ਮਰਕੁਸ 12
12
ਜਜ਼ੀਯਾ ਤੇ ਕਿਆਮਤ ਦੇ ਪਰਤਾਵੇ ਲਈ ਪ੍ਰਸ਼ਨ । ਕੰਗਾਲ ਵਿਧਵਾ ਦਾ ਧੇਲਾ
1ਫੇਰ ਉਹ ਉਨ੍ਹਾਂ ਨਾਲ ਦ੍ਰਿਸ਼ਟਾਂਤਾ ਵਿੱਚ ਬੋਲਣ ਲੱਗਾ ਕਿ ਇੱਕ ਮਨੁੱਖ ਨੇ ਅੰਗੂਰ ਦਾ ਬਾਗ਼ ਲਾਇਆ ਅਰ ਉਹ ਦੇ ਚੁਫੇਰੇ ਬਾੜ ਦਿੱਤੀ ਅਤੇ ਰਸ ਲਈ ਚੁਬੱਚਾ ਕੱਢਿਆ ਅਤੇ ਇੱਕ ਬੁਰਜ ਉਸਾਰਿਆ ਅਤੇ ਉਹ ਨੂੰ ਮਾਲੀਆਂ ਦੇ ਹੱਥ ਸੌਂਪ ਕੇ ਪਰਦੇਸ ਚੱਲਿਆ ਗਿਆ 2ਅਰ ਉਸ ਨੇ ਰੁੱਤ ਸਿਰ ਇੱਕ ਨੌਕਰ ਨੂੰ ਮਾਲੀਆਂ ਕੋਲ ਘੱਲਿਆ ਜੋ ਉਹ ਮਾਲੀਆਂ ਤੋਂ ਬਾਗ਼ ਦੇ ਫ਼ਲ ਵਿੱਚੋਂ ਕੁਝ ਲਵੇ 3ਅਤੇ ਉਨ੍ਹਾਂ ਉਸ ਨੂੰ ਫੜ ਕੇ ਕੁੱਟਿਆ ਅਰ ਸੱਖਣੇ ਹੱਥ ਮੋੜ ਦਿੱਤਾ 4ਉਸ ਨੇ ਇੱਕ ਹੋਰ ਨੌਕਰ ਉਨ੍ਹਾਂ ਦੇ ਕੋਲ ਘੱਲਿਆ ਅਤੇ ਉਨ੍ਹਾਂ ਉਹ ਦਾ ਸਿਰ ਭੰਨਿਆ ਅਤੇ ਉਹ ਦੀ ਪਤ ਲਾਹ ਦਿੱਤੀ 5ਫੇਰ ਉਸ ਨੇ ਇੱਕ ਹੋਰ ਘੱਲਿਆ ਅਤੇ ਉਨ੍ਹਾਂ ਉਹ ਨੂੰ ਮਾਰ ਸੁੱਟਿਆ ਅਰ ਉਸ ਨੇ ਹੋਰ ਬਹੁਤ ਸਾਰੇ ਘੱਲੇ ਅਤੇ ਉਨ੍ਹਾਂ ਨੇ ਕਈਆਂ ਨੂੰ ਕੁੱਟਿਆ ਅਰ ਕਈਆਂ ਨੂੰ ਮਾਰ ਦਿੱਤਾ 6ਅਜੇ ਉਸ ਦੇ ਕੋਲ ਇੱਕ ਰਹਿੰਦਾ ਸੀ, ਉਸ ਦਾ ਪਿਆਰਾ ਪੁੱਤ੍ਰ। ਓੜਕ ਉਸ ਨੇ ਉਹ ਨੂੰ ਵੀ ਉਨ੍ਹਾਂ ਕੋਲ ਇਹ ਕਹਿ ਕੇ ਘੱਲਿਆ ਭਈ ਓਹ ਮੇਰੇ ਪੁੱਤ੍ਰ ਦਾ ਮਾਨ ਰੱਖਣਗੇ 7ਪਰ ਉਨ੍ਹਾਂ ਮਾਲੀਆਂ ਨੇ ਆਪੋ ਵਿੱਚ ਕਿਹਾ, ਵਾਰਸ ਇਹੋ ਹੈ। ਆਓ ਇਹ ਨੂੰ ਮਾਰ ਸੁੱਟੀਏ ਤਾਂ ਵਿਰਸਾ ਸਾਡਾ ਹੋ ਜਾਵੇਗਾ 8ਅਰ ਉਨ੍ਹਾਂ ਨੇ ਉਹ ਨੂੰ ਫੜ ਕੇ ਮਾਰ ਦਿੱਤਾ ਅਤੇ ਉਹ ਨੂੰ ਬਾਗੋਂ ਬਾਹਰ ਸੁੱਟਿਆ 9ਸੋ ਬਾਗ ਦਾ ਮਾਲਕ ਕੀ ਕਰੇਗਾ? ਉਹ ਆਵੇਗਾ ਅਰ ਮਾਲੀਆਂ ਦਾ ਨਾਸ ਕਰੇਗਾ ਅਤੇ ਅੰਗੂਰ ਦਾ ਬਾਗ਼ ਹੋਰਨਾਂ ਨੂੰ ਸੌਂਪੇਗਾ 10ਕੀ ਤੁਸਾਂ ਇਹ ਲਿਖਤ ਵੀ ਨਹੀਂ ਪੜ੍ਹੀ ? ਕਿ#ਜ਼. 118:22,23
ਜਿਸ ਪੱਥਰ ਨੂੰ ਰਾਜਾਂ ਨੇ ਰੱਦਿਆ,
ਸੋਈ ਖੂੰਜੇ ਦਾ ਸਿਰਾ ਹੋ ਗਿਆ ।
11ਇਹ ਪ੍ਰਭੁ ਦੀ ਵੱਲੋਂ ਹੋਇਆ,
ਅਤੇ ਸਾਡੀ ਨਜ਼ਰ ਵਿੱਚ ਅਚਰਜ ਹੈ ।।
12ਤਦ ਉਨ੍ਹਾਂ ਨੇ ਚਾਹਿਆ ਜੋ ਉਹ ਨੂੰ ਫੜ ਲੈਣ ਪਰ ਲੋਕਾਂ ਤੋਂ ਡਰੇ ਕਿਉਂ ਜੋ ਉਨ੍ਹਾਂ ਨੇ ਜਾਣ ਲਿਆ ਭਈ ਉਸ ਨੇ ਸਾਡੇ ਉੱਤੇ ਇਹ ਦ੍ਰਿਸ਼ਟਾਂਤ ਕਿਹਾ ਹੈ ਅਤੇ ਓਹ ਉਸ ਨੂੰ ਛੱਡ ਕੇ ਚਲੇ ਗਏ ।।
13ਫੇਰ ਉਨ੍ਹਾਂ ਨੇ ਫ਼ਰੀਸੀਆਂ ਅਤੇ ਹੇਰੋਦੀਆਂ ਵਿੱਚੋਂ ਕਈਆਂ ਨੂੰ ਉਹ ਦੇ ਕੋਲ ਘੱਲਿਆ ਜੋ ਉਹ ਨੂੰ ਉਹਦੀਆਂ ਗੱਲਾਂ ਦੀ ਫਾਹੀ ਵਿਚ ਫਸਾਉਣ 14ਸੋ ਉਨ੍ਹਾਂ ਆਣ ਕੇ ਉਸ ਨੂੰ ਆਖਿਆ, ਗੁਰੂ ਜੀ ਅਸੀਂ ਜਾਣਦੇ ਹਾਂ ਜੋ ਤੂੰ ਸੱਚਾ ਹੈਂ ਅਤੇ ਤੈਨੂੰ ਕਿਸੇ ਦੀ ਪਰਵਾਹ ਨਹੀਂ ਕਿਉਂਕਿ ਤੂੰ ਮਨੁੱਖਾਂ ਦਾ ਪੱਖ ਨਹੀਂ ਕਰਦਾ ਸਗੋਂ ਸਚਿਆਈ ਨਾਲ ਪਰਮੇਸ਼ੁਰ ਦਾ ਰਾਹ ਦੱਸਦਾ ਹੈਂ। ਕੈਸਰ ਨੂੰ ਜਜ਼ੀਯਾ ਦੇਣਾ ਜੋਗ ਹੈ ਕਿ ਨਹੀਂ? ਅਸੀਂ ਦੇਈਏ ਕਿ ਨਾ ਦੇਈਏ? 15ਪਰ ਉਸ ਨੇ ਉਨ੍ਹਾਂ ਦਾ ਕਪਟ ਜਾਣ ਕੇ ਉਨ੍ਹਾਂ ਨੂੰ ਆਖਿਆ, ਤੁਸੀਂ ਮੈਨੂੰ ਕਿਉਂ ਪਰਤਾਉਂਦੇ ਹੋ? ਇੱਕ ਅੱਠਿਆਨੀ ਮੇਰੇ ਕੋਲ ਲਿਆਓ ਤਾਂ ਵੇਖਾਂ 16ਸੋ ਓਹ ਲਿਆਏ। ਤਦ ਉਸ ਨੇ ਉਨ੍ਹਾਂ ਨੂੰ ਆਖਿਆ, ਇਹ ਮੂਰਤ ਅਤੇ ਲਿਖਤ ਕਿਹ ਦੀ ਹੈ? ਉਨ੍ਹਾਂ ਉਸ ਨੂੰ ਆਖਿਆ, ਕੈਸਰ ਦੀ 17ਤਦ ਯਿਸੂ ਨੇ ਉਨ੍ਹਾਂ ਨੂੰ ਕਿਹਾ, ਜਿਹੜੀਆਂ ਚੀਜ਼ਾਂ ਕੈਸਰ ਦੀਆਂ ਹਨ ਸੋ ਕੈਸਰ ਨੂੰ ਦਿਓ ਅਤੇ ਜਿਹੜੀਆਂ ਪਰਮੇਸ਼ੁਰ ਦੀਆਂ ਹਨ ਸੋ ਪਰਮੇਸ਼ੁਰ ਨੂੰ ਦਿਓ। ਤਾਂ ਉਹ ਉਸ ਤੋਂ ਬਹੁਤ ਹੈਰਾਨ ਹੋਏ।।
18ਫੇਰ ਸਦੂਕੀ ਜਿਹੜੇ ਆਖਦੇ ਹਨ ਭਈ ਕਿਆਮਤ ਨਹੀਂ ਹੋਣੀ ਉਸ ਕੋਲ ਆਏ ਅਰ ਉਸ ਤੋਂ ਇਹ ਸਵਾਲ ਕੀਤਾ 19ਕਿ ਗੁਰੂ ਜੀ ਸਾਡੇ ਲਈ ਮੂਸਾ ਨੇ ਲਿਖਿਆ ਹੈ ਭਈ ਜੇ ਕਿਸੇ ਦਾ ਭਾਈ ਮਰ ਜਾਵੇ ਅਤੇ ਉਸ ਦੀ ਤੀਵੀਂ ਰਹੇ ਅਰ ਕੋਈ ਉਲਾਦ ਨਾ ਛੱਡ ਗਿਆ ਹੋਵੇ ਤਾਂ ਉਹ ਦਾ ਭਾਈ ਉਹ ਦੀ ਤੀਵੀਂ ਨੂੰ ਕਰ ਲਵੇ ਅਤੇ ਆਪਣੇ ਭਾਈ ਲਈ ਵੰਸ ਉਤਪੰਨ ਕਰੇ 20ਸੱਤ ਭਾਈ ਸਨ ਅਤੇ ਪਹਿਲੇ ਨੇ ਤੀਵੀਂ ਕੀਤੀ ਅਰ ਔਂਤ ਮਰ ਗਿਆ 21ਤਦ ਦੂਏ ਨੇ ਉਹ ਨੂੰ ਕਰ ਲਿਆ ਅਤੇ ਔਂਤ ਮਰ ਗਿਆ ਅਤੇ ਇਸੇ ਤਰਾਂ ਤੀਆ ਭੀ ਅਰ ਸੱਤੇ ਔਂਤ ਗਏ 22ਸਾਰਿਆਂ ਦੇ ਪਿੱਛੋ ਉਹ ਤੀਵੀਂ ਭੀ ਮਰ ਗਈ 23ਕਿਆਮਤ ਨੂੰ ਉਹ ਉਨ੍ਹਾਂ ਵਿੱਚੋਂ ਕਿਹ ਦੀ ਤੀਵੀਂ ਹੋਊ ਕਿਉਂ ਜੋ ਸੱਤਾਂ ਨੇ ਉਸ ਨੂੰ ਇਸਤ੍ਰੀ ਕਰ ਕੇ ਵਸਾਇਆ ਸੀ? 24ਯਿਸੂ ਨੇ ਉਨ੍ਹਾਂ ਨੂੰ ਕਿਹਾ, ਕੀ ਤੁਸੀਂ ਇਸ ਕਰਕੇ ਤਾਂ ਭੁੱਲ ਵਿੱਚ ਨਹੀਂ ਪਏ ਹੋ ਕਿ ਤੁਸੀਂ ਨਾ ਪੁਸਤਕਾਂ ਨੂੰ, ਨਾ ਪਰਮੇਸ਼ੁਰ ਦੀ ਸਮਰੱਥਾ ਨੂੰ ਜਾਣਦੇ ਹੋ? 25ਕਿਉਂਕਿ ਜਦ ਮੁਰਦਿਆਂ ਵਿੱਚੋਂ ਜੀ ਉੱਠਦੇ ਹਨ ਓਹ ਨਾ ਵਿਆਹ ਕਰਦੇ ਹਨ ਨਾ ਵਿਆਹੇ ਜਾਂਦੇ ਹਨ ਪਰ ਸੁਰਗੀ ਦੂਤਾਂ ਵਰਗੇ ਹਨ 26ਪਰ ਮੁਰਦਿਆਂ ਦੇ ਵਿਖੇ ਜੋ ਓਹ ਜਿਵਾਲੇ ਜਾਂਦੇ ਹਨ ਕੀ ਤੁਸਾਂ ਮੂਸਾ ਦੀ ਪੋਥੀ ਵਿੱਚ ਝਾੜੀ ਦੀ ਕਥਾ ਵਿੱਚ ਨਹੀਂ ਪੜ੍ਹਿਆ ਜੋ ਪਰਮੇਸ਼ੁਰ ਨੇ ਓਹ ਨੂੰ ਕਿੱਕੁਰ ਆਖਿਆ ਕਿ ਮੈਂ ਅਬਰਾਹਾਮ ਦਾ ਪਰਮੇਸ਼ੁਰ ਅਤੇ ਇਸਹਾਕ ਦਾ ਪਰਮੇਸ਼ੁਰ ਅਤੇ ਯਾਕੂਬ ਦਾ ਪਰਮੇਸ਼ੁਰ ਹਾਂ? 27ਓਹ ਮੁਰਦਿਆਂ ਦਾ ਪਰਮੇਸ਼ੁਰ ਤਾਂ ਨਹੀਂ ਸਗੋਂ ਜੀਉਂਦਿਆਂ ਦਾ ਹੈ। ਤੁਸੀਂ ਵੱਡੀ ਭੁੱਲ ਵਿੱਚ ਪਏ ਹੋਏ ਹੋ।।
28ਗ੍ਰੰਥੀਆਂ ਵਿੱਚੋਂ ਇੱਕ ਨੇ ਕੋਲ ਆਣ ਕੇ ਉਨ੍ਹਾਂ ਦਾ ਸਵਾਲ ਜੁਵਾਬ ਸੁਣਿਆ ਅਤੇ ਇਹ ਸਮਝ ਕੇ ਭਈ ਉਸ ਨੇ ਉਨ੍ਹਾਂ ਨੂੰ ਚੰਗਾ ਜਵਾਬ ਦਿੱਤਾ ਓਹ ਨੂੰ ਪੁੱਛਿਆ, ਸਭਨਾਂ ਹੁਕਮਾਂ ਵਿੱਚੋਂ ਵੱਡਾ ਕਿਹੜਾ ਹੈ? 29ਯਿਸੂ ਨੇ ਜਵਾਬ ਦਿੱਤਾ ਭਈ ਮੁੱਖ ਇਹ ਹੈ ਕਿ ਹੇ ਇਸਰਾਏਲ, ਸੁਣ। ਪ੍ਰਭੁ ਸਾਡਾ ਪਰਮੇਸ਼ੁਰ ਇੱਕੋ ਪ੍ਰਭੁ ਹੈ 30ਅਰ ਤੂੰ ਪ੍ਰਭੁ ਆਪਣੇ ਪਰਮੇਸ਼ੁਰ ਨੂੰ ਆਪਣੇ ਸਾਰੇ ਦਿਲ ਨਾਲ ਅਤੇ ਆਪਣੀ ਸਾਰੀ ਜਾਨ ਨਾਲ ਅਤੇ ਆਪਣੀ ਸਾਰੀ ਬੁੱਧ ਨਾਲ ਅਤੇ ਆਪਣੀ ਸਾਰੀ ਸ਼ਕਤੀ ਨਾਲ ਪਿਆਰ ਕਰ 31ਦੂਆ ਇਹ ਹੈ ਕਿ ਤੂੰ ਆਪਣੇ ਗੁਆਂਢੀ ਨੂੰ ਆਪਣੇ ਜਿਹਾ ਪਿਆਰ ਕਰ। ਇਨ੍ਹਾਂ ਤੋਂ ਵੱਡਾ ਹੋਰ ਕੋਈ ਹੁਕਮ ਨਹੀਂ ਹੈ 32ਤਦ ਉਸ ਗ੍ਰੰਥੀਂ ਨੇ ਉਹ ਨੂੰ ਕਿਹਾ, ਠੀਕ ਗੁਰੂ ਜੀ, ਤੈਂ ਸਤ ਆਖਿਆ ਭਈ ਉਹ ਇੱਕੋ ਹੈ ਅਤੇ ਉਹ ਦੇ ਬਿਨ੍ਹਾਂ ਹੋਰ ਕੋਈ ਨਹੀਂ 33ਅਤੇ ਸਾਰੇ ਦਿਲ ਨਾਲ ਅਤੇ ਸਾਰੀ ਸਮਝ ਨਾਲ ਅਤੇ ਸਾਰੀ ਸ਼ਕਤੀ ਨਾਲ ਉਹ ਨੂੰ ਪਿਆਰ ਕਰਨਾ ਅਰ ਗੁਆਂਢੀ ਨੂੰ ਆਪਣੇ ਜਿਹਾ ਪਿਆਰ ਕਰਨਾ ਸਾਰੇ ਹੋਮਾਂ ਅਤੇ ਬਲੀਦਾਨਾਂ ਨਾਲੋਂ ਵੱਧ ਹੈ 34ਜਾਂ ਯਿਸੂ ਨੇ ਡਿੱਠਾ ਕਿ ਉਹ ਨੇ ਅਕਲ ਨਾਲ ਉੱਤਰ ਦਿੱਤਾ ਤਾਂ ਉਹ ਨੂੰ ਕਿਹਾ, ਤੂੰ ਪਰਮੇਸ਼ੁਰ ਦੇ ਰਾਜ ਤੋਂ ਦੂਰ ਨਹੀਂ ਹੈਂ ਅਤੇ ਏਦੋਂ ਅੱਗੇ ਕਿਸੇ ਦਾ ਹਿਆਉ ਨਾਂ ਪਿਆ ਜੋ ਉਸ ਕੋਲੋਂ ਕੁਝ ਸਵਾਲ ਕਰੇ।।
35ਯਿਸੂ ਨੇ ਹੈਕਲ ਵਿੱਚ ਉਪਦੇਸ਼ ਕਰਦੇ ਹੋਏ ਅਗੋਂ ਆਖਿਆ, ਗ੍ਰੰਥੀਂ ਕਿੱਕੁਰ ਕਹਿੰਦੇ ਹਨ ਭਈ ਮਸੀਹ ਦਾਊਦ ਦਾ ਪੁੱਤ੍ਰ ਹੈ? 36ਦਾਊਦ ਨੇ ਪਵਿੱਤ੍ਰ ਆਤਮਾ ਦੀ ਰਾਹੀਂ ਆਪੇ ਆਖਿਆ ਹੈ ਕਿ#ਜ਼. 110:1
ਪ੍ਰਭੁ ਨੇ ਮੇਰੇ ਪ੍ਰਭੁ ਨੂੰ ਕਿਹਾ,
ਤੂੰ ਮੇਰੇ ਸੱਜੇ ਪਾਸੇ ਬੈਠ,
ਜਦ ਤੀਕਰ ਮੈਂ ਤੇਰੇ ਵੈਰੀਆਂ ਨੂੰ
ਤੇਰੇ ਪੈਰਾਂ ਹੇਠ ਨਾ ਕਰ ਦਿਆਂ ।।
37ਦਾਊਦ ਤਾਂ ਆਪੇ ਉਹ ਨੂੰ ਪ੍ਰਭੁ ਆਖਦਾ ਹੈ ਫੇਰ ਉਹ ਉਸ ਦਾ ਪੁੱਤ੍ਰ ਕਿੱਥੋਂ ਹੋਇਆ? ਅਤੇ ਵੱਡੀ ਭੀੜ ਖੁਸ਼ੀ ਨਾਲ ਉਹ ਦੀ ਸੁਣਦੀ ਸੀ।।
38ਉਸ ਨੇ ਆਪਣੇ ਉਪਦੇਸ਼ ਵਿੱਚ ਕਿਹਾ, ਗ੍ਰੰਥੀਆਂ ਤੋਂ ਚੌਕਸ ਰਹੋ ਜਿਹੜੇ ਲੰਮੇ ਬਸਤ੍ਰ ਪਹਿਨੀਂ ਤੁਰਨ ਫਿਰਨ ਅਤੇ ਬਾਜ਼ਾਰਾਂ ਵਿੱਚ ਸਲਾਮ ਲੈਣ 39ਅਤੇ ਸਮਾਜਾਂ ਵਿੱਚ ਅਗਲੀਆਂ ਕੁਰਸੀਆਂ ਅਤੇ ਜ਼ਿਆਫ਼ਤਾਂ ਵਿੱਚ ਉੱਚੀਆਂ ਥਾਵਾਂ ਨੂੰ ਲੋਚਦੇ ਹਨ 40ਓਹ ਵਿਧਵਾਂ ਦੇ ਘਰਾਂ ਨੂੰ ਚੱਟ ਕਰ ਜਾਂਦੇ ਹਨ ਅਤੇ ਵਿਖਾਵੇ ਲਈ ਲੰਮੀਆਂ ਲੰਮੀਆਂ ਪ੍ਰਾਰਥਨਾਂ ਕਰਦੇ ਹਨ। ਉਨ੍ਹਾਂ ਨੂੰ ਵਧੀਕ ਸਜ਼ਾ ਮਿਲੇਗੀ।।
41ਉਹ ਖ਼ਜ਼ਾਨੇ ਦੇ ਸਾਹਮਣੇ ਬੈਠ ਕੇ ਵੇਖ ਰਿਹਾ ਸੀ ਜੋ ਲੋਕ ਖ਼ਜ਼ਾਨੇ ਵਿੱਚ ਕਿਸ ਤਰਾਂ ਪੈਸੇ ਟਕੇ ਪਾਉਂਦੇ ਹਨ ਅਰ ਬਥੇਰੇ ਧਨਵਾਨਾਂ ਨੇ ਬਹੁਤ ਕੁਝ ਪਾਇਆ 42ਅਤੇ ਇੱਕ ਕੰਗਾਲ ਵਿਧਵਾ ਨੇ ਆਣ ਕੇ ਦੋ ਦਮੜੀਆਂ ਅਰਥਾਤ ਧੇਲਾ ਪਾ ਦਿੱਤਾ 43ਤਾਂ ਉਹ ਨੇ ਆਪਣੇ ਚੇਲਿਆਂ ਨੂੰ ਕੋਲ ਸੱਦ ਕੇ ਉਨ੍ਹਾਂ ਨੂੰ ਕਿਹਾ, ਮੈਂ ਤੁਹਾਨੂੰ ਸਤ ਆਖਦਾ ਹਾਂ ਭਈ ਜਿਹੜੇ ਖ਼ਜ਼ਾਨੇ ਵਿੱਚ ਪਾਉਂਦੇ ਹਨ ਉਨ੍ਹਾਂ ਸਭਨਾਂ ਨਾਲੋਂ ਇਸ ਕੰਗਾਲ ਵਿਧਵਾ ਨੇ ਬਹੁਤਾ ਪਾਇਆ 44ਕਿਉਂ ਜੋ ਸਭਨਾਂ ਨੇ ਆਪਣੇ ਵਾਫ਼ਰ ਮਾਲ ਤੋਂ ਕੁਝ ਪਾਇਆ ਪਰ ਇਸ ਨੇ ਆਪਣੀ ਥੁੜ ਵਿੱਚੋਂ ਜੋ ਕੁਝ ਇਹ ਦਾ ਸੀ ਅਰਥਾਤ ਆਪਣੀ ਸਾਰੀ ਪੂੰਜੀ ਪਾ ਦਿੱਤੀ ।।
Currently Selected:
ਮਰਕੁਸ 12: PUNOVBSI
Highlight
Share
Copy
Want to have your highlights saved across all your devices? Sign up or sign in
Punjabi O.V. - ਪਵਿੱਤਰ ਬਾਈਬਲ O.V.
Copyright © 2016 by The Bible Society of India
Used by permission. All rights reserved worldwide.