ਦੀ ਰਾਹੀਂ ਮਨੁੱਖ ਦਾ ਪੁੱਤ੍ਰ ਫੜਵਾਇਆ ਜਾਂਦਾ! ਉਸ ਮਨੁੱਖ ਲਈ ਭਲਾ ਹੁੰਦਾ ਜੇ ਉਹ ਨਿੱਜ ਜੰਮਦਾ।।
22ਜਦ ਓਹ ਖਾ ਰਹੇ ਸਨ ਤਦ ਉਹ ਨੇ ਰੋਟੀ ਲਈ ਅਤੇ ਬਰਕਤ ਦੇ ਕੇ ਤੋੜੀ ਅਤੇ ਉਨ੍ਹਾਂ ਨੂੰ ਦੇ ਕੇ ਆਖਿਆ, ਲਓ ਇਹ ਮੇਰਾ ਸਰੀਰ ਹੈ 23ਫੇਰ ਉਹ ਨੇ ਪਿਆਲਾ ਲੈ ਕੇ ਸ਼ੁਕਰ ਕੀਤਾ ਅਤੇ ਉਨ੍ਹਾਂ ਨੂੰ ਦਿੱਤਾ ਅਰ ਸਭਨਾਂ ਨੇ ਉਸ ਵਿੱਚੋਂ ਪੀਤਾ 24ਅਤੇ ਉਹ ਨੇ ਉਨ੍ਹਾਂ ਨੂੰ ਆਖਿਆ, ਇਹ ਮੇਰਾ ਲਹੂ ਹੈ ਅਰਥਾਤ ਨੇਮ ਦਾ ਲਹੂ ਜਿਹੜਾ ਬਹੁਤਿਆਂ ਦੇ ਲਈ ਵਹਾਇਆ ਜਾਂਦਾ ਹੈ 25ਮੈਂ ਤੁਹਾਨੂੰ ਸਤ ਆਖਦਾ ਹਾਂ ਜੋ ਮੈਂ ਫੇਰ ਕਦੇ ਅੰਗੂਰ ਦਾ ਰਸ ਨਾ ਪੀਆਂਗਾਂ ਜਿਸ ਦਿਨ ਤੀਕਰ ਪਰਮੇਸ਼ੁਰ ਦੇ ਰਾਜ ਵਿੱਚ ਉਹ ਨਵਾਂ ਨਾ ਪੀਆਂ ।।
26ਫੇਰ ਓਹ ਭਜਨ ਗਾ ਕੇ ਜ਼ੈਤੂਨ ਦੇ ਪਹਾੜ ਨੂੰ ਨਿੱਕਲ ਗਏ।।
27ਤਾਂ ਯਿਸੂ ਨੇ ਉਨ੍ਹਾਂ ਨੂੰ ਆਖਿਆ ਤੁਸੀਂ ਸੱਭੇ ਠੋਕਰ ਖਾਓਗੇ ਕਿਉਂ ਜੋ ਇਹ ਲਿਖਿਆ ਹੈ ਭਈ ਮੈਂ ਅਯਾਲੀ ਨੂੰ ਮਾਰਾਂਗਾ ਅਤੇ ਭੇਡਾਂ ਖਿਲਰ ਜਾਣਗੀਆਂ 28ਪਰ ਮੈਂ ਆਪਣੇ ਜੀ ਉੱਠਣ ਦੇ ਪਿੱਛੋਂ ਤੁਹਾਥੋਂ ਅੱਗੇ ਗਲੀਲ ਨੂੰ ਜਾਵਾਗਾਂ 29ਤਦ ਪਤਰਸ ਨੇ ਉਹ ਨੂੰ ਆਖਿਆ, ਭਾਵੇਂ ਸੱਭੇ ਠੋਕਰ ਖਾਣ ਪਰ ਮੈਂ ਨਹੀਂ ਖਾਵਾਂਗਾ! 30ਅਤੇ ਯਿਸੂ ਨੇ ਉਹ ਨੂੰ ਕਿਹਾ, ਮੈਂ ਤੈਨੂੰ ਸਤ ਆਖਦਾ ਹਾਂ ਜੋ ਤੂੰ ਅੱਜ ਇਸੇ ਰਾਤ ਕੁੱਕੜ ਦੇ ਦੋ ਵਾਰ ਬਾਂਗ ਦੇਣ ਤੋਂ ਅੱਗੇ ਤਿੰਨ ਵਾਰ ਮੇਰਾ ਇਨਕਾਰ ਕਰੇਂਗਾ 31ਪਰ ਉਹ ਨੇ ਵੱਡੇ ਹਠ ਨਾਲ ਕਿਹਾ, ਜੇ ਤੇਰੇ ਨਾਲ ਮੈਨੂੰ ਮਰਨਾ ਭੀ ਪਵੇ ਤਾਂ ਭੀ ਮੈਂ ਤੇਰਾ ਇਨਕਾਰ ਕਦੀ ਨਾ ਕਰਾਂਗਾ ਅਤੇ ਸੱਭੇ ਇਸੇ ਤਰਾਂ ਬੋਲੇ।।
32ਫੇਰ ਓਹ ਗਥਸਮਨੀ ਨਾਮੇ ਇੱਕ ਥਾਂ ਆਏ ਅਤੇ ਉਸ ਨੇ ਆਪਣੇ ਚੇਲਿਆਂ ਨੂੰ ਕਿਹਾ, ਜਦ ਤੀਕਰ ਮੈਂ ਪ੍ਰਾਰਥਨਾ ਕਰਦਾ ਹਾਂ ਤੁਸੀਂ ਐਥੇ ਬੈਠੋ 33ਉਸ ਨੇ ਪਤਰਸ ਅਤੇ ਯਾਕੂਬ ਯੂਹੰਨਾ ਨੂੰ ਆਪਣੇ ਨਾਲ ਲਿਆ ਅਤੇ ਹੈਰਾਨ ਪਰੇਸ਼ਾਨ ਅਰ ਬਹੁਤ ਦਿਲਗੀਰ ਹੋਣ ਲੱਗਾ 34ਉਸ ਨੇ ਉਨ੍ਹਾਂ ਨੂੰ ਆਖਿਆ, ਮੇਰਾ ਜੀ ਬਹੁਤ ਉਦਾਸ ਹੈ ਸਗੋਂ ਮਰਨ ਦੇ ਦਰਜੇ ਤੀਕਰ। ਤੁਸੀਂ ਐਥੇ ਠਹਿਰੋਂ ਅਰ ਜਾਗਦੇ ਰਹੋ 35ਅਤੇ ਉਹ ਥੋੜਾ ਅੱਗੇ ਵੱਧ ਕੇ ਭੁਞੇਂ ਡਿੱਗ ਪਿਆ ਅਰ ਪ੍ਰਾਰਥਨਾ ਕੀਤੀ ਕਿ ਜੇ ਹੋ ਸੱਕੇ ਤਾਂ ਇਹ ਘੜੀ ਮੈਥੋਂ ਟੱਲ ਜਾਏ 36ਅਤੇ ਓਨ ਆਖਿਆ, ਅੱਬਾ, ਹੇ ਪਿਤਾ, ਤੈਥੋਂ ਸੱਭੋ ਕੁਝ ਹੋ ਸੱਕਦਾ ਹੈ। ਇਹ ਪਿਆਲਾ ਮੇਰੇ ਕੋਲੋਂ ਹਟਾ ਦਿਹ ਤਾਂ ਵੀ ਉਹ ਨਾ ਹੋਵੇ ਜਿਹੜਾ ਮੈਂ ਚਾਹੁੰਦਾ ਹਾਂ ਪਰ ਉਹ ਜਿਹੜਾ ਤੂੰ ਚਾਹੁੰਦਾ ਹੈਂ 37ਫੇਰ ਉਹ ਨੇ ਆਣ ਕੇ ਉਨ੍ਹਾਂ ਨੂੰ ਸੁੱਤੇ ਹੋਏ ਵੇਖਿਆ ਅਤੇ ਪਤਰਸ ਨੂੰ ਆਖਿਆ, ਹੇ ਸ਼ਮਊਨ, ਤੂੰ ਸੌਂਦਾ ਹੈਂ? ਕੀ ਤੈਥੋਂ ਇੱਕ ਘੜੀ ਵੀ ਨਾ ਜਾਗ ਹੋਇਆ? 38ਜਾਗਦੇ ਰਹੋ ਅਤੇ ਪ੍ਰਾਰਥਨਾ ਕਰੋ ਜੋ ਤੁਸੀਂ ਪਰਤਾਵੇ ਵਿੱਚ ਨਾ ਪਓ, ਆਤਮਾ ਤਾਂ ਤਿਆਰ ਹੈ ਪਰ ਸਰੀਰ ਕਮਜ਼ੋਰ ਹੈ 39ਤਾਂ ਉਹ ਫੇਰ ਗਿਆ ਅਰ ਉਹੋ ਗੱਲ ਕਹਿ ਕੇ ਪ੍ਰਾਰਥਨਾ ਕੀਤੀ 40ਅਤੇ ਫੇਰ ਆਣ ਕੇ ਉਸ ਨੇ ਉਨ੍ਹਾਂ ਨੂੰ ਸੁੱਤੇ ਹੋਏ ਵੇਖਿਆ ਕਿਉਂ ਜੋ ਉਨ੍ਹਾਂ ਦੀਆਂ ਅੱਖਾਂ ਨੀਂਦਰ ਨਾਲ ਭਾਰੀਆਂ ਹੋਈਆਂ ਹੋਈਆਂ ਸਨ ਅਤੇ ਓਹ ਨਹੀਂ ਜਾਣਦੇ ਸਨ ਭਈ ਉਸ ਨੂੰ ਕੀ ਉੱਤਰ ਦੇਣ 41ਅਤੇ ਓਨ ਤੀਜੀ ਵਾਰ ਆ ਕੇ ਉਨ੍ਹਾਂ ਨੂੰ ਕਿਹਾ, ਹੁਣ ਤੁਸੀਂ ਸੁੱਤੇ ਰਹੋ ਅਤੇ ਅਰਾਮ ਕਰੋ। ਬੱਸ ਹੈ, ਘੜੀ ਆ ਢੁੱਕੀ। ਵੇਖੋ ਮਨੁੱਖ ਦਾ ਪੁੱਤ੍ਰ ਪਾਪੀਆਂ ਦੇ ਹੱਥਾਂ ਵਿੱਚ ਫੜਵਾਇਆ ਜਾਂਦਾ ਹੈ 42ਉੱਠੋ, ਚੱਲੀਏ, ਵੇਖੋ ਮੇਰਾ ਫੜਵਾਉਣ ਵਾਲਾ ਨੇੜੇ ਆ ਗਿਆ ਹੈ।।
43ਉਹ ਅਜੇ ਬੋਲਦਾ ਹੀ ਸੀ ਕਿ ਓਵੇਂ ਯਹੂਦਾ ਜਿਹੜਾ ਉਨ੍ਹਾਂ ਬਾਰਾਂ ਵਿੱਚੋਂ ਇੱਕ ਸੀ ਆਇਆ ਅਤੇ ਪਰਧਾਨ ਜਾਜਕਾਂ ਅਰ ਗ੍ਰੰਥੀਆਂ ਅਰ ਬਜ਼ੁਰਗਾਂ ਦੀ ਵੱਲੋਂ ਇੱਕ ਭੀੜ ਤਲਵਾਰਾਂ ਅਤੇ ਡਾਂਗਾਂ ਫੜੀ ਉਹਦੇ ਨਾਲ ਸੀ 44ਉਹ ਦੇ ਫੜਵਾਉਣ ਵਾਲੇ ਨੇ ਉਨ੍ਹਾਂ ਨੂੰ ਇਹ ਕਹਿ ਕੇ ਪਤਾ ਦਿੱਤਾ ਸੀ ਭਈ ਜਿਹ ਨੂੰ ਮੈਂ ਚੁੰਮਾਂ ਉਹੋ ਹੈ। ਉਹ ਨੂੰ ਫੜ ਕੇ ਤਕੜਾਈ ਨਾਲ ਲੈ ਜਾਣਾ! 45ਸੋ ਜਦ ਉਹ ਆ ਗਿਆ ਝੱਟ ਉਹ ਦੇ ਕੋਲ ਜਾ ਕੇ ਉਸ ਨੇ ਕਿਹਾ, ਸੁਆਮੀ ਜੀ! ਅਤੇ ਉਹ ਨੂੰ ਚੁੰਮਿਆਂ 46ਤਦ ਉਨ੍ਹਾਂ ਉਸ ਤੇ ਹੱਥ ਪਾਏ ਅਤੇ ਉਹ ਨੂੰ ਫੜ ਲਿਆ 47ਅਤੇ ਜਿਹੜੇ ਉੱਥੇ ਖੜੇ ਸਨ ਉਨ੍ਹਾਂ ਵਿੱਚੋਂ ਇੱਕ ਨੇ ਤਲਵਾਰ ਧੂ ਲਈ ਅਰ ਸਰਦਾਰ ਜਾਜਕ ਦੇ ਚਾਕਰ ਨੂੰ ਮਾਰ ਕੇ ਉਹ ਦਾ ਕੰਨ ਉਡਾ ਦਿੱਤਾ 48ਤਦ ਯਿਸੂ ਨੇ ਉਨ੍ਹਾਂ ਨੂੰ ਅੱਗੋਂ ਆਖਿਆ ਭਈ ਤਲਵਾਰਾਂ ਅਤੇ ਡਾਂਗਾਂ ਫੜੀ ਕੀ ਤੁਸੀਂ ਮੈਨੂੰ ਡਾਕੂ ਵਾਂਙੁ ਫੜਨ ਨੂੰ ਨਿੱਕਲੇ ਹੋ? 49ਮੈਂ ਰੋਜ ਹੈਕਲ ਵਿੱਚ ਤੁਹਾਡੇ ਕੋਲ ਹੁੰਦਾ ਅਤੇ ਉਪਦੇਸ਼ ਦਿੰਦਾ ਸੀ ਅਰ ਤੁਸਾਂ ਮੈਨੂੰ ਨਾ ਫੜਿਆ ਪਰ ਇਹ ਇਸ ਲਈ ਹੋਇਆ ਜੋ ਲਿਖਤਾਂ ਪੂਰੀਆਂ ਹੋਣ 50ਅਰ ਸੱਭੇ ਚੇਲੇ ਉਹ ਨੂੰ ਛੱਡ ਕੇ ਭੱਜ ਗਏ 51ਇੱਕ ਜੁਆਨ ਜਿਹ ਨੇ ਦੁਪੱਟਾ ਆਪਣੇ ਨੰਗੇ ਪਿੰਡੇ ਉੱਤੇ ਲਿਆ ਹੋਇਆ ਸੀ ਉਹ ਦੇ ਮਗਰ ਤੁਰਿਆ ਅਰ ਲੋਕਾਂ ਨੇ ਉਸ ਨੂੰ ਫੜ ਲਿਆ 52ਪਰ ਉਹ ਦੁਪੱਟਾ ਛੱਡ ਕੇ ਨੰਗਾ ਭੱਜ ਗਿਆ।।
53ਤਦ ਓਹ ਯਿਸੂ ਨੂੰ ਸਰਦਾਰ ਜਾਜਕ ਕੋਲ ਲੈ ਗਏ ਅਤੇ ਉਹ ਦੇ ਕੋਲ ਸਾਰੇ ਪਰਧਾਨ ਜਾਜਕ ਅਤੇ ਬਜ਼ੁਰਗ ਅਤੇ ਗ੍ਰੰਥੀ ਇਕੱਠੇ ਹੋਏ 54ਅਰ ਪਤਰਸ ਕੁਝ ਵਿੱਥ ਨਾਲ ਉਹ ਦੇ ਪਿੱਛੇ ਪਿੱਛੇ ਸਰਦਾਰ ਜਾਜਕ ਦੇ ਵੇਹੜੇ ਦੇ ਅੰਦਰ ਤੀਕ ਚੱਲਿਆ ਗਿਆ ਅਤੇ ਸਿਪਾਹੀਆਂ ਦੇ ਨਾਲ ਬੈਠ ਕੇ ਅੱਗ ਸੇਕਣ ਲੱਗਾ 55ਤਦ ਪਰਧਾਨ ਜਾਜਕ ਅਤੇ ਸਾਰੀ ਮਹਾ ਸਭਾ ਨੇ ਯਿਸੂ ਦੇ ਵਿੱਰੁਧ ਉਹ ਨੂੰ ਜਾਨੋਂ ਮਾਰਨ ਲਈ ਗਵਾਹੀ ਢੂੰਡੀ ਪਰ ਨਾ ਲੱਭੀ 56ਬਹੁਤਿਆਂ ਨੇ ਉਹਦੇ ਵਿੱਰੁਧ ਝੂਠੀ ਗਵਾਹੀ ਤਾਂ ਦਿੱਤੀ ਪਰ ਉਨ੍ਹਾਂ ਦੀ ਗਵਾਹੀ ਇੱਕੋ ਜਹੀ ਨਾ ਸੀ 57ਤਦ ਕਈਆਂ ਨੇ ਉੱਠ ਕੇ ਉਹ ਦੇ ਵਿੱਰੁਧ ਇਹ ਕਹਿ ਕੇ ਝੂਠੀ ਗਵਾਹੀ ਦਿੱਤੀ 58ਭਈ ਅਸਾਂ ਉਹ ਨੂੰ ਇਹ ਆਖਦੇ ਸੁਣਿਆ ਜੋ ਮੈਂ ਇਸ ਹੈਕਲ ਨੂੰ ਜਿਹੜੀ ਹੱਥਾਂ ਨਾਲ ਬਣਾਈ ਹੋਈ ਹੈ ਢਾਹ ਦਿਆਂਗਾ ਅਰ ਤਿੰਨਾਂ ਦਿਨਾਂ ਵਿੱਚ ਇੱਕ ਹੋਰ ਨੂੰ ਬਿਨਾ ਹੱਥ ਲਾਏ ਬਣਾਵਾਂਗਾ 59ਤਾਂ ਵੀ ਉਨ੍ਹਾਂ ਦੀ ਗਵਾਹੀ ਇੱਕੋ ਜਹੀ ਨਾ ਸੀ 60ਤਦ ਸਰਦਾਰ ਜਾਜਕ ਵਿਚਾਲੇ ਖੜਾ ਹੋਇਆ ਅਤੇ ਯਿਸੂ ਨੂੰ ਪੁੱਛਿਆ, ਕੀ ਤੂੰ ਕੁਝ ਜਵਾਬ ਨਹੀਂ ਦਿੰਦਾ? ਏਹ ਤੇਰੇ ਵਿੱਰੁਧ ਕੀ ਗਵਾਹੀ ਦਿੰਦੇ ਹਨ? 61ਪਰ ਉਹ ਚੁੱਪ ਹੀ ਰਿਹਾ ਅਤੇ ਕੁਝ ਜਵਾਬ ਨਾ ਦਿੱਤਾ ਤਾਂ ਸਰਦਾਰ ਜਾਜਕ ਨੇ ਫੇਰ ਉਹ ਨੂੰ ਪੁੱਛਿਆ, ਕੀ ਤੂੰ ਮਸੀਹ ਪਰਮਧੰਨ ਦਾ ਪੁੱਤ੍ਰ ਹੈਂ? 62ਯਿਸੂ ਨੇ ਆਖਿਆ, ਮੈਂ ਹਾਂ ਅਰ ਤੁਸੀਂ ਮਨੁੱਖ ਦੇ ਪੁੱਤ੍ਰ ਨੂੰ ਕੁਦਰਤ ਦੇ ਸੱਜੇ ਹੱਥ ਬਿਰਾਜਮਾਨ ਹੋਇਆ ਅਤੇ ਆਕਾਸ਼ ਦੇ ਬੱਦਲਾਂ ਨਾਲ ਆਉਂਦਾ ਵੇਖੋਗੇ 63ਤਦ ਸਰਦਾਰ ਜਾਜਕ ਨੇ ਆਪਣੇ ਕੱਪੜੇ ਪਾੜ ਕੇ ਆਖਿਆ, ਹੁਣ ਸਾਨੂੰ ਗਵਾਹਾਂ ਦੀ ਹੋਰ ਕੀ ਲੋੜ ਹੈ? 64ਤੁਸਾਂ ਇਹ ਕੁਫ਼ਰ ਸੁਣਿਆ, ਤੁਹਾਡੀ ਕੀ ਰਾਈ ਹੈ? ਤਦ ਉਨ੍ਹਾਂ ਸਭਨਾਂ ਨੇ ਉਹ ਨੂੰ ਮਾਰੇ ਜਾਣ ਦੇ ਲਾਇਕ ਠਹਿਰਾਇਆ 65ਅਤੇ ਕਿੰਨੇ ਉਸ ਉੱਤੇ ਥੁੱਕਣ ਅਤੇ ਉਹ ਦਾ ਮੂੰਹ ਢੱਕਣ ਅਤੇ ਉਹ ਨੂੰ ਮੁੱਕੇ ਮਾਰਨ ਅਤੇ ਕਹਿਣ ਲੱਗੇ, ਅਗੰਮ ਦੀ ਖਬਰ ਦਿਹ! ਅਰ ਸਿਪਾਹੀਆਂ ਨੇ ਉਹ ਨੂੰ ਲੈ ਕੇ ਚੁਪੇੜਾਂ ਮਾਰੀਆਂ।।
66ਜਾਂ ਪਤਰਸ ਹੇਠਾਂ ਵੇਹੜੇ ਵਿੱਚ ਸੀ ਸਰਦਾਰ ਜਾਜਕ ਦੀਆਂ ਗੋਲੀਆਂ ਵਿੱਚੋਂ ਇੱਕ ਆਈ 67ਅਰ ਪਤਰਸ ਨੂੰ ਅੱਗ ਸੇਕਦਾ ਵੇਖ ਕੇ ਉਹ ਦੀ ਵੱਲ ਨਿਗਾਹ ਕਰ ਕੇ ਬੋਲੀ, ਤੂੰ ਭੀ ਯਿਸੂ ਨਾਸਰੀ ਦੇ ਨਾਲ ਸੈਂ 68ਪਰ ਉਹ ਮੁੱਕਰ ਕੇ ਬੋਲਿਆ, ਨਾ ਮੈਂ ਜਾਣਦਾ, ਨਾ ਮੇਰੀ ਸਮਝ ਵਿੱਚ ਆਉਂਦਾ ਹੈ ਭਈ ਤੂੰ ਕੀ ਆਖਦੀ ਹੈਂ, ਅਤੇ ਓਹ ਬਾਹਰ ਡੇਓਢੀ ਵਿੱਚ ਚੱਲਿਆ ਗਿਆ 69ਤਾਂ ਗੋੱਲੀ ਉਹ ਨੂੰ ਵੇਖ ਕੇ ਫੇਰ ਉਨ੍ਹਾਂ ਨੂੰ ਜਿਹੜੇ ਉੱਥੇ ਖੜੇ ਸਨ ਆਖਣ ਲੱਗੀ, ਇਹ ਉਨ੍ਹਾਂ ਵਿੱਚੋਂ ਇੱਕ ਹੈ 70ਪਰ ਉਹ ਫੇਰ ਮੁੱਕਰ ਗਿਆ ਅਤੇ ਥੋੜੇ ਚਿਰ ਪਿੱਛੋਂ ਫੇਰ ਉਨ੍ਹਾਂ ਨੇ ਜਿਹੜੇ ਉੱਥੇ ਖੜੇ ਸਨ ਪਤਰਸ ਨੂੰ ਕਿਹਾ, ਸੱਚ ਮੁੱਚ ਤੂੰ ਉਨ੍ਹਾਂ ਵਿੱਚੋਂ ਹੈਂ ਕਿਉਂ ਜੋ ਤੂੰ ਗਲੀਲੀ ਹੈਂ 71ਪਰ ਉਹ ਸਰਾਪ ਦੇਣ ਅਤੇ ਸੌਂਹ ਖਾਣ ਲੱਗਾ ਭਈ ਮੈਂ ਉਸ ਮਨੁੱਖ ਨੂੰ ਜਿਹ ਦੀ ਤੁਸੀਂ ਗੱਲ ਕਰਦੇ ਹੋ ਜਾਣਦਾ ਹੀ ਨਹੀਂ 72ਅਰ ਝੱਟ ਦੂਈ ਵਾਰ ਕੁੱਕੜ ਨੇ ਬਾਂਗ ਦਿੱਤੀ ਅਤੇ ਪਤਰਸ ਨੂੰ ਉਹ ਗੱਲ ਚੇਤੇ ਆਈ ਜਿਹੜੀ ਯਿਸੂ ਨੇ ਉਹ ਨੂੰ ਆਖੀ ਸੀ ਜੋ ਕੁੱਕੜ ਦੇ ਦੋ ਵਾਰ ਬਾਂਗ ਦੇਣ ਤੋਂ ਅੱਗੇ ਤੂੰ ਤਿੰਨ ਵਾਰ ਮੇਰਾ ਇਨਕਾਰ ਕਰੇਂਗਾ ਅਤੇ ਉਹ ਉਸ ਗੱਲ ਨੂੰ ਸੋਚ ਕੇ ਰੋਣ ਲੱਗਾ ।।
Currently Selected:
ਮਰਕੁਸ 14: PUNOVBSI
Highlight
Share
Copy
Want to have your highlights saved across all your devices? Sign up or sign in
Punjabi O.V. - ਪਵਿੱਤਰ ਬਾਈਬਲ O.V.
Copyright © 2016 by The Bible Society of India
Used by permission. All rights reserved worldwide.